(ਸਮਾਜ ਵੀਕਲੀ)
“ਓਏ ਪਾਲਿਆ ਉਹ ਪਾਲਿਆ,
ਦਰਵਾਜ਼ਾ ਖੋਲ੍ਹ ਓਏ।” ਕੋਈ ਕੋਠੀ ਦਾ ਗੇਟ ਵਾਰੀ ਵਾਰੀ ਭੰਨ ਰਿਹਾ ਸੀ। ਨਾਲ਼ੇ ਉੱਚੀ ਉੱਚੀ ਅਵਾਜ਼ਾਂ ਮਾਰ ਰਿਹਾ ਸੀ। ਕੌਣ ਪਾਲਾ ਸਾਡੇ ਤਾਂ ਘਰੇ ਕੋਈ ਪਾਲਾ ਨਹੀਂ ਸੀ। ਇਹ ਪਤਾ ਨਹੀਂ ਕੌਣ ਰੌਲਾ ਪਾਈ ਜਾਂਦਾ ਹੈ।
“ਜੀ ਬਾਹਰ ਜਾਇਓ ਕੇਰਾਂ। ਕੌਣ ਹੈ ਪਿੰਡਾਂ ਵਾਂਗੂ ਗੇਟ ਭੰਨੀ ਜਾਂਦਾ ਹੈ।” ਰਸੋਈ ਚੋਂ ਮੇਰੇ ਨਾਲਦੀ ਨੇ ਆਵਾਜ਼ ਮਾਰੀ। ਗੁੱਸਾ ਤਾਂ ਮੈਨੂੰ ਵੀ ਬਹੁਤ ਆਇਆ। ਪਰ ਮੈਨੂੰ ਸੀ ਕਿ ਉਸ ਆਪੇ ਚਾਰ ਤੱਤੀਆਂ ਠੰਡੀਆਂ ਸੁਣਾਕੇ ਉਸਨੂੰ ਭਜਾ ਦੇਵੇਗੀ। ਪਰ ਹੁਣ ਤੇ ਮੈਨੂੰ ਜਾਣਾ ਹੀ ਪੈਣਾ ਸੀ। ਮੈਨੂੰ ਗੁੱਸਾ ਇਹ ਸੀ ਕਿ ਜਦੋਂ ਬਾਹਰ ਡੋਰ ਬੈੱਲ ਲੱਗੀ ਹੈ। ਇਹ ਕਿਹੜਾ ਹੋਇਆ ਜਿਹੜਾ ਅਵਾਜ਼ਾਂ ਹੀ ਮਾਰੀ ਜਾਂਦਾ ਹੈ। ਗੇਟ ਤੇ ਮੋਟੇ ਅੱਖਰਾਂ ਵਿੱਚ ਹਰਗੋਪਾਲ ਸਿੰਘ ਸੇਵਾਮੁਕਤ ਪ੍ਰਿੰਸੀਪਲ ਪੰਜਾਬੀ ਵਿੱਚ ਲਿਖਿਆ ਹੋਇਆ ਹੈ। ਇਹਨੂੰ ਦਿਸਦਾ ਨਹੀਂ ਕਿ ਇੱਥੇ ਕੋਈ ਪਾਲਾ ਨਹੀਂ ਰਹਿੰਦਾ।”ਹੋਰ ਵੀ ਪਾਲਿਆ ਪਹਿਚਾਣਿਆ ਮੈਨੂੰ?” ਮੈਨੂੰ ਜੱਫੀ ਪਾਉਂਦੇ ਹੋਏ ਦਰਵਾਜ਼ਾ ਖੜਕਾਉਣ ਵਾਲੇ ਨੇ ਪੁੱਛਿਆ। ਦਿਮਾਗ ਤੇ ਜ਼ੋਰ ਪਾਉਣ ਤੇ ਅਤੇ ਉਸਦੇ ਬੁੱਲ੍ਹ ਫੜਕਾਉਣ ਦੇ ਅੰਦਾਜ਼ ਤੋਂ ਯਾਦ ਆਇਆ ਕਿ ਇਹ ਤਾਂ ਮੇਰੇ ਨਾਲ ਛੇਵੀਂ ਸੱਤਵੀਂ ਚ ਪੜ੍ਹਦਾ ਚੱਕੀ ਵਾਲਿਆਂ ਦਾ ਜੀਤਾ ਹੈ। ਉਸ ਦਾ ਪੂਰਾ ਨਾਮ ਬਲਜੀਤ ਸਿੰਘ ਸੀ। ਪਰਵਾਰਿਕ ਤੰਗੀਆਂ ਤੁਰਸ਼ੀਆਂ ਕਰਕੇ ਉਹ ਪੜ੍ਹਾਈ ਅਧਵੱਟੇ ਹੀ ਛੱਡ ਗਿਆ ਸੀ। ਫਿਰ ਸਾਡਾ ਕਦੇ ਮੇਲ਼ ਨਾ ਹੋਇਆ। ਊਂ ਪਤਾ ਚੱਲਦਾ ਰਹਿੰਦਾ ਸੀ ਕਿ ਉਸਨੇ ਕਈ ਕੰਮ ਧੰਦੇ ਬਦਲੇ ਪਰ ਘਰ ਦੇ ਹਾਲਾਤਾਂ ਚ ਕੋਈ ਫਰਕ ਨਾ ਪਿਆ।”ਜੀਤਿਆ ਤੂੰ। ਅੱਜ ਕਿਵੇਂ ਰਸਤਾ ਭੁੱਲ ਗਿਆ।” ਚਾਹੇ ਮੈਂ ਵੀ ਉਸਨੂੰ ਜੱਫੀ ਪਾ ਲਈ ਪ੍ਰੰਤੂ ਮੇਰੀ ਪਾਈ ਜੱਫੀ ਚ ਉਹ ਨਿੱਘ ਨਹੀਂ ਸੀ। ਉਸਨੇ ਦੱਸਿਆ ਕਿ ਅੱਜ ਕੱਲ੍ਹ ਉਹ ਰੀਅਲ ਐਸਟੇਟ ਦਾ ਕੰਮ ਕਰਦਾ ਹੈ ਤੇ ਉਸਨੇ ਪਿੰਡ ਹੀ ਕੋਠੀ ਪਾਈ ਹੈ। ਮੈਂ ਉਸਨੂੰ ਗੇਟ ਤੇ ਲੱਗੀ ਡੋਰ ਬੈੱਲ ਬਾਰੇ ਦੱਸਣ ਲੱਗਿਆ। ਨਾਲੇ ਮੈਂ ਉਸਨੂੰ ਗੱਲਾਂ ਗੱਲਾਂ ਚ ਦੱਸਿਆ ਕਿ ਪਾਲੇ ਦੇ ਨਾਮ ਤੇ ਇੱਥੇ ਮੈਨੂੰ ਕੋਈ ਨਹੀਂ ਜਾਣਦਾ। ਬਹੁਤੇ ਲੋਕ ਪ੍ਰਿੰਸੀਪਲ ਸਾਹਿਬ ਜਾਂ ਹਰਗੋਪਾਲ ਸਿੰਘ ਕਰਕੇ ਜਾਣਦੇ ਹਨ। “ਓਏ ਉਹ ਤਾਂ ਮੈਨੂੰ ਪਤਾ ਹੈ।ਆਹ ਤੇਰੀ ਘੰਟੀ ਜਿਹੀ ਵੀ ਮੈਂ ਵੇਖ ਲਈ ਸੀ। ਮੈਂ ਤਾਂ ਤੇਰੇ ਘਰ ਆਕੇ ਪੰਜਾਹ ਸੱਠ ਸਾਲ ਪੁਰਾਣਾ ਸਮਾਂ ਯਾਦ ਕਰਨ ਲਈ ਤੈਨੂੰ ਵਾਜਾਂ ਮਾਰੀਆਂ ਸੀ ਤੇ ਗੇਟ ਭੰਨਿਆ ਸੀ ਜਿਵੇਂ ਆਪਾਂ ਨਿੱਕੇ ਹੁੰਦੇ ਭੰਨਦੇ ਹੁੰਦੇ ਸੀ।” ਉਸਨੇ ਬੇਪਰਵਾਹੀ ਜਿਹੀ ਨਾਲ ਕਿਹਾ ਤੇ ਮੈਨੂੰ ਹੋਰ ਜੋਰ ਦੀ ਘੁੱਟ ਲਿਆ। ਉਸ ਦਾ ਤਰਕ ਸੁਣਕੇ ਮੈਨੂੰ ਮੇਰੀ ਪ੍ਰਿੰਸੀਪਲੀ ਉਸ ਅੱਗੇ ਬੌਣੀ ਹੁੰਦੀ ਜਾਪੀ।
ਰਮੇਸ਼ ਸੇਠੀ ਬਾਦਲ
9876627233
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



