(ਸਮਾਜ ਵੀਕਲੀ)
ਹਾਸਿਆਂ ਦਾ ਮੁੱਲ ਬਹੁਤ ਹੈ ਮਹਿੰਗਾ,
ਸੱਜਣਾਂ ਮੈਥੋਂ ਤਾਰ ਨੀਂ ਹੋਣਾ।
ਮੈਨੂੰ ਮੇਰੇ ਗਮ ਮੁਬਾਰਕ,
ਇਹਨਾਂ ਬਿਨਾਂ ਮੈਥੋਂ ਸਾਰ ਨੀਂ ਹੋਣਾ।
ਹਾਸਿਆਂ ਦਾ ਮੁੱਲ…..
ਠੂਠਾ ਲੈ ਕੇ ਮੰਗੀਆਂ ਮੁਰਾਦਾਂ,
ਝੋਲ਼ੀ ਪਈਆਂ ਨਿਆਮਤਾਂ।
ਅੱਖ ਝਪਕਦੇ ਮੁੱਕ ਗਈਆਂ ਖੁਸ਼ੀਆਂ,
ਡਿੱਗੀਆਂ ਫ਼ੇਰ ਕਿਆਮਤਾਂ।
ਹੰਝੂਆਂ ਦਾ ਪਾਣੀ ਲਾ ਕੇ ਸਿੰਜੇ,
ਸੁਪਨਿਆਂ ਨੂੰ ਮੈਥੋਂ ਮਾਰ ਨੀਂ ਹੋਣਾ।
ਹਾਸਿਆਂ ਦਾ ਮੁੱਲ….
ਚੱਲ ਜਿੰਦੇ ਤੂੰ ਕੱਲੀ ਚੰਗੀ,
ਹੁਣ ਨਾਂ ਮੰਗੀ ਸਹਾਰੇ।
ਤੇਰੀ ਜਿੱਦ ਦੇ ਕਰਕੇ ਪਹਿਲੋਂ ਹੀ,
ਮਰ ਗਏ ਸਾਡੇ ਚਾਅ ਕੁਆਰੇ।
ਬੰਨ ਲੈ ਸਬਰ ਦਾ ਬੰਨ੍ਹ ਹੁਣ,
ਨਹੀਂ ਦਰਦ ਸਮੁੰਦਰ ਪਾਰ ਨੀਂ ਹੋਣਾ।
ਹਾਸਿਆਂ ਦਾ ਮੁੱਲ……
ਬਾਲ਼ ਕੇ ਦੀਵੇ ਜੋਤ ਜਗਾ ਲੈ,
ਅੰਦਰ ਥੋੜਾ ਚਾਨਣ ਕਰ ਲੈ।
ਵੰਡ ਦੇ ਵਾਧੂ ਕੋਲ਼ ਜੋ ਬਚਿਆ,
ਆਪਣੇ ਆਪ ਨੂੰ ਦਾਨਣ ਕਰ ਲੈ।
ਪਾ ਕੇ ਗੂੜ੍ਹੀਆਂ ਇਸ਼ਕ ਪ੍ਰੀਤਾਂ,
ਆਪਾ ‘ਧੀਮਾਨ’ ਤੋਂ ਵਾਰ ਨੀਂ ਹੋਣਾ।
ਹਾਸਿਆਂ ਦਾ ਮੁੱਲ ਬਹੁਤ ਹੈ ਮਹਿੰਗਾ,
ਸੱਜਣਾਂ ਮੈਥੋਂ ਤਾਰ ਨੀਂ ਹੋਣਾ।
ਮੈਨੂੰ ਮੇਰੇ ਗਮ ਮੁਬਾਰਕ,
ਇਹਨਾਂ ਬਿਨਾਂ ਮੈਥੋਂ ਸਾਰ ਨੀਂ ਹੋਣਾ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly