ਫੇਸਬੁੱਕ ਦੀ ਦੁਨੀਆ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਫੇਸਬੁੱਕ ਦਾ ਬਹੁਤ ਮਹੱਤਵ ਹੈ। ਫੇਸਬੁੱਕ ਦੀ ਦੁਨੀਆ ਆਪਣੇ ਆਪ ਵਿੱਚ ਇੱਕ ਵਿਲੱਖਣ ਸੰਸਾਰ ਹੁੰਦੀ ਹੈ। ਇਹ ਸੰਸਾਰ ਦੇ ਹਰ ਵਿਅਕਤੀ ਦਾ ਆਪ ਸਿਰਜਿਆ ਹੋਇਆ ਇੱਕ ਨਿੱਜੀ ਸੰਸਾਰ ਹੁੰਦਾ ਹੈ ਜੋ ਨਿਰੋਲ ਉਸ ਦੀ ਨਿੱਜੀ ਸੋਚ ਅਤੇ ਨਿੱਜੀ ਪਸੰਦ ਦਾ ਸੋਮਾ ਹੁੰਦਾ ਹੈ। ਉਸ ਵਿਅਕਤੀ ਲਈ ਇਹ ਬਹੁਤ ਮਹੱਤਵ ਰੱਖਦਾ ਹੈ।ਜਦ ਮਨੁੱਖ ਨਵਾਂ ਨਵਾਂ ਫੇਸਬੁੱਕ ਚਲਾਉਣੀ ਸਿੱਖਦਾ ਹੈ ਤਾਂ ਉਹ ਬਿਨਾਂ ਕਿਸੇ ਭੇਦ-ਭਾਵ ਦੇ ਸਾਰੀਆਂ ਪੋਸਟਾਂ ਸ਼ੇਅਰ ਅਤੇ ਲਾਈਕ ਕਰਦਾ ਹੈ ਪਰ ਹੌਲੀ-ਹੌਲੀ ਇਹ ਸਭ ਤੋਂ ਉਸ ਦਾ ਵਰਤਾਰਾ ਬਦਲਦਾ ਜਾਂਦਾ ਹੈ। ਫੇਸਬੁੱਕ ਅਲੱਗ-ਅਲੱਗ ਉਮਰ, ਔਰਤਾਂ ਅਤੇ ਮਰਦਾਂ ਲਈ ਅਲੱਗ-ਅਲੱਗ ਧਾਰਨਾ ਰੱਖਦੀ ਹੈ।

ਛੋਟੀ ਉਮਰ ਦੇ ਬੱਚਿਆਂ ਲਈ ਫ਼ੇਸਬੁੱਕ ਚਲਾਉਣਾ ਕਈ ਵਾਰ ‌‌‌ਖਤਰਨਾਕ ਸਿੱਧ ਹੋ ਸਕਦਾ ਹੈ। ਅੱਲੜ੍ਹਪੁਣੇ ਵਿੱਚ ਕਿਸੇ ਅਜਨਬੀ ਦੇ ਹੱਥੇ ਚੜ੍ਹ ਜਾਣਾ , ਚੈਟ ਕਰਨੀ ਅਤੇ ਫਿਰ ਉਸੇ ਚੈਟ ਦੇ ਅਧਾਰ ਤੇ ਬਲੈਕਮੇਲ ਹੋਣ ਵਰਗੀਆਂ ਘਟਨਾਵਾਂ ਦੇ ਸ਼ਿਕਾਰ ਹੋ ਜਾਣਾ ।ਇਹੋ ਜਿਹੀਆਂ ਘਟਨਾਵਾਂ ਅਕਸਰ ਹੀ ਸਾਡੇ ਸਮਾਜ ਵਿੱਚ ਵਾਪਰਦੀਆਂ ਰਹਿੰਦੀਆਂ ਹਨ।ਕਈ ਵਾਰ ਤਾਂ ਘਰਦਿਆਂ ਤੋਂ ਡਰਦੇ ਬੱਚੇ ਆਪਣੀ ਜਾਨ ਤੱਕ ਵੀ ਦੇ ਦਿੰਦੇ ਹਨ।ਇਹੋ ਜਿਹੇ ਕਿੱਸੇ ਕਹਾਣੀਆਂ ਤਾਂ ਕਈ ਵਾਰ ਵਡੇਰੀ ਉਮਰ ਦੇ ਵਿਅਕਤੀਆਂ ਨਾਲ ਵੀ ਵਾਪਰ ਜਾਂਦੀਆਂ ਹਨ। ਜਿਸ ਨਾਲ ਅਨੇਕਾਂ ਵਸੇ- ਵਸਾਏ ਘਰ ਮਿੰਟਾਂ ਵਿੱਚ ਉਜੜ ਜਾਂਦੇ ਹਨ।

