ਕੰਧ ਸਰਹਿੰਦ ਦੀ

(ਸਮਾਜ ਵੀਕਲੀ)

ਲੋਕੋ ਮੈਂ ਬੋਲਦੀ ਕੰਧ ਸਰਹਿੰਦ ਦੀ।
ਮੈਨੂੰ ਕਹਿਣ ਕਾਤਿਲ ਲਾਲਾਂ ਦੀ ਜਿੰਦ ਦੀ ।
ਬੜੇ ਹੀ ਲਾਡ ਲਡਾਏ ਮੈਂ ਰੂਹਾਂ ਦੇ ਸੱਚਿਆਂ ਨੂੰ।
ਮਾਂ ਦੀ ਬੁੱਕਲ ਜਿੰਨਾਂ ਮੈਂ ਨਿੱਘ ਦਿੱਤਾ ਬੱਚਿਆਂ ਨੂੰ।

ਹੋਰ ਦੀ ਕੁੱਖੋਂ ਜਨਮੇ ਸੀ ਓਹ ਦਮ ਤੋੜਿਆ ਮੇਰੀ ਕੁੱਖ ਵਿਚ।
ਅੱਜ ਤੱਕ ਲਾਹਣਤਾਂ ਖੱਟਦੀ ਆਈ ਖੜੀ ਖੜੋਤੀ ਏਸੇ ਦੁੱਖ ਵਿੱਚ।
ਸਰਦ ਹਵਾਵਾਂ ਤੋਂ ਢਕਿਆਂ ਮੈਂ ਉਮਰਾਂ ਦੇ ਕੱਚਿਆਂ ਨੂੰ।
ਮਾਂ ਦੀ ਬੁੱਕਲ ਜਿੰਨਾਂ ਮੈਂ ਨਿੱਘ ਦਿੱਤਾ ਬੱਚਿਆਂ ਨੂੰ।

ਜਿਉਂ ਜਿਉਂ ਹੋਈ ਉਸਾਰੀ ਮੇਰੀ ਸਿੱਖੀ ਦਾ ਕੱਦ ਵੱਧਦਾ ਗਿਆ।
ਸਿੱਖੀ ਸਿਦਕ ਤੇ ਅਣਖ ਦਾ ਸੂਰਜ ਮੇਰੇ ਅੰਦਰੋਂ ਜਗਦਾ ਗਿਆ।
ਕਿੰਝ ਬਚਾਉਂਦੀ ਮਜ਼ਹਬਾਂ ਦੀ ਮੈਂ ਅੱਗ ਵਿੱਚ ਮੱਚਿਆਂ ਨੂੰ।
ਮਾਂ ਦੀ ਬੁੱਕਲ ਜਿੰਨਾਂ ਮੈਂ ਨਿੱਘ ਦਿੱਤਾ ਬੱਚਿਆਂ ਨੂੰ।

ਇਹ ਜ਼ੁਲਮਾਂ ਨੂੰ ਵੇਖਕੇ ਲੋਕੋ ਮੈਂ ਢੇਰੀ ਹੋਈ ਸਾਂ।
ਦੀਪ ਸੈਂਪਲਿਆ ਮੈਂ ਵੀ ਭੁੱਬਾਂ ਮਾਰ ਮਾਰਕੇ ਰੋਈ ਸਾਂ।
ਰੋਕ ਸਕੀ ਨਾ ਸੂਬੇ ਦੇ ਮੈਂ ਦਿੱਤੇ ਧੱਕਿਆਂ ਨੂੰ।
ਮਾਂ ਦੀ ਬੁੱਕਲ ਜਿੰਨਾਂ ਮੈਂ ਨਿੱਘ ਦਿੱਤਾ ਬੱਚਿਆਂ ਨੂੰ।

ਕੱਲੀ ਕੱਲੀ ਇੱਟ ਮੇਰੀ ਇਤਿਹਾਸ ਸੰਭਾਲੀ ਬੈਠੀ ਐ।
ਫਤਿਹ ਸਿੰਘ ਦੀ ਚੱਪਣੀ ਦਾ ਵੀ ਮਾਸ ਸੰਭਾਲੀ ਬੈਠੀ ਐ।
ਵੱਖ ਕਿਵੇਂ ਕਰ ਦਿੰਦੀ ਮੈਂ ਅਪਣੇ ਵਿਚ ਰੱਚਿਆਂ ਨੂੰ।
ਮਾਂ ਦੀ ਬੁੱਕਲ ਜਿੰਨਾਂ ਮੈਂ ਨਿੱਘ ਦਿੱਤਾ ਬੱਚਿਆਂ ਨੂੰ।

ਲੇਖਕ ਦੀਪ ਸੈਂਪਲਾਂ।
ਸ੍ਰੀ ਫ਼ਤਹਿਗੜ੍ਹ ਸਾਹਿਬ ।
6283087924

Previous articleਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਵਲੋਂ ਅਗਾਮੀ ਸੀਜ਼ਨ ਨੂੰ ਲੈ ਕੇ ਤਿਆਰੀਆਂ ਮੁਕੰਮਲ
Next articleਏਹੁ ਹਮਾਰਾ ਜੀਵਣਾ ਹੈ -161