(ਸਮਾਜ ਵੀਕਲੀ)
ਸਾਕਾਰਾਤਮਕ ਪੱਖ ਤੋਂ ਨਿਵੇਕਲਾ ਕਰਦੇ ਰਹਿਣਾ, ਦੂਜਿਆਂ ਦੇ ਮਨਾਂ ਨੂੰ ਅਸੀਮ ਖੁਸ਼ੀਆਂ ਵੰਡਣ ਦੀ ਚੇਸ਼ਟਾ ਰੱਖਣਾ, ਸਰਬੱਤ ਦੇ ਭਲੇ ਲਈ ਸਿਰਜਣ ਹਾਰ ਅੱਗੇ ਝੁਕਣਾ ਆਦਿ ਪ੍ਰਸੰਨ ਲੋਕਾਂ ਦੀ ਸ਼ਖ਼ਸੀਅਤ ਦੇ ਗੁਣ ਹੁੰਦੇ ਹਨ । ਅਜਿਹੇ ਲੋਕ ਆਪਣੇ ਅੰਤਰੀਵੀ ਤਣਾਅ ਤੋਂ ਮੁਕਤ ਹੋਣ ਜਾਂ ਨਾ ਹੋਣ ਪਰ ਉਹ ਲੁਕਾਈ ਵਾਸਤੇ ਖੁਸ਼ੀਆਂ ਦਾ ਖ਼ਜ਼ਾਨਾ ਜ਼ਰੂਰ ਹੋ ਨਿਬੜਦੇ ਹਨ ।ਅਜਿਹੀਆਂ ਰੂਹਾਂ ਨੂੰ ਮਿਲਣ ਦੀ ਤਾਂਘ ਬਾਰ ਬਾਰ ਮਨ ਵਿੱਚ ਪਨਪਦੀ ਹੈ ।ਇਨ੍ਹਾਂ ਦੇ ਸੰਗ ਤਾਂ ਇਹ ਭੂਮੀ ਵੀ ਦੇਵ ਭੂਮੀ ਜਾਪਣ ਲੱਗਦੀ ਹੈ ।ਪ੍ਰਸੰਨ ਰੂਹਾਂ ਦੇ ਅਜਿਹੇ ਮਨੁੱਖੀ ਮੁਜੱਸਮੇ ਸੰਸਾਰਿਕ ਪਦਾਰਥਾਂ ਦੇ ਲੋਭ ਤੋਂ ਅਭਿੱਜ ਹੁੰਦੇ ਹਨ।
ਉਹ ਵਸਤਾਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਦਾ ਸੀਮਤ ਸਾਧਨ ਮੰਨਦੇ ਹਨ ਨਾ ਕਿ ਮਾਇਆ ਦੇ ਮੱਕੜ ਜਾਲ ਵਿੱਚ ਆਪਣੇ ਆਪ ਨੂੰ ਕੈਦ ਕਰਦੇ ਹਨ। ਅਜਿਹੇ ਲੋਕਾਂ ਦੀ ਚਿੰਤਕ ਸੋਚ ਸਾਡੇ ਵਾਸਤੇ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ। ਸੰਸਾਰਕ ਪਦਾਰਥਾਂ ਦੀ ਅਸਲ ਪਰਿਭਾਸ਼ਾ ਅਜਿਹੇ ਲੋਕ ਦੱਸਦੇ ਹਨ ਤਾਂ ਪਦਾਰਥਵਾਦ ਵਿੱਚ ਲਬਰੇਜ਼ ਮਨੁੱਖ ਦੀ ਤ੍ਰਾਸਦੀ ਦਾ ਅਸਲ ਚਿੱਤਰ ਮਨ ਮਸਤਕ ਵਿਚ ਉਘੜਦਾ ਹੈ। ਅਜਿਹੇ ਦੌਰ ਵਿੱਚ ਅਸੀਂ ਆਪਣੇ ਸਰੀਰਕ ਮਾਨਸਿਕ ਅਤੇ ਅਧਿਆਤਮਕ ਸਕੂਨ ਲਈ ਦਰ ਦਰ ਭਟਕਦੇ ਹਾਂ, ਫੇਰ ਵੀ ਉਦਾਸ ਅਤੇ ਨਿਰਾਸ਼ ਹਾਂ।
ਜਦ ਕੇ ਪ੍ਰਸੰਨ ਵਿਅਕਤੀ ਜਾਂ ਰੂਹਾਂ ਇਨ੍ਹਾਂ ਤੋਂ ਨਿਰਲੇਪ ਹੁੰਦਿਆਂ ਹੋਇਆਂ ਵੀ ਦੂਜਿਆਂ ਵਾਸਤੇ ਖੁਸ਼ੀਆਂ ਦਾ ਖ਼ਜ਼ਾਨਾ ਹੋ ਨਿੱਬੜਦੇ ਹਨ । ਉਨ੍ਹਾਂ ਦੀ ਸ਼ਖ਼ਸੀਅਤ ਦਾ ਪਹਿਲੂ “ਪ੍ਰਸੰਨਤਾ” ਹੀ ਬਾਕੀ ਸੰਸਾਰ ਨਾਲੋਂ ਉਨ੍ਹਾਂ ਨੂੰ ਨਿਖੇੜਦਾ ਹੈ। ਅਜਿਹੇ ਮਨੁੱਖਾਂ ਨਾਲ ਗੁਜ਼ਾਰੇ ਸਾਧਾਰਨ ਪਲ ਵੀ ਸੁਨਹਿਰੀ ਲੱਗਦੇ ਹਨ, ਅਜਿਹੇ ਇਨਸਾਨਾਂ ਦੇ ਬੋਲੇ ਸਾਧਾਰਨ ਬੋਲ ਵੀ ਸਾਡੇ ਧੁਰ ਅੰਦਰ ਤਕ ਉੱਤਰਦੇ ਮਹਿਸੂਸ ਹੁੰਦੇ ਹਨ। ਆਲੋਚਨਾ, ਨਿੰਦਿਆ, ਚੁਗਲੀ ਜੇਕਰ ਇਨ੍ਹਾਂ ਰੂਹਾਂ ਤੋਂ ਕੋਹਾਂ ਦੂਰ ਹੁੰਦੀ ਹੈ ਤਾਂ ਸੇਵਾ, ਸਹਿਯੋਗ , ਤਿਆਗ, ਨਿਮਰਤਾ, ਪ੍ਰੇਮ ਅਤੇ ਸਹਿਣਸ਼ੀਲਤਾ ਇਨ੍ਹਾਂ ਦੀ ਰਹਿਣੀ ਬਹਿਣੀ ਵਿੱਚ ਸਮੋਈ ਹੁੰਦੀ ਹੈ।
ਇਨ੍ਹਾਂ ਦੁਆਰਾ ਸਿਰਜੇ ਖੁਸ਼ਨੁਮਾ ਮਾਹੌਲ ਦੀ ਸੁਗੰਧੀ ਦੂਰ ਦੂਰ ਤੱਕ ਜਾਂਦੀ ਹੈ ਹਰ ਕੋਈ ਪਸੰਦ ਰੂਹਾਂ ਨਾਲ ਸਾਂਝ ਪਾਉਣੀ ਲੋਚਦਾ ਹੈ ਅਤੇ ਅਜਿਹੀਆਂ ਰੂਹਾਂ ਨਾਲ ਮੇਲ ਕਿਸੇ ਬਾਹਰੀ ਸੰਸਾਰ ਵਿੱਚ ਨਹੀਂ ਬਲਕਿ ਸਾਨੂੰ ਗਲੀਆਂ ਚੌਕਾਂ ਚੁਰਾਹਿਆਂ ਜਾਂ ਸਾਡੇ ਕੰਮ ਕਰਨ ਦੇ ਸਥਾਨਾਂ ਤੇ ਵੀ ਹੋ ਸਕਦਾ ਹੈ ਬਸ਼ਰਤੇ ਕਿ ਸਾਡੀ ਅੱਖ ਪਾਰਖੂ ਹੋਵੇ, ਕਿਉਂ ਜੋ ਪ੍ਰਸੰਨ ਰੂਹਾਂ ਪ੍ਰਚਾਰ ਜਾਂ ਪ੍ਰਸਾਰ ਦੀ ਟੇਕ ਤੋਂ ਦੂਰੀ ਬਣਾ ਕੇ ਰੱਖਦੀਆਂ ਹਨ ਅਤੇ ਵਿਖਾਵੇ ਦੀਆਂ ਪੱਖੀ ਨਹੀਂ ਹੁੰਦੀਆਂ ।
ਅਜਿਹੀਆਂ ਪ੍ਰਸੰਨ ਸ਼ਖ਼ਸੀਅਤਾਂ ਦੀ ਸਾਂਝ ਸਦਕਾ ਹੀ ਅਸੀਂ ਜੀਵਨ ਜਾਚ ਨੂੰ ਸਿੱਖਣ ਤੇ ਸੱਚ ਦੇ ਮਾਰਗ ਤੇ ਚੱਲਣ ਦੇ ਉਪਰਾਲਿਆਂ ਵਿਚ ਮਗਨ ਹੋ ਜਾਂਦੇ ਹਾਂ ਤੇ ਖੁਦ ਉਨ੍ਹਾਂ ਦੇ ਆਦਰਸ਼ਾਂ ਤੇ ਤੁਰਨ ਦਾ ਹੰਭਲਾ ਮਾਰਨ ਦੇ ਯਤਨਾਂ ਸਦਕਾ ਗ੍ਰਹਿਣ ਕੀਤੀ ਪ੍ਰਸੰਨਤਾ ਦੇ ਅੰਸ਼ ਦੂਜਿਆਂ ਨੂੰ ਵੰਡਣ ਦੀ ਤੁੱਛ ਜਿਹੀ ਸੇਵਾ ਵਿੱਚ ਜੁਟ ਜਾਂਦੇ ਹਾਂ।
ਮਾਸਟਰ ਹਰਭਿੰਦਰ ਮੁੱਲਾਂਪੁਰ
95308-20106
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly