(ਸਮਾਜ ਵੀਕਲੀ)
ਜਿਥੇ ਅਸੀਂ ਮਾਂ ਦਾ ਦੇਣ ਨਹੀਂ ਦੇ ਸਕਦੇ ਉਥੇ ਬਾਪੂ ਦਾ ਕਰਜ਼ਾ ਵੀ ਨਹੀਂ ਉਤਾਰ ਸਕਦੇ।ਅਸਲ ਵਿੱਚ ਮਾਵਾਂ ਵਧੇਰੇ ਕਰਕੇ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰ ਲੈਂਦੀ ਹੈ ਪਰ ਬਾਪੂ ਅਜਿਹੀ ਸ਼ਖਸੀਅਤ ਹੈ ਬੱਚਿਆਂ ਲਈ ਖੂਨ ਪਸੀਨਾ ਇਕ ਕਰ ਦੇਂਦਾ ਹੈ ਪਰ ਆਪਣੀਆਂ ਭਾਵਨਾਵਾਂ ਦਬਾਅ ਲੈਂਦਾ ਹੈ। ਉਹ ਮਾਂ ਵਾਂਗ ਪਿਆਰ ਨੂੰ ਵਿਅਕਤ ਨਹੀਂ ਕਰਦਾ।ਇਸਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ।ਵੈਸੇ ਹੁਣ ਪਹਿਲਾਂ ਨਾਲੋਂ ਫਰਕ ਹੈ। ਮਾਂ ਨਾਲ ਬੱਚੇ ਹਰ ਗੱਲ ਸਾਂਝੀ ਕਰਦੇ ਹਨ। ਮਾਂ ਨਾਲ ਲੜਦੇ ਝਗੜ ਅਤੇ ਜਿੱਦ ਵੀ ਕਰਦਾ ਹਨ।ਪਰ ਬਾਪ ਨਾਲ ਨਾ ਬੱਚੇ ਅਜਿਹਾ ਕਰਦੇ ਹਨ ਅਤੇ ਨਾ ਬਾਪੂ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ।
ਖੈਰ ਬਾਪੂ ਅਜਿਹਾ ਬੈਂਕ ਹੈ ਜਿਸ ਵਿੱਚ ਪੈਸੇ ਨਾ ਵੀ ਪਾਉ ਫੇਰ ਵੀ ਨਿਕਲ ਆਉਂਦੇ ਹਨ।ਬਾਪੂ ਆਪਣੇ ਬੱਚਿਆਂ ਲਈ ਦਿਨ ਰਾਤ ਮਿਹਨਤ ਕਰਦਾ ਹੈ। ਉਸਨੂੰ ਲੱਗਦਾ ਹੈ ਕਿ ਜੋ ਤੰਗੀਆਂ ਮੈਂ ਕੱਟੀਆਂ ਉਹ ਮੇਰੇ ਬੱਚੇ ਨਾ ਕੱਟਣ।ਇਹ ਹਕੀਕਤ ਹੈ ਕਿ ਸਿਰਫ਼ ਬਾਪ ਹੀ ਹੈ ਜੋ ਤੁਹਾਨੂੰ ਆਪਣੇ ਤੋਂ ਵਧੇਰੇ ਸਫਲ ਵੇਖਕੇ ਖੁਸ਼ ਹੁੰਦਾ ਹੈ। ਉਸਨੂੰ ਇਵੇਂ ਲੱਗਦਾ ਹੈ ਕਿ ਮੇਰੀ ਕੀਤੀ ਕੁਰਬਾਨੀ ਦਾ ਮੁੱਲ ਤਾਂ ਪੈ ਗਿਆ। ਇਹ ਵੀ ਸੱਚ ਹੈ ਕਿ ਬਾਪ ਆਪ ਮਾੜਾ ਕੱਪੜਾ ਪਾ ਲਵੇਗਾ, ਜੁੱਤੀਆਂ ਗੰਢਾ ਕੇ ਪਾ ਲਵੇਗਾ ਪਰ ਆਪਣੇ ਬੱਚਿਆਂ ਦੀ ਹਰ ਖਾਹਿਸ਼ ਪੂਰੀ ਕਰੇਗਾ।ਹਾਂ, ਕਈ ਵਾਰ ਬਾਪ ਨੂੰ ਬਹੁਤ ਧੱਕਾ ਲੱਗਦਾ ਹੈ ਜਦੋਂ ਬੱਚੇ ਫਜ਼ੂਲ ਖਰਚਿਆਂ ਵਿੱਚ ਪੈਸੇ ਬਰਬਾਦ ਕਰਦੇ ਹਨ। ਬਹੁਤ ਵਾਰ ਜਦੋਂ ਬਾਪੂ ਸਖਤੀ ਵਰਤਣ ਲੱਗਦਾ ਹੈ ਤਾਂ ਮਾਂ ਵੀ ਬੱਚਿਆਂ ਦਾ ਸਾਥ ਦਿੰਦੀ ਹੈ।
ਬਾਪੂ ਵਿਚਾਰਾ ਇਕੱਲਾ ਰਹਿ ਜਾਂਦਾ ਹੈ। ਅਸਲ ਵਿੱਚ ਬਾਪੂ ਦੀ ਵਧੇਰੇ ਕਰਕੇ ਪੈਸਿਆਂ ਵੇਲੇ ਯਾਦ ਸਤਾਉਂਦੀ ਹੈ ਅਤੇ ਯਾਦ ਵੀ ਵਧੇਰੇ ਕਰਕੇ ਉਦੋਂ ਹੀ ਆਉਂਦੀ ਹੈ। ਬਾਪੂ ਇਸ ਕਰਕੇ ਬੱਚਿਆਂ ਤੇ ਪੈਸੇ ਖਰਚ ਦਾ ਰਹਿੰਦਾ ਹੈ ਕਿ ਚਲੋ ਇਹ ਵੀ ਸੌਖੇ ਹੋ ਜਾਣਗੇ ਅਤੇ ਮੇਰਾ ਬੁਢਾਪਾ ਵੀ ਸੌਖਾ ਹੋ ਜਾਏਗਾ ਪਰ ਉਦੋਂ ਬਾਪੂ ਬੁਰੀ ਤਰ੍ਹਾਂ ਟੁੱਟ ਜਾਂਦਾ ਹੈ ਜਦੋਂ ਉਸਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਤੁਸੀਂ ਕੁੱਝ ਵੀ ਸਾਡੇ ਲਈ ਨਹੀਂ ਕੀਤਾ। ਕਈ ਵਾਰ ਬਾਪ ਦਾ ਸਾਦਾਪਣ ਉਨ੍ਹਾਂ ਨੂੰ ਬੇਅਕਲ ਲੱਗਦੀ ਹੈ। ਜਿਸ ਬਾਪ ਨੇ ਉੱਚੀ ਕੁਰਸੀ ਤੇ ਬੈਠਣ ਯੋਗ ਬਣਾਇਆ ਉਸ ਬਾਪ ਦੇ ਨਾਲ ਰਹਿਣਾ ਵੀ ਬੇਇਜ਼ਤੀ ਸਮਝਦੇ ਹਨ।