ਸੰਗਰੂਰ (ਸਮਾਜ ਵੀਕਲੀ) ਸਾਡੇ ਸਮਾਜ ਦੇ ਜ਼ਿਆਦਾਤਰ ਲੋਕ ਪੀੜ੍ਹੀ ਦਰ ਪੀੜ੍ਹੀ ਰੂੜੀਵਾਦੀ ਸੋਚ ਰੱਖਦੇ ਹੋਣ ਕਰਕੇ ਕਈ ਤਰ੍ਹਾਂ ਦੇ ਵਹਿਮਾਂ-ਭਰਮਾਂ, ਅੰਧਵਿਸ਼ਵਾਸਾਂ, ਕਾਲੇ ਇਲਮ, ਜਾਦੂ ਟੂਣਿਆਂ, ਭੂਤ ਪ੍ਰੇਤਾਂ, ਧਾਗੇ ਤਵੀਤਾਂ, ਕਿਸਮਤਵਾਦ, ਅਧਿਆਤਮਵਾਦ, ਅਖੌਤੀ ਚਮਤਕਾਰਾਂ, ਰੂੜੀਵਾਦੀ ਰਸਮਾਂ, ਡੇਰਿਆਂ, ਪਾਖੰਡੀ ਬਾਬਿਆਂ, ਤਾਂਤਰਿਕਾਂ, ਸਿਆਣਿਆਂ ਅਤੇ ਜੋਤਸ਼ੀਆਂ ਦੇ ਮੱਕੜਜਾਲ ਵਿੱਚ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਹਨ। ਅਜਿਹੇ ਅਨਸਰਾਂ ਦੇ ਬਹਿਕਾਵੇ ਅਤੇ ਲਾਲਚ ਹੇਠ ਆ ਕੇ ਲੋਕ ਖ਼ੁਦ ਆਪਣੀ ਅਤੇ ਪਰਿਵਾਰਾਂ ਦੀ ਲੁੱਟ ਤਾਂ ਕਰਵਾਉਂਦੇ ਹੀ ਹਨ, ਪਰ ਕਈ ਵਾਰ ਅਜਿਹੇ ਘਿਨਾਉਣੇ ਅਪਰਾਧ ਵੀ ਕਰ ਬੈਠਦੇ ਹਨ ਜਿਸ ਕਾਰਣ ਉਨ੍ਹਾਂ ਨੂੰ ਸਾਰੀ ਉਮਰ ਜੇਲ੍ਹ ਵਿੱਚ ਰਹਿ ਕੇ ਪਛਤਾਉਣਾ ਪੈਂਦਾ ਹੈ। ਕੁੱਝ ਇਸੇ ਤਰ੍ਹਾਂ ਦੀ ਮਨੁੱਖ ਦੋਖੀ ਘਟਨਾਵਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ। ਕੁੱਝ ਸਮਾਂ ਪਹਿਲਾਂ ਇਕ ਸਕੂਲ ਦੇ ਮਾਲਕ ਵੱਲੋਂ ਆਪਣੇ ਸਕੂਲ ਨੂੰ ਪੈਸੇ ਕਮਾਉਣ ਪੱਖੋਂ ਖੁਸ਼ਹਾਲ, ਸਫ਼ਲ ਤੇ ਪ੍ਰਸਿੱਧ ਬਣਾਉਣ ਦੀ ਲਾਲਸਾ ਨੂੰ ਲੈ ਕੇ ਆਪਣੇ ਹੀ ਸਕੂਲ ਦੇ ਮਾਸੂਮ ਵਿਦਿਆਰਥੀ ਦੀ ਬਲੀ ਦੇ ਦਿੱਤੀ ਗਈ।ਅੰਧ ਵਿਸ਼ਵਾਸੀ ਮਾਨਸਿਕਤਾ ਨੇ ਇੱਕ ਘਰ ਦਾ ਚਿਰਾਗ ਬੁਝਾ ਦਿੱਤਾ ਹੈ।ਇਸੇ ਤਰ੍ਹਾਂ ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਬਿਹਾਰ ਆਦਿ ਸੂਬਿਆਂ ਦੇ ਕਈ ਪਿਛੜੇ ਇਲਾਕਿਆਂ ਵਿੱਚ ਮੰਦ ਬੁੱਧੀ ਔਰਤਾਂ ਨੂੰ ਚੁੜੇਲ ਜਾਂ ਬੁਰੀ ਆਤਮਾ ਸਮਝ ਕੇ ਕੁੱਟ-ਕੁੱਟ ਕੇ ਜਾਨੋਂ ਮਾਰਨ ਦੀਆਂ ਘਟਨਾਵਾਂ ਵੀ ਅਕਸਰ ਵਾਪਰਦੀਆਂ ਹਨ । ਪਿਛਲੇ ਕੁੱਝ ਸਾਲਾਂ ਵਿੱਚ ਪੰਜਾਬ ਵਿੱਚ ਵੀ ਕਈ ਪਾਖੰਡੀ ਬਾਬਿਆਂ, ਤਾਂਤਰਿਕਾਂ, ਸਿਆਣਿਆਂ, ਜੋਤਸ਼ੀਆਂ ਵੱਲੋਂ ਕਿਸੇ ਮਾਨਸਿਕ ਰੋਗ ਨਾਲ ਪੀੜਤ ਵਿਅਕਤੀ ‘ਚੋਂ ਅਖੌਤੀ ਬੁਰੀ ਆਤਮਾ, ਓਪਰੀ ਸ਼ੈਅ ਜਾਂ ਭੂਤ ਪ੍ਰੇਤ ਕੱਢਣ ਦੀ ਆੜ ਹੇਠ ਕਤਲ, ਔਰਤਾਂ ਨਾਲ ਬਲਾਤਕਾਰ, ਗਰਮ ਚਿਮਟਿਆਂ ਨਾਲ ਤਸੀਹੇ ਦੇਣ ਅਤੇ ਮਾਸੂਮ ਬੱਚਿਆਂ ਦੀ ਬਲੀ ਦੇਣ ਦੀਆਂ ਦਿਲ ਕੰਬਾਊ ਅਪਰਾਧਿਕ ਘਟਨਾਵਾਂ ਵਾਪਰ ਚੁੱਕੀਆਂ ਹਨ। ਬੀਤੇ ਸਾਲ ਇੱਕ ਨੌਜਵਾਨ ਨੂੰ ਇਕ ਪਾਦਰੀ ਅਤੇ ਉਸਦੇ ਸਾਥੀਆਂ ਵੱਲੋਂ ਅਖੌਤੀ ਭੂਤ, ਪ੍ਰੇਤ, ਬੁਰੀ ਆਤਮਾ ਕੱਢਣ ਦੇ ਬਹਾਨੇ ਹੇਠ ਉਸਦੇ ਪਰਿਵਾਰਿਕ ਮੈਂਬਰਾਂ ਦੇ ਸਾਹਮਣੇ ਕੁੱਟ ਕੁੱਟ ਕੇ ਜਾਨੋਂ ਮਾਰ ਦਿੱਤਾ ਗਿਆ। ਦੋ ਸਾਲ ਪਹਿਲਾਂ ਅਕਤੂਬਰ 2022 ਵਿੱਚ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਵਿਖੇ ਇੱਕ ਵਿਅਕਤੀ ਵੱਲੋਂ ਕਿਸੇ ਦੇਵੀ ਦੇਵਤੇ ਦੀ ਪੂਜਾ ਦੇ ਨਾਮ ਹੇਠ ਇੱਕ ਤਾਂਤਰਿਕ ਦੇ ਕਹਿਣ ‘ਤੇ ਚਾਰ ਸਾਲਾ ਮਾਸੂਮ ਲੜਕੇ ਦੀ ਬਹੁਤ ਬੇਰਹਿਮੀ ਨਾਲ ਹੱਤਿਆ ਕਰਕੇ ਬਲੀ ਦੇ ਦਿੱਤੀ ਗਈ। ਇਸੇ ਤਰ੍ਹਾਂ ਦੀ ਦਿਲ ਕੰਬਾਊ ਘਟਨਾ ਵਿੱਚ ਪਿਛਲੇ ਸਾਲ ਜੁਲਾਈ ਵਿੱਚ ਅੰਮ੍ਰਿਤਸਰ ਜ਼ਿਲੇ ਦੇ ਇੱਕ ਪਿੰਡ ਵਿਖੇ ਸਕੇ ਰਿਸ਼ਤੇਦਾਰਾਂ ਵੱਲੋਂ ਆਪਣਾ ਕਾਰੋਬਾਰ ਵਧਾਉਣ ਲਈ ਕਿਸੇ ਤਾਂਤਰਿਕ ਦੇ ਕਹਿਣ ‘ਤੇ 9 ਸਾਲਾ ਮਾਸੂਮ ਲੜਕੀ ਦੀ ਬਹੁਤ ਬੇਰਹਿਮੀ ਨਾਲ ਬਲੀ ਦੇ ਨਾਂ ਹੇਠ ਹੱਤਿਆ ਕਰ ਦਿੱਤੀ ਗਈ। ਇਸ ਤਾਂਤਰਿਕ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਤੁਹਾਡੇ ਵਪਾਰ ਉੱਤੇ ਕਿਸੇ ਸ਼ੈਤਾਨ ਦਾ ਸਾਇਆ ਹੈ ਅਤੇ ਕਿਸੇ ਮਾਸੂਮ ਬੱਚੀ ਦੀ ਬਲੀ ਦੇਣ ਤੋਂ ਬਾਅਦ ਤੁਹਾਡੇ ਕਾਰੋਬਾਰ ਵਿਚ ਲਹਿਰਾਂ ਬਹਿਰਾਂ ਹੋ ਜਾਣਗੀਆਂ। ਬੇਸ਼ੱਕ ਚਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸੇ ਤਰ੍ਹਾਂ ਸੰਨ 2017 ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਫ਼ੱਤਾ ਵਿਖੇ ਕਿਸੇ ਪਾਖੰਡੀ ਤਾਂਤਰਿਕ ਦੇ ਪਿੱਛਲੱਗੂ ਬਣ ਕੇ ਪਰਿਵਾਰ ਦੇ ਛੇ ਜੀਆਂ ਵੱਲੋਂ ਆਪਣੇ ਹੀ ਸਕੇ ਤਿੰਨ ਅਤੇ ਪੰਜ ਸਾਲਾਂ ਦੇ ਦੋ ਮਾਸੂਮ ਬੱਚਿਆਂ ਦੀ ਬਲੀ ਦਿੱਤੀ ਗਈ ਸੀ ਅਤੇ ਇਸ ਅਤਿ ਘਿਨਾਉਣੇ ਅਪਰਾਧ ਕਾਰਣ ਪਿਛਲੇ 23 ਮਾਰਚ 2024 ਨੂੰ ਮਾਨਯੋਗ ਅਦਾਲਤ ਵੱਲੋਂ ਤਾਂਤਰਿਕ ਸਮੇਤ ਇਨ੍ਹਾਂ ਸੱਤੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ । ਇਸੇ ਤਰ੍ਹਾਂ ਕੁੱਝ ਸਾਲ ਪਹਿਲਾਂ ਮੋਗਾ ਸ਼ਹਿਰ ਨੇੜਲੇ ਇਕ ਪਿੰਡ ਦਾ ਅਖੌਤੀ ਮੋਹਤਬਰ ਜੋ ਕਿ ਕਿਸੇ ਵਿਸ਼ੇਸ ਦਿਨ ਤੇ ਚੌਂਕੀ ਲਗਾ ਕੇ ਪੁੱਛਾਂ ਦੇਣ ਦਾ ਗ਼ੈਰ ਕਾਨੂੰਨੀ ਧੰਦਾ ਵੀ ਕਰਦਾ ਸੀ, ਵੱਲੋਂ ਆਪਣੀ ਹੀ ਇਕ ਰਿਸ਼ਤੇਦਾਰ ਮਾਸੂਮ ਲੜਕੀ ਵਿੱਚੋਂ ਅਖੌਤੀ ਭੂਤ ਪ੍ਰੇਤ ਕੱਢਣ ਦੇ ਬਹਾਨੇ ਚਿਮਟਿਆਂ ਨਾਲ ਕੁੱਟ-ਕੁੱਟ ਕੇ ਉਸਦੀ ਹੱਤਿਆ ਕਰ ਦਿੱਤੀ ਗਈ ਸੀ। ਇਹ ਮਹਿਜ ਕੋਈ ਸਾਧਾਰਨ ਕਤਲ ਨਹੀਂ ਹਨ ਬਲਕਿ ਇੱਕ ਖ਼ਤਰਨਾਕ ਅੰਧ ਵਿਸ਼ਵਾਸੀ ਮਾਨਸਿਕਤਾ ਤਹਿਤ ਮਾਸੂਮ ਬੱਚਿਆਂ ਨੂੰ ਫੁਸਲਾ ਕੇ ਇਕ ਯੋਜਨਾਬੱਧ ਸਾਜ਼ਿਸ਼ ਹੇਠ ਬੇਰਹਿਮੀ ਨਾਲ ਕੀਤੀਆਂ ਗਈਆਂ ਹੱਤਿਆਵਾਂ ਹਨ। ਬੇਹੱਦ ਅਫ਼ਸੋਸ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਜਾਂ ਉਸਦੀ ਸਰਕਾਰ ਨੇ ਅਜਿਹੀਆਂ ਵਹਿਸ਼ੀ ਹੱਤਿਆਵਾਂ ਨੂੰ ਬੰਦ ਕਰਵਾਉਣ ਲਈ ਸੰਵਿਧਾਨ ਦੀ ਧਾਰਾ 51ਏ (ਐੱਚ) ਅਨੁਸਾਰ ਆਮ ਲੋਕਾਂ, ਵਿਦਿਆਰਥੀਆਂ, ਅਧਿਆਪਕਾਂ ਨੂੰ ਸਿੱਖਿਅਤ ਕਰਨ ਲਈ ਕੋਈ ਵਿਗਿਆਨਕ ਚੇਤਨਾ ਪ੍ਰੋਗਰਾਮ ਅਮਲ ਵਿੱਚ ਲਿਆਉਣ ਅਤੇ ਠੋਸ ਅੰਧ ਵਿਸ਼ਵਾਸ ਰੋਕੂ ਕਾਨੂੰਨ ਬਣਾ ਕੇ ਲਾਗੂ ਕਰਨ ਦੀ ਅੱਜ ਤੱਕ ਸੰਵਿਧਾਨਕ ਜ਼ਿੰਮੇਵਾਰੀ ਨਹੀਂ ਨਿਭਾਈ। ਦਰਅਸਲ ਲੋਕਾਂ ਵਿਚ ਅੰਧਵਿਸ਼ਵਾਸ, ਵਹਿਮ ਭਰਮ ਫੈਲਣ, ਆਪਣੀਆਂ ਸਮੱਸਿਆਵਾਂ, ਬਿਮਾਰੀਆਂ ਦੇ ਖਾਤਮੇ ਲਈ ਕਿਸੇ ਅਖੌਤੀ ਦੈਵੀ ਸ਼ਕਤੀ, ਚਮਤਕਾਰ ਤੇ ਪਾਠ-ਪੂਜਾ ਉੱਤੇ ਟੇਕ ਰੱਖਣ ਅਤੇ ਉਨ੍ਹਾਂ ਦੇ ਪਾਖੰਡੀ ਬਾਬਿਆਂ, ਤਾਂਤਰਿਕਾਂ, ਜੋਤਸ਼ੀਆਂ ਅਤੇ ਡੇਰਿਆਂ ਦੇ ਝਾਂਸੇ ਵਿਚ ਫਸਣ ਪਿੱਛੇ ਕਈ ਤਰ੍ਹਾਂ ਦੇ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਕ ਕਾਰਨ ਜ਼ਿੰਮੇਵਾਰ ਹਨ ਪਰ ਹਕੂਮਤਾਂ ਦੀਆਂ ਕਾਰਪੋਰਟ ਪੱਖੀ ਨੀਤੀਆਂ, ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਦੀ ਅਣਹੋਂਦ, ਸਿੱਖਿਆ ਦਾ ਭਗਵਾਂਕਰਨ, ਗੈਰ ਵਿਗਿਆਨਕ ਅਤੇ ਲੋਕ ਵਿਰੋਧੀ ਸਿਆਸੀ ਰਾਜ ਪ੍ਰਬੰਧ ਉਸ ਤੋਂ ਵੀ ਵੱਧ ਜ਼ਿੰਮੇਵਾਰ ਹੈ ਜੋ ਅਜਿਹੇ ਡੇਰਿਆਂ, ਪਾਖੰਡੀਆਂ ਅਤੇ ਫਿਰਕੂ ਸੰਗਠਨਾਂ ਵੱਲੋਂ ਕੀਤੇ ਜਾਂਦੇ ਘਿਨਾਉਣੇ ਅਪਰਾਧਾਂ, ਅੰਧ ਵਿਸ਼ਵਾਸਾਂ ਅਤੇ ਨੰਗੀ ਚਿੱਟੀ ਲੁੱਟ ਦੀ ਸਰਪ੍ਰਸਤੀ ਕਰਦਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਲੋਕਾਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੇ ਉਜਾਲੇ ਵਿੱਚ ਆਉਣ ਦਾ ਭਾਵਪੂਰਤ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੱਲ ਮੰਨਣ ਤੋਂ ਪਹਿਲਾਂ ਉਸਦੀ ਪਰਖ਼ ਕਰਨੀ ਜ਼ਰੂਰੀ ਹੈ।ਸੁਣੀ ਸੁਣਾਈ ਗੱਲ ਤੇ ਵਿਸ਼ਵਾਸ ਕਰਨਾ ਲਾਈਲੱਗਤਾ ਹੈ ਜਿਸਤੋਂ ਬਚਣਾ ਚਾਹੀਦਾ ਹੈ
ਮਾਸਟਰ ਪਰਮਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj