(ਸਮਾਜ ਵੀਕਲੀ) ਲੰਘੀ 30 ਤਰੀਕ ਨੂੰ ਰਾਮਪੁਰਾ ਵਾਸੀ ਨੌਜਵਾਨ ਇੰਦਰਜੀਤ ਸਿੰਘ ਪੁੱਤਰ ਹਰਪਾਲ ਸਿੰਘ ਦੀ ਕਾਰਡੀਅਕ ਅਰੈਸਟ ਕਰਕੇ ਦੁਬੱਈ ਵਿਖੇ ਮੌਤ ਹੋ ਗਈ ਸੀ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾ ਸਦਕਾ ਇੰਦਰਜੀਤ ਸਿੰਘ ਦੀ ਮ੍ਰਿਤਕ ਦੇਹ ਕੱਲ੍ਹ ਅੰਮ੍ਰਿਤਸਰ ਏਅਰਪੋਰਟ ਤੇ ਪੁੱਜੀ। ਨੌਰਥ ਵੈਸਟ ਜੌਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਅਰ ਨੇ ਮ੍ਰਿਤਕ ਦੇਹ ਬਰਾਮਦ ਕਰਕੇ ਵਾਰਿਸਾਂ ਨੂੰ ਸੌਂਪੀ। ਜਿਸਦਾ ਅੱਜ ਰਾਮਪੁਰਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿਚ ਬਠਿੰਡਾ ਟੀਮ ਦੇ ਮੈਂਬਰ ਸਾਹਿਬਾਨ ਰਘੁਬੀਰ ਸ਼ਰਮਾ, ਪਰਮਜੀਤ ਸਿੰਘ ਢਿੱਲੋਂ, ਮਾਸਟਰ ਅਮਨਦੀਪ ਸਿੰਘ ਮਹਿਰਾਜ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਿੱਛਲੇ ਸ਼ੁਕਰਵਾਰ ਨੂੰ ਜਦੋਂ ਮਾਪਿਆਂ ਨੂੰ ਆਪਣੇ ਬੱਚੇ ਦੀ ਮੌਤ ਦੀ ਖਬਰ ਮਿਲੀ ਤਾਂ ਉਹਨਾਂ ਨੇ ਤੁਰੰਤ ਬਠਿੰਡਾ ਇਕਾਈ ਦੇ ਜਿਲ੍ਹਾ ਪ੍ਰਧਾਨ ਪ੍ਰੋਫੈਸਰ ਜਸਵੰਤ ਸਿੰਘ ਬਰਾੜ ਨਾਲ ਸੰਪਰਕ ਬਣਾਇਆ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜੀਂਦੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਵਿਚ ਪਰਿਵਾਰ ਦੀ ਮਦਦ ਕੀਤੀ ਅਤੇ ਇੰਦਰਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੌਸਟਿਕ ਸੈਂਟਰ ਮੌੜ ਮੰਡੀ ਵਿਖੇ ਪ੍ਰੋਫੈਸਰ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਡਾ. ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਟਰੱਸਟ ਇਹੋ ਜਿਹੀਆਂ ਸਮੱਸਿਆਵਾਂ ਆਉਣ ਤੇ ਪੀੜ੍ਹਤ ਪਰਿਵਾਰਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। 22 ਜੂਨ ਦਿਨ ਐਤਵਾਰ ਨੂੰ ਬਠਿੰਡਾ ਜਿਲ੍ਹੇ ਦੇ ਪਿੰਡ ਬੱਲ੍ਹੋ ਅਤੇ 6 ਜੁਲਾਈ ਦਿਨ ਐਤਵਾਰ ਨੂੰ ਪਿੰਡ ਬਦਿਆਲਾ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਾਏ ਜਾਣਗੇ। ਜਿਸ ਵਿਚ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜਾਂ ਦਾ ਫਰੀ ਚੈਕਅੱਪ ਕੀਤਾ ਜਾਵੇਗਾ ਅਤੇ ਟਰੱਸਟ ਵਲੋਂ ਸਾਰੀਆਂ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਪ੍ਰੋ. ਜਸਵੰਤ ਸਿੰਘ ਬਰਾੜ ਨੇ ਅਪੀਲ ਕੀਤੀ ਕਿ ਨਾਲ ਲਗਦੇ ਪਿੰਡ ਚਉਕੇ, ਪਿੱਥੋ, ਟੱਡੇ, ਖੋਖਰ ਅਤੇ ਮੰਡੀ ਕਲ੍ਹਾਂ ਦੇ ਲੋੜਵੰਦ ਮਰੀਜ ਇਸ ਕੈਂਪ ਦਾ ਲਾਹਾ ਲੈਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