ਪਰ ਜਿਵੇਂ ਬਾਪ ਕੋਲੋਂ ਪੈਸੇ ਲੈਕੇ ਖਰਚਦੇ ਸੀ ਕਦੇ ਬਾਪ ਨੂੰ ਉਵੇਂ ਦੇਣ ਦੀ ਹਿੰਮਤ ਨਹੀਂ ਪੈਂਦੀ। ਸਿਰਫ਼ ਬਾਪ ਹੀ ਅਜਿਹਾ ਬੈਂਕ ਹੈ ਜਿਥੋਂ ਪੈਸੇ ਲੈਕੇ ਵਾਪਸ ਨਹੀਂ ਕਰਨੇ ਪੈਂਦੇ ਅਤੇ ਨਾ ਕੋਈ ਕਰਦਾ ਹੈ। ਜਿਹੜੇ ਮੋਟੀਆਂ ਤਨਖਾਹਾਂ ਲੈਂਦੇ ਹਨ ਉਹ ਵੀ ਮਾਪਿਆਂ ਨੂੰ ਬਿੰਨਾ ਪੈਸੇ ਲਏ ਰੋਟੀ ਨਹੀਂ ਖਵਾਉਂਦੇ।
ਕਿਸੇ ਨਾ ਕਿਸੇ ਤਰੀਕੇ ਨਾਲ ਮਾਪਿਆਂ ਕੋਲੋਂ ਪੈਸੇ ਕਢਵਾਉਣ ਦੀ ਵਿਉਂਤ ਕਰਦੇ ਰਹਿੰਦੇ ਹਨ। ਬਹੁਤ ਵਾਰ ਬਾਪ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ।ਨੂੰਹਾਂ ਪੁੱਤਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਬਾਪੂ ਸਾਰਾ ਕੁੱਝ ਉਨ੍ਹਾਂ ਨੂੰ ਦੇ ਦੇਵੇ। ਬਾਪੂ ਦੀ ਹਾਲਤ ਤਰਸਯੋਗ ਹੋ ਜਾਂਦੀ ਹੈ। ਜੇਕਰ ਦਿੰਦਾ ਹੈ ਤਾਂ ਉਸਨੂੰ ਆਪਣੀ ਹੋਣ ਵਾਲੀ ਦੁਰਦਸ਼ਾ ਵਿਖਾਈ ਦਿੰਦੀ ਹੈ। ਜੇਕਰ ਨਹੀਂ ਦੇ ਰਿਹਾ ਤਾਂ ਉਸਦੀ ਘਰ ਵਿੱਚ ਰੋਜ਼ ਜੋ ਹਾਲਤ ਹੁੰਦੀ ਹੈ ਉਹ ਵੀ ਉਸ ਲਈ ਬਰਦਾਸ਼ਤ ਕਰਨੀ ਬਹੁਤ ਔਖੀ ਹੁੰਦੀ ਹੈ। ਬਾਪੂ ਕਦੇ ਪਛਤਾਉਂਦਾ ਹੈ ਅਤੇ ਕਦੇ ਇਕੱਲਾ ਬਹਿ ਰੋਂਦਾ ਹੈ।ਜਿੰਨਾ ਮਰਜ਼ੀ ਤੰਗ ਹੋਵੇ ਪਰ ਔਲਾਦ ਲਈ ਕੋਈ ਨਾ ਕੋਈ ਜੁਗਾੜ ਕਰਕੇ ਪੈਸੇ ਉਸਨੂੰ ਦੇ ਹੀ ਦਿੰਦਾ ਹੈ। ਪਰ ਔਲਾਦ ਇੰਨੀ ਸਵਾਰਥੀ ਹੋ ਜਾਂਦੀ ਹੈ ਕਿ ਬਾਪੂ ਦੀ ਮਜ਼ਬੂਰ ਵੀ ਨਹੀਂ ਸਮਝਣਾ ਚਾਹੁੰਦੀ।ਹਕੀਕਤ ਇਹ ਹੈ ਕਿ ਔਲਾਦ ਆਂਡੇ ਨਹੀਂ ਖਾਂਦੀ,ਮੁਰਗੀ ਖਾਣ ਦੀ ਸੋਚ ਰੱਖਦੀ ਹੈ।
