ਉਪ-ਕੁਲਪਤੀ ਨੇ ਕੀਤੀ ਅਫ਼ਗਾਨ ਵਿਦਿਆਰਥੀਆਂ ਨਾਲ ਮੁਲਾਕਾਤ

ਪਟਿਆਲਾ (ਸਮਾਜ ਵੀਕਲੀ):  ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਇੱਥੇ ਪੜ੍ਹ ਰਹੇ ਅਫਗਾਨਿਸਤਾਨ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਬਾਰੇ ਨਿੱਜੀ ਤੌਰ ’ਤੇ ਜਾਣਕਾਰੀ ਪ੍ਰਾਪਤ ਕੀਤੀ ਗਈ। ਚਿੰਤਤ ਅਫਗਾਨੀ ਵਿਦਿਆਰਥੀਆਂ ਨੂੰ ਵਾਈਸ ਚਾਂਸਲਰ ਨੇ ਭਰੋਸਾ ਦਿਵਾਇਆ ਕਿ ਪੰਜਾਬੀ ਯੂਨੀਵਰਸਿਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ। ਦੱਸਣਯੋਗ ਹੈ ਕਿ ਅਫਗਾਨ ਮੂਲ ਦੇ 40 ਦੇ ਕਰੀਬ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਗਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸ ਕਰ ਰਹੇ ਹਨ।

ਇਨ੍ਹਾਂ ਵਿਚੋਂ ਵਧੇਰੇ ਵਿਦਿਆਰਥੀ ਆਪਣੀਆਂ ਆਨਲਾਈਨ ਜਮਾਤਾਂ ਦੇ ਚਲਦਿਆਂ ਅਤੇ ਸਮੈਸਟਰ ਬਰੇਕ ਹੋਣ ਕਾਰਨ ਆਪਣੇ ਘਰਾਂ ਨੂੰ ਪਰਤ ਗਏ ਸਨ। ਅਜਿਹੇ ਮਗਰੋਂ ਕਰੀਬ ਡੇਢ ਦਰਜਨ ਪੰਜਾਬੀ ਯੂਨੀਵਰਸਿਟੀ ’ਚ ਰਹਿੰਦੇ ਵਿਦਿਆਰਥੀਆਂ ਨੂੰ ਅਫਗਾਨਿਸਤਾਨ ਦੇ ਸੰਕਟਮਈ ਹਾਲਾਤ ਨੂੰ ਲੈ ਕੇ ਆਪਣੇ ਘਰ ਪਰਿਵਾਰ ਦੀ ਸੁਰੱਖਿਆ ਅਤੇ ਆਪਣੇ ਅਕਾਦਮਿਕ ਭਵਿੱਖ ਨੂੰ ਲੈ ਕੇ ਡੂੰਘੀ ਚਿੰਤਾ ਸਤਾ ਰਹੀ ਹੈ। ਉਨ੍ਹਾਂ ਦੀ ਅਜਿਹੀ ਚਿੰਤਾ ਨੂੰ ਭਾਂਪਦਿਆਂ ਵਾਈਸ ਚਾਂਸਲਰ ਡਾ. ਅਰਵਿੰਦ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਸਭ ਵਿਦਿਆਰਥੀਆਂ ਲਈ ਇੱਥੋਂ ਦੇ ਮਾਹੌਲ ਨੂੰ ਹੋਰ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਡੀਨ ਅੰਤਰਰਾਸ਼ਟਰੀ ਵਿਦਿਆਰਥੀ ਮਾਮਲੇ ਡਾ. ਰਣਜੀਤ ਕੌਰ ਵੱਲੋਂ ਸਮੂਹ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਕਾਇਮ ਰੱਖਣ ਲਈ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਗਿਆ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਟਵਾਰ ਯੂਨੀਅਨ ਵੱਲੋਂ ਮੰਗਾਂ ਦੇ ਹੱਕ ਵਿੱਚ ਧਰਨਾ
Next articleਮੁਲਾਜ਼ਮਾਂ ਨੇ ਜੇਲ੍ਹ ਰੋਡ ’ਤੇ ਆਵਾਜਾਈ ਵੀ ਰੋਕੀ