ਰੂਪਨਗਰ (ਸਮਾਜ ਵੀਕਲੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੇਅਦਬੀ ਮਾਮਲਿਆਂ ਲਈ ਨਿਆਂ ਦੀ ਉਡੀਕ ਕਰ ਰਹੇ ਪੰਜਾਬੀਆਂ ਦੀ ਆਵਾਜ਼ ਉੱਚੀ ਆਵਾਜ਼ ਵਿੱਚ ਡੀਜੇ ਉੱਤੇ ਗੁਰਬਾਣੀ ਲਗਾਉਣ ਦੇ ਹੁਕਮ ਦੇ ਕੇ ਦਬਾ ਨਹੀਂ ਸਕਦੇ ਤੇ ਇਹ ਆਪਣੇ ਆਪ ਵਿੱਚ ਬੇਅਦਬੀ ਹੈ। ਉਹ ਰੂਪਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰ ਇੱਕ ਦੀ ਗੱਲ ਸੁਣਨ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਨਾ ਸਿਰਫ ਲੋਕਾਂ ਦੀ ਗੱਲ ਸੁਣਨ ਤੋਂ ਭੱਜ ਰਹੇ ਹਨ ਬਲਕਿ ਸਰਕਾਰੀ ਮਸ਼ੀਨਰੀ ਨਾਲ ਉਨ੍ਹਾਂ ਦੀ ਆਵਾਜ਼ ਦਬਾਉਣ ਦਾ ਵੀ ਯਤਨ ਕਰਨ ਲੱਗ ਪਏ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜ਼ ਦਬਾਉਣ ਲਈ ਅਜਿਹੀ ਘਟੀਆ ਤਰਕੀਬ ਵਰਤਣ ਕਾਰਨ ਪੰਜਾਬ ਦੇ ਲੋਕ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੈਬਨਿਟ ਮੀਟਿੰਗ ਵਿੱਚ ਗੁਰਜੀਤ ਸਿੰਘ ਰਾਣਾ ਵੱਲੋਂ ਗ੍ਰਹਿ ਮੰਤਰੀ ਤੇ ਲਾਏ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਦੋਸ਼ਾਂ ਦੀ ਜਾਂਚ ਕਰਾਉਣ ਤੋਂ ਵੀ ਮੁੱਖ ਮੰਤਰੀ ਭੱਜ ਰਹੇ ਹਨ। ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਤੇ ਆਪ ਦੇ ਵਿਧਾਇਕਾਂ ਨੇ ਰੋਪੜ ਦੇ ਲੋਕਾਂ ਵਾਸਤੇ ਕੱਖ ਨਹੀਂ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਹਰਮੋਹਨ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਸੁਖਿੰਦਰਪਾਲ ਸਿੰਘ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly