ਸਮਾਜ ਵੀਕਲੀ ਯੂ ਕੇ
ਜਨਮ ਦਿਨ ਮੌਕੇ ਵਿਸ਼ੇਸ਼ ਲੇਖ

ਲੇਖਕ : ਪ੍ਰੋਫ਼ੈਸਰ ਮਨਜੀਤ ਤਿਆਗੀ ‘ਸਟੇਟ ਐਵਾਰਡੀ’
ਸੰਸਥਾਪਕ ਤੇ ਮੁੱਖ ਬੁਲਾਰਾ: ਮਿਸ਼ਨ “ਜ਼ਿੰਦਗੀ ਖ਼ੂਬਸੂਰਤ ਹੈ”
ਮਾਲੇਰਕੋਟਲਾ/ ਅੰਮ੍ਰਿਤਸਰ (ਪੰਜਾਬ) 9814096108
ਭਾਰਤ ਦੇ ਇਤਿਹਾਸ ਵਿੱਚ ਕਈ ਅਜਿਹੀਆਂ ਔਰਤਾਂ ਹੋਈਆਂ ਹਨ ਜਿਨ੍ਹਾਂ ਨੇ ਆਪਣੀ ਸ਼ਕਤੀ, ਸਹਿਣਸ਼ੀਲਤਾ ਅਤੇ ਸਮਰਪਣ ਨਾਲ ਨਾ ਸਿਰਫ਼ ਆਪਣੇ ਪਰਿਵਾਰ ਨੂੰ ਬਲਕਿ ਪੂਰੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ। ਇਹ ਔਰਤਾਂ ਕਦੇ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਨਹੀਂ ਬਣੀਆਂ, ਪਰ ਉਨ੍ਹਾਂ ਦੀ ਭੂਮਿਕਾ ਇਤਿਹਾਸ ਰਚਣ ਵਾਲੇ ਪੁਰਸ਼ਾਂ ਦੀ ਕਾਮਯਾਬੀ ਦੀ ਨੀਹ ਬਣੀ। ਅਜਿਹੀਆਂ ਹੀ ਔਰਤਾਂ ਵਿੱਚ ਇੱਕ ਮਹਾਨ ਨਾਂ ਹੈ ਰਾਮਾਬਾਈ ਦਾ, ਜਿਹੜੀ ਨਾ ਸਿਰਫ਼ ਡਾ. ਭੀਮ ਰਾਓ ਅੰਬੇਡਕਰ ਦੀ ਜੀਵਨ ਸਾਥੀ ਸੀ, ਸਗੋਂ ਉਨ੍ਹਾਂ ਦੀ ਜ਼ਿੰਦਗੀ ਦੇ ਹਰ ਪਲ ਦਾ ਸਾਥੀ, ਮੱਦਦਗਾਰ, ਅਤੇ ਪ੍ਰੇਰਕ ਸ਼ਕਤੀ ਵੀ ਸੀ। ਡਾ. ਭੀਮ ਰਾਓ ਅੰਬੇਡਕਰ, ਜਿਨ੍ਹਾਂ ਨੂੰ ਸਮਾਜ ਸੁਧਾਰਕ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਲਿਤਾਂ ਦੇ ਮਸੀਹੇ ਵਜੋਂ ਜਾਣਿਆ ਜਾਂਦਾ ਹੈ, ਦੀ ਸਫ਼ਲਤਾ ਦੇ ਪਿੱਛੇ ਰਾਮਾਬਾਈ (ਰਮਾਬਾਈ, ਰਮਾਈ) ਅੰਬੇਡਕਰ ਦਾ ਅਹਿਮ ਯੋਗਦਾਨ ਰਿਹਾ। ਰਾਮਾਬਾਈ ਨੇ ਸਮਾਜਿਕ ਅਤੇ ਆਰਥਿਕ ਤੰਗੀਆਂ ਦੇ ਬਾਵਜੂਦ ਆਪਣੇ ਪਤੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਭਾਰਤੀ ਸਮਾਜ ਦੀ ਖ਼ਾਮੋਸ਼ ਨਾਇਕਾ ਹੈ, ਜਿਸਦੇ ਬਾਰੇ ਘੱਟ ਹੀ ਲਿਖਿਆ ਗਿਆ ਹੈ।
ਰਾਮਾਬਾਈ ਦਾ ਜਨਮ 7 ਫਰਵਰੀ 1898 ਨੂੰ ਮਹਾਰਾਸ਼ਟਰ ਦੇ ਇੱਕ ਗ਼ਰੀਬ ਮੱਛੇਰੇ ਪਰਿਵਾਰ ਵਿੱਚ ਹੋਇਆ। ਉਹ ਬਹੁਤ ਅਸਹਿਣਯੋਗ ਸਥਿਤੀਆਂ ਵਿੱਚ ਪਲੀ। ਉਨ੍ਹਾਂ ਦਾ ਪਰਿਵਾਰ ਉਸ ਸਮੇਂ ਦੀਆਂ ਸਮਾਜਿਕ ਪਾਬੰਦੀਆਂ ਅਤੇ ਜਾਤੀਵਾਦ ਦੀ ਮਾਰ ਝੱਲ ਰਿਹਾ ਸੀ। ਰਮਾਬਾਈ ਦਾ ਜੀਵਨ, ਗ਼ਰੀਬੀ ਅਤੇ ਤ੍ਰਾਸਦੀਆਂ ਦੇ ਪਰਛਾਵੇਂ ਵਿੱਚ ਹੀ ਗੁਜ਼ਰਿਆ। ਇਹ ਤਜ਼ਰਬਾ ਹੀ ਸੀ ਜਿਸ ਨੇ ਉਨ੍ਹਾਂ ਨੂੰ ਸਹਿਣਸ਼ੀਲ, ਮਜ਼ਬੂਤ ਅਤੇ ਸੰਘਰਸ਼ਸ਼ੀਲ ਬਣਾਇਆ।
ਜਦੋਂ ਰਾਮਾਬਾਈ ਦੀ ਉਮਰ ਸਿਰਫ 9 ਸਾਲ ਸੀ, ਉਨ੍ਹਾਂ ਦਾ ਵਿਆਹ 15 ਸਾਲ ਦੇ ਭੀਮ ਰਾਓ ਅੰਬੇਡਕਰ ਨਾਲ ਹੋ ਗਿਆ। ਉਸ ਸਮੇਂ ‘ਬਾਲ ਵਿਆਹ’ ਦੀ ਰੀਤ ਪ੍ਰਚਲਿਤ ਸੀ। ਭੀਮ ਰਾਓ, ਜੋ ਬਾਅਦ ਵਿੱਚ ਡਾ. ਅੰਬੇਡਕਰ ਵਜੋਂ ਪ੍ਰਸਿੱਧ ਹੋਏ, ਉਸ ਸਮੇਂ ਆਪਣੀ ਪੜ੍ਹਾਈ ਵਿੱਚ ਰੁੱਝੇ ਹੋਏ ਸਨ ਅਤੇ ਸਮਾਜਿਕ ਅਸਮਾਨਤਾ ਦੇ ਖ਼ਿਲਾਫ਼ ਆਪਣੀ ਜੰਗ ਸ਼ੁਰੂ ਕਰ ਰਹੇ ਸਨ। ਸਮਾਜਿਕ ਭੇਦਭਾਵ, ਗ਼ਰੀਬੀ ਅਤੇ ਆਰਥਿਕ ਮੁਸ਼ਕਲਾਂ ਨੇ ਰਾਮਾਬਾਈ ਦੀ ਜ਼ਿੰਦਗੀ ਨੂੰ ਹੋਰ ਜਟਿਲ ਬਣਾਇਆ। ਫਿਰ ਵੀ, ਉਨ੍ਹਾਂ ਨੇ ਆਪਣੇ ਪਤੀ ਦੀ ਪੜ੍ਹਾਈ ਅਤੇ ਸਮਾਜ ਸੁਧਾਰ ਦੇ ਮਿਸ਼ਨ ਵਿੱਚ ਪੂਰਨ ਸਮਰਥਨ ਦਿੱਤਾ। ਜਦੋਂ ਭੀਮ ਰਾਓ ਆਪਣੇ ਕਮਰੇ ਵਿੱਚ ਪੜ੍ਹ ਰਹੇ ਹੁੰਦੇ, ਉਸ ਸਮੇਂ ਰਾਮਾਬਾਈ ਨਾ ਤਾਂ ਬੱਚਿਆਂ ਨੂੰ ਰੌਲਾ ਪਾਉਣ ਦਿੰਦੀ ਤੇ ਨਾ ਹੀ ਉਨ੍ਹਾਂ ਦੇ ਕਮਰੇ ਵੱਲ ਜਾਣ ਦਿੰਦੀ। ਅੰਬੇਡਕਰ ਦਾ ਸੁਭਾਗ ਸੀ ਕਿ ਉਸ ਨੂੰ ਰਾਮਾਬਾਈ ਵਰਗੀ ਨੇਕ ਅਤੇ ਆਗਿਆਕਾਰੀ ਜੀਵਨ ਸਾਥਣ ਮਿਲੀ।
ਰਾਮਾਬਾਈ ਨੇ ਘਰ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕੀਤੀ। ਇੱਕ ਬਾਰ ਛੋਟਾ ਬੱਚਾ ਗੰਗਾਧਰ ਸਖ਼ਤ ਬਿਮਾਰ ਹੋ ਗਿਆ। ਦਵਾਈ ਲਈ ਪੈਸੇ ਨਹੀਂ ਸਨ । ਰਾਮਾਬਾਈ ਨੇ ਅੰਬੇਡਕਰ ਨੂੰ ਚਿੱਠੀ ਰਾਹੀਂ ਇਸ ਸਥਿਤੀ ਬਾਰੇ ਦੱਸਿਆ। ਭੀਮ ਰਾਓ ਅੰਬੇਡਕਰ ਨੇ 25 ਨਵੰਬਰ 1920 ਨੂੰ ਰਾਮਾਬਾਈ ਨੂੰ ਲੰਡਨ ਤੋਂ ਚਿੱਠੀ ਭੇਜ ਕੇ ਇਸ ਦਾ ਜਵਾਬ ਲਿਖਿਆ, “ਮੈਂ ਪੈਸਿਆਂ ਦੀ ਘਾਟ ਕਾਰਨ ਬਹੁਤ ਮੁਸ਼ਕਲ ਨਾਲ ਆਪਣੀ ਪੜ੍ਹਾਈ ਕਰ ਰਿਹਾ ਹਾਂ। ਇੱਥੋਂ ਤੱਕ ਕਿ ਮੈਨੂੰ ਖਾਣ ਪੀਣ ਲਈ ਵੀ ਬਹੁਤ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮੈਂ ਤੁਹਾਨੂੰ ਘਰ ਦੇ ਖ਼ਰਚ ਵਾਸਤੇ ਪੈਸੇ ਨਹੀਂ ਭੇਜ ਰਿਹਾ ਹਾਂ। ਤੁਸੀਂ ਆਪਣੇ ਗਹਿਣੇ ਵੇਚ ਕੇ ਘਰ ਦਾ ਗੁਜ਼ਾਰਾ ਕਰੋ। ਮੈਂ ਵਾਪਿਸ ਆਉਣ ’ਤੇ ਆਪ ਨੂੰ ਦੁਬਾਰਾ ਗਹਿਣੇ ਬਣਾ ਦੇਵਾਂਗਾ।”
ਉਨ੍ਹਾਂ ਦੀ ਜਿੰਦਗੀ ਦਾ ਸਭ ਤੋਂ ਦੁਖਦਾਈ ਪਹਿਲੂ ਸੀ ਉਨ੍ਹਾਂ ਦੇ ਬੱਚਿਆਂ ਦੀ ਮੌਤ। ਰਾਮਾਬਾਈ ਅਤੇ ਭੀਮ ਰਾਓ ਦੇ ਪੰਜ ਬੱਚੇ ਸਨ, ਜਸਵੰਤ ਰਾਓ, ਗੰਗਾਧਰ, ਰਮੇਸ਼, ਇੰਦੂ ਅਤੇ ਰਾਜਰਤਨ ਪਰ ਜਸਵੰਤ ਰਾਓ ਨੂੰ ਛੱਡ ਕੇ ਸਾਰੇ ਬੱਚਿਆਂ ਦੀ ਛੋਟੀ ਉਮਰ ਵਿੱਚ ਹੀ ਮੌਤ ਹੋ ਗਈ। ਉਸਦੀ ਸਿਹਤ ਵੀ ਖ਼ਰਾਬ ਰਹਿੰਦੀ ਸੀ। ਰਾਮਾਬਾਈ ਯਸ਼ਵੰਤ ਦੀ ਬੀਮਾਰੀ ਕਰਕੇ ਕਾਫ਼ੀ ਚਿੰਤਾ ਵਿੱਚ ਰਹਿੰਦੀ ਪਰ ਫੇਰ ਵੀ ਉਹ ਇਸ ਗੱਲ ਦਾ ਪੂਰਾ ਖ਼ਿਆਲ ਰੱਖਦੀ ਸੀ ਕਿ ਅੰਬੇਡਕਰ ਦੇ ਕੰਮਾਂ ਵਿੱਚ ਕੋਈ ਵਿਘਨ ਨਾ ਪਵੇ ਅਤੇ ਉਨ੍ਹਾਂ ਦੀ ਪੜ੍ਹਾਈ ਖ਼ਰਾਬ ਨਾ ਹੋਵੇ। ਚਾਰ ਬੱਚਿਆਂ ਦਾ ਦੁਨੀਆਂ ਤੋਂ ਚਲੇ ਜਾਣਾ ਰਾਮਾਬਾਈ ਲਈ ਦੁਖਦਾਇਕ ਵੱਡਾ ਮਨੋਵਿਗਿਆਨਕ ਝਟਕਾ ਸੀ। ਇਸ ਦੁੱਖ ਨੂੰ ਰਮਾਬਾਈ ਨੇ ਸਹਿਣ ਕੀਤਾ ਅਤੇ ਫਿਰ ਵੀ ਆਪਣੇ ਪਤੀ ਦੇ ਮਿਸ਼ਨ ਵਿੱਚ ਉਨ੍ਹਾਂ ਦਾ ਸਾਥ ਨਹੀਂ ਛੱਡਿਆ। ਡਾ. ਅੰਬੇਡਕਰ ਅਕਸਰ ਕਹਿੰਦੇ ਸਨ ਕਿ ਜੇ ਰਾਮਾਬਾਈ ਨਾ ਹੁੰਦੀ ਤਾਂ ਮੈਂ ਇਹ ਸਭ ਕੱੁਝ ਕਦੇ ਨਾ ਕਰ ਸਕਦਾ।
ਭਾਵੇਂ ਉਹ ਇੱਕ ਆਮ ਘਰੇਲੂ ਔਰਤ ਸੀ ਪਰ ਉਨ੍ਹਾਂ ਦਾ ਸੰਘਰਸ਼ ਅਤੇ ਸਮਰਪਣ ਅਸਧਾਰਣ ਸੀ। ਜਦੋਂ ਭੀਮ ਰਾਓ ਅਮਰੀਕਾ, ਲੰਡਨ, ਅਤੇ ਜਰਮਨੀ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਸਨ, ਉਸ ਸਮੇਂ ਰਾਮਾਬਾਈ ਮੁੰਬਈ ਦੀਆਂ ਝੁੱਗੀਆਂ ਵਿੱਚ ਘਰ ਚਲਾ ਰਹੀ ਹੁੰਦੀ। ਭੀਮ ਰਾਓ ਨੂੰ ਅਰਥਸ਼ਾਸਤਰ ਅਤੇ ਕਾਨੂੰਨ ਵਿੱਚ ਡਿਗਰੀਆਂ ਹਾਸਲ ਕਰਨ ਲਈ ਸਕਾਲਰਸ਼ਿਪ ਮਿਲੀ। ਉਹ ਆਪਣੇ ਵਜ਼ੀਫ਼ੇ ਦਾ ਕੁੱਝ ਹਿੱਸਾ ਉਹ ਘਰ ਭੇਜ ਦਿੰਦੇ ਸਨ। ਪਰ ਇਹ ਸੀਮਤ ਸੀ ਅਤੇ ਪਰਿਵਾਰ ਦੀਆਂ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਾਕਾਫ਼ੀ ਸੀ। ਅਜਿਹੇ ਸਮੇਂ ਵਿੱਚ, ਰਾਮਾਬਾਈ ਨੇ ਘਰ ਦੇ ਖ਼ਰਚੇ ਚਲਾਉਣ ਲਈ ਨਿਮਾਣੇ ਕੰਮ ਕੀਤੇ ਅਤੇ ਆਪਣੀ ਸਾਦਗੀ ਅਤੇ ਸਮਰਪਣ ਨਾਲ ਪਰਿਵਾਰ ਨੂੰ ਸੰਭਾਲਿਆ। ਉਨ੍ਹਾਂ ਦੀ ਇਹ ਕੁਰਬਾਨੀ ਭੀਮ ਰਾਓ ਨੂੰ ਆਪਣੀ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰਨ ਵਿੱਚ ਮੱਦਦਗਾਰ ਸਾਬਤ ਹੋਈ।
ਰਾਮਾਬਾਈ ਆਪਣੇ ਪਰਿਵਾਰ ਤੋਂ ਇਲਾਵਾ ਆਪਣੇ ਜੇਠ ਦੇ ਟੱਬਰ ਦੀ ਵੀ ਦੇਖਭਾਲ ਕਰਦੀ ਸੀ। ਪਤੀ ਵਿਦੇਸ਼ ਹੋਵੇ ਅਤੇ ਖ਼ਰਚ ਵੀ ਖੁੱਲ੍ਹਾ ਨਾ ਹੋਵੇ, ਇਹੋ ਜਿਹੇ ਔਖੇ ਸਮੇਂ ਵੀ ਉਨ੍ਹਾਂ ਨੇ ਮੱਥੇ ’ਤੇ ਤਿਉੜੀਆਂ ਨਹੀਂ ਪਾਈਆਂ ਨਾ ਹੀ ਕੋਈ ਸ਼ਿਕਵਾ ਜਾਂ ਸ਼ਿਕਾਇਤ ਕੀਤੀ। ਘੱਟ ਆਮਦਨ ਅਤੇ ਵੱਡੇ ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਹ ਬਹੁਤ ਸਿਆਣਪ ਨਾਲ ਘਰ ਚਲਾਉਂਦੀ ਸੀ ਕਈ ਵਾਰ ਮਾਚਿਸ ਦੀ ਇੱਕ ਡੱਬੀ ਨਾਲ ਉਹ ਪੂਰਾ ਮਹੀਨਾ ਕੰਮ ਚਲਾ ਲੈਂਦੀ ਸੀ। ਰਾਮਾਬਾਈ ਨੇ ਬਿਮਾਰੀ, ਦੁੱਖ, ਦੁਨੀਆਂ ਦੇ ਤ੍ਰਿਸਕਾਰ ਦਾ ਚੱੁਪ ਅਤੇ ਸਹਿਣਸ਼ੀਲਤਾ ਨਾਲ ਟਾਕਰਾ ਕੀਤਾ। ਉਹ ਬਾਜ਼ਰੇ ਦੀਆਂ ਰੋਟੀਆਂ ਬਣਾ ਕੇ ਕਦੇ ਆਚਾਰ ਤੇ ਕਦੇ ਪਿਆਜ਼ ਨਾਲ ਖਾ ਕੇ ਗੁਜ਼ਾਰਾ ਕਰਦੀ। ਕਈ ਵਾਰ ਉਸ ਨੂੰ ਭੁੱਖਾ ਰਹਿਣਾ ਪੈਂਦਾ ਸੀ, ਪਰ ਉਹ ਹਮੇਸ਼ਾ ਆਪਣੇ ਪਤੀ ਦੀ ਸਿੱਖਿਆ ਅਤੇ ਮਿਸ਼ਨ ’ਚ ਪੂਰਾ ਭਰੋਸਾ ਰੱਖਦੀ ਸੀ। ਬੱਚਿਆਂ ਨੂੰ ਸਮਝਾਉਣਾ, ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਤੇ ਉਨ੍ਹਾਂ ਨੂੰ ਲਾਚਾਰ ਮਹਿਸੂਸ ਨਾ ਹੋਣ ਦੇਣਾ, ਇਹ ਸਾਰਾ ਕੰਮ ਰਾਮਾਬਾਈ ਨੇ ਧੀਰਜ ਅਤੇ ਮਮਤਾ ਨਾਲ ਕੀਤਾ। ਰਾਮਾਬਾਈ ਨੇ ਮਾਂ ਅਤੇ ਪਿਤਾ ਦੋਹਾਂ ਦੀ ਭੂਮਿਕਾ ਨਿਭਾਈ। ਘਰ ਦੇ ਗੁਜ਼ਾਰੇ ਲਈ ਉਹ ਕਈ ਵਾਰ ਕਿਸੇ ਪਿੰਡ ਵਿੱਚ ਜਾਂਦੀ ਤੇ ਘੱਟ ਪੈਸੇ ਖ਼ਰਚ ਕੇ ਪਾਥੀਆਂ ਦਾ ਢੇਰ ਖ਼ਰੀਦਦੀ। ਫਿਰ ਪਿੰਡੋਂ ਦੋ ਮੀਲ ਦੂਰ ਤੋਂ ਪਾਥੀਆਂ ਦਾ ਟੋਕਰਾ ਲੈ ਕੇ ਪੈਦਲ ਹੀ ਘਰ ਆਇਆ ਕਰਦੀ ਸੀ। ਜਦੋਂ ਉਹ ਸਿਰ ਉੱਤੇ ਪਾਥੀਆਂ ਦਾ ਟੋਕਰਾ ਚੁੱਕ ਕੇ ਆਉਂਦੀ ਸੀ ਤਾਂ ਔਰਤਾਂ ਉੱਚੀ ਆਵਾਜ਼ ਵਿੱਚ ਮਜ਼ਾਕੀਆ ਲਹਿਜ਼ੇ ਵਿੱਚ ਕਹਿੰਦੀਆਂ, “ਦੇਖੋ ਬੈਰਿਸਟਰ ਦੇ ਘਰ ਵਾਲੀ ਪਾਥੀਆਂ ਸਿਰ ਉੱਤੇ ਰੱਖ ਕੇ ਆ ਰਹੀ ਹੈ। ਆਪਣੇ ਬੈਰਿਸਟਰ ਪਤੀ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਰਹੀ ਹੈ। ਇਸ ਨੂੰ ਆਪਣੇ ਪਤੀ ਦੀ ਇੱਜ਼ਤ ਦੀ ਜ਼ਰਾ ਦੀ ਪ੍ਰਵਾਹ ਨਹੀਂ ਹੈ।” ਪ੍ਰੰਤੂ ਰਾਮਾਬਾਈ ਇਹਨਾਂ ਔਰਤਾਂ ਦੀਆਂ ਗੱਲਾਂ ਦੀ ਪ੍ਰਵਾਹ ਨਾ ਕਰਦੀ ਤੇ ਆਪਣੇ ਕੰਮ ’ਚ ਮਗ਼ਨ ਰਹਿੰਦੀ।
ਡਾ. ਭੀਮ ਰਾਓ ਅੰਬੇਡਕਰ ਇੱਕ ਵਾਰ ਬ੍ਰਿਟਿਸ਼ ਕਾਨੂੰਨ ਦੀਆਂ ਕਿਤਾਬਾਂ ਦੇ 5 ਭਾਗ ਪੰਜ ਸੌ ਰੁਪਏ ਵਿੱਚ ਖ਼ਰੀਦ ਕੇ ਘਰ ਲੈ ਆਏ। ਘਰ ਆਉਂਦਿਆਂ ਹੀ ਉਹਨਾਂ ਨੇ ਆਪਣੀ ਪਤਨੀ ਨੂੰ ਕਿਹਾ, “ਰਾਮੂ! ਦੇਖ ਅੱਜ ਮੈਂ ਕਾਨੂੰਨ ਦੀਆਂ ਕਿਤਾਬਾਂ ਬਹੁਤ ਘੱਟ ਮੁੱਲ ’ਤੇ ਖ਼ਰੀਦੀਆਂ ਹਨ। ਇਹਨਾਂ ਵਿੱਚ ਬ੍ਰਿਟਿਸ਼ ਕਾਨੂੰਨ ਬਾਰੇ ਵੇਰਵਾ ਹੈ।” ਇੰਨੀ ਦੇਰ ਨੂੰ ਰਾਮਾਬਾਈ ਨੇ ਖਾਣਾ ਪਰੋਸ ਦਿੱਤਾ। ਪਰੰਤੂ ਡਾ. ਅੰਬੇਡਕਰ ਕਾਨੂੰਨ ਦੀ ਇੱਕ ਕਿਤਾਬ ਨੂੰ ਪੜ੍ਹਣ ਵਿੱਚ ਰੁੱਝੇ ਹੋਏ ਸਨ। ਰਾਮਾਬਾਈ ਨੇ ਕਿਹਾ, “ਸਾਹਿਬ, ਖਾਣਾ ਠੰਡਾ ਹੋ ਰਿਹਾ ਹੈ।” ਡਾ. ਅੰਬੇਡਕਰ ਕਹਿਣ ਲੱਗੇ, “ਮੈਂ ਕੁੱਝ ਪੰਨੇ ਪੜ੍ਹ ਕੇ ਖਾਂਦਾ ਹਾਂ।” ਇਹ ਸੁਣ ਕੇ ਰਾਮਾਬਾਈ ਕਹਿਣ ਲੱਗੀ, “ਸਾਹਿਬ। ਕੀ ਇਸ ਕਿਤਾਬ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਪਤੀ ਨੂੰ ਆਪਣੀ ਪਤਨੀ, ਬੱਚਿਆਂ ਅਤੇ ਪਰਿਵਾਰ ਦੀ ਦੇਖ-ਭਾਲ ਨਹੀਂ ਕਰਨੀ ਚਾਹੀਦੀ ਹੈ।” ਡਾ. ਅੰਬੇਡਕਰ ਆਪਣੀ ਪਤਨੀ ਦੇ ਭੋਲੇਪਨ ’ਤੇ ਹੱਸ ਪਏ ਅਤੇ ਕਿਤਾਬ ਬੰਦ ਕਰਕੇ ਖਾਣਾ ਖਾਣ ਲੱਗ ਪਏ। ਫੇਰ ਉਹ ਕਹਿਣ ਲੱਗੇ, “ਤੈਨੂੰ ਇਹ ਸ਼ਿਕਾਇਤ ਹੈ ਕਿ ਮੈਂ ਘਰ ਵੱਲ੍ਹ ਧਿਆਨ ਨੀਂ ਦਿੰਦਾ, ਹਾਂ, ਮੈਨੂੰ ਧਿਆਨ ਦੇਣਾ ਚਾਹੀਦਾ ਹੈ।” ਇਹ ਗੱਲ ਸੁਣ ਕੇ ਰਾਮਾਬਾਈ ਕਹਿਣ ਲੱਗੀ, “ਘਰ ਵਿੱਚ ਆਟਾ ਦਾਣਾ, ਸਬਜ਼ੀ, ਤੇਲ, ਨਮਕ, ਮਿਰਚ ਹੈ ਜਾਂ ਨਹੀਂ ਇਸ ਬਾਰੇ ਵੀ ਪਤੀ ਨੂੰ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨੂੰ ਕਦੀ-ਕਦੀ ਬਾਹਰ ਘੁਮਾਉਣ ਲਈ ਲੈ ਜਾਣਾ ਚਾਹੀਦਾ ਹੈ। ਪਰੰਤੂ ਆਪ ਉਠਤੇ-ਬੈਠਤੇ, ਸੋਤੇ-ਜਾਗਤੇ ਕਿਤਾਬੇਂ ਹੀ ਪੜ੍ਹਤੇ ਰਹਿਤੇ ਹੈਂ। ਇਹਨਾਂ ਕਿਤਾਬਾਂ ਉੱਤੇ ਪੰਜ ਸੌ ਰੁਪਿਆ ਖ਼ਰਚ ਕਰਨ ਦੀ ਕੀ ਜ਼ਰੂਰਤ ਸੀ । ਥੋੜੇ ਦਿਨਾਂ ਬਾਅਦ ਆਪ ਇੱਕ ਹੋਰ ਬੱਚੇ ਦੇ ਬਾਪ ਬਣਨੇ ਵਾਲੇ ਹੋ। ਆਪ ਨੂੰ ਇਸ ਬਾਰੇ ਵੀ ਕੁੱਝ ਸੋਚਣਾ ਚਾਹੀਦਾ ਹੈ।” ਡਾ. ਅੰਬੇਡਕਰ ਨੇ ਉਸ ਦੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਵਾਅਦਾ ਕੀਤਾ ਕਿ ਉਹ ਅੱਗੇ ਨੂੰ ਧਿਆਨ ਰੱਖਣਗੇ।
ਦੂਜੇ ਦਿਨ ਘਰ ਪਰਤਣ ਤੋਂ ਪਹਿਲਾ ਡਾ. ਅੰਬੇਡਕਰ ਸਬਜ਼ੀ ਮੰਡੀ ਗਏ। ਢੇਰ ਸਾਰੀ ਸਬਜ਼ੀ ਖ਼ਰੀਦੀ ਤੇ ਘਰ ਲੈ ਆਏ। ਇੰਨੀ ਸਬਜ਼ੀ ਦੇਖ ਕੇ ਉਹਨਾਂ ਦੀ ਭਰਜਾਈ ਸ੍ਰੀਮਤੀ ਲਕਸ਼ਮੀ ਬਾਈ ਨੇ ਕਿਹਾ, “ਇੰਨੀ ਸਬਜ਼ੀ ਨੂੰ ਇੱਕ ਦਿਨ ਵਿੱਚ ਕੌਣ ਖਾਊਗਾ? ਦੋ ਤਿੰਨ ਦਿਨਾਂ ਵਿੱਚ ਇਹ ਸਬਜ਼ੀ ਖ਼ਰਾਬ ਹੋ ਜਾਵੇਗੀ।” ਡਾ. ਅੰਬੇਡਕਰ ਨੇ ਆਪਣੀ ਭਰਜਾਈ ਨੂੰ ਕੋਈ ਉੱਤਰ ਨਾ ਦਿੱਤਾ ਅਤੇ ਸਿੱਧੇ ਰਮਾ ਪਾਸ ਚਲੇ ਗਏ। ਉਸ ਦੇ ਸਾਹਮਣੇ ਸਾਰੀ ਸਬਜ਼ੀ ਰੱਖ ਦਿੱਤੀ । ਰਾਮਾਬਾਈ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਉਹਨਾਂ ਦਾ ਪਤੀ ਹੁਣ ਘਰ ਵੱਲ੍ਹ ਦਿਲਚਸਪੀ ਲੈਣ ਲੱਗਾ ਹੈ। ਉਸ ਨੇ ਆਪਣੀ ਜੇਠਾਣੀ ਦੀ ਵੀ ਗੱਲ ਸੁਣ ਲਈ ਸੀ । ਜਦੋਂ ਰਮਾ ਨੇ ਢੇਰ ਸਾਰੀ ਸਬਜ਼ੀ ਨੂੰ ਤੱਕਿਆ ਤਾਂ ਉਸ ਦਾ ਵੀ ਹਾਸਾ ਨਿਕਲ ਗਿਆ। ਇਹ ਵੇਖ ਡਾ. ਅੰਬੇਡਕਰ ਉੱਥੋਂ ਖਿਸਕ ਗਏ!
ਡਾ. ਅੰਬੇਡਕਰ ਨੇ ਸਬਜ਼ੀ ਵਾਲੀ ਘਟਨਾ ਦਾ ਜ਼ਿਕਰ ਆਪਣੇ ਦਫ਼ਤਰ ਵਿੱਚ ਆਪਣੇ ਸਾਥੀਆਂ ਕੋਲ ਕੀਤਾ। ਉਹ ਵੀ ਸਾਰੇ ਹੱਸਣ ਲੱਗ ਪਏ। ਡਾ. ਅੰਬੇਡਕਰ ਕਹਿਣ ਲੱਗੇ, “ਘਰ ਗ੍ਰਹਿਸਥੀ ਵੱਲ੍ਹ ਧਿਆਨ ਦੇਣ ਲਈ ਮੇਰੇ ਕੋਲ ਸਮਾਂ ਨਹੀਂ ਹੈ ਅਤੇ ਨਾ ਹੀ ਮੈਨੂੰ ਇਸ ਬਾਰੇ ਕੋਈ ਤਜ਼ਰਬਾ ਹੈ। ਘਰ ਪਤਨੀ ਤੇ ਭਾਬੀ ਹੈ ਤਾਂ ਘਰ ਠੀਕ ਠੀਕ ਚਲਦਾ ਹੈ। ਪਤਨੀ ਅਤੇ ਪੱੁਤਰਾਂ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਹੈ ਇਹ ਆਪਣੀ ਸਮਝ ਤੋਂ ਬਾਹਰ ਹੈ। ਮੈਨੂੰ ਤਾਂ ਕੇਵਲ ਕਿਤਾਬਾਂ ਚਾਹੀਦੀਆਂ ਹਨ, ਰੋਟੀ ਮਿਲੇ ਜਾਂ ਨਾ ਮਿਲੇ।”
ਰਾਮਾਬਾਈ ਆਦਰ-ਸਤਿਕਾਰ ਨਾਲ ਡਾ. ਅੰਬੇਡਕਰ ਨੂੰ ‘ਸਾਹੇਬ’ ਕਹਿ ਕੇ ਪੁਕਾਰਦੀ ਸੀ। ਡਾ. ਅੰਬੇਡਕਰ ਅਕਸਰ ਕਹਿੰਦੇ ਸਨ, “ਮੈਨੂੰ ਬਣਾਉਣ ਵਾਲੀ ਰਾਮਾਬਾਈ ਹੈ।” ਇਹ ਸ਼ਬਦ ਉਨ੍ਹਾਂ ਦੀ ਪਤਨੀ ਪ੍ਰਤੀ ਉਨ੍ਹਾਂ ਦੇ ਅਥਾਹ ਸਤਿਕਾਰ ਅਤੇ ਪਿਆਰ ਨੂੰ ਦਰਸਾਉਂਦੇ ਹਨ। ਰਾਮਾਬਾਈ ਨੇ ਨਾ ਸਿਰਫ਼ ਘਰ ਦੀ ਜ਼ਿੰਮੇਵਾਰੀ ਨਿਭਾਈ, ਸਗੋਂ ਭੀਮ ਰਾਓ ਨੂੰ ਸਮਾਜਿਕ ਅਸਮਾਨਤਾ ਅਤੇ ਜਾਤੀਵਾਦ ਦੇ ਖ਼ਿਲਾਫ਼ ਲੜਨ ਦੀ ਹਿੰਮਤ ਵੀ ਦਿੱਤੀ।
ਦੁਖਦਾਈ ਗੱਲ ਇਹ ਹੈ ਕਿ ਰਾਮਾਬਾਈ ਦੀ ਜ਼ਿੰਦਗੀ ਬਹੁਤ ਛੋਟੀ ਸੀ। ਲੰਮੀ ਬਿਮਾਰੀ ਅਤੇ ਆਰਥਿਕ ਤੰਗੀ ਦੇ ਕਾਰਨ, 27 ਮਈ 1935 ਨੂੰ, 37 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਨੇ ਡਾ. ਅੰਬੇਡਕਰ ਨੂੰ ਡੂੰਘਾ ਸਦਮਾ ਦਿੱਤਾ। ਉਨ੍ਹਾਂ ਨੇ ਆਪਣੀ ਜੀਵਨੀ ਵਿੱਚ ਲਿਖਿਆ, “ਰਾਮਾ ਗਈ, ਤੇ ਮੇਰੇ ਜੀਵਨ ਦੀ ਆਧਾਰਸ਼ੀਲਾ ਵੀ ਨਾਲ ਹੀ ਟੁੱਟ ਗਈ।” ਉਨ੍ਹਾਂ ਨੇ ਆਪਣੀ ਪਤਨੀ ਦੀ ਯਾਦ ਵਿੱਚ ਕਈ ਪੱਤਰ ਅਤੇ ਲਿਖਤਾਂ ਰਾਹੀਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਤਿਕਾਰ ਦਿੱਤਾ।
ਡਾ. ਅੰਬੇਡਕਰ ਪਿਆਰ ਨਾਲ ਰਾਮਾਬਾਈ ਨੂੰ ‘ਰਾਮੂ’ ਤੇ ਕਦੇ ‘ਰਮਾਈ’ ਕਹਿ ਕੇ ਪੁਕਾਰਿਆ ਕਰਦੇ ਸਨ। ਦਸੰਬਰ 1940 ਵਿੱਚ ਡਾ. ਅੰਬੇਡਕਰ ਨੇ ਆਪਣੀ ਕਿਤਾਬ ‘ਥਾਟਸ ਆਨ ਪਾਕਿਸਤਾਨ’, ਆਪਣੀ ਪਤਨੀ ‘ਰਾਮੂ’ ਨੂੰ ਭਂੇਟ ਕਰਦਿਆਂ ਲਿਖਿਆ;
(ਮੈਂ ਇਹ ਕਿਤਾਬ) “ਰਾਮੂ’ ਨੂੰ, ਉਸ ਦੇ ਦਿਲ ਦੀ ਚੰਗਿਆਈ, ਮਨ ਦੀ ਨੇਕੀ, ਸਦਾਚਾਰ ਦੀ ਪਵਿੱਤਰਤਾ ਅਤੇ ਮੇਰੇ ਨਾਲ ਦੁੱਖ ਕੱਟਣ ਵਿੱਚ, ਥੁੜ ਅਤੇ ਪ੍ਰੇਸ਼ਾਨੀ ਦੇ ਦਿਨਾਂ ਵਿੱਚ ਜਦੋਂ ਸਾਡਾ ਕੋਈ ਮੱਦਦਗਾਰ ਨਹੀਂ ਸੀ, ਅੱਤ ਦੀ ਸਹਿਣਸ਼ੀਲਤਾ ਅਤੇ ਰਜ਼ਾਮੰਦੀ ਵਿਖਾਉਣ ਦੀ ਪ੍ਰਸ਼ੰਸਾ ਬਦਲੇ ਭੇਂਟ ਕਰਦਾ ਹਾਂ।”
ਉਪਰੋਕਤ ਸ਼ਬਦਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸ ਤਰ੍ਹਾਂ ਰਾਮਾਬਾਈ ਨੇ ਮੁਸੀਬਤਾਂ ਦੇ ਦਿਨਾਂ ਵਿੱਚ ਅੰਬੇਡਕਰ ਦਾ ਸਾਥ ਦਿੱਤਾ ਅਤੇ ਬਾਬਾ ਸਾਹਿਬ ਦੇ ਦਿਲ ਵਿੱਚ ਉਨ੍ਹਾਂ ਲਈ ਕਿੰਨਾ ਸਤਿਕਾਰ ਅਤੇ ਪਿਆਰ ਸੀ।
ਡਾ. ਅੰਬੇਡਕਰ ਨੂੰ ਵਾਇਸਰਾਏ ਹਿੰਦ ਦੀ ਕਾਰਜ ਸਾਧਕ ਕੌਂਸਲ ਵਿੱਚ ਸੁਰੱਖਿਆ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। 21 ਜੁਲਾਈ 1942 ਨੂੰ ਹਜ਼ਾਰਾਂ ਲੋਕ ਬਾਬਾ ਸਾਹਿਬ ਨੂੰ ਨਵੀਂ ਦਿੱਲੀ ਰਵਾਨਾ ਕਰਨ ਲਈ ਬੰਬਈ ਦੇ ਸੈਂਟਰਲ ਸਟੇਸ਼ਨ ’ਤੇ ਆਏ ਹੋਏ ਸਨ। ਚਾਰੇ ਪਾਸੇ ‘ਬਾਬਾ ਸਾਹਿਬ ਡਾ. ਅੰਬੇਡਕਰ’ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਸਨ। ਪਰੰਤੂ ਡਾ. ਅੰਬੇਡਕਰ ਚੁੱਪ-ਚਾਪ ਬੈਠੇ ਸਨ। ਸੈਂਕੜਿਆਂ ਦੀ ਤਾਦਾਦ ਵਿੱਚ ਉਹਨਾਂ ਦੇ ਪੈਰੋਕਾਰਾਂ ਨੇ ਉਹਨਾਂ ਦੇ ਗਲੇ ਵਿੱਚ ਹਾਰ ਪਾਏ। ਉਹ ਉਦਾਸ ਸਨ ਤੇ ਸੋਚ ਰਹੇ ਸਨ, “ਕਾਸ਼! ਅੱਜ ਰਾਮਾਬਾਈ ਜ਼ਿੰਦਾ ਹੁੰਦੀ ਤਾਂ ਕਿੰਨਾ ਖੁਸ਼ ਹੁੰਦੀ।” ਡਾ. ਅੰਬੇਡਕਰ ਆਪਣੇ ਵਿਚਾਰਾਂ ਵਿੱਚ ਗੁਮ ਸਨ। ਬਾਹਰ ਉਹਨਾਂ ਦੇ ਨਾਂ ਦੀ ਜੈ ਜੈ ਕਾਰ ਹੋ ਰਹੀ ਸੀ। ਗਾਰਡ ਨੇ ਸੀਟੀ ਬਜਾਈ, ਹਰੀ ਝੰਡੀ ਦਿੱਤੀ ਅਤੇ ਗੱਡੀ ਹੌਲੀ-ਹੌਲੀ ਨਵੀਂ ਦਿੱਲੀ ਵੱਲ ਚਲ ਪਈ। ਡਾ. ਅੰਬੇਡਕਰ ਦੇ ਸਾਹਮਣੇ ਰਾਮਾਬਾਈ ਦਾ ਚਿਹਰਾ ਘੁੰਮ ਰਿਹਾ ਸੀ। ਇੱਕ ਪਾਸੇ ਉਹਨਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਆ ਰਹੇ ਸਨ ਅਤੇ ਦੂਜੇ ਪਾਸੇ ਫਰੰਟੀਅਰ-ਮੇਲ ਪੂਰੀ ਰਫ਼ਤਾਰ ਨਾਲ ਜਾ ਰਹੀ ਸੀ।(ਜਦੋਂ ਸੁੱਖ ਭੋਗਣ ਦਾ ਸਮਾਂ ਆਇਆ ਉਸ ਸਮੇਂ ਰਾਮਾਬਾਈ ਇਸ ਦੁਨੀਆਂ ’ਚ ਨਹੀਂ ਸੀ)
ਡਾ. ਅੰਬੇਡਕਰ ਨੇ 20 ਜਨਵਰੀ 1944 ਨੂੰ ਨਵੀਂ ਦਿੱਲੀ ਵਿਖੇ ਆਪਣੀ ਜੀਵਨ ਸਾਥਣ ਦੀ ਦੁੱਖਾਂ ਭਰੀ ਦਾਸਤਾਨ ਦੱਸਦਿਆਂ ਕਿਹਾ, “ਮੇਰੀ ਰਾਮੂ ਬਹੁਤ ਭੋਲੀ ਸੀ। ਉਸ ਦੇ ਦਿਲ ਵਿੱਚ ਛਲ-ਕਪਟ ਵਾਸਤੇ ਕੋਈ ਜਗ੍ਹਾ ਨਹੀਂ ਸੀ। ਜੇ ਮੈਂ ਕਦੀ ਬੀਮਾਰ ਹੋ ਜਾਂਦਾ ਸੀ ਤਾਂ ਉਹ ਦਿਨ ਰਾਤ ਮੇਰੀ ਸੇਵਾ ਕਰਦੀ ਸੀ। ਉਹ ਸੁਭਾਅ ਦੀ ਜ਼ਿੱਦੀ ਅਤੇ ਆਪਣੀ ਗੱਲ ਤੇ ਅਟੱਲ ਰਹਿਣ ਵਾਲੀ ਸੀ । ਪਰੰਤੂ ਬਹੁਤ ਨਰਮ ਦਿਲ ਵਾਲੀ ਔਰਤ ਸੀ। ਉਸ ਦਾ ਦਿਲ ਸੇਵਾ ਅਤੇ ਤਿਆਗ ਦੀ ਭਾਵਨਾ ਨਾਲ ਭਰਿਆ ਹੋਇਆ ਸੀ। ਮਹਾੜ ਅੰਦੋਲਨ ਤੋਂ ਬਾਅਦ ਮੇਰੇ ਕੋਲ ਲੋਕਾਂ ਦਾ ਆਉਣਾ ਬਹੁਤ ਵੱਧ ਗਿਆ ਸੀ। ਉਹ ਆਏ ਹੋਏ ਸਾਰੇ ਮਹਿਮਾਨਾਂ ਦੀ ਬਹੁਤ ਸੇਵਾ ਅਤੇ ਸਤਿਕਾਰ ਕਰਦੀ ਸੀ। ਦਿਨ ਹੋਵੇ ਜਾਂ ਰਾਤ ਉਹ ਹਰੇਕ ਮਹਿਮਾਨ ਵਾਸਤੇ ਚਾਹ-ਪਾਣੀ ਦਾ ਪ੍ਰਬੰਧ ਕਰਦੀ ਸੀ। ਉਹ ਖਾਣਾ ਪਕਾਉਣ ਵਿੱਚ ਬਹੁਤ ਪ੍ਰਵੀਨ ਸੀ। ਉਹ ਬਹੁਤ ਮਜ਼ੇਦਾਰ ਖਾਣਾ ਪਕਾਇਆ ਕਰਦੀ ਸੀ ਅਤੇ ਸਾਰਿਆਂ ਨੂੰ ਖਵਾ ਦਿੰਦਾ ਸੀ। ਮਹਾੜ ਅੰਦੋਲਨ ਵਿੱਚ ਮੈਨੂੰ ਜਾਨ ਤੋਂ ਮਾਰਨ ਦੀ ਸਾਜ਼ਿਸ਼ ਬਾਰੇ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹ ਬਹੁਤ ਡਰ ਗਈ ਸੀ। ਉਹ ਇੱਕ ਵਾਰ ਨਹੀਂ ਬਲਕਿ ਕਈ ਵਾਰ ਕਿਹਾ ਕਰਦੀ ਸੀ ਕਿ ਉਹ ਵੀ ਮੇਰੇ ਨਾਲ ਬਾਹਰ ਜਾਇਆ ਕਰੇਗੀ। ਇਸ ਤਰ੍ਹਾਂ ਮੇਰੇ ਅੰਗ-ਸੰਗ ਰਹਿਕੇ ਮੇਰੀ ਰੱਖਿਆ ਕਰਿਆ ਕਰੇਗੀ। ਮੈਂ ਉਸ ਨੂੰ ਸਮਝਾ ਦਿੰਦਾ ਕਿ ਬੱਚਿਆਂ ਨੂੰ ਸੰਭਾਲਣ ਅਤੇ ਘਰ ਦੇ ਸਾਰੇ ਪਰਿਵਾਰ ਦੀ ਦੇਖਭਾਲ, ਉਸ ਵਾਸਤੇ ਬਹੁਤ ਜ਼ਿੰਮੇਵਾਰੀ ਹੈ। ਉਹ ਮੇਰੀ ਗੱਲ ’ਤੇ ਰਾਜ਼ੀ ਹੋ ਜਾਂਦੀ ਸੀ । ਉਸ ਦੀ ਨੇਕੀ ਅਤੇ ਮਨ ਦੀ ਪਵਿੱਤਰਤਾ ਨੂੰ ਮੈਂ ਕਦੇ ਵੀ ਭੁਲਾ ਨਹੀਂ ਸਕਦਾ।”
ਰਾਮਾਬਾਈ ਦੀ ਮੌਤ ਤੋਂ ਬਾਅਦ, ਡਾ. ਅੰਬੇਡਕਰ ਨੇ ਆਪਣੇ ਸਮਾਜ ਸੁਧਾਰ ਦੇ ਕੰਮ ਨੂੰ ਹੋਰ ਜ਼ੋਰਦਾਰ ਢੰਗ ਨਾਲ ਅੱਗੇ ਵਧਾਇਆ, ਜਿਸ ਵਿੱਚ ਭਾਰਤੀ ਸੰਵਿਧਾਨ ਦੀ ਰਚਨਾ ਅਤੇ ਦਲਿਤ ਵਰਗ ਦੇ ਉਥਾਨ ਲਈ ਯਤਨ ਸ਼ਾਮਿਲ ਸਨ। ਰਾਮਾਬਾਈ ਦੀ ਮੌਤ ਨੇ ਡਾ. ਅੰਬੇਡਕਰ ਨੂੰ ਭਾਵਨਾਤਮਕ ਅਤੇ ਮਾਨਸਿਕ ਤੌਰ ’ਤੇ ਤੋੜ ਦਿੱਤਾ, ਪਰ ਉਹ ਰਾਮਾਬਾਈ ਦੀਆਂ ਸਿੱਖਿਆਵਾਂ ਅਤੇ ਸਮਰਪਣ ਨੂੰ ਅੱਗੇ ਲੈ ਕੇ ਗਏ। ਉਨ੍ਹਾਂ ਦੇ ਪੈਰੋਕਾਰਾਂ ਵੱਲੋਂ ਸਤਿਕਾਰ ਦੇ ਤੌਰ ’ਤੇ ਅੱਜ ਵੀ ‘ਮਾਤਾ ਰਾਮਾਬਾਈ ਅੰਬੇਡਕਰ’ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ।
ਰਾਮਾਬਾਈ ਅੰਬੇਡਕਰ ਇੱਕ ਅਜਿਹੀ ਔਰਤ ਸਨ ਜਿਨ੍ਹਾਂ ਨੇ ਸਮਾਜਿਕ ਅਤੇ ਆਰਥਿਕ ਰੁਕਾਵਟਾਂ ਦੇ ਬਾਵਜ਼ੂਦ ਆਪਣੇ ਪਤੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਸਾਦਗੀ, ਸਬਰ ਅਤੇ ਸਮਰਪਣ ਨੇ ਭੀਮ ਰਾਓ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਬਣਾਉਣ ਵਿੱਚ ਮੱਦਦ ਕੀਤੀ। ਰਾਮਾਬਾਈ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਪਿਆਰ, ਸਮਰਪਣ ਅਤੇ ਕੁਰਬਾਨੀ ਨਾਲ ਵੱਡੇ ਸੁਪਨੇ ਸਾਕਾਰ ਕੀਤੇ ਜਾ ਸਕਦੇ ਹਨ। ਅੱਜ, ਜਦੋਂ ਅਸੀਂ ਡਾ. ਅੰਬੇਡਕਰ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹਾਂ, ਤਾਂ ਸਾਨੂੰ ਮਾਤਾ ਰਾਮਾਬਾਈ ਦੀਆਂ ਕੁਰਬਾਨੀਆਂ ਅਤੇ ਯੋਗਦਾਨ ਨੂੰ ਵੀ ਨਹੀਂ ਭੁੱਲਣਾ ਚਾਹੀਦਾ, ਜਿਨ੍ਹਾਂ ਦੀ ਦ੍ਰਿੜ੍ਹਤਾ ਅਤੇ ਸਮਰਥਨ ਨੇ ਸਾਨੂੰ ਇੱਕ ਮਹਾਨ ਸਮਾਜ ਸੁਧਾਰਕ ਦਿੱਤਾ।



