ਦੇਸ਼ ਭਗਤ ਅਮਰਿੰਦਰ ਲਈ ਭਾਜਪਾ ਨੇ ਦਰ ਖੋਲ੍ਹੇ

BJP.

ਨਵੀਂ ਦਿੱਲੀ (ਸਮਾਜ ਵੀਕਲੀ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਅਗਾਮੀ ਅਸੈਂਬਲੀ ਚੋਣਾਂ ਵਿੱਚ ਭਾਜਪਾ ਨਾਲ ਹੱਥ ਮਿਲਾਉਣ ਦੇ ਦਿੱਤੇ ਸੰਕੇਤ ਦਾ ਭਗਵਾ ਪਾਰਟੀ ਨੇ ਵੀ ਬੜਾ ਨਿੱਘਾ ਜਵਾਬ ਦਿੱਤਾ ਹੈ। ਭਾਜਪਾ ਨੇ ਅਮਰਿੰਦਰ ਦੀ ਦੇਸ਼ਭਗਤ ਵਜੋਂ ਤਾਰੀਫ਼ ਕਰਦਿਆਂ ਕਿਹਾ ਕਿ ਉਹ ਕੌਮੀ ਹਿੱਤਾਂ ਨੂੰ ਮੂਹਰੇ ਰੱਖਣ ਵਾਲਿਆਂ ਨਾਲ ਹੱਥ ਮਿਲਾਉਣ ਲਈ ਤਿਆਰ ਹੈ ਤੇ ਗੱਠਜੋੜ ਲਈ ਦਰ ਹਮੇਸ਼ਾਂ ਖੁੱਲ੍ਹੇ ਹਨ। ਭਾਜਪਾ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਵੰਸ਼ ਤੋਂ ਦੂਰ ਹੋ ਕੇ ਰਾਸ਼ਟਰਵਾਦ ਵੱਲ ਵੱਧ ਰਹੇ ਹਨ।

ਭਾਜਪਾ ਆਗੂ ਨੇ ਹਾਲਾਂਕਿ ਇਸ਼ਾਰਾ ਕੀਤਾ ਕਿ ਅਜੇ ਕੁਝ ਵੀ ਫਾਈਨਲ ਨਹੀਂ ਹੈ ਕਿਉਂਕਿ ‘ਅਮਰਿੰਦਰ ਸਿੰਘ ਨੇ ਅਜੇ ਆਪਣੀ ਪਾਰਟੀ ਬਣਾਉਣੀ ਹੈ।’ ਚੇਤੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨ ਇਕ ਭਾਜਪਾ ਨਾਲ ਸੀਟਾਂ ਦੇ ਲੈਣ-ਦੇਣ ਤੇ ਕੇਂਦਰ ’ਚ ਕੋਈ ਭੂਮਿਕਾ ਦਿੱਤੇ ਜਾਣ ਨੂੰ ਲੈ ਕੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲ ਦੀ ਘੜੀ ਅਜਿਹੀ ਕੋਈ ਚਰਚਾ ਨਹੀਂ ਹੋਈ। ਉਨ੍ਹਾਂ ਕਿਹਾ, ‘‘ਮੈਂ ਦੋ ਵਾਰ ਸੰਸਦ ਮੈਂਬਰ ਰਿਹਾ ਹਾਂ ਤੇ ਦੋਵੇਂ ਵਾਰ ਮੈਂ ਅਸਤੀਫ਼ਾ ਦਿੱਤਾ। ਮੇਰਾ ਦਿਲ ਪੰਜਾਬ ਵਿੱਚ ਹੈ। ਉਹ ਮੈਨੂੰ ਰੱਖਿਆ, ਖੇਤੀ ਜਾਂ ਫਿਰ ਕੋਈ ਹੋਰ ਮੰਤਰਾਲਾ ਦੇਣ ਦੀ ਪੇਸ਼ਕਸ਼ ਕਰਨ, ਪਰ ਮੈਂ ਸਿਰਫ਼ ਪੰਜਾਬ ਵਿੱਚ ਹੀ ਰਹਾਂਗਾ।’’

ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਸੀ ਕਿ ਪੰਜਾਬ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ਉਨ੍ਹਾਂ ਦੀ ਅਗਵਾਈ ’ਚ ਹੀ ਲੜੀਆਂ ਜਾਣ, ਪਾਰਟੀ ਦੇ ਜਿੱਤਣ ’ਤੇ ਉਹ ਖੁ਼ਦ ਲਾਂਭੇ ਹੋ ਜਾਣਗੇ ਤੇ ਪਾਰਟੀ ਪ੍ਰਧਾਨ ਨਵੇਂ ਮੁੱਖ ਮੰਤਰੀ ਦੀ ਚੋਣ ਕਰ ਲੈਣ। ਪੰਜਾਬ ਵਿੱਚ ਉਨ੍ਹਾਂ (ਕੈਪਟਨ) ਖ਼ਿਲਾਫ਼ ਸੱਤਾ ਵਿਰੋਧੀ ਲਹਿਰ ਚੱਲਣ ਬਾਰੇ ਪੁੱਛੇ ਜਾਣ ’ਤੇ ਕੈਪਟਨ ਨੇ ਕਿਹਾ ਕਿ ਤਿੰਨ ਮਹੀਨਿਆਂ ’ਚ ਪਤਾ ਲੱਗ ਜਾਵੇਗਾ ਕਿ ਬਹੁਮਤ ਕਿਸ ਪਾਸੇ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਨਾਲ ਗੱਠਜੋੜ ’ਚ ਕੁਝ ਵੀ ਗ਼ਲਤ ਨਹੀਂ: ਅਮਰਿੰਦਰ
Next articleਅਮਰਿੰਦਰ ‘ਮੌਕਾਪ੍ਰਸਤ’, ਪੰਜਾਬ ਨਾਲ ਧੋਖਾ ਕੀਤਾ: ਰੰਧਾਵਾ