(ਸਮਾਜ ਵੀਕਲੀ)
ਪੁਨਰ ਜਨਮ, ਮੁੜ ਜਨਮ ਅਤੇ ਦੁਬਾਰਾ ਜਨਮ ਇਨ੍ਹਾਂ ਸਾਰਿਆਂ ਦਾ ਇੱਕੋ ਹੀ ਅਰਥ ਹੈ। ਇਹ ਇੱਕ ਬਹੁਤ ਵੱਡਾ ਭਰਮ ਜਾਲ ਹੈ। ਇਸ ਵਿੱਚ ਜਾਣੇ ਵੀ, ਅਣਜਾਣੇ ਵੀ ਦੋਵੇਂ ਹੀ ਤਰ੍ਹਾਂ ਦੇ ਲੋਕ ਲਪੇਟ ਵਿੱਚ ਆ ਜਾਂਦੇ ਨੇ। ਜਾਣੇ ਉਹ, ਜੋ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਪ੍ਰਪੰਚ /ਪ੍ਰਚਾਰ ਕਰਦੇ ਨੇ। ਅਣਜਾਣੇ ਉਹ ਜੋ ਇਸ ਤਰ੍ਹਾਂ ਦੇ ਪ੍ਰਪੰਚ ਤੋਂ ਅਣਜਾਣ, ਅਣਭਿੱਜ ਹੁੰਦੇ ਨੇ। ਪਰ ਫਿਰ ਵੀ ਉਹ ਇਸ ਦੀ ਲਪੇਟ ‘ਚ ਆ ਜਾਂਦੇ ਨੇ। ਪੁਨਰ ਜਨਮ ਨੂੰ ਰਹੱਸਮਈ ਘਟਨਾਵਾਂ /ਗੈਬੀ ਸ਼ਕਤੀ ਨਾਲ਼ ਜੋੜ ਕੇ ਰੌਚਿਕ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਜਦੋਂ ਕਿ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਹੁੰਦਾ ਹੈ ਕਿ ਇਹ ਸੱਚਾਈ ਤੇ ਖ਼ਰਾ ਨਹੀਂ ਉੱਤਰੇਗਾ।
ਸਮਾਜ ‘ਚ ਪੁਨਰ ਜਨਮ ਦੀਆਂ ਅਨੇਕਾਂ ਮਨਘੜਤ ਕਹਾਣੀਆਂ ਮਿਲ ਜਾਂਦੀਆਂ ਨੇ।ਇਸ ਦੇ ਚਰਚੇ ਆਮ ਸੁਣਨ ਲਈ ਮਿਲ ਜਾਂਦੇ ਨੇ। ਇਸ ਤਰ੍ਹਾਂ ਦੀ ਚਰਚਾ ਕੁੱਝ ਸਾਲ ਪਹਿਲਾਂ ਸੰਗਰੂਰ ਇਲਾਕੇ ਦੇ ਇੱਕ ਪਿੰਡ ਵਿੱਚ ਸੁਣਨ ਨੂੰ ਮਿਲੀ। ਸਾਗਰ ਪੰਜ-ਛੇ ਕੁ ਵਰ੍ਹੇ ਦਾ ਲੜਕਾ ਸੀ। ਉਸਨੂੰ ਆਪਣੇ ਪੁਨਰ ਜਨਮ ਬਾਰੇ ਸਭ ਕੁੱਝ ਪਤਾ ਹੈ। ਉਹ ਦੱਸਦਾ ਹੈ ਕਿ ਜਦੋਂ ਉਹ ਪੱਚੀ ਕੁ ਵਰ੍ਹਿਆਂ ਦਾ ਸੀ ਤਾਂ ਉਸਦੀ ਟਰੈਕਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਘਰ ਵਿੱਚ ਚੰਗੀ ਜਾਇਦਾਦ ਸੀ। ਘਰਵਾਲ਼ੀ ਪੜ੍ਹੀ-ਲਿਖੀ ਸੀ। ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਉਸਨੇ ਇਸ ਪਿੰਡ ਦੇ ਇੱਕ ਗਰੀਬ ਪਰਿਵਾਰ ਵਿੱਚ ਜਨਮ ਲੈ ਲਿਆ ਹੈ। ਸਾਗਰ ਦੇ ਮਾਤਾ-ਪਿਤਾ ਦਾ ਕਹਿਣਾ ਸੀ ਕਿ ਉਹ ਆਪਣੇ ਪਹਿਲੇ ਮਾਂ-ਬਾਪ ਤੇ ਘਰਵਾਲ਼ੀ ਨੂੰ ਪਹਿਚਾਣ ਵੀ ਲੈਂਦਾ ਹੈ। ਚਰਚਾ ਸੀ ਕਿ ਉਹ ਪਿਛਲੇ ਜਨਮ ਬਾਰੇ ਸਭ ਕੁੱਝ ਦੱਸ ਦਿੰਦਾ ਹੈ ।ਇੱਕ-ਦੋ ਵਾਰ ਉਹ ਆਪਣੇ ਅਤੀਤ ਵਾਲ਼ੇ ਘਰ ਵਿੱਚ ਉਨ੍ਹਾਂ ਨੂੰ ਮਿਲ ਵੀ ਆਇਆ ਹੈ।
ਪੁਨਰ ਜਨਮ ਦੀ ਇਸ ਘਟਨਾ ਦੀ ਚਰਚਾ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲਦੀ ਜਾ ਰਹੀ ਸੀ। ਪਿੰਡ ਦੇ ਕੁੱਝ ਪੜ੍ਹੇ-ਲਿਖੇ ਵਿਅਕਤੀਆਂ ਨੇ ਇਸ ਚਰਚਾ ਬਾਰੇ ਸਾਡੇ ਨਾਲ਼ ਵਿਚਾਰ-ਵਟਾਂਦਰਾ ਕੀਤਾ। ਅਸੀਂ ਕਿਹਾ ਕਿ ਪੁਨਰ ਜਨਮ ਦੀ ਇਸ ਘਟਨਾ ਵਿੱਚ ਕੋਈ ਸਚਾਈ ਨਹੀਂ।ਇਸ ਨੂੰ ਰੱਦ ਕਰਨ ਦਾ ਮਨ ਬਣਾਇਆ।ਅਸੀਂ ਪਹਿਲਾਂ ਮੁੱਢੋਂ ਹੀ ਰੱਦ ਕਰ ਦਿੱਤਾ ਸੀ ਪਰ ਲੋਕਾਂ ਦੀ ਕਚਹਿਰੀ ਵਿੱਚ ਸਚਾਈ ਲਿਆਉਣ ਲਈ ਅਸੀਂ ਪੜਤਾਲ ਕਰਨ ਦਾ ਫੈਸਲਾ ਕੀਤਾ ਤੇ ਉਨ੍ਹਾਂ ਦੇ ਪਿੰਡ ਜਾ ਕੇ ਇਸ ਦੀ ਅਸਲੀਅਤ ਜਨਤਕ ਕਰਨ ਕਰਨ ਲਈ ਪਹਿਲਾਂ ਅਸੀਂ ਪਿਛਲੇ/ਪਹਿਲੇ ਜਨਮ ਵਾਲੇ ਘਰ ਗਏ।ਘਰ ਵਾਲੀ ਦੇ ਨਾਨਕੇ, ਦਾਦਾ ਦਾਦੀ, ਮਾਤਾ ਪਿਤਾ, ਸਕੂਲ ,ਅ,ਸਹਿਪਾਠੀ, ਯਾਰ ਦੋਸਤ ,ਅਧਿਆਪਕ,ਕੰਮ ਕਾਜ ਸਾਰੀ ਜਾਣਕਾਰੀ ਹਾਸਲ ਕੀਤੀ।ਉਸ ਤੋਂ ਬਾਅਦ ਨਵੇਂ ਜਨਮ ਵਾਲੇ ਘਰ ਗਏ।
ਮੈਂ ਆਪਣੀ ਤਰਕਸ਼ੀਲ ਟੀਮ ਸਮੇਤ ਉਕਤ ਪਿੰਡ ਵਿੱਚ ਗਿਆ। ਅਸੀਂ ਪੁੱਛਦੇ-ਪੁਛਾਉਂਦੇ ਸਾਗਰ ਦੇ ਘਰ ਪਹੁੰਚੇ। ਸਾਗਰ ਇੱਕ ਗਰੀਬ ਘਰ ਵਿੱਚ ਪੈਦਾ ਹੋਇਆ ਬਾਲਕ ਸੀ। ਮਾਤਾ-ਪਿਤਾ ਅਣਪੜ੍ਹ ਤੇ ਦਿਹਾੜੀਦਾਰ ਸਨ। ਸਾਗਰ ਦੇ ਪਿਤਾ ਨੇ ਤਰਕਸ਼ੀਲ ਟੀਮ ਨੂੰ ਸਤਿਕਾਰ ਨਾਲ਼ ਵਿਹੜੇ ਵਿੱਚ ਪਏ ਮੰਜਿਆਂ ‘ਤੇ ਬੈਠਣ ਲਈ ਕਿਹਾ।
ਮੈਂ ਕਿਹਾ ਕਿ ਸਾਨੂੰ ਪਤਾ ਲੱਗਿਆ ਹੈ ਕਿ ਤੁਹਾਡੇ ਘਰ ਕਿਸੇ ਬੱਚੇ ਨੇ ਪੁਨਰ ਜਨਮ ਲਿਆ ਹੈ। ਉਸ ਬਾਰੇ ਜਾਣਨਾ ਚਾਹੁੰਦੇ ਹਾਂ। ਸਾਗਰ ਦੇ ਪਿਤਾ ਨੇ ਕਿਹਾ,”ਹਾਂ ਜੀ ਇਹ ਆਪਣੇ ਪਿਛਲੇ ਜਨਮ ਦੇ ਮਾਤਾ-ਪਿਤਾ ਤੇ ਆਪਣੀ ਘਰਵਾਲ਼ੀ ਨੂੰ ਜਾਣਦੈ। ਪਿਛਲੇ ਜਨਮ ਦੀਆਂ ਸਾਰੀਆਂ ਗੱਲਾਂ, ਘਟਨਾਵਾਂ ,ਨਾਮ ਯਾਦ ਹਨ।ਅਸੀਂ ਕਿਹਾ,” ਬਹੁਤ ਵਧੀਆ ਹੈ।”। ਲੜਕੇ ਦੇ ਬਾਪ ਨੇ ਕਿਹਾ,”ਇਹ ਉੱਥੇ ਇੱਕ-ਦੋ ਵਾਰੀ ਜਾ ਵੀ ਆਇਐ। “ਇਹ ਆਪਣੇ ਪਿਛਲੇ ਜਨਮ ਦੀਆਂ ਬਹੁਤ ਸਾਰੀਆਂ ਗੱਲਾਂ ਜਾਣਦੈ। ਪਹਿਲੇ ਘਰ ਜਾ ਕੇ ਸਭ ਕੁੱਝ ਪਛਾਣ ਲਿਆ।”
ਦੱਸੀਆਂ ਗੱਲਾਂ ਮੈਂ ਨੋਟ ਕਰ ਲਈਆਂ। ਤਰਕਸ਼ੀਲ ਟੀਮ ਅੰਦਰ ਬੱਚੇ ਨੂੰ ਮਿਲਣ ਦੀ ਜਗਿਆਸਾ ਜੋਰ ਫੜ ਗਈ। ਮੈਂ ਬੱਚੇ ਨੂੰ ਆਪਣੇ ਕੋਲ਼ ਬੁਲਾਇਆ। ਟੌਫੀਆਂ ਦਿੱਤੀਆਂ। ਮਾਤਾ ਪਿਤਾ ਨੂੰ ਬੋਲਣ ਤੋਂ ਮਨਾਂ ਕੀਤੇ। ਸਾਨੂੰ ਪਤਾ ਸੀ ਕਿ ਬੱਚੇ ਦੀ ਵਜਾਏ ਮਾਤਾ ਪਿਤਾ ਆਪ ਹੀ ਜਵਾਬ ਦਿੰਦੇ ਹੁੰਦੇ ਹਨ।ਨੋਟ ਕੀਤੀਆਂ ਗੱਲਾਂ ‘ਚੋਂ ਕਈ ਸਵਾਲ ਉਸਦੇ ਪਿਛਲੇ ਪਰਿਵਾਰ ਬਾਰੇ ਕੀਤੇ। ਜਿਸ ਦੀ ਜਵਾਨੀ ਵਿੱਚ ਮੌਤ ਹੋਈ ਸੀ। ਕਿਉਂਕਿ ਅਸੀਂ ਪਹਿਲਾਂ ਹੀ ਉਸ ਪਰਿਵਾਰ ਬਾਰੇ ਜਾਣਕਾਰੀ ਲੈ ਲਈ ਸੀ। ਰਟੇ ਰਟਾਏ ਸਵਾਲਾਂ ਤੋਂ ਹਟਵੇਂ ਸਵਾਲ ਕੀਤੇ।
ਪਹਿਲਾ ਸਵਾਲ- ਤੇਰੀ ਮਾਂ ਦਾ ਕੀ ਨਾਮ ਸੀ
ਉੱਤਰ- ਪਤਾ ਨਹੀਂ
ਸਵਾਲ-ਤੇਰੀ ਘਰ ਵਾਲੀ ਕਿੰਨੀਆਂ ਭੈਣਾਂ ਸਨ?
ਉੱਤਰ- ਪਤਾ ਨਹੀਂ
ਤੇਰੇ ਨਾਨਕੇ ਕਿੱਥੇ ਸਨ?
ਪਤਾ ਨਹੀਂ
ਸਵਾਲ- ਤੁਸੀਂ ਕਿੰਨੇ ਭਰਾ ਸੀ
ਉੱਤਰ-ਪੰਜ (ਗਲਤ)
ਉਹ ਦੋ ਭਰਾ ਸਨ
ਸਵਾਲ- ਤੂੰ ਕਿੰਨੀ ਪੜ੍ਹਾਈ ਕੀਤੀ
ਉੱਤਰ- ਪਤਾ ਨਹੀਂ।
ਸਵਾਲ-ਤੇਰੀ ਸੱਸ ਦਾ ਨਾਮ
ਪਤਾ ਨਹੀਂ
ਇੰਨੇ ਨੂੰ ਉਸਦੀ ਮਾਤਾ ਬੱਚੇ ਨੂੰ ਲੈ ਗਈ।ਕਹਿੰਦੀ ਬੱਚਾ ਘਬਰਾ ਰਿਹਾ ਹੈ।
ਬੱਚਾ ਇੱਕ ਵੀ ਸਵਾਲ ਦਾ ਜਵਾਬ ਨਾ ਦੇ ਸਕਿਆ।
ਇਸ ਤਰ੍ਹਾਂ ਦੇ ਹੋਰ ਅਨੇਕਾਂ ਸਵਾਲ ਕੀਤੇ ਗਏ। ਪਰ ਉਹ ਕੋਈ ਵੀ ਉੱਤਰ ਠੀਕ ਨਹੀਂ ਦੇ ਸਕਿਆ। ਸਿਰਫ਼ ਰਟੇ-ਰਟਾਏ ਸਵਾਲਾਂ ਦੇ ਜਵਾਬ ਹੀ ਦਿੰਦਾ ਸੀ। ਇੰਨੇ ਨੂੰ ਪਿੰਡ ਦੇ ਲੋਕ ਵੀ ਆ ਗਏ ਸੀ। ਅਸੀਂ ਸਾਰੀ ਜਾਣਕਾਰੀ ਪਿੰਡ ਦੇ ਲੋਕਾਂ ਨਾਲ ਸਾਂਝੀ ਕੀਤੀ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਬੱਚੇ ਨੇ ਕਿਸੇ ਵੀ ਸਵਾਲ ਦਾ ਜਵਾਬ ਨਾ ਦਿੱਤਾ ਤਾਂ ਲੋਕ ਦੰਗ ਰਹਿ ਗਏ। ਹਨ੍ਹੇਰੇ ਦੇ ਬੱਦਲ ਹੁਣ ਪੂਰੀ ਤਰ੍ਹਾਂ ਛਟ ਚੁੱਕੇ ਸਨ।
ਫਿਰ ਮੈਂ ਲੋਕਾਂ ਨੂੰ ਕਿਹਾ ਕਿ ਪੁਨਰ ਜਨਮ ਵਰਗੀ ਕੋਈ ਰਹੱਸਮਈ ਘਟਨਾ ਨਹੀਂ ਵਾਪਰਦੀ।
ਅਜਿਹੀਆਂ ਕਹਾਣੀਆਂ ਅਕਸਰ ਬਣਾਈਆਂ ਜਾਂਦੀਆਂ ਹਨ।ਬਣਾਉਣ ਵਾਲੀ ਇੱਕ ਕੜੀ ਹੁੰਦੀ ਹੈ(ਆਦਮੀ ਜਾਂ ਔਰਤ )ਜਿਹੜੀ ਅਕਸਰ ਦੋਹਾਂ ਪਰਿਵਾਰਾਂ ਨੂੰ ਜਾਣਦੀ ਹੁੰਦੀ ਹੈ।ਬਹੁਤੇ ਕੇਸਾਂ ਵਿੱਚ ਪਹਿਲਾ ਪਰਿਵਾਰ ਅਮੀਰ ਹੁੰਦਾ ਹੈ। ਅਜਿਹੇ ਪ੍ਰਚਾਰੇ ਪੁਨਰ ਜਨਮ ਦੇ ਕੇਸਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਫਿਰ ਲੋਕਾਂ ਨੂੰ ਇਸ ਸੱਚਾਈ ਬਾਰੇ ਪਤਾ ਲੱਗ ਗਿਆ। ਅਸੀਂ ਇਸ ਪੁਨਮ ਜਨਮ ਦੀ ਕਹਾਣੀ ਦਾ ਸੱਚ ਲੋਕਾਂ ਸਾਹਮਣੇ ਲਿਆ ਕੇ ਤੇ ਵਿਗਿਆਨਕ ਦ੍ਰਿਸ਼ਟੀਕੋਣ ਅਪਨਾਉਣ ਦਾ ਸੁਨੇਹਾ ਦੇ ਕੇ ਵਾਪਸ ਘਰ ਪਰਤ ਆਏ।
ਮਾਸਟਰ ਪਰਮ ਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
ਅਫਸਰ ਕਲੋਨੀ ਸੰਗਰੂਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly