(ਸਮਾਜ ਵੀਕਲੀ)
ਅੱਜ ਬੜੀ ਦੇਰ ਬਾਅਦ ਵਿਦਿਆਰਥੀਆਂ ਦੇ ਕਲਾਤਮਿਕ ਮੁਕਾਬਲਿਆਂ ਵਿਚ ਨਿਰਣਾਇਕ ਬਣਕੇ ਜਾਣ ਦਾ ਮੌਕਾ ਮਿਲਿਆ.. ਵਿਦਿਆਰਥੀਆਂ ਨੂੰ ਮੰਚ ਤੋਂ ਮਮਿੱਕਰੀ, ਮਾਈਮ, ਸਕਿੱਟ ,ਭੰਡ ਆਦਿ ਕਲਾ ਰੂਪਾਂ ਦੀ ਪੇਸ਼ਕਾਰੀ ਕਰਦਿਆਂ ਦੇਖ ਕੇ ਮਨ ਵਿੱਚ ਬਹੁਤ ਸਾਰੇ ਵਲਵਲੇ ਜਾਗੇ!
ਗੱਭਰੂ ਤੇ ਮੁਟਿਆਰਾਂ ਜਦੋਂ ਮੰਚ ਤੋਂ ਕੋਈ ਪੇਸ਼ਕਾਰੀ ਕਰ ਰਹੇ ਹੁੰਦੇ ਹਨ ਤਾਂ ਇਸ ਉਮਰ ਦੀ ਅਥਾਹ ਊਰਜਾ ਸਾਰਥਕ ਊਰਜਾ ਵਿੱਚ ਰੂਪਾਂਤਰਿਤ ਹੁੰਦੀ ਦਿਖਾਈ ਦਿੰਦੀ ਹੈ..ਭੰਡ ਬਣ ਜਦੋਂ ਮੁੰਡੇ ਕੁੜੀਆਂ ਹਾਸੇ ਮਜ਼ਾਕ ਕਰਦੇ ਹਨ.. ਤਨਜ਼ ਕੱਸਦੇ ਹਨ.. ਸਮਾਜ ‘ਤੇ ਵਿਅੰਗ ਕਰਦੇ ਹਨ..ਰਾਜਨੀਤਕ ਟੋਟਕੇ ਸੁਣਾਉਂਦੇ ਹਨ ਤਾਂ ਲੱਗਦਾ ਉਨ੍ਹਾਂ ਦੀ ਚੇਤਨਾ ਦਾ ਵਿਕਾਸ ਹੋ ਰਿਹਾ ਹੈ..ਮਾਈਮ ਦੀ ਪੇਸ਼ਕਾਰੀ ਕਰਦਿਆਂ ਬਿਨਾਂ ਸ਼ਬਦਾਂ ਤੋਂ ਸਰੀਰਕ ਭਾਸ਼ਾ ਰਾਹੀਂ ਆਪਣੀਆਂ ਭਾਵਨਾਵਾਂ ਦਰਜ ਕਰਵਾਉਂਦੇ ਹਨ ਤਾਂ ਲੱਗਦਾ ਸਮਾਜ ਦਾ ਵੱਡਾ ਵਰਗ ਜੋ ਆਮ ਤੌਰ ‘ਤੇ ਚੁੱਪ ਰਹਿੰਦਾ ਹੈ..ਉਸ ਦੀ ਸਰੀਰਕ ਭਾਸ਼ਾ ਨੂੰ ਅਸੀਂ ਗੌਲਦੇ ਹੀ ਨਹੀਂ.. ਜੇ ਗੌਲਣ ਲੱਗ ਪਈਏ ਤਾਂ ਬਹੁਤ ਕੁਝ ਸਮਝ ਆ ਜਾਵੇਗਾ..ਮਿਮਿੱਕਰੀ ਪੇਸ਼ ਕਰਦਿਆਂ ਇਹ ਮੁੰਡੇ ਕੁੜੀਆਂ ਚਿੜੀਆਂ ਤੋਤਿਆਂ ਦੀ ਆਵਾਜ਼ ਤੋਂ ਲੈ ਕੇ ਅੰਬਰੀਂ ਉੱਡਦੇ ਜਹਾਜ਼ਾਂ ਦੀ ਆਵਾਜ਼ ਤਕ ਜਦੋਂ ਆਪਣੇ ਕੰਠ ਨੂੰ ਘੁਮਾ ਕੇ ਪੈਦਾ ਕਰਦੇ ਹਨ, ਤਾਂ ਉਠਕੇ ਇਹਨਾਂ ਨੂੰ ਜੱਫੀ ‘ਚ ਲੈਣ ਨੂੰ ਜੀਅ ਕਰਦਾ!
..ਸਕਿੱਟਾਂ ਵਿੱਚ ਸਮਾਜਿਕ ਅਲਾਮਤਾਂ ਨੂੰ ਹਾਸੇ ਦੇ ਰੂਪ ‘ਚ ਪੇਸ਼ ਕਰਦੇ ਹਨ …ਇਹ ਮੁਕਾਬਲੇ ਬਹੁਤ ਕੁੱਝ ਸਮੋਈ ਬੈਠੇ ਹਨ..ਬਸ ਇਹਨਾਂ ਵਿਦਿਆਰਥੀਆਂ ਨਾਲ ਵੱਧ ਤੋਂ ਵੱਧ ਸੰਵਾਦ ਹੋਣਾ ਚਾਹੀਦਾ ਹੈ.. ਅਧਿਆਪਕਾਂ ਦਾ.. ਸਮਾਜਿਕ ਵਿਗਿਆਨੀਆਂ ਦਾ.. ਸਮਾਜ ਸ਼ਾਸਤਰੀਆਂ ਦਾ..ਲੇਖਕਾਂ ਦਾ.. ਪੂਰੇ ਸਮਾਜ ਦਾ ..ਇਨ੍ਹਾਂ ਦੇ ਵਲਵਲੇ ਸਮਝਣੇ ਚਾਹੀਦੇ ਹਨ.. ਤੇ ਫੇਰ ਇਨ੍ਹਾਂ ਨੂੰ ਗਿੱਠ ਉੱਪਰ ਚੁੱਕਣ ਲਈ ਸਮਝਾਉਣੇ ਚਾਹੀਦੇ ਹਨ !
ਪੰਜਾਬ ਇਸ ਵੇਲੇ ਸਥੂਲਤਾ ਦੀ ਬੇੜੀ ਵਿੱਚ ਡਿੱਕੇ ਡੋਲੇ ਖਾ ਰਿਹਾ ਹੈ.. ਬਹੁਤ ਲੋੜ ਹੈ ਪੰਜਾਬ ਨੂੰ ਸੂਖਮਤਾ ਦੀ.. ਸ਼ੂਖਮਤਾ ਸਖ਼ਤ ਹਿਰਦਿਆਂ ਨੂੰ ਪਿਘਲਾ ਸਕਦੀ ਹੈ..ਪੱਥਰ ਵਾਂਗ ਜੰਮੀਆਂ ਬੇਲੋੜੀਆਂ ਪਰੰਪਰਾਵਾਂ, ਘਟੀਆ ਰੀਤਾਂ ਤੇ ਭੈੜੀਆਂ ਸੋਚਾਂ ਨੂੰ ਤਰਲ ਕਰ ਸਕਦੀ ਹੈ..ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆ ਸਕਦੀ ਹੈ.. ਨਫ਼ਰਤਾਂ ਘਟਾ ਸਕਦੀ ਹੈ.. ਮੁਹੱਬਤ ਵਧਾ ਸਕਦੀ ਹੈ..ਬਾਬਾ ਨਾਨਕ ਸਦੀਆਂ ਪਹਿਲਾਂ ਸਾਨੂੰ ਇਹ ਪਾਠ ਪੜ੍ਹਾ ਗਿਆ ਸੀ ..ਬਾਬੇ ਦੇ ਪੱਲੇ ਅਜਬ ਸੂਖਮ ਕਲਾ ਸੀ, ਜਿਸ ਕਰਕੇ ਉਹ ਚਹੁੰ ਦਿਸ਼ਾਵਾਂ ‘ਚ ਫੈਲ ਗਿਆ ਸੀ ਤੇ ਆਪਣੀ ਮੁਹੱਬਤੀ ਗਲਵੱਕੜੀ ਵਿੱਚ ਮੰਨੇ ਪ੍ਰਮੰਨੇ ਵੈਰੀਆਂ ਨੂੰ ਵੀ ਲੈ ਲਿਆ ਸੀ..ਇਹੀ ਸੂਖਮਤਾ ਗੁਰੂ ਗੋਬਿੰਦ ਸਿੰਘ ਦੇ ਹਿਰਦੇ ਵਿੱਚ ਸੀ.. ਇਸੇ ਲਈ ਪੰਜ ਪਿਆਰੇ ਕਿਸੇ ਇੱਕ ਜ਼ਾਤ, ਕਿਸੇ ਇਕ ਖਿੱਤੇ ‘ਚੋਂ ਨਾ ਚੁਣੇ ਗਏ..ਬਲਕਿ ਕਰਨਾਟਕ ਉੜੀਸਾ ਲਾਹੌਰ ਤਕ ਸਦਾ-ਏ-ਅਮ੍ਰਿਤ ਪਹੁੰਚੀ..ਤੇ ਨਿਮਾਣਿਆਂ ਨਿਤਾਣਿਆਂ ਨੂੰ ਚੁੱਕ ਸੀਨੇ ਲਾ ਲਿਆ ਤੇ ਸ਼ੇਰ ਬਣਾ ਦਿਤਾ!
ਪੰਜਾਬ ਸਥੂਲ ਹੋ ਰਿਹਾ ਹੈ.. ਇਸ ਨੂੰ ਸੂਖਮ ਬਣਾਉਣ ਲਈ ਹੰਭਲਾ ਮਾਰੋ.. ਸੱਚੀ ਸੁੱਚੀ ਕਲਾ ਸਾਡੀ ਬਾਂਹ ਫੜ ਸਕਦੀ ਹੈ..ਅੱਜ ਦੇ ਇਸ ਕਲਾਤਮਕ ਮੁਕਾਬਲੇ ਵਿੱਚ ਪੇਸ਼ ਹੋਏ ਕਾਫ਼ੀ ਸਾਰੇ ਕੰਟੈਂਟ ਤੇ ਅੰਦਾਜ਼ ਨੂੰ ਵੇਖਕੇ ਜਿਥੇ ਸਥੂਲਤਾ ਦਾ ਫ਼ਿਕਰ ਮੇਰੇ ਸਿਰ ‘ਚ ਹਥੌੜੇ ਵਾਂਗ ਵੱਜਿਆ ਹੈ..ਉੱਥੇ ਵਿਦਿਆਰਥੀਆਂ ਦੀ ਊਰਜਾ ਦੇਖ ਕੇ ਆਸ ਦਾ ਦੀਵਾ ਵੀ ਬਲ਼ਿਆ ਹੈ..ਤੇ ਮਨ ਵਿਚ ਕੁਝ ਸੱਜਰੇ ਫੁਰਨੇ ਫੁਰੇ ਹਨ.. ਇਹਨਾਂ ਫੁਰਨਿਆਂ ਨੂੰ ਹਕੀਕਤ ਬਣਾਉਣ ਦੀ ਕੋਸ਼ਿਸ਼ ਕਰਾਂਗੇ!..
ਸਾਹਿਬ ਸਿੰਘ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly