(ਸਮਾਜ ਵੀਕਲੀ)
– ਸ਼ਾਮ ਸਿੰਘ, ਅੰਗ ਸੰਗ
ਇਹ ਭਲਾਂ ਕੇਹੇ ਦਿਨ ਆਏ ,ਹਰ ਪਲ ਕਰਦਾ ਹਾਏ ਹਾਏ।
ਰਾਹਾਂ ਉੱਤੇ ਸੱਥਰ ਵਿਛਦੇ, ਰੂਹਾਂ ਨੂੰ ਵੀ ਧੁਰ ਤਕ ਕੰਬਾਏ।
ਬੁੱਢਿਆਂ ਸਾਹਵੇਂ ਗੱਭਰੂ ਮਰਦੇ, ਗੱਭਰੂਆਂ ਅੱਗੇ ਚਾਚੇ ਤਾਏ,
ਮੌਤ ਨਾ ਹੁਣ ਸਿਰਨਾਵੇਂ ਲੱਭੇ, ਚਾਣਚੱਕ ਸੜਕ ਤੇ ਆਏ।
ਹੁਣ ਟਾਇਰ ਦੇਹਾਂ ਤੇ ਚਾੜੇ, ਕਦੇ ਜੋ ਸਨ ਗਲ਼ਾਂ ਵਿੱਚ ਪਾਏ।
ਮਰ ਗਈਆਂ ਦਿਨ ਦੀਵੇ ਕਦਰਾਂ, ਕਾਰੇ ਬਣ ਗਏ ਕਾਲੇ ਸਾਏ।
ਜ਼ਾਲਮਾਂ ਨੇ ਜੋ ਕਰੀ ਤਬਾਹੀ, ਨਫਰਤ ਦੇ ਵਿਚ ਪਾਪ ਕਮਾਏ।
ਚਿੱਟੇ ਦਿਨ ਕਾਰਾਂ ਦਾ ਕਾਰਾ, ਪਰ ਕੋਈ ਨਾ ਸਾਹਵੇਂ ਆਏ।
ਮੁਕਰ ਗਈ ਲੋਕਾਈ ਸਾਰੀ, ਚੈਨਲਾਂ ਐਸੇ ਰੰਗ ਦਿਖਾਏ।
ਸਦਾਚਾਰ ਤਾਂ ਹਓਕੇ ਭਰਦਾ, ਤੁਰਿਆ ਜਾਂਦਾ ਸਚ ਮਰ ਜਾਏ।
ਜ਼ੋਰਾਵਰ ਦਾ ਜ਼ੋਰ ਹੈ ਚੱਲਦਾ, ਕੋਈ ਓਸ ਨੂੰ ਹੱਥ ਨਾ ਪਾਏ।
ਕਿਧਰੇ ਨਾ ਸੁਣਵਾਈ ਕੋਈ, ਸਿਆਸਤ ਐਸੇ ਰੰਗ ਵਟਾਏ ।
ਅਪਰਾਧੀਆਂ ਦੇ ਸਿਰ ‘ਤੇ ਸਾਈਂ, ਰਹਿ ਜਾਣਗੇ ਬਚੇ ਬਚਾਏ,
ਮਨ ਵੀ ਪੁੱਛੇ ਦਿਲ ਵੀ ਪੁੱਛੇ, ਕਾਤਲਾਂ ਨੂੰ ਇਹ ਨਿੱਤ ਬਚਾਏ।
ਬਾਕੀ ਸਾਰੇ ਬੇਬਸ ਜਾਪਣ ਇਕੋ ਬੰਦਾ ਰਾਜ ਚਲਾਏ,
ਲੋਕਤੰਤਰ ਦੇ ਦਾਅਵੇਦਾਰੋ, ਇਹ ਭਲਾਂ ਕੇਹੇ ਦਿਨ ਆਏ।