ਸਿਰਾਂ ਲਈ ਅਰ਼ਸ਼ ਨਹੀਂ ਹੁੰਦਾ

(ਸਮਾਜ ਵੀਕਲੀ)

ਕੋਈ ਵੀ ਸਿਸਟਮ, ਸੋਚ ਜਾਂ ਸ਼ਖਸ
ਸਦਾ ਲਈ ਆਦਰਸ਼ ਨਹੀਂ ਹੁੰਦਾ
ਪੈਰਾਂ ਲਈ ਤਾਂ ਫਰਸ਼ ਹੁੰਦਾ, ਪਰ
ਸਿਰਾਂ ਲਈ ਅਰਸ਼ ਨਹੀਂ ਹੁੰਦਾ।

ਸਿਉਂਕ ਲੱਗੇ ਰੁੱਖਾਂ ਦੇ ਪੱਤੇ ਹੀ,
ਪਹਿਲਾਂ ਝੜਦੇ ਨੇ ਬਿਖਰਕੇ,
ਪਰਿੰਦੇ ਤੇ ਭੌਰਿਆਂ ਨੂੰ ਸੋਕੇ
ਦਾ ਸਪਰਸ਼ ਨਹੀਂ ਹੁੰਦਾ ।

ਸਦੀਆਂ ਤੱਕ ਚੱਕਦੇ ਰਹਿਣ
ਜੋ ਕਟਾਰਾਂ ਬਰਸ਼ੇ, ਤੇ ਬੰਦੂਕਾਂ,
ਫਲਸਫੇ, ਸੰਵਾਦ ਤੇ ਸੰਗਤ
ਦਾ ਉੱਥੇ ਦਰਸ਼ ਨਹੀ ਹੁੰਦਾ।

ਕੁੱਖਾਂ ‘ਚ ਪਾਲ਼ੇ ਪੁੱਤ, ਵਹਿੰਦੇ ਨੇ
ਜਦ ਖੂਨੀ ਹੜ੍ਹਾਂ ਨਾਲ,
ਸਿਹਰੇ ‘ਚ ਲਿਪਟੀ ਲਾਸ਼ ਦੇਖ,
ਸੋਗ ਜਾਂ ਹਰਸ਼ ਨਹੀਂ ਹੁੰਦਾ।

ਮੇਰੀ ਜਨਮ ਭੋਇੰ ਦਾ ਸਬਰ,
ਵਰ ਕਹਾਂ ਜਾਂ ਸਰਾਪ,
ਕਿਉਂ ਕੁੱਖ, ਰੁੱਖ, ਪੌਣ, ਪਾਣੀ ਤੇ
ਰੋਜ਼ੀ ਲਈ ਸੰਘਰਸ਼ ਨਹੀਂ ਹੁੰਦਾ।

ਬੁੱਧੀਜੀਵੀ ਵੀ ਵਾਹੀਆਂ ਲਕੀਰਾਂ
ਤੇ ਕੱਢਣ ਜਦ ਸਿਆੜ,
ਐਸੀ ਕੌਮ ਦਾ ਨਿੱਗਰ
ਕੋਈ ਲਕਸ਼ ਨਹੀਂ ਹੁੰਦਾ।

ਅੰਨ ਦਾਤੇ ਕਿਰਤੀਆਂ ਦੇ ਮੱਥੇ
ਨਾ ਉਕਰੇ, ਫਿਕਰਾਂ ਦੀ ਲਕੀਰ,
ਖੁਦਕਸ਼ੀਆਂ ਬਗੈਰ ਲੰਘੇ ਹੁਣ
ਐਸਾ ਕੋਈ ਵਰਸ਼ ਨਹੀਂ ਹੁੰਦਾ।

ਅੰਤਰਝਾਤ ਚੋਂ ਹੀ ਮਿਲਣੇ ਨੇ
ਤੈਨੂੰ ਉਲਝਣਾਂ ਦੇ ਜਵਾਬ,
ਲਾਟਰੀ ਕੱਢ ਦੇਵੇ ਤੇਰੀ ‘ਰੱਤੜਾ’
ਐਸਾ ਕੋਈ ਮੰਤਰ ਜਾਂ ਕਲਸ਼ ਨਹੀਂ ਹੁੰਦਾ।

ਕੇਵਲ ਸਿੰਘ ਰੱਤੜਾ
ratraks1988@gmail.com

Previous articleਗੁਬਾਰੇ
Next articleਆਰ. ਪੀ. ਮੈਮੋਰੀਅਲ ਪਬਲਿਕ ਸਕੂਲ ਕੈਲਾਸ਼ ਨਗਰ ਜਲੰਧਰ ਵਿਖੇ ਟੈਲੇਂਟ ਹੰਟ ਪ੍ਰੋਗਰਾਮ ਕਰਵਾਇਆ ਗਿਆ