ਜ਼ਿੰਦਗੀ ਦਾ ਰੰਗਮੰਚ

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਅਕਸਰ ਮਨ ਵਿੱਚ ਖਿਆਲ ਆਉਂਦਾ ਹੈ ਕਿ ਜ਼ਿੰਦਗੀ ਕੀ ਹੈ ? ਮਨ ਚਾਹੁੰਦਾ ਹੈ ਜ਼ਿੰਦਗੀ ਦੇ ਬਾਰੇ ਵਿੱਚ ਜਾਨਣਾ , ਇਸ ਨੂੰ ਸਮਝਣਾ । ਜ਼ਿੰਦਗੀ ਦੇ ਪ੍ਰਤੀ ਹਰ ਇੱਕ ਮਨੁੱਖ ਦਾ ਆਪੋ ਆਪਣਾ ( ਸਮੇਂ , ਸਥਿਤੀ , ਸਥਾਨ , ਸਮਝ , ਤਜਰਬੇ , ਅਨੁਭਵ , ਗਿਆਨ ਅਨੁਸਾਰ ) ਨਜ਼ਰੀਆ , ਸਮਝ ਤੇ ਕਲਪਨਾ ਹੈ । ਅਹੁਦੇ , ਰੁੱਤਬੇ , ਗਿਆਨ , ਤਜਰਬੇ , ਅਮੀਰੀ , ਗਰੀਬੀ , ਸੋਚ ਅਨੁਸਾਰ ਹਰ ਕਿਸੇ ਲਈ ਜ਼ਿੰਦਗੀ ਦੀ ਪਰਿਭਾਸ਼ਾ , ਜ਼ਿੰਦਗੀ ਪ੍ਰਤੀ ਸਮਝ ਅਤੇ ਜ਼ਿੰਦਗੀ ਅਲੱਗ – ਅਲੱਗ ਹੈ । ਪਰ ਇਹ ਇੱਕ ਸਹੀ ਗੱਲ ਹੈ ਕਿ ਜ਼ਿੰਦਗੀ ਇੱਕ ਰੰਗਮੰਚ ਦੀ ਤਰ੍ਹਾਂ ਹੈ । ਜਿੱਥੇ ਅਸੀਂ ਸਾਰੇ ਸਮੇਂ , ਸਥਿਤੀ ਤੇ ਹਾਲਾਤਾਂ ਅਨੁਸਾਰ ਵੱਖ – ਵੱਖ ਤਰ੍ਹਾਂ ਦੀ ਭੂਮਿਕਾ ਨਿਭਾਉਂਦੇ ਹਾਂ ਅਤੇ ਦੁਨੀਆਂ ਵਿੱਚ ਇਸ ਰੰਗਮੰਚ ‘ਤੇ ਨਿਭਾਈ ਹੋਈ ਆਪਣੀ ਭੂਮਿਕਾ ਅਨੁਸਾਰ ਉਹੋ ਜਿਹੀਆਂ ਪੈੜਾਂ ਯਾਦਾਂ , ਨਿਸ਼ਾਨ , ਚੇਤੇ , ਛੱਡ ਜਾਂਦੇ ਹਾਂ ।

ਚੇਤਿਆਂ ਵਿੱਚ ਆਸਵੰਦ , ਸਕਾਰਾਤਮਕ , ਯਥਾਰਥਵਾਦੀ ਭੂਮਿਕਾ ਵਜੋਂ ਵੱਸਣ ਲਈ ਸਾਨੂੰ ਇਸ ਰੰਗਮੰਚ ‘ਤੇ ਆਪਣੀ ਭੂਮਿਕਾ ਉਸਾਰੂ , ਸੁਚਾਰੂ ਤੇ ਇਮਾਨਦਾਰੀ ਭਰੀ ਨਿਭਾ ਕੇ , ਦੂਸਰਿਆਂ ਦਾ ਭਲਾ ਕਰਕੇ , ਮਾਨਵਤਾ , ਜੀਵ – ਜੰਤਆਂ ਦੀ ਭਲਾਈ ਦੇ ਉਪਰਾਲੇ ਕਰਕੇ , ਲੋੜਵੰਦਾਂ ਦੀ ਸਹਾਇਤਾ ਕਰਕੇ ਅਤੇ ਨਿਮਰਤਾ ਭਰਪੂਰ ਵਿਵਹਾਰ ਅਪਣਾ ਕੇ ਜ਼ਿੰਦਗੀ ਦੇ ਰੰਗਮੰਚ ‘ਤੇ ਆਪਣਾ ਕਿਰਦਾਰ ਉਸਾਰੂ , ਸੁਚਾਰੂ ਤੇ ਉਤਮ ਬਣਾਉਣਾ ਚਾਹੀਦਾ ਹੈ । ਜ਼ਿੰਦਗੀ ਦੇ ਸਕੂਲ ਵਿੱਚ ਅਸੀਂ ਅਨੇਕਾਂ ਜੀਵਨ ਤਜਰਬੇ , ਸਿੱਖਿਆਵਾਂ , ਗਿਆਨ ਤੇ ਅਨੁਭਵ ਹਾਸਲ ਕਰਦੇ ਹਾਂ , ਜੋ ਕਿ ਸਾਨੂੰ ਮੌਖਿਕ ਜਾਂ ਲਿਖਤੀ ਰੂਪ ਵਿੱਚ ਦੂਸਰਿਆਂ ਤੱਕ ਵੰਡਣਾ ਤੇ ਪਹੁੰਚਾਉਣਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਪੀੜੀਆਂ ਲਈ ਸੰਜੋ ਕੇ ਰੱਖਣਾ ਚਾਹੀਦਾ ਹੈ । ਜ਼ਿੰਦਗੀ ਦੇ ਰੰਗ ਮੰਚ ਵਿੱਚ ਜੇਕਰ ਅਸੀਂ ਸਹੀ ਅਤੇ ਉਸਾਰੂ ਤੇ ਵਧੀਆ ਭੂਮਿਕਾ ਨਿਭਾਵਾਂਗੇ , ਤਦ ਹੀ ਸਹੀ ਹੋ ਸਕਦਾ ਹੈ ।

ਪਿਛੋਕੜ ‘ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਨੇ ਵੀ ਜ਼ਿੰਦਗੀ ਦੇ ਰੰਗਮੰਚ ਵਿੱਚ ਨਕਾਰਾਤਮਕ ਭੂਮਿਕਾ ਅਦਾ ਕੀਤੀ , ਉਹ ਦੁਨੀਆਂ ਵਿੱਚ ਅੱਜ ਵੀ ਬੁਰਾਈ ਦੇ ਪ੍ਰਤੀਕਾਂ ਵਜੋਂ ਜਾਣੇ ਜਾਂਦੇ ਰਹੇ । ਜ਼ਿੰਦਗੀ ਦੇ ਰੰਗਮੰਚ ਵਿੱਚ ਉਸਾਰੂ ਅਤੇ ਉੱਤਮ ਭੂਮਿਕਾ ਨਿਭਾਉਣ ਵਾਲਿਆਂ ਨੂੰ ਦੁਨੀਆਂ ਅੱਜ ਵੀ ਯਾਦ ਕਰਦੀ ਹੈ , ਪ੍ਰਣਾਮ ਕਰਦੀ ਹੈ ਅਤੇ ਸਤਿਕਾਰ ਵਜੋਂ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ । ਇਸ ਨੂੰ ਮੁੱਖ ਰੱਖਦੇ ਹੋਏ ਜ਼ਿੰਦਗੀ ਵਿੱਚ ਪਿਆਰ , ਭਾਈਚਾਰਕ ਸਾਂਝ , ਮਿਲਵਰਤਨ , ਨਿਮਰਤਾ , ਪਰ ਉਪਕਾਰ ਮਾਨਵਤਾ ਅਤੇ ਜੀਵ ਜੰਤ ਦੀ ਭਲਾਈ ਦੀ ਧਾਰਨਾ ਬਣਾਈ ਰੱਖਣਾ ਤੇ ਉਸ ‘ਤੇ ਅਮਲ ਕਰਨਾ ਜ਼ਰੂਰੀ ਹੋ ਜਾਂਦਾ ਹੈ । ਜ਼ਿੰਦਗੀ ਦੇ ਇਸ ਰੰਗਮੰਚ ਵਿੱਚ ਜ਼ਿੰਦਗੀ ਤੋਂ , ਵੱਡੇ – ਵਡੇਰਿਆਂ ਤੇ ਮਹਾਂਪੁਰਸ਼ਾਂ ਦੇ ਤਜਰਬਿਆਂ ਤੋਂ ਅਤੇ ਚੰਗੀਆਂ ਪੁਸਤਕਾਂ ਤੋਂ ਸਿੱਖਦੇ ਰਹਿਣਾ ਚਾਹੀਦਾ ਹੈ ।ਜ਼ਿੰਦਗੀ ਨੂੰ ਜਿਊਣਾ ਚਾਹੀਦਾ ਹੈ , ਢੋਣਾ ਨਹੀਂ ਚਾਹੀਦਾ । ਜ਼ਿੰਦਗੀ ਦੇ ਰੰਗਮੰਚ ਦਾ ਅਨੰਦ ਕੇਵਲ ਤੇ ਕੇਵਲ ਸਾਦਗੀ ਦਾ ਗੁਣ ਧਾਰਨ ਕਰਕੇ ਹੀ ਮਾਣਿਆ ਜਾ ਸਕਦਾ ਹੈ ; ਕਿਉਂਕਿ ਸਾਦਗੀ ਸਕੂਨ ਦਾ ਆਧਾਰ ਬਣਦੀ ਹੈ ।