ਜੇਕਰ ਬਾਪੂ ਬੈਂਕ ਵਿੱਚ ਕੁੱਝ ਪਾਉਣਾ ਹੀ ਨਹੀਂ ਤਾਂ ਕਿੰਨੀ ਦੇਰ ਤੱਕ ਇਹ ਸੱਭ ਚੱਲਦਾ ਰਹੇਗਾ। ਖਾਨਿਆਂ ਤਾਂ ਖੂਹ ਵੀ ਖਾਲੀ ਹੋ ਜਾਂਦੇ ਹਨ।ਬਾਪੂ ਕੋਲੋਂ ਸਿਰਫ਼ ਲੈਣਾ ਹੀ ਔਲਾਦ ਨੂੰ ਆਉਂਦਾ ਹੈ। ਪੁੱਤਾਂ ਦੇ ਜਿੰਨੇ ਮਰਜ਼ੀ ਬੈਂਕ ਬੈਲੇਂਸ ਹੋਣ ਬਾਪੂ ਨੂੰ ਕੋਈ ਦੇਣ ਲਈ ਤਿਆਰ ਨਹੀਂ ਹੁੰਦਾ। ਜੇ ਕਿਧਰੇ ਬਾਪੂ ਜਾਂ ਬੇਬੇ ਮੰਗ ਲੈਣ ਤਾਂ ਜੋ ਬਵਾਲ ਖੜ੍ਹਾ ਹੁੰਦਾ ਹੈ ਉਹ ਕੰਨਾਂ ਨੂੰ ਹੱਥ ਲਵਾ ਦਿੰਦੇ ਹਨ।ਕਦੇ ਸੋਚਿਆ ਜਿਸ ਬਾਪੂ ਨੇ ਸੱਭ ਕੁੱਝ ਤੁਹਾਡੇ ਤੇ ਖਰਚ ਦਿੱਤਾ ਅਤੇ ਕਦੇ ਉਸਨੂੰ ਦੁੱਖ ਨਹੀਂ ਸੀ ਹੋਇਆ, ਹੋ ਸਕਦਾ ਹੈ ਉਹ ਤੁਹਾਡੇ ਜਵਾਬ ਤੋਂ ਬਾਅਦ ਪਛਤਾਇਆ ਹੋਵੇ।ਕਦੇ ਕਿਸੇ ਹੋਰ ਬੈਂਕ ਕੋਲੋਂ ਪੈਸੇ ਲੈਕੇ ਵੇਖੋ,ਹਰ ਮਹੀਨੇ ਵਿਆਜ਼ ਸਮੇਤ ਕਿਸ਼ਤ ਕੱਟ ਜਾਂਦੀ ਹੈ। ਪਰ ਬਾਪੂ ਬੈਂਕ ਕਿਸ਼ਤ ਵੀ ਨਹੀਂ ਮੰਗਦਾ ਪਰ ਉਸਦੀ ਬੇਕਦਰੀ ਕਰਨ ਲੱਗੇ ਪੁੱਤ ਇਕ ਵਾਰ ਵੀ ਨਹੀਂ ਸੋਚਦੇ। ਬਾਪੂ ਬੜੀ ਸੁੱਖਾ ਦੀ ਜਿਹੀ ਕਿਸ਼ਤ ਮੰਗਦਾ ਹੈ।
ਉਹ ਹੈ ਪਿਆਰ ਅਤੇ ਸਤਿਕਾਰ।ਹੈ ਕੋਈ ਬਾਪੁ ਵਰਗਾ ਕੋਈ ਹੋਰ ਬੈਂਕ ਜਿਹੜਾ ਆਪਣੀ ਜ਼ਿੰਦਗੀ ਭਰਦੀ ਕਮਾਈ ਲਗਾਉਣ ਤੋਂ ਬਾਅਦ ਵੀ ਕੁੱਝ ਨਹੀਂ ਮੰਗਦਾ।ਹਕੀਕਤ ਹੈ ਕਿ ਬਾਪੂ ਵਰਗਾ ਹੋਰ ਕੋਈ ਬੈਂਕ ਨਹੀਂ ਹੈ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly