(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਵਿੱਚ ਸਿਆਸੀ ਆਗੂਆਂ ਤੇ ਪੁਲਿਸ ਵਿਚਲੇ ਕੁਝ ਗਲਤ ਸੋਚ ਵਾਲੇ ਮੁਲਾਜ਼ਮਾਂ ਦੇ ਗਠਜੋੜ ਨਾਲ ਨਸ਼ਿਆਂ ਦਾ ਕਾਰੋਬਾਰ ਚੱਲਿਆ ਜਿਸ ਨੇ ਸਮੁੱਚੇ ਪੰਜਾਬ ਨੂੰ ਹੀ ਆਪਣੀ ਲਪੇਟ ਵਿੱਚ ਲੈ ਲਿਆ ਤੇ ਨਸ਼ੇ ਦੇ ਨਾਲ ਨੌਜਵਾਨੀ ਮਰਨ ਲੱਗੀ। ਇਸ ਵੇਲੇ ਪੰਜਾਬ ਸਰਕਾਰ ਤਿੰਨ ਸਾਲ ਦਾ ਸਮਾਂ ਪੂਰੀ ਕਰ ਚੁੱਕੀ ਹੈ ਪਰ ਨਸ਼ਿਆਂ ਦੇ ਮਾਮਲੇ ਵਿੱਚ ਫੇਲ੍ਹ ਸਾਬਤ ਹੋਈ ਹੁਣ ਇਕ ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਕੇ ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਇਸ ਯੁੱਧ ਵਿੱਚ ਅਨੇਕਾਂ ਨਸ਼ਾ ਤਸਕਰ ਕਾਬੂ ਕੀਤੇ ਨਸ਼ਾ ਫੜਿਆ ਗਿਆ ਇਥੋਂ ਤੱਕ ਕਿ ਕਈਆਂ ਦੇ ਘਰ ਵੀ ਢਾਹੇ ਗਏ। ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨੀਆਂ ਗੱਲਾਂ ਬਾਤਾਂ ਸਰਕਾਰੀ ਸਟੇਜ ਦੇ ਉੱਤੇ ਕੀਤੀਆਂ ਤੇ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਤੇ ਹੋਰ ਪ੍ਰੋਗਰਾਮ ਵੀ ਸ਼ੁਰੂ ਕੀਤੇ ਅਸੀਂ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਨਾਲ ਹਾਂ ਤੇ ਇਸ ਦੀ ਸਰਾਹਨਾ ਕਰਦੇ ਹਾਂ। ਇੰਨੀ ਸਖਤਾਈ ਦੇ ਬਾਵਜੂਦ ਵੀ ਪੰਜਾਬ ਦੇ ਅਨੇਕਾਂ ਇਲਾਕਿਆਂ ਵਿੱਚ ਨਸ਼ਾ ਵਿਕਣਾ ਇਸ ਯੁੱਧ ਦੇ ਵਿਰੁੱਧ ਕਈ ਸਵਾਲ ਖੜੇ ਕਰਦਾ ਹੈ ਪਹਿਲਾਂ ਜਿਹੜਾ ਨਸ਼ਾ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਵਿਕ ਰਿਹਾ ਸੀ ਉਹ ਹੁਣ ਹਟਣਾ ਇਨਾ ਸੌਖਾ ਨਹੀਂ ਜਾਪਦਾ। ਚਲੋ, ਫਿਰ ਵੀ ਜੇਕਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਯਤਨ ਕਰਦੀ ਹੈ ਤਾਂ ਵਧੀਆ ਕਦਮ ਕਿਹਾ ਜਾ ਸਕਦਾ ਹੈ ਪਰ ਜੋ ਅਗਲਾ ਸਵਾਲ ਹੈ ਉਹ ਸਭ ਦੇ ਸਾਹਮਣੇ ਹੀ ਹੈ ਕਿ ਇੱਕ ਪਾਸੇ ਤਾਂ ਪੰਜਾਬ ਪੁਲਿਸ ਨੇ ਬਹੁਤ ਸਖਤਾਈ ਕੀਤੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਨਸ਼ੇ ਸਬੰਧੀ ਮੀਟਿੰਗਾਂ ਕਰ ਰਹੇ ਹਨ ਤੇ ਫਿਰ ਵੀ ਪੰਜਾਬ ਦੇ ਅਨੇਕਾਂ ਇਲਾਕਿਆਂ ਦੇ ਵਿੱਚੋਂ ਨਸ਼ੇ ਦੀ ਓਵਰਡੋਜ ਨਾਲ ਕਿਸੇ ਨਾ ਕਿਸੇ ਨੌਜਵਾਨ ਦੇ ਮਰਨ ਦੀ ਖਬਰ ਆਉਂਦੀ ਹੈ ਇਸ ਤੋਂ ਸਿੱਧ ਹੁੰਦਾ ਹੈ ਕਿ ਨਸ਼ਾ ਹਾਲੇ ਚੱਲ ਹੀ ਰਿਹਾ ਹੈ। ਇਸ ਖਬਰ ਦੇ ਨਾਲ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਅੱਜ ਦੀ ਬਿਲਕੁਲ ਤਾਜ਼ੀ ਹੈ ਬਟਾਲਾ ਇਲਾਕੇ ਦੇ ਇੱਕ ਪਿੰਡ ਦੇ ਵਿੱਚ ਚਾਰ ਪੰਜ ਮੁੰਡੇ ਇਕੱਠੇ ਹੋ ਕੇ ਟੀਕਾ ਲਗਾਉਂਦੇ ਹਨ ਤੇ ਇੱਕ ਨੌਜਵਾਨ ਦੀ ਓਵਰਡੋਜ ਦੇ ਨਾਲ ਮੌਤ ਹੋ ਜਾਂਦੀ ਹੈ। ਇਹ ਦ੍ਰਿਸ਼ ਤੁਹਾਡੇ ਸਾਹਮਣੇ ਹੈ ਦੇਖੋ ਤੁਸੀਂ ਪੰਜਾਬ ਸਰਕਾਰ ਨੇ ਸੇਵਾ ਕੇਂਦਰ ਜੋ ਬਣਾਏ ਸਾਨੂੰ ਲੋਕਾਂ ਦੀ ਸੇਵਾ ਸਹੂਲਤ ਲਈ ਬਣਾਏ ਸਨ ਤੇ ਇਹ ਨੌਜਵਾਨ ਇਸ ਵੇਲੇ ਸੇਵਾ ਕੇਂਦਰ ਦੇ ਵਿਹੜੇ ਵਿੱਚ ਨਸ਼ੇ ਦੇ ਨਾਲ ਮਰਿਆ ਪਿਆ ਹੈ ਸਭ ਤੋਂ ਵੱਡੀ ਗੱਲ ਕਿ ਆਹ ਨਾਲ ਇਸ ਦੇ ਮਾਪੇ ਹਨ। ਮਾਂ ਮਰੇ ਹੋਏ ਪੁੱਤ ਨੂੰ ਆਪਣੀ ਗੋਦੀ ਦੇ ਵਿੱਚ ਕਿਹੜੇ ਜਿਗਰੇ ਨਾਲ ਲੈ ਕੇ ਬੈਠੀ ਹੋਵੇਗੀ ਤੇ ਅੱਗੋਂ ਅਭਾਗਾ ਬਾਪ ਰੋਣ ਤੋਂ ਸਿਵਾ ਕੁਝ ਵੀ ਨਹੀਂ ਕਰ ਰਿਹਾ ਨਾ ਕਰ ਸਕਦਾ। ਲੋਕ ਇਕੱਤਰ ਹੋਏ ਹਨ ਸਾਰੇ ਸਰਕਾਰਾਂ ਨੂੰ ਹੀ ਬੁਰਾ ਭਲਾ ਕਹਿ ਰਹੇ ਹਨ ਹੁਣ ਤੁਸੀਂ ਆਪ ਦੇਖ ਲਵੋ ਕਿ ਪੰਜਾਬ ਵਿੱਚ ਨਸ਼ੇ ਵਿਰੁੱਧ ਯੁੱਧ ਦੇ ਬਾਵਜੂਦ ਵੀ ਨਸ਼ਾ ਮਿਲ ਰਿਹਾ ਹੈ ਗੱਲ ਮਿਲਣ ਤੱਕ ਹੀ ਸੀਮਤ ਨਹੀਂ ਨਸ਼ੇ ਦੀ ਓਵਰਡੋਜ਼ ਦੇ ਨਾਲ ਨੌਜਵਾਨ ਵੀ ਮਰ ਰਹੇ ਹਨ ਕੋਈ ਦਰਦੀ ਦਿਸਦਾ ਨਾ ਕਿਹਨੂੰ ਦਿਲ ਦਾ ਹਾਲ ਸੁਣਾਈਏ…!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