ਕਈ ਨੌਜਵਾਨ ਜੋ ਬਹੁਤ ਗਰੀਬ ਪਰਿਵਾਰਾਂ ਵਿੱਚੋਂ ਆਉਂਦੇ ਹਨ ਉਹ ਆਪਣੇ ਬਹੁਤੇ ਲਾਈਕ ਅਤੇ ਕੁਮੈਂਟਾਂ ਦੀ ਹਵਾ ਵਿੱਚ ਆਪਣੇ ਆਪ ਨੂੰ ਹੀਰੋ ਸਮਝਣ ਲੱਗਦੇ ਹਨ ਪਰ ਮਾਪਿਆਂ ਦੀ ਐਨੀ ਗੁੰਜਾਇਸ਼ ਨਹੀਂ ਹੁੰਦੀ ਕਿ ਓਹਨਾਂ ਦੇ ਫੁੱਕਰਪੁਣੇ ਨੂੰ ਬਲ ਦੇ ਸਕਣ ਅਤੇ ਉਹ ਇਸ ਤੋਂ ਵਿੱਚ ਅਸਮਰਥ ਹੁੰਦੇ ਹਨ, ਜਿਸ ਦਾ ਅੰਜਾਮ ਹਰ ਹਾਲਤ ਵਿੱਚ ਮਾਪਿਆਂ ਨੂੰ ਹੀ ਭੁਗਤਣਾ ਪੈਂਦਾ ਹੈ। ਪਿੱਛੇ ਜਿਹੇ ਇੱਕ ਖ਼ਬਰ ਆਈ ਸੀ ਕਿ ਦੋ ਅੱਲੜ੍ਹ ਉਮਰ ਦੇ ਮੁੰਡਿਆਂ ਨੇ ਆਪਣੇ ਤੀਜੇ ਦੋਸਤ ਦੀ ਇਸ ਲਈ ਜਾਨ ਲੈ ਲਈ ਕਿਉਂਕਿ ਉਸ ਨੂੰ ਫੇਸਬੁੱਕ ਤੇ ਉਹਨਾਂ ਨਾਲੋਂ ਵੱਧ ਲਾਈਕ ਅਤੇ ਕੁਮੈਂਟ ਆਉਂਦੇ ਸਨ।

ਫੇਸਬੁੱਕ ਤੇ ਬਹੁਤੇ ਲੋਕ ਆਪਣੀਆਂ ਤਸਵੀਰਾਂ ਫਿਲਟਰ ਕਰਕੇ ਪਾਉਂਦੇ ਹਨ । ਕਈ ਵਡੇਰੀ ਉਮਰ ਦੇ ਵਿਅਕਤੀਆਂ ਜਾਂ ਔਰਤਾਂ ਵੱਲੋਂ ਘੱਟ ਉਮਰ ਦੇ ਲੜਕੇ- ਲੜਕੀਆਂ ਨੂੰ ਫੁਸਲਾ ਕੇ ਉਧਾਲ ਕੇ ਲੈਣ ਜਾਣਾ ਵਰਗੀਆਂ ਘਟਨਾਵਾਂ ਵੀ ਆਮ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਪ੍ਰਤੀ ਬਹੁਤ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ। ਸਮੇਂ ਸਮੇਂ ਤੇ ਬੱਚਿਆਂ ਨੂੰ ਸਮਝਾਉਂਦੇ ਰਹਿਣ ਨਾਲ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਅੱਜ ਕੱਲ੍ਹ ਤਾਂ ਖਬਰਾਂ ਸੁਣਨ ਜਾਂ ਦੇਖਣ ਲਈ ਜ਼ਰੂਰੀ ਨਹੀਂ ਹੈ ਕਿ ਟੀ.ਵੀ. ਮੂਹਰੇ ਹੀ ਬੈਠਿਆ ਜਾਵੇ।ਉਹ ਘਾਟ ਵੀ ਫੇਸਬੁੱਕ ਨੇ ਹੀ ਪੂਰੀ ਕਰ ਦਿੱਤੀ ਹੈ।ਹਰ ਤਾਜ਼ੀ ਖ਼ਬਰ ਨਾਲ਼ ਦੀ ਨਾਲ਼ ਫੇਸਬੁੱਕ ਤੇ ਆਪਣੇ ਆਪਣੇ ਪਸੰਦੀਦਾ ਨਿਊਜ਼ ਚੈਨਲਾਂ ਰਾਹੀਂ ਪ੍ਰਕਾਸ਼ਿਤ ਹੋ ਜਾਂਦੀ ਹੈ।

ਬਹੁਤੇ ਲੋਕਾਂ ਲਈ ਫ਼ੇਸਬੁੱਕ ਵਰਦਾਨ ਵੀ ਸਿੱਧ ਹੋਈ ਹੈ। ਜਿਹੜੇ ਕਲਾਕਾਰਾਂ ਨੂੰ ਪੈਸੇ ਦੀ ਕਮੀ ਕਾਰਨ ਜਾਂ ਕਿਸੇ ਹੋਰ ਕਾਰਨ ਕਰਕੇ ਆਪਣੀ ਕਲਾ ਜਿਵੇਂ ਡਰਾਇੰਗ, ਪੇਂਟਿੰਗ, ਗਾਉਣਾ,ਲਿਖਣਾ ਆਦਿ ਲੋਕਾਂ ਤੱਕ ਪਹੁੰਚਾਉਣ ਵਿੱਚ ਦਿੱਕਤ ਪੇਸ਼ ਆ ਰਹੀ ਹੁੰਦੀ ਹੈ ਉਹ ਲੋਕ ਫੇਸਬੁੱਕ ਰਾਹੀਂ ਆਪਣੀ ਕਲਾ ਦੇ ਨਮੂਨੇ ਪੇਸ਼ ਕਰਕੇ ਵਾਹ ਵਾਹ ਖੱਟ ਲੈਂਦੇ ਹਨ।ਪਰ ਇਸ ਪੱਖ ਦੀ ਦੁਰਵਰਤੋਂ ਉਦੋਂ ਹੁੰਦੀ ਹੈ ਜਦੋਂ ਕਿਸੇ ਦੀ ਕਲਾ ਦੇ ਨਮੂਨੇ ਬੜੀ ਅਸਾਨੀ ਨਾਲ ਚੋਰੀ ਹੋ ਜਾਂਦੇ ਹਨ। ਅਸੀਂ ਇਸ ਗੱਲ ਤੋਂ ਬੇਪਰਵਾਹ ਹੁੰਦੇ ਹਾਂ ਕਿ ਜਿਵੇਂ ਘਰਾਂ ਵਿੱਚ ਸੰਨ੍ਹ ਲਾਉਣ ਵਾਲੇ ਚੋਰ ਚੋਰੀ ਕਰਕੇ ਫ਼ਰਾਰ ਹੋ ਜਾਂਦੇ ਹਨ ਬਿਲਕੁਲ ਉਸੇ ਤਰ੍ਹਾਂ ਤੁਹਾਡੀ ਕਲਾ ਚੋਰੀ ਕਰਕੇ ਆਪਣਾ ਨਾਮ ਖੱਟ ਰਹੇ ਹੁੰਦੇ ਹਨ।
ਬਹੁਤਾ ਘਾਣ ਉਦੋਂ ਹੁੰਦਾ ਹੈ ਜਦ ਹਰ ਕੋਈ ਆਪਣੇ ਆਪ ਨੂੰ ਵੱਡਾ ਕਲਾਕਾਰ ਬਣਨ ਦੀ ਦੌੜ ਵਿੱਚ ਲੱਗ ਜਾਂਦਾ ਹੈ ਅਤੇ ਇਹ ਕਾਫ਼ਲਾ ਦਿਨ-ਬ-ਦਿਨ ਵਧਦਾ ਹੀ ਜਾਂਦਾ ਹੈ।ਕਈ ਵਾਰ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਕਲਾ ਨੂੰ ਮਾਨਣ ਅਤੇ ਮਾਪਣ ਵਾਲੇ ਥੋੜ੍ਹੇ ਰਹਿ ਗਏ ਹਨ ਅਤੇ ਸਟੇਜਾਂ ਉੱਪਰ ਭੀੜ ਵਧਦੀ ਜਾ ਰਹੀ ਹੈ।

ਫੇਸਬੁੱਕ ਉੱਤੇ ਸਾਹਿਤ ਸਭਾਵਾਂ ਦੇ ਵੱਖ-ਵੱਖ ਸੱਭਿਆਚਾਰਕ ਨਾਵਾਂ ਹੇਠ ਸੰਗਠਨ ਬਣਾਏ ਜਾਂਦੇ ਹਨ। ਉਹਨਾਂ ਦੇ ਮੁਖੀਏ ਜਾਂ ਤਾਂ ਰਾਜਨੀਤੀ ਤੋਂ ਪ੍ਰੇਰਿਤ ਹੁੰਦੇ ਹਨ, ਜਾਂ ਫਿਰ ਪੂੰਜੀਵਾਦੀ ਹੁੰਦੇ ਹਨ। ਉਹਨਾਂ ਦਾ ਮਕਸਦ ਆਪਣਾ ਨਾਂ ਚਮਕਾਉਣਾ ਹੀ ਹੁੰਦਾ ਹੈ ,ਸਾਹਿਤ ਨਾਲ ਉਨ੍ਹਾਂ ਕੋਈ ਨੇੜਤਾ ਨਹੀਂ ਹੁੰਦੀ ਤੇ ਕੋਈ ਮੋਹ ਨਹੀਂ ਹੁੰਦਾ। ਉਹਨਾਂ ਦੁਆਰਾ ਫੇਸਬੁੱਕ ਉੱਪਰ ਰੇਡੀਓ ਚੈਨਲ ਚਲਾ ਕੇ ਕੂੜ ਭੰਡੀ ਪ੍ਰਚਾਰ ਕੀਤਾ ਜਾਂਦਾ ਹੈ, ਖ਼ਾਲੀ ਲਿਫਾਫਿਆਂ ਜਿਹੀਆਂ ਖੋਖਲੀਆਂ ਸਾਹਿਤਕ ਸਭਾਵਾਂ ਕਰਵਾਈਆਂ ਜਾਂਦੀਆਂ ਹਨ।ਅਸਲੀ ਸਾਹਿਤਕਾਰ ਇਹੋ ਜਿਹੇ ਅਖੌਤੀ ਸਾਹਿਤਕਾਰਾਂ ਦੀ ਝੂਠੀ ਚਮਕ ਹੇਠਾਂ ਦੱਬੇ ਹੋਏ ਮਹਿਸੂਸ ਹੁੰਦੇ ਹਨ।

ਮੇਰੇ ਜਿਹੇ ਕੁਝ ਜਿਨ੍ਹਾਂ ਨੂੰ ਸਾਹਿਤ ਸਭਾਵਾਂ ਤੇ ਅਖ਼ਬਾਰ ਨਹੀਂ ਓਟਦੇ ਉਨ੍ਹਾਂ ਨੇ ਸਾਹਿਤ ਸਭਾਵਾਂ ਅਤੇ ਗਰੁੱਪ ਫੇਸਬੁੱਕ ਵਿੱਚ ਬਣਾ ਕੇ,ਕੱਚ ਘਰੜ ਰਚਨਾਵਾਂ ਛਾਪਦੇ ਹਨ ਕਿਸੇ ਨੂੰ ਵੀ ਐਡਮਿਨ ਬਣਾ ਰਚਨਾਵਾਂ ਦੇ ਮੁਕਾਬਲੇ ਹੁੰਦੇ ਹਨ ਕੱਚ ਘਰੜ ਰਚਨਾਵਾਂ ਛਾਪਦੇ ਹਨ ਕਿਸੇ ਨੂੰ ਵੀ ਨਕਲੀ ਪ੍ਰਧਾਨ ਸਕੱਤਰ ਹੁੰਦੇ ਹਨ ਬਣਾ ਕੇ ਨਕਲੀ ਪ੍ਰਧਾਨ ਸਕੱਤਰ ਹੁੰਦੇ ਹਨ,ਸਾਹਿਤਕ ਮੁਕਾਬਲੇ ਕਰਵਾਏ ਜਾਂਦੇ ਹਨ।ਕੰਪਿਊਟਰ ਚੋਂ ਕੱਢੇ ਮੂਰਤੀ ਰੂਪੀ ਸਰਟੀਫਿਕੇਟ ਦਿੱਤੇ ਜਾਂਦੇ ਹਨ।ਜੋ ਨੌਕਰੀਆਂ ਤੇ ਸੁਸ਼ੋਭਤ,ਤੇ ਵਿਦੇਸ਼ਾਂ ਚ ਬੈਠੇ ਥੋੜ੍ਹੇ ਕਾਲਮ ਬਾਹੂ ਉਹ ਤਾਂ ਮੋਟੀ ਰਕਮ ਨਾਲ ਵੀ ਮੁਕਾਬਲੇ ਕਰਵਾਉਂਦੇ ਹਨ,ਸਾਹਿਤ ਦੇ ਮੁਕਾਬਲੇ ਕੀ ਹੁੰਦੇ ਹਨ ਮੈਨੂੰ ਹੁਣ ਤਕ ਸਮਝ ਨਹੀਂ ਆਇਆ ਲੇਖਣੀ ਹਰ ਇਕ ਬੰਦੇ ਦਾ ਆਪਣਾ ਤਰੀਕਾ ਤੇ ਪਸੰਦ ਹੁੰਦੀ ਹੈ।ਫੇਸਬੁੱਕ ਵਿਚ ਅਜਿਹੇ ਗਰੁੱਪ ਸਾਹਿਤ ਸਭਾਵਾਂ ਤੇ ਮੁਕਾਬਲੇ ਪੰਜਾਬੀ ਸਾਹਿਤ ਨੂੰ ਬਹੁਤ ਗਹਿਰਾ ਧੱਕਾ ਮਾਰ ਕੇ ਨੀਵੀਂ ਪੱਧਰ ਵੱਲ ਲੈ ਜਾ ਰਹੇ ਹਨ।

ਸੋ ਮੈਂ ਅੰਤ ਵਿੱਚ ਇਹੀ ਕਹਿਣਾ ਚਾਹੁੰਦੀ ਹਾਂ ਕਿ ਫੇਸਬੁੱਕ ਨੂੰ ਫੇਸਬੁੱਕ (ਚਿਹਰੇ ਦੀ ਕਿਤਾਬ) ਸਮਝ ਕੇ ਹੀ ਵਰਤੋਂ ਕਰਨੀ ਚਾਹੀਦੀ ਹੈ ਨਾ ਕਿ ਫੇਕਬੁੱਕ (ਝੂਠ ਦੀ ਕਿਤਾਬ) ਸਮਝ ਕੇ। ਕਿਸੇ ਵੀ ਚੀਜ਼ ਦੀ ਵਰਤੋਂ ਸਹੀ ਅਤੇ ਗਲਤ ਦੋਵੇਂ ਢੰਗਾਂ ਨਾਲ ਕੀਤੀ ਜਾ ਸਕਦੀ ਹੈ।ਇਹ ਮਨੁੱਖ ਦੇ ਸੁਭਾਅ,ਆਚਰਨ ਅਤੇ ਸੰਸਕਾਰਾਂ ਉੱਤੇ ਨਿਰਭਰ ਕਰਦਾ ਹੈ। ਮਨੁੱਖ ਆਪਣੇ ਜਿਹੋ ਜਿਹੇ ਆਲ਼ੇ ਦੁਆਲ਼ੇ ਵਿੱਚੋਂ ਵਿਚਰਦਾ ਹੈ ਉਸੇ ਤਰ੍ਹਾਂ ਦੀ ਰੰਗਤ ਉਹ ਆਪਣੀ ਫੇਸਬੁੱਕ ਉੱਪਰ ਥੋੜੀ ਜਾਂ ਬਹੁਤੀ, ਜ਼ਰੂਰ ਚਾੜਦਾ ਹੈ।ਉਸ ਦੁਆਰਾ ਪਸੰਦ ਕੀਤੀਆਂ ਪੋਸਟਾਂ, ਸ਼ਖ਼ਸੀਅਤਾਂ ਅਤੇ ਪੇਜਾਂ ਰਾਹੀਂ ਉਸ ਦਾ ਆਪਣਾ ਵਿਅਕਤੀਤਵ ਜ਼ਰੂਰ ਉੱਭਰ ਕੇ ਸਾਹਮਣੇ ਆਉਂਦਾ ਹੈ।

ਬਰਜਿੰਦਰ ਕੌਰ ਬਿਸਰਾਓ

ਸੰਪਰਕ-9988901324

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖ਼ੂਨੀ ਕਹਾਣੀ
Next articleਮਾਂ ਨਹੀਂ ਮਿਲਦੀ