ਚੰਡੀਗੜ੍ਹ (ਸਮਾਜ ਵੀਕਲੀ): ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਅੱਡ ਹੋਏ ਢੀਂਡਸਾ ਤੇ ਬ੍ਰਹਮਪੁਰਾ ਧੜਿਆਂ ਨਾਲ ਮਿਲ ਕੇ ਜਲਦੀ ਹੀ ਨਵੀਂ ਸਿਆਸੀ ਪਾਰਟੀ ਬਣਾਉਣ ਦੇ ਐਲਾਨ ਕਰਕੇ ‘ਕਾਂਗਰਸ’ ਦੇ ਨਿਸ਼ਾਨੇ ’ਤੇ ਆਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਅੱਜ ਕਿਹਾ ਕਿ ਕੇਂਦਰ ਸਰਕਾਰ ਜੇਕਰ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲੈਂਦੀ ਹੈ ਤਾਂ ਭਾਜਪਾ ਨਾਲ ਹੱਥ ਮਿਲਾਉਣ ਵਿੱਚ ਕੁਝ ਵੀ ਗ਼ਲਤ ਨਹੀਂ ਹੈ।
ਕੈਪਟਨ ਨੇ ਕਿਹਾ ਕਿ ਉਨ੍ਹਾਂ ਦਾ ਜਾਨਸ਼ੀਨ ਚਰਨਜੀਤ ਸਿੰਘ ਚੰਨੀ ਚੰਗਾ ਬੰਦਾ ਹੈ ਤੇ ਉਹ ਸਿਰਫ਼ ਪੰਜਾਬ ਕਾਂਗਰਸ ਦੇ ਨਵੇਂ ਥਾਪੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਦੇ ਹਨ। 2022 ਵਿੱਚ ਨਵੀਂ ਪਾਰੀ ਖੇਡਣ ਬਾਰੇ ਕੈਪਟਨ ਨੇ ਕਿਹਾ, ‘‘ਜੇਕਰ ‘ਮਹਾਗੱਠਜੋੜ’ ਨੇ ਚਾਹਿਆ ਤਾਂ ਮੂਹਰੇ ਹੋ ਕੇ ਕਮਾਨ ਸੰਭਾਲਾਂਗਾ। ਪਹਿਲਾਂ ਮੇਰਾ ਸਰਗਰਮ ਸਿਆਸਤ ਤੋਂ ਸੰਨਿਆਸ ਲੈਣ ਦਾ ਵਿਚਾਰ ਸੀ, ਪਰ ਹੁਣ ਨਹੀਂ।’’ ਇੰਟਰਵਿਊ ਦੌਰਾਨ ਭਾਜਪਾ ਨਾਲ ਸੀਟਾਂ ਦੇ ਲੈਣ-ਦੇਣ ਤੇ ਕੇਂਦਰ ’ਚ ਕੋਈ ਭੂਮਿਕਾ ਦਿੱਤੇ ਜਾਣ ਨੂੰ ਲੈ ਕੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲ ਦੀ ਘੜੀ ਅਜਿਹੀ ਕੋਈ ਚਰਚਾ ਨਹੀਂ ਹੋਈ।
ਉਨ੍ਹਾਂ ਕਿਹਾ, ‘‘ਮੈਂ ਦੋ ਵਾਰ ਸੰਸਦ ਮੈਂਬਰ ਰਿਹਾ ਹਾਂ ਤੇ ਦੋਵੇਂ ਵਾਰ ਮੈਂ ਅਸਤੀਫ਼ਾ ਦਿੱਤਾ। ਮੇਰਾ ਦਿਲ ਪੰਜਾਬ ਵਿੱਚ ਹੈ। ਉਹ ਮੈਨੂੰ ਰੱਖਿਆ, ਖੇਤੀ ਜਾਂ ਫਿਰ ਕੋਈ ਹੋਰ ਮੰਤਰਾਲਾ ਦੇਣ ਦੀ ਪੇਸ਼ਕਸ਼ ਕਰਨ, ਪਰ ਮੈਂ ਸਿਰਫ਼ ਪੰਜਾਬ ਵਿੱਚ ਹੀ ਰਹਾਂਗਾ।’’ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਸੀ ਕਿ ਪੰਜਾਬ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ਉਨ੍ਹਾਂ ਦੀ ਅਗਵਾਈ ’ਚ ਹੀ ਲੜੀਆਂ ਜਾਣ, ਪਾਰਟੀ ਦੇ ਜਿੱਤਣ ’ਤੇ ਉਹ ਖੁ਼ਦ ਲਾਂਭੇ ਹੋ ਜਾਣਗੇ ਤੇ ਪਾਰਟੀ ਪ੍ਰਧਾਨ ਨਵੇਂ ਮੁੱਖ ਮੰਤਰੀ ਦੀ ਚੋਣ ਕਰ ਲੈਣ। ਪੰਜਾਬ ਵਿੱਚ ਉਨ੍ਹਾਂ (ਕੈਪਟਨ) ਖ਼ਿਲਾਫ਼ ਸੱਤਾ ਵਿਰੋਧੀ ਲਹਿਰ ਚੱਲਣ ਬਾਰੇ ਪੁੱਛੇ ਜਾਣ ’ਤੇ ਕੈਪਟਨ ਨੇ ਕਿਹਾ ਕਿ ਤਿੰਨ ਮਹੀਨਿਆਂ ’ਚ ਪਤਾ ਲੱਗ ਜਾਵੇਗਾ ਕਿ ਬਹੁਮਤ ਕਿਸ ਪਾਸੇ ਹੈ।
‘ਸਿੱਧੂ ਦੇ ਪ੍ਰਧਾਨ ਬਣਨ ਮਗਰੋਂ ਪਾਰਟੀ ਦੇ ਆਧਾਰ ਨੂੰ ਖੋਰਾ ਲੱਗਾ’
ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਮਗਰੋਂ ਪਾਰਟੀ ਨੇ ਬੜੀ ਤੇਜ਼ੀ ਨਾਲ ਪੰਜਾਬ ’ਚ ਆਪਣਾ ਆਧਾਰ ਗੁਆਇਆ ਹੈ। ਉਨ੍ਹਾਂ ਕਿਹਾ, ‘‘ਛੇ ਮਹੀਨੇ ਪਹਿਲਾਂ ਅਸੀਂ ਮਜ਼ਬੂਤ ਸਥਿਤੀ ਵਿੱਚ ਸੀ, ਪਰ ਹੁਣ ਪਾਰਟੀ ਨਿਘਾਰ ਵੱਲ ਹੈ ਤੇ ਇਸ ਦੀ ਇਕੋ ਇਕ ਮੁੱਖ ਵਜ੍ਹਾ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly