ਸ਼ਹਾਦਤਾਂ ਦੇ ਸਫਰ ਦੀ ਲੜੀ ਦਾ ਸੁੱਚਾ ਮੋਤੀ– ਬਾਬਾ ਮੋਤੀ ਰਾਮ ਮਹਿਰਾ

ਬਲਵੀਰ ਸਿੰਘ ਬਾਸੀਆਂ
 (ਸਮਾਜ ਵੀਕਲੀ)
(ਸਾਕਾ ਸਰਹੰਦ ਤੇ ਵਿਸ਼ੇਸ਼)-ਜਦੋਂ ਮੋਤੀ ਰਾਮ ਮਹਿਰਾ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਮਾਤਾ ਗੁਜਰੀ ਜੀ ਨੂੰ ਦਿੱਤੀ ਤਾਂ ਜਿੱਥੇ ਮਾਤਾ ਜੀ ਨੇ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤਾਂ ਉੱਥੇ ਮੋਤੀ ਰਾਮ ਲਈ ਵੀ ਅਸੀਸਾਂ ਦੀ ਝੜੀ ਲਾਉਂਦਿਆਂ ਕਿਹਾ ਕਿ ਵੇ ਮੋਤੀਆ! ਮਹਿੰਗੇ ਤੋਂ ਮਹਿੰਗੇ ਸੰਸਾਰੀ ਪਦਾਰਥਕ ਮੋਤੀਆਂ ਦੀ ਚਮਕ ਤਾਂ ਸਮਾ ਪੈਣ ਤੇ ਫਿੱਕੀ ਪੈ ਜਾਂਦੀ ਹੈ ਪਰ ਮੇਰੇ ਇਸ ਮੋਤੀ ਦੀ ਚਮਕ ਰਹਿੰਦੀ ਦੁਨੀਆ ਤੀਕਰ ਦਿਨ-ਬ-ਦਿਨ  ਹੋਰ ਚਮਕੀਲੀ ਹੁੰਦੀ ਰਹੇਗੀ। ਇਹੀ ਕਾਰਨ ਹੈ ਕਿ ਅੱਜ ਜਦੋਂ ਵੀ ਅਸੀਂ ਦੋ ਜਹਾਨ ਦੇ ਬਾਲੀ ਦਸਮ ਪਿਤਾ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ ਤਾਂ ਨਾਲੋ-ਨਾਲ ਮੋਤੀ ਰਾਮ ਮਹਿਰਾ ਦੀ ਵੱਡੀ ਕੁਰਬਾਨੀ ਨੂੰ ਵੀ ਯਾਦ ਕਰਦੇ ਹਾਂ,ਜਿਹਨਾਂ ਨੇ ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦਿਆਂ ਨੂੰ ਤਿੰਨ ਰਾਤਾਂ ਦੁੱਧ ਪਿਲਾਉਣ ਦੀ ਸੇਵਾ ਕਰਨ ਬਦਲੇ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾਇਆ। ਅੱਜ ਲੋੜ ਹੈ ਸਾਨੂੰ ਉਸ ਸ਼ਹਾਦਤ ਦੇ ਸਫਰਾਂ ਦੀ ਲੜੀ ਦੇ ਉਸ ਸੁੱਚੇ ਮੋਤੀ (ਜਿਹੜੇ ਕਿ ਸਿੱਖ ਇਤਿਹਾਸ ਵਿੱਚ ਸਤਿਕਾਰ ਵਜੋਂ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਨਾਂ ਨਾਲ ਜਾਣੇ ਜਾਂਦੇ ਹਨ ) ਬਾਰੇ ਵੀ ਜਾਨਣ ਦੀ ਕਿ ਕੌਣ ਸਨ ਬਾਬਾ ਮੋਤੀ ਰਾਮ ਮਹਿਰਾ ?
ਸਿੱਖ ਇਤਿਹਾਸਕਾਰਾਂ ਅਨੁਸਾਰ ਮੋਤੀ ਰਾਮ ਮਹਿਰਾ ਦਾ ਜਨਮ ਭਾਈ ਹਰਾ ਰਾਮ ਦੇ ਘਰ ਮਾਤਾ ਲੱਧੋ ਦੀ ਕੁੱਖੋਂ ਸਰਹੰਦ ਦੇ ਨੇੜੇ ਸੰਗਤਪੁਰ ਸੋਢੀਆਂ ਚ ਹੋਇਆ।  ਗੁਰੂ ਜੀ ਦੇ ਪੰਜ ਪਿਆਰਿਆਂ ਚੋਂ ਭਾਈ ਹਿੰਮਤ ਸਿੰਘ ਆਪ ਦੇ ਚਾਚਾ ਜੀ ਲੱਗਦੇ ਸਨ। ਆਪ ਦੇ ਪਿਤਾ ਹਰਾ ਰਾਮ ਗੁਰੂ ਜੀ ਜੇ ਅਨਿਨ ਸੇਵਕ ਸਨ, ਜੋ ਲੰਗਰਾਂ ਦੀ ਸੇਵਾ ਕਰਦੇ ਸਨ। ਅਨੰਦਪੁਰ ਸਾਹਿਬ ਉਹ ਗੁਰੂ ਜੀ ਨਾਲ ਹੀ ਰਹਿੰਦੇ ਸਨ ਤੇ ਅੰਮ੍ਰਿਤ ਛਕ ਕੇ ਹਰਾ ਰਾਮ ਤੋਂ ਹਰਾ ਸਿੰਘ ਬਣ ਗਏ ਸਨ। ਉਧਰ ਪਿਤਾ-ਪੁਰਖੀ ਕਿੱਤੇ ਅਨੁਸਾਰ ਮੋਤੀ ਰਾਮ ਮਹਿਰਾ ਸੂਬਾ ਸਰਹੰਦ ਦੀ ਫੌਜ ਵਿੱਚ ਰਸੋਈਏ ਵਜੋਂ ਕੰਮ ਕਰਦੇ ਸਨ ਤੇ ਹਿੰਦੂ ਕੈਦੀਆਂ ਨੂੰ ਰੋਟੀ ਖਵਾਉਣ ਦੀ ਜਿੰਮੇਵਾਰੀ ਉਹਨਾਂ ਦੀ ਸੀ। ਸਿੱਖ ਸੰਗਤ ਜਦੋਂ ਵੀ ਕਿਤੇ ਅਨੰਦਪੁਰ ਸਾਹਿਬ ਗੁਰੂ ਜੀ ਕੋਲ ਜਾਂਦੀ ਤਾਂ ਕਦੇ-ਕਦੇ ਸੂਬੇ ਤੋਂ ਚੋਰੀ ਉਹ ਸਿੱਖਾਂ ਨੂੰ ਲੰਗਰ ਵੀ ਛਕਾ ਦਿੰਦਾ ਸੀ।  ਇਤਫ਼ਾਕ ਵੱਸ ਦੇਖੋ ਜਦੋਂ ਸਰਸਾ ਕੰਢੇ  ਗੁਰੂ ਜੀ ਦੇ ਪਰਿਵਾਰ  ਦਾ ਵਿਛੋੜਾ ਪਿਆ ਤਾਂ ਉਹਨਾਂ ਦੇ  ਘਰ ਦੇ ਰਸੋਈਏ ਗੰਗੂ ਨੇ ਇਨਾਮ ਦੇ ਲਾਲਚ ਵੱਸ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਨੂੰ ਫੜਵਾ ਦਿੱਤਾ। ਇੱਕ ਰਾਤ ਮੋਰਿੰਡੇ ਦੇ ਕੋਤਵਾਲੀ ਥਾਣੇ ‘ਚ ਰੱਖਣ ਉਪਰੰਤ ਉਹਨਾਂ ਤੇ ਜੁਲਮ ਕਰਨ ਦੀ ਨੀਅਤ ਨਾਲ ਸੂਬੇ ਨੇ ਉਹਨਾਂ ਨੂੰ ਠੰਢੇ ਬੁਰਜ ਵਿੱਚ  ਕੈਦ ਕਰ ਦਿੱਤਾ। ਨਾਲੋ-ਨਾਲ ਸੂਬਾ ਸਰਹੰਦ ਨੇ ਇਹ ਵੀ ਹੁਕਮ ਦੇ ਦਿੱਤਾ ਕਿ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜਾਂ ਬੱਚਿਆਂ ਦੀ ਕੋਈ ਵੀ ਮੱਦਦ ਕਰੇਗਾ ਤਾਂ ਉਸ ਨੂੰ ਪਰਿਵਾਰ ਸਮੇਤ ਕੋਹਲੂ ਚ ਪੀੜ ਦਿੱਤਾ ਜਾਵੇਗਾ। ਕੈਦੀਆਂ ਨੂੰ ਰੋਟੀ ਖਵਾਉਣ ਦੇ ਨਾਲ- ਨਾਲ ਮੋਤੀ ਰਾਮ ਨੇ ਮਾਤਾ ਜੀ ਤੇ ਬੱਚਿਆਂ ਨੂੰ ਵੀ ਰੋਟੀ ਛਕਣ ਲਈ ਬੇਨਤੀ ਕੀਤੀ ਤੇ ਆਪਣੇ  ਤੇ ਆਪਣੇ ਪਿਤਾ ਜੀ ਬਾਰੇ ਮਾਤਾ ਜੀ ਨੂੰ ਦੱਸਿਆ, ਪਰ ਮਾਤਾ ਗੁਜਰੀ ਜੀ ਨੇ ਕਿਹਾ ਕਿ ਅਸੀਂ ਇਸ  ਜਾਲਮ ਮੁਗਲ ਹਕੂਮਤ ਦੀ ਕਿਸੇ ਵੀ ਚੀਜ ਨੂੰ ਮੂੰਹ ਨਹੀਂ ਲਾਵਾਂਗੇ। ਮੋਤੀ ਰਾਮ ਬੜਾ ਉਦਾਸ ਹੋਇਆ ਤੇ ਆਪਣੀ ਡਿਊਟੀ ਭੁਗਤਾ ਘਰ ਵਾਪਸ ਆ ਗਿਆ। ਜਦ ਉਸ ਦੇ ਘਰਵਾਲੀ ਬੀਬੀ ਭੋਈ ਨੇ ਉਸ ਅੱਗੇ ਖਾਣ ਲਈ ਰੋਟੀ ਰੱਖੀ ਤਾਂ ਉਸ ਦੀਆਂ ਅੱਖਾਂ ਭਰ ਆਈਆਂ।  ਉਸ ਦੀ ਮਾਤਾ ਤੇ ਘਰਵਾਲੀ ਨੇ ਰੋਟੀ ਨਾਂ ਖਾਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਸੂਬਾ ਸਰਹੰਦ ਨੇ ਠੰਢੇ ਬੁਰਜ ਵਿੱਚ ਕੈਦ ਕਰ ਰੱਖੇ ਹਨ। ਸਾਹਿਬਜ਼ਾਦਿਆਂ ਦੇ  ਕੱਪੜੇ ਝਾੜੀਆਂ ਲੱਗ – ਲੱਗ ਫਟੇ ਪਏ ਸਨ ਤੇ ਪੈਰ ਪੱਥਰ ਲੱਗ-ਲੱਗ ਜਖਮੀ ਹੋਏ ਛਾਲਿਆਂ ਨਾਲ ਭਰੇ ਪਏ ਹਨ ਤੇ ਠੰਢ ਨਾਲ ਆਕੜ ਗਏ ਹਨ। ਇਹ ਮੈਂ ਆਪਣੇ ਅੱਖੀਂ ਵੇਖ ਕੇ ਆਇਆ ਹਾਂ। ਉੱਪਰੋਂ ਸੂਬੇ ਨੇ ਉਹਨਾਂ ਦੀ ਮੱਦਦ ਕਰਨ ਵਾਲੇ ਲਈ ਮੌਤ ਦੀ ਸਜਾ ਰੱਖ ਦਿੱਤੀ ਹੈ। ਹੁਣ ਇਸ ਹਾਲਾਤ ਵਿਚ ਮੈਂ ਰੋਟੀ ਕਿਵੇਂ ਖਾ ਸਕਦਾ ਹਾਂ, ਜਦੋਂ ਗੁਰੂ ਜੀ ਦੇ ਮਾਤਾ ਤੇ ਬੱਚੇ ਇਸ ਹਾਲਤ ਵਿੱਚ ਹੋਣ?  ਇਹ ਗੱਲ ਸੁਣਦੇ ਹੀ ਉਸ ਦੀ ਮਾਤਾ ਨੇ ਕਿਹਾ  ਵੇ ਮੋਤੀਆ! ਇਸ ਤੋਂ ਵੱਡਾ ਮੌਕਾ  ਆਪਾਂ ਨੂੰ ਹੋਰ ਕਦੋਂ ਮਿਲੇਗਾ,  ਗੁਰੂ ਜੀ ਦੇ ਪਰਿਵਾਰ ਦੀ ਸੇਵਾ ਕਰਨ ਦਾ ?   ਉਸ ਦੀ ਮਾਤਾ ਨੇ ਦੁੱਧ ਗਰਮ ਕੀਤਾ ਤੇ ਕਿਹਾ ਕਿ ਜਾਹ ਜਾ ਕਰ ਗੁਰੂ ਜੀ ਦੀ ਮਾਤਾ ਤੇ ਬੱਚਿਆਂ ਨੂੰ ਪਿਲ਼ਾ। ਨਾਲ ਬੈਠੀ ਉਸ ਦੀ ਘਰਵਾਲੀ ਭੋਈ ਨੇ ਵੀ ਉਸ ਨੂੰ ਕਿਹਾ ਕਿ ਇਹ ਮੁਗਲ ਸਿਪਾਹੀ ਟਕੇ-ਟਕੇ ਤੇ ਵਿਕਦੇ ਨੇ। ਤੁਸੀਂ ਮੇਰੇ ਗਹਿਣੇ ਲੈ ਜਾਉ ਤੇ ਉਹਨਾਂ ਸਿਪਾਹੀਆਂ ਨੂੰ ਰਿਸ਼ਵਤ ਵਜੋਂ ਦੇ ਕੇ ਗੁਰੂ ਜੀ ਦੇ ਪਰਿਵਾਰ ਤੱਕ ਪਹੁੰਚ ਜਾਇਉ। ਮੋਤੀ ਰਾਮ ਨੇ ਇੰਝ ਹੀ ਕੀਤਾ।  ਬਿਨਾਂ ਮੌਤ ਦੀ ਪ੍ਰਵਾਹ ਕੀਤੇ, ਉਹ ਗਰਮ ਦੁੱਧ ਦੀ ਗੜਵੀ ਲੈ ਕਰ ਪਹਿਰੇ ਤੇ ਖੜੇ ਸਿਪਾਹੀਆਂ ਨੂੰ ਘਰਵਾਲੀ ਦੇ ਗਹਿਣੇ ਦੇ  ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਕੋਲ ਠੰਢੇ ਬੁਰਜ ਵਿੱਚ ਪਹੁੰਚ ਗਿਆ ਤੇ ਮਾਤਾ ਜੀ ਨੂੰ ਆਪ ਦੁੱਧ ਪੀਣ ਤੇ ਬੱਚਿਆਂ ਨੂੰ  ਪਿਲਾਉਣ ਦੀ ਬੇਨਤੀ ਕੀਤੀ। ਮਾਤਾ ਜੀ ਤੇ ਬੱਚਿਆਂ ਨੂੰ ਗਰਮ ਦੁੱਧ ਪਿਲਾ ਰਾਤ ਦੇ ਹਨੇਰੇ ਵਿੱਚ ਵਾਪਸ ਘਰ ਆ ਗਿਆ। ਇਸ ਤਰ੍ਹਾਂ ਮੋਤੀ ਰਾਮ ਮਹਿਰਾ ਨੇ ਆਪਣੇ ਪਰਿਵਾਰ ਨੂੰ ਦਾਅ ਤੇ ਲਾ ਅਤੇ ਘਰ ਦੇ ਸਾਰੇ ਗਹਿਣੇ ਮੁਗਲ ਸਿਪਾਹੀਆਂ ਨੂੰ ਰਿਸ਼ਵਤ ਵਜੋਂ ਦੇ ਕਰ ਤਿੰਨ ਰਾਤਾਂ ਮਾਤਾ ਗੁਜਰੀ ਜੀ ਤੇ ਬੱਚਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਵੀ ਉਸ ਨੇ ਹੀ ਮਾਤਾ ਗੁਜਰੀ ਜੀ ਨੂੰ ਸੁਣਾਈ ਸੀ ਤੇ  ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਸਸਕਾਰ ਕਰਨ ਲਈ ਦੀਵਾਨ ਟੋਡਰ ਮੱਲ ਨਾਲ ਮਿਲ ਚੰਦਨ ਦੀ ਲੱਕੜ ਦਾ ਪ੍ਰਬੰਧ ਵੀ ਕੀਤਾ।

ਧੰਨੁ ਮੋਤੀ ਜਿਨ ਪੁੰਨ ਕਮਾਇਆ
ਗੁਰ ਲਾਲਾਂ ਤਾਈਂ ਦੁਧ ਪਿਆਇਆ।

ਪਰ ਉਧਰ ਜਿਹੜਾ ਗੁਰੂ ਘਰ ਦਾ ਅਸਲ ਰਸੋਈਆ ਸੀ ਗੰਗੂ,ਜਿਸ ਨੇ ਪਾਪ ਕਮਾ ਗੁਰੂ ਜੀ ਦੇ ਪਰਿਵਾਰ ਨੂੰ ਕੈਦ ਕਰਵਾਇਆ, ਉਸ ਦਾ ਭਤੀਜਾ ਪੰਮਾ ( ਜੋ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਨਾਲ ਹੀ ਸੂਬੇ ਦੇ ਰਸੋਈਖਾਨੇ ਚ ਨੌਕਰੀ ਕਰਦਾ ਸੀ ) ਆਪਣੇ ਸਕਿਆਂ ਵਾਂਗ ਹੀ ਸੂਬੇ ਤੋਂ ਇਨਾਮ ਲੈਣ ਦੇ ਲਾਲਚ ਵੱਸ ਪੈ ਕੇ ਬਾਬਾ ਮੋਤੀ ਰਾਮ  ਜੀ ਦੁਆਰਾ ਕੀਤੀ ਸੇਵਾ ਬਾਰੇ ਸੂਬੇ ਕੋਲ  ਚੁਗਲੀ ਕਰ ਦਿੰਦਾ ਹੈ। ਸੂਬਾ ਅੱਗ ਬਬੂਲਾ ਹੋ ਉੱਠਦਾ ਹੈ ਤੇ ਆਪਣੇ ਸਿਪਾਹੀਆਂ ਨੂੰ  ਬਾਬਾ ਮੋਤੀ ਰਾਮ ਨੂੰ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਲਿਆਉਣ ਦਾ ਹੁਕਮ ਦੇ ਦਿੰਦਾ ਹੈ। ਸਿਪਾਹੀ ਜਦੋਂ ਮੋਤੀ ਰਾਮ ਨੂੰ ਪਰਿਵਾਰ ਸਮੇਤ ਸੂਬੇ ਅੱਗੇ ਪੇਸ਼ ਕਰਦੇ ਹਨ ਤਾਂ ਸੂਬਾ ਮੋਤੀ ਰਾਮ ਨੂੰ ਕਹਿੰਦਾ ਹੈ ਕਿ ਤੂੰ ਇਹ ਬੱਜਰ ਗਲਤੀ ਕੀਤੀ ਹੈ ਕਿ ਸਾਡੇ ਦੁਸ਼ਮਣ ਦੇ ਪਰਿਵਾਰ ਦੀ ਸੇਵਾ ਕੀਤੀ ਹੈ। ਤੇਰੇ ਕੋਲ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਬਚਾਉਣ ਦਾ ਇੱਕ ਰਸਤਾ ਹੈ ਕਿ ਤੂੰ ਇਸਲਾਮ ਕਬੂਲ ਕਰ ਲਵੇਂ । ਅੱਗੋਂ ਮੋਤੀ ਰਾਮ ਨੇ ਕਿਹਾ ਕਿ ਜਦ ਮੇਰੇ ਗੁਰੂ ਦੇ ਛੋਟੇ-ਛੋਟੇ ਬੱਚਿਆਂ ਨੇ ਤੇਰੇ ਅੱਗੇ ਈਣ ਨਹੀਂ ਮੰਨੀ ਤਾਂ ਤੂੰ ਮੈਨੂੰ ਵੀ ਕਿੱਥੋਂ ਮਨਾ ਸਕਦਾ ਹੈਂ ? ਇਹ ਸੁਣ ਸੂਬੇ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇ। ਸਿਪਾਹੀ ਕੋੜੇ ਮਾਰਦੇ ਹੋਏ ਬਾਬਾ ਮੋਤੀ ਰਾਮ ਤੇ ਉਸਦੇ ਪਰਿਵਾਰ ਨੂੰ ਸਰਹੰਦ ਦੇ ਤੇਲੀਆ ਬਜ਼ਾਰ ਵਿੱਚ ਲੈ ਆਏ। ਅੱਧ ਮੋਏ ਹੋਏ ਮੋਤੀ ਰਾਮ ਨੂੰ ਫਿਰ ਪੁੱਛਿਆ ਗਿਆ ਕਿ ਤੇਰੇ ਕੋਲ ਮੌਕਾ ਹੈ,ਆਪਣੇ ਪਰਿਵਾਰ ਨੂੰ ਬਚਾਉਣ ਦਾ। ਪਰ ਸਿਦਕ ਦਾ ਪੱਕਾ ਮੋਤੀ ਰਾਮ ਤੇ ਉਸ ਦਾ ਪਰਿਵਾਰ ਕਿੱਥੇ ਡੋਲਣ ਵਾਲਾ ਸੀ। ਸਭ ਤੋਂ ਪਹਿਲਾਂ ਮੋਤੀ ਰਾਮ ਦੇ ਪੁੱਤਰ ਨਰਾਇਣੇ ਨੂੰ ਕੋਹਲੂ ਵਿੱਚ ਪਾਇਆ ਗਿਆ। ਜਦੋਂ ਉਸ ਦੇ ਪੁੱਤਰ ਦਾ ਸਰੀਰ ਗੋਡਿਆਂ ਤੱਕ ਕੋਹਲੂ ਚ ਗਿਆ ਤਾਂ ਰੋਕ ਕੇ ਫਿਰ ਇੱਕ ਮੌਕਾ ਹੋਰ ਇਸਲਾਮ ਕਬੂਲ ਕਰਨ ਲਈ ਦੇਣ ਵਾਸਤੇ ਪੁੱਛਿਆ ਗਿਆ ਪਰ ਮੋਤੀ ਰਾਮ ਤੇ ਉਸ ਦਾ ਪਰਿਵਾਰ ਅਡੋਲ ਖੜਾ ਸੀ ਤੇ ਲੋਕਾਈ ਮੂੰਹ ਚ ਉਂਗਲਾਂ ਪਾ ਦੇਖ ਰਹੀ ਸੀ। ਇਸ ਤਰ੍ਹਾਂ ਉਸ ਦੇ ਪੁੱਤਰ ਤੋਂ ਬਾਅਦ ਉਸ ਦੀ ਮਾਤਾ,ਪਤਨੀ ਤੇ ਫਿਰ  ਬਾਬਾ ਮੋਤੀ ਰਾਮ ਜੀ ਨੂੰ ਖੁਦ ਨੂੰ ਕੋਹਲੂ ਵਿੱਚ ਪੀੜ ਸ਼ਹੀਦ ਕਰ ਦਿੱਤਾ ਗਿਆ। ਇਸ ਮਹਾਨ ਸ਼ਹਾਦਤ ਲਈ ਜਿੱਥੇ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਸਜਦਾ ਕਰਦੇ ਹਾਂ,ਉੱਥੇ ਸ਼ਹਾਦਤ ਦੇ ਸਫਰ ਦੀ ਲੜੀ ਦੇ ਇਸ ਸੁੱਚੇ ਮੋਤੀ ਬਾਬਾ ਮੋਤੀ ਰਾਮ ਮਹਿਰਾ ਦੀ ਲਾਸਾਨੀ ਕੁਰਬਾਨੀ ਨੂੰ ਵੀ ਸਜਦਾ ਕਰਦੇ ਹਾਂ। ਬਾਬਾ ਮੋਤੀ ਰਾਮ ਮਹਿਰਾ ਦੇ ਪਰਿਵਾਰ ਦੀ ਮਹਾਨ ਕੁਰਬਾਨੀ ਤੋਂ ਗੁਰੂ ਗੋਬਿੰਦ ਸਿੰਘ ਜੀ ਖੁਦ ਵੀ ਪ੍ਰਭਾਵਿਤ ਹੁੰਦੇ ਪ੍ਰਤੀਤ ਹੁੰਦੇ ਹਨ,ਜਿਸ ਨੂੰ ਭਾਈ ਕਿਸ਼ਨ ਸਿੰਘ ਜੀ ਨੇ ਆਪਣੀ ਰਚਨਾ ਸਾਹਿਦਨਾਮਾ ਚ ਗਵਾਹੀ ਵਜੋਂ ਲਿਖਿਆ ਹੈ

ਮੋਤੀ ਹਮਰੇ ਸਿੱਖ ਪਯਾਰਾ।
ਤਿਸ ਕਾ ਕਰਜ ਮਮ ਸਿਰ ਭਾਰਾ।
ਜਬ ਹਮ ਦਰਗਹ ਜਾਇ ਬਿਰਾਜੈ।
ਮੋਤੀ ਰਾਮ ਹਮ ਨਿਕਟ ਰਹਾਜੈ।

ਸੋ ਅਜੋਕੇ ਦੌਰ ਵਿੱਚ ਜਦੋਂ  ਅੱਗੇ  ਆਉਣ ਵਾਲਾ ਸਮਾਂ  ਫਿਰ ਬਾਬਰ ਤੇ ਔਰੰਗਜ਼ੇਬ ਵਾਲ਼ੇ ਸਮੇਂ ਵਰਗਾ ਦਿਸ ਰਿਹਾ ਹੋਵੇ ਤਾਂ ਇਹ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਮਹਾਨ ਇਤਿਹਾਸ ਤੇ ਵਿਰਾਸਤ ਬਾਰੇ ਆਪ ਖੁਦ ਜਾਣੂ ਹੋਈਏ ਤੇ ਆਪਣੇ ਬੱਚਿਆਂ ਨੂੰ ਜਾਣੂ ਕਰਵਾਈਏ। ਇਹੀ ਸਾਡੀ ਸ਼ਹਾਦਤ ਦੇ ਸਫਰ ਦੀ ਲੜੀ ਦੇ  ਸੁੱਚੇ ਮੋਤੀ ਬਾਬਾ ਮੋਤੀ ਰਾਮ ਮਹਿਰਾ ਲਈ ਦਿਲੀ ਅਕੀਦਤ ਹੋਵੇਗੀ।
ਆਮੀਨ।
ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)

8437600371

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੋਧੀਸਤਵ ਅੰਬੇਡਕਰ ਪਬਲਿਕ ਸਕੂਲ ਵਿਖੇ 13ਵੀਂ ਸਾਲਾਨਾ ਖੇਡਾਂ ਮਿਲਣੀ ਦਾ ਤੀਜਾ ਦਿਨ
Next articleਰੱਬ ਨੇ ਕੁਝ ਨਹੀਂ ਕਰਨਾ