ਪਰਾਏ ਧਨ , ਪਰਾਈ ਵਾਸਤੂ , ਪਰਾਏ ਤਨ ਦੀ ਲਾਲਸਾ ਤੇ ਪ੍ਰਾਪਤੀ ਦੀ ਚਾਹਤ ਜ਼ਿੰਦਗੀ ਨੂੰ ਨਰਕ /ਦੁਸ਼ਵਾਰ ਬਣਾ ਦਿੰਦੀ ਹੈ । ਅਜਿਹੀ ਚਾਹਤ ਜ਼ਿੰਦਗੀ ਵਿੱਚੋਂ ਖ਼ੁਸ਼ੀਆਂ ਖੇੜੇ ਆਨੰਦ ਖੋਹ ਲੈਂਦੀ ਹੈ ਤੇ ਜ਼ਿੰਦਗੀ ਦਾ ਰੰਗ ਮੰਚ ਬੇਰੰਗ ਬਣ ਜਾਂਦਾ ਹੈ । ਈਰਖਾ , ਲੋਭ , ਦਿਖਾਵਾ , ਬਿਨਾਂ ਮਿਹਨਤ ਧਨ ਪ੍ਰਾਪਤੀ ਦੀ ਲਾਲਸਾ ਅਤੇ ਨਾ ਖ਼ਤਮ ਹੋਣ ਵਾਲੀਆਂ ਇੱਛਾਵਾਂ ਮਨੁੱਖ ਦੀ ਜ਼ਿੰਦਗੀ ਨੂੰ ਅਤੇ ਜ਼ਿੰਦਗੀ ਦੇ ਇਸ ਰੰਗ ਮੰਚ ਨੂੰ ਬਦਰੰਗ , ਖੋਖਲਾ ਤੇ ਅਸ਼ਾਂਤ ਕਰ ਦਿੰਦੇ ਹਨ । ਇਸ ਲਈ ਜ਼ਿੰਦਗੀ ਦੇ ਇਸ ਰੰਗ ਮੰਚ ਦਾ ਭਰਪੂਰ ਆਨੰਦ ਲੈਣ ਲਈ ਸਾਦਗੀ , ਇਮਾਨਦਾਰੀ , ਪਰਉਪਕਾਰ ਦੀ ਭਾਵਨਾ ਅਤੇ ਕਰਮਸ਼ੀਲਤਾ ਵਰਗੇ ਮਹਾਨ ਗੁਣਾਂ ਦੇ ਧਾਰਨੀ ਬਣਨਾ ਸਹੀ ਹੋ ਸਕਦਾ ਹੈ ਤਾਂ ਜੋ ਜ਼ਿੰਦਗੀ ਅਤੇ ਜ਼ਿੰਦਗੀ ਦਾ ਰੰਗ ਮੰਚ ਸੱਚਮੁੱਚ ਰੰਗਾਂ , ਖੁਸ਼ੀਆਂ , ਖੇੜਿਆਂ , ਸ਼ਾਂਤੀ , ਸਕੂਨ ਤੇ ਆਨੰਦ ਦਾ ਮੰਚ ਬਣ ਜਾਵੇ ।

ਸਟੇਟ ਅੇੈਵਾਰਡੀ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
ਲੇਖਕ ਦਾ ਨਾਂ ਸਾਹਿਤ ਦੇ ਲਈ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ਼ ਹੈ ।
9478561356

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਚਾਂ ਦਾ ਤਾਜ਼***
Next articleਸਮੇਂ ਦੀ ਗੱਲ”