ਕਾਬੁਲ, (ਸਮਾਜ ਵੀਕਲੀ): ਤਾਲਿਬਾਨ ਨੇ ਅਮਰੀਕਾ ਤੇ ਹੋਰ ਆਲਮੀ ਤਾਕਤਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਅਫ਼ਗਾਨਿਸਤਾਨ ਵਿਚ ਸਰਕਾਰ ਨੂੰ ਮਾਨਤਾ ਦੇਣ ਵਿਚ ਦੇਰੀ ਨਾ ਕਰਨ। ਚਿਤਾਵਨੀ ਦਿੰਦਿਆਂ ਤਾਲਿਬਾਨ ਨੇ ਕਿਹਾ ਕਿ ਅਜਿਹਾ ਕਰਨ ਵਿਚ ਨਾਕਾਮ ਰਹਿਣ ’ਤੇ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ। ਇਸ ਦੇ ਨਤੀਜੇ ਮੁਲਕ ਹੀ ਨਹੀਂ, ਪਰ ਪੂਰਾ ਸੰਸਾਰ ਭੁਗਤੇਗਾ। ਕਾਬੁਲ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਤਾਲਿਬਾਨ ਦੇ ਮੰਤਰੀ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਇਸ ਖੇਤਰ ਦੀ ਸਮੱਸਿਆ ਪੂਰੇ ਵਿਸ਼ਵ ਦੀ ਸਮੱਸਿਆ ਬਣ ਸਕਦੀ ਹੈ।
ਮੁਜਾਹਿਦ ਨੇ ਕਿਹਾ ਕਿ ਪਿਛਲੀ ਵਾਰ ਜਦ ਅਮਰੀਕਾ ਤੇ ਤਾਲਿਬਾਨ ਭਿੜੇ ਸਨ ਤਾਂ ਉਸ ਦਾ ਕਾਰਨ ਸੀ ਕਿ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਕ ਸਬੰਧ ਨਹੀਂ ਸਨ। ਤਾਲਿਬਾਨ ਦੇ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਮੁੱਦਿਆਂ ਕਰ ਕੇ ਪਹਿਲਾਂ ਜੰਗ ਲੱਗੀ ਸੀ, ਉਨ੍ਹਾਂ ਨੂੰ ਹੁਣ ਸਿਆਸੀ ਸਮਝੌਤੇ ਤੇ ਗੱਲਬਾਤ ਰਾਹੀਂ ਸੁਲਝਾਇਆ ਜਾ ਸਕਦਾ ਹੈ। ਮੁਜਾਹਿਦ ਨੇ ਕਿਹਾ ਕਿ ‘ਮਾਨਤਾ ਲੈਣਾ ਅਫ਼ਗਾਨਿਸਤਾਨ ਦੇ ਲੋਕਾਂ ਦਾ ਹੱਕ ਹੈ।’ ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਹੁੰਦਾ ਤਾਂ ਅਫ਼ਗਾਨਿਸਤਾਨ ਦੀ ਸੰਪਤੀ ਤੇ ਫੰਡ ਜ਼ਬਤ ਹੁੰਦੇ ਰਹਿਣਗੇ। ਇਸੇ ਦੌਰਾਨ ਤਾਲਿਬਾਨ ਦਾ ਸੁਪਰੀਮ ਲੀਡਰ ਮੌਲਵੀ ਹੈਬਾਤੁੱਲ੍ਹਾ ਅਖ਼ੂਨਜ਼ਾਦਾ ਆਪਣੇ ਸਮਰਥਕਾਂ ਨੂੰ ਕੰਧਾਰ ਸੂਬੇ ਵਿਚ ਸੰਬੋਧਨ ਕਰਦਾ ਦੇਖਿਆ ਗਿਆ ਹੈ। ਉਹ ਪਹਿਲੀ ਵਾਰ ਜਨਤਕ ਤੌਰ ’ਤੇ ਸਾਹਮਣੇ ਆਇਆ ਹੈ। ਉਸ ਨੇ ਮਦਰੱਸੇ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਤਾਲਿਬਾਨ ਦੇ ਸੋਸ਼ਲ ਮੀਡੀਆ ਅਕਾਊਂਟਾਂ ਉਤੇ 10 ਮਿੰਟ ਦੀ ਵੀਡੀਓ ਰਿਲੀਜ਼ ਕੀਤੀ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly