HOME ਰਵਿਦਾਸੀਆ ਕੌਮ ਦੇ ਸੱਚੇ -ਸੁੱਚੇ ਜਰਨੈਲ-ਸੰਤ ਸੁਰਿੰਦਰ ਦਾਸ ਬਾਵਾ ਜੀ

ਰਵਿਦਾਸੀਆ ਕੌਮ ਦੇ ਸੱਚੇ -ਸੁੱਚੇ ਜਰਨੈਲ-ਸੰਤ ਸੁਰਿੰਦਰ ਦਾਸ ਬਾਵਾ ਜੀ

5

ਜਨਮ ਦਿਨ ‘ਤੇ ਵਿਸ਼ੇਸ਼

    (ਸਮਾਜ ਵੀਕਲੀ)   ਸਾਡਾ ਭਾਰਤ ਦੇਸ਼ ਮਹਾਨ ਹੈ। ਇਸ ਨੂੰ ਅਨੇਕਾਂ ਸਾਧੂਆਂ, ਸੰਤਾਂ, ਪੀਰ ਪੈਗੰਬਰਾਂ,ਮਹਾਂਪੁਰਸ਼ਾਂ ਤੇ ਵਿਦਵਾਨਾਂ ਵਾਲਾ ਦੇਸ਼ ਮੰਨਿਆ ਜਾਂਦਾ ਹੈ। ਇਸ ਤੱਪਦੀ ਦੁਨੀਆ ਨੂੰ ਠਾਰਨ ਲਈ ਅਨੇਕਾਂ ਸੰਤ ਪੈਦਾ ਹੋਏ। ਜਿਹਨਾਂ ਆਪਣੀ ਰੱਬੀ ਰੂਹਾਨੀਅਤ ਦੀ ਤਾਕਤ ਨਾਲ ਮਨੁੱਖਤਾ ਦੀ ਭਲਾਈ, ਸਮਾਨਤਾ ਸੁਤੰਤਰਤਾ ਭਾਈਚਾਰਾ ਅਤੇ ਨਿਆ ਦਿਵਾਉਣ ਲਈ ਆਪਣਾ ਸਾਰਾ ਜੀਵਨ ਨਿਛਾਵਰ ਕਰ ਦਿੱਤਾ। ਅਜਿਹੇ ਹੀ ਸੰਤ ਮਹਾਂਪੁਰਸ਼, ਮਹਾਨ ਵਿਦਵਾਨ, ਰਵਿਦਾਸੀਆ ਕੌਮ ਦੇ ਸੱਚੇ -ਸੁੱਚੇ ਜਰਨੈਲ, ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ‘ਚ ਦੇਖਣ ਵਾਲੇ, ਗਰੀਬਾਂ ਦੇ ਹਮਦਰਦ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਬਾਣੀ ਨੂੰ ਕਈ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰਕੇ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ, ਫੂਲੇ-ਸ਼ਾਹੂ ਅੰਬੇਡਕਰੀ ਵਿਚਾਰਧਾਰਾ ਨੂੰ ਸਮਰਪਿਤ, ਸਾਹਿਬ ਕਾਂਸ਼ੀ ਰਾਮ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੇ ਮਹਾਨ ਪੁਰਸ਼ ਸੰਤ ਸੁਰਿੰਦਰ ਦਾਸ ਬਾਵਾ ਜੀ ਹਨ । ਜੋ ਇੱਕ ਪੜ੍ਹੇ -ਲਿਖੇ, ਸੂਝਵਾਨ ਅਤੇ ਬੁੱਧੀਜੀਵੀ ਸੰਤ ਹਨ। ਜਿਹਨਾਂ ਦਾ ਜਨਮ 14 ਮਾਰਚ 1973 ਈਸਵੀ ਨੂੰ ਸਤਿਕਾਰਯੋਗ ਪਿਤਾ ਸ੍ਰੀ ਗੁਰਦਾਸ ਰਾਮ ਜੀ ਦੇ ਗ੍ਰਹਿ ਸੋਫੀ ਪਿੰਡ, ਜਲੰਧਰ ਵਿਖੇ ਸਤਿਕਾਰਯੋਗ ਮਾਤਾ ਬੀਬੀ ਗੁਰਬਚਨ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਹੋਇਆ। ਇਹ ਪਰਿਵਾਰ ਸੰਤ ਸਰਵਣ ਦਾਸ ਜੀ ਮਹਾਰਾਜ ਡੇਰਾ ਸੱਚਖੰਡ ਬੱਲਾਂ ਦੇ ਪਰਮ ਸੇਵਕ ਸਨ। ਪਰਿਵਾਰ ਹਮੇਸ਼ਾ ਹੀ ਡੇਰਾ ਸਤਿਗੁਰੂ ਸਰਵਣ ਦਾਸ ਜੀ, ਸੱਚਖੰਡ ਬੱਲਾ ਆਇਆ ਕਰਦਾ ਸੀ। ਸੇਵਾ ਭਾਵਨਾ ਸਦਕਾ ਹੀ ਪਰਿਵਾਰ ਨੂੰ “ਸੰਤ ਬਾਵਾ ਜੀ ” ਵਰਗੀ ਅਮੁੱਲੀ ਦਾਤ (ਪੁੱਤਰ) ਪ੍ਰਾਪਤ ਹੋਈ। ਪਰਿਵਾਰ ਦਾ ਵੀ ਐਡਾ ਵੱਡਾ ਤਿਆਗ ਸ਼ਾਇਦ ਹੀ ਕਿਤੇ ਦੇਖਣ ਨੂੰ ਮਿਲੇਗਾ ਕਿ ਆਪਣੇ ਪੁੱਤਰ ਨੂੰ ਸੰਤਾਂ ਦੀ ਝੋਲੀ ‘ਚ ਪਾ ਕੇ ਸਦਾ ਲਈ ਡੇਰਾ ਸੱਚਖੰਡ ਬੱਲਾਂ ਜਲੰਧਰ ਲਈ ਅਰਪਿਤ ਕਰ ਦਿੱਤਾ। ਸੰਤ ਸਰਵਣ ਦਾਸ ਜੀ ਮਹਾਰਾਜ ਤੋਂ ਬਾਅਦ ਬਣੇ ਡੇਰੇ ਦੇ ਸੰਚਾਲਕ ਸੰਤ ਹਰੀ ਦਾਸ ਮਹਾਰਾਜ ਜੀ ਨੇ “ਬਾਲਕ ਸੁਰਿੰਦਰ ਦਾਸ ਬਾਵਾ ਜੀ ” ‘ਭੇਖ ਦੀ ਦਾਤ ‘ ਦੇ ਕੇ ਸੁੂਚੀ ਪਿੰਡ ਤੋਂ ਵਾਜਿਆਂ- ਢੋਲਾਂ ਨਾਲ ਸੰਗਤਾਂ ਸਮੇਤ ਡੇਰਾ ਸੱਚਖੰਡ ਬੱਲਾਂ ਜਲੰਧਰ ਲੈ ਕੇ ਆਏ ਸਨ। ਉਸ ਸਮੇਂ ਸੰਤ ਬਾਵਾ ਜੀ ਦੀ ਉਮਰ ਪੰਜ ਸਾਲ ਸੀ।ਸੰਤ ਗਰੀਬ ਦਾਸ ਮਹਾਰਾਜ ਜੀ ਨੇ ਸੰਤ ਸਰਵਣ ਦਾਸ ਮਹਾਰਾਜ ਜੀ ਦੇ ਅਪਾਰ ਅਸ਼ੀਰਵਾਦ ਸਦਕਾ ਇਸ ਬਾਲਕ ਨੂੰ ਪੜ੍ਹਾਇਆ। ਉੱਚ ਵਿੱਦਿਆ ਦੋਆਬਾ ਕਾਲਜ ਜਲੰਧਰ ਤੋਂ ਹਾਸਿਲ ਕਰਵਾਈ। ਬਾਲਕ ਬਾਵਾ ਜੀ ਨੂੰ “ਨਾਮ ਦੀ ਦਾਤ” ਸੰਤ ਗਰੀਬ ਦਾਸ ਜੀ ਮਹਾਰਾਜ ਜੀ ਤੋਂ ਪ੍ਰਾਪਤ ਹੋਈ। ਕਾਂਸ਼ੀ ਰਾਮ ਕਲੇਰ ਜੰਡੂ ਸਿੰਘੇ ਵਾਲੇ ਆਪਣੀ ਪੁਸਤਕ “ਰਵਿਦਾਸੀਆ ਕੌਮ ਦੇ ਅਨਮੋਲ ਹੀਰੇ ” ‘ਚ ਸੰਤ ਸੁਰਿੰਦਰ ਦਾਸ ਬਾਵਾ ਜੀ ਦੇ ਜਨਮ ਸਬੰਧੀ ਇੱਕ ਇਤਿਹਾਸਿਕ ਘਟਨਾ ਦਾ ਵਰਣਨ ਕਰਦੇ ਹਨ ਕਿ 11 ਜੂਨ 1972 ਨੂੰ ਡੇਰੇ ਦੇ ਸੰਸਥਾਪਕ ਅਤੇ ਮਹਾਨ ਤਪੱਸਵੀ ਸੰਤ ਸਰਵਣ ਦਾਸ ਮਹਾਰਾਜ ਜੀ ਬ੍ਰਹਮਲੀਨ ਹੋ ਗਏ। ਜਦੋਂ ਉਹਨਾਂ ਦੇ ਭੌਤਿਕ ਸਰੀਰ ਨੂੰ ਅਗਨ ਭੇਂਟ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਸਰੀਰ ਵਿੱਚੋਂ ਇੱਕ ਖੂਨ ਦੀ ਧਾਰਾ ਨਿਕਲੀ, ਨੇੜੇ ਖੜੇ ਸ੍ਰੀ ਗੁਰਦਾਸ ਰਾਮ ਜੀ ‘ਤੇ ਖੂਨ ਦੀਆਂ ਕੁਝ ਬੂੰਦਾਂ ਡਿੱਗੀਆਂ। ਸੰਤ ਸਰਵਣ ਦਾਸ ਜੀ ਦੇ ਪ੍ਰੀਨਿਰਵਾਣ ਤੋਂ ਪੂਰੇ 09 ਮਹੀਨੇ ਬਾਅਦ ਸੰਤ ਸੁਰਿੰਦਰ ਦਾਸ ਬਾਵਾ ਜੀ ਦਾ ਆਗਮਨ ਹੁੰਦਾ ਹੈ। ਜੋ ਸੋਚਣ ਤੇ ਵਿਚਾਰਨ ਵਾਲੀ ਅਹਿਮ ਗੱਲ ਹੈ? ਇਸ ਦਾ ਭਾਵ ਇਹ ਹੈ ਕਿ ਸੰਤ ਸਰਵਣ ਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਸੰਤ ਬਾਵਾ ‘ਤੇ ਹੈ। ਡੇਰੇ ਵਿਖੇ ਸੰਤ ਬਾਵਾ ਜੀ ਰੋਗੀਆਂ ਦੇ ਆਯੁਰਵੈਦਿਕ ਦਵਾਈਆਂ ਨਾਲ ਸਰੀਰਕ ਰੋਗ ਕੱਟ ਦਿੰਦੇ ਸਨ। ਮਹਾਂਪੁਰਸ਼ ਹਮੇਸ਼ਾ ਹੀ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ । ਸੰਤ ਬਾਵਾ ਜੀ ਨੇ ਸੰਤ ਹਰੀ ਦਾਸ ਜੀ ਮਹਾਰਾਜ , ਸੰਤ ਗਰੀਬ ਦਾਸ ਜੀ ਮਹਾਰਾਜ , ਸੰਤ ਨਿਰੰਜਨ ਦਾਸ ਜੀ ਮਹਾਰਾਜ ਅਤੇ ਸੰਤ ਰਾਮਾ ਨੰਦ ਜੀ ਮਹਾਰਾਜ ਜੀ ਦੇ ਹੁਕਮਾਂ ਮੁਤਾਬਕ ਡੇਰੇ ਦੀ ਬਿਹਤਰੀ ਲਈ ਆਪਣੀਆਂ ਅਹਿਮ ਭੂਮਿਕਾਵਾਂ ਨਿਭਾਈਆਂ। ਭਾਰਤ ਇੱਕ ਸੈਕੂਲਰ ਸਟੇਟ ਹੈ। ਜਿੱਥੇ ਕਈ ਧਰਮਾਂ ਦੇ ਲੋਕ ਰਹਿੰਦੇ ਹਨ। ਉਹ ਆਪਣੇ- ਆਪਣੇ ਧਰਮਾਂ ਵਿੱਚ ਆਸਥਾ ਰੱਖਦੇ ਹਨ। ਇਸੇ ਤਰ੍ਹਾਂ ਭਾਰਤ ਵਿੱਚ “ਰਵਿਦਾਸੀਆ ਧਰਮ ” 30 ਜਨਵਰੀ 2010 ਨੂੰ ਬਨਾਰਸ ਦੀ ਪਵਿੱਤਰ ਧਰਤੀ ‘ਤੇ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ, ਸੀਰ ਗੋਵਰਧਨਪੁਰ ਬਨਾਰਸ ਵਿਖੇ ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ, ਜਲੰਧਰ (ਪੰਜਾਬ) ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਦੀ ਯੋਗ ਅਗਵਾਈ ‘ਚ, ਸੰਤ ਸਮਾਜ ਅਤੇ ਸੰਤ ਸੁਰਿੰਦਰ ਦਾਸ ਬਾਵਾ ਜੀ ਨੇ ਲੱਖਾਂ ਸ਼ਰਧਾਲੂ ਸੰਗਤਾਂ ਵਿੱਚ ਐਲਾਨ ਕਰਕੇ ਇਕ ਅਲੱਗ ਪਹਿਚਾਣ ਪ੍ਰਦਾਨ ਕੀਤੀ। “ਸ੍ਰੀ ਗੁਰੂ ਰਵਿਦਾਸ ਅੰਮ੍ਰਿਤਬਾਣੀ ਗ੍ਰੰਥ ” ਦਾ ਆਗਾਜ਼ ਕੀਤਾ। ਅੱਜ ਲੱਖਾਂ ਸੰਗਤਾਂ “ਸਤਿਗੁਰੂ ਰਵਿਦਾਸ ਅੰਮ੍ਰਿਤਬਾਣੀ ਗ੍ਰੰਥ ” ਦਾ ਓਟ ਆਸਰਾ ਲੈ ਕੇ ਆਪਣੇ ਸ਼ੁੱਭ ਕਾਰਜ ਕਰਦੀਆਂ ਹਨ। ਸ਼ਰਧਾਲੂ ਜਨ ਸਤਿਗੁਰਾਂ ਦੀ ਬਾਣੀ ਦਾ ਜਾਪ ਕਰਕੇ ਆਪਣਾ ਜੀਵਨ ਸਫਲ ਕਰਦੇ ਹਨ। ਸੰਤ ਬਾਵਾ ਜੀ ਦੀ ਜ਼ਿੰਦਗੀ ‘ਚ ਇੱਕ ਨਵਾਂ ਮੋੜ ਆਇਆ। ਜਿਸ ‘ਚ ਸੰਤ ਸੁਰਿੰਦਰ ਦਾਸ ਬਾਵਾ ਜੀ ਦੀ ਰਹਿਨੁਮਾਈ ਹੇਠ 27 ਮਾਰਚ 2014 ਨੂੰ “ਰਵਿਦਾਸੀਆ ਧਰਮ ਪ੍ਰਚਾਰ ਅਸਥਾਨ ਕਾਹਨਪੁਰ ” ਦੀ ਉਸਾਰੀ ਦਾ ਨੀਂਹ ਪੱਥਰ ਸੰਤ ਸਮਾਜ ਅਤੇ ਸੰਗਤਾਂ ਦੀ ਹਾਜ਼ਰੀ ‘ਚ ਸੰਤ ਬੀਬੀ ਕ੍ਰਿਸ਼ਨਾ ਦੇਵੀ ਜੀ ਮੌਜੂਦਾ ਗੱਦੀ ਨਸ਼ੀਨ ਡੇਰਾ ਸੰਤ ਹਰੀ ਦਾਸ ਮਹਾਰਾਜ ਜੀ ਬੋਪਾਰਾਏ ਕਲਾਂ, ਨੇ ਆਪਣੇ ਕਰ ਕਮਲਾਂ ਨਾਲ ਰੱਖਿਆ, ਜੋ ਜਲੰਧਰ ਤੋਂ ਪਠਾਨਕੋਟ ਜਾਣ ਵਾਲੇ ਰਾਸ਼ਟਰੀ ਰਾਜ ਮਾਰਗ ‘ਤੇ ਸਥਿਤ ਹੈ। ਇਸ ਅਸਥਾਨ ਲਈ ਇੱਕ ਪਲਾਟ ਸਵਰਗਵਾਸੀ ਸ੍ਰੀ ਮੋਹਣ ਲਾਲ ਜੀ ਦੀ ਸੁਪਤਨੀ ਸ੍ਰੀਮਤੀ ਬੀਬੀ ਸ਼ਕੁੰਤਲਾ ਜੀ ਕਾਹਨਪੁਰ ਦੇ ਪਰਿਵਾਰ ਵੱਲੋਂ ਦਾਨ ਦਿੱਤਾ ਗਿਆ। ਇਹ ਅਸਥਾਨ ਸੰਗਤਾਂ ਦੇ ਭਾਰੀ ਸਹਿਯੋਗ ਦੇ ਨਾਲ ਕੁਝ ਸਮੇਂ ਵਿੱਚ ਬਣ ਕੇ ਤਿਆਰ ