ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਵੱਖ ਵੱਖ ਪਿੰਡਾਂ ਵਿੱਚ ਚੋਰਾਂ ਦੁਆਰਾ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਇੰਦਰਜੀਤ ਸਿੰਘ ਲਿਫਟਰ(ਟਿੱਬਾ) , ਕਿਸਾਨ ਭਜਨ ਸਿੰਘ, ਕਿਸਾਨ ਹਰਵੇਲ ਸਿੰਘ, ਕਿਸਾਨ ਦਰਸ਼ਨ ਸਿੰਘ (ਬਸਤੀ ਸ਼ਿਕਾਰਪੁਰ), ਕਿਸਾਨ ਜਗੀਰ ਸਿੰਘ ਕੌੜਾ, ਕਿਸਾਨ ਸ਼ਿੰਦਰ ਸਿੰਘ ਕੌੜਾ( ਨਸੀਰ ਪੁਰ), ਲਖਵਿੰਦਰ ਸਿੰਘ ਕੌੜਾ (ਬੂਲਪੁਰ), ਆਦਿ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਦੁਆਰਾ ਮੋਟਰਾਂ ਤੋਂ ਤਾਰਾਂ ਚੋਰੀ ਕਰ ਲਈਆਂ ਗਈਆਂ ਹਨ। ਪੀੜਤ ਕਿਸਾਨਾਂ ਨੇ ਦੱਸਿਆ ਇਸ ਚੋਰੀ ਦਾ ਪਤਾ ਉਹਨਾਂ ਨੂੰ ਸਵੇਰ ਸਮੇਂ ਮੋਟਰ ਚਲਾਉਣ ਮੌਕੇ ਚੱਲਿਆ। ਜਿਸ ਸੰਬੰਧੀ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਕਿਸਾਨਾਂ ਨੇ ਦੱਸਿਆ ਕਿ ਇਸ ਦੌਰਾਨ ਜਿੱਥੇ ਝੋਨੇ ਦਾ ਸੀਜ਼ਨ ਪੂਰੇ ਜੋਬਨ ਤੇ ਹੈ, ਉਥੇ ਹੀ ਇਹ ਤਾਰਾਂ ਚੋਰੀ ਹੋਣ ਨਾਲ ਸਾਡਾ ਆਰਥਿਕ ਨੁਕਸਾਨ ਹੋਇਆ ਹੈ । ਕਿਸਾਨਾਂ ਨੇ ਕਿਹਾ ਕਿ ਇਹਨਾਂ ਚੋਰੀਆਂ ਨਾਲ ਸਾਡੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਪੀੜਤ ਕਿਸਾਨਾਂ ਨੇ ਦੱਸਿਆ ਕਿ ਇਹ ਤਾਰਾਂ ਚੋਰੀ ਹੋਣ ਦੀ ਕੋਈ ਪਹਿਲੀ ਘਟਨਾ ਨਹੀਂ ਹੈ । ਬਲਕਿ ਇੱਕ ਹਫ਼ਤੇ ਵਿੱਚ ਇਹ ਦੂਸਰੀ ਚੋਰੀ ਹੈ। ਉਹਨਾਂ ਦੱਸਿਆ ਕਿ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਚੋਰਾਂ ਦੁਆਰਾ ਐਸੀਆਂ ਚੋਰੀਆਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਜਦਕਿ ਪੁਲਿਸ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ। ਪੀੜਤ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਤਾਂ ਇਹਨਾਂ ਚੋਰੀਆਂ ਨੂੰ ਠੱਲ੍ਹ ਪੈ ਸਕੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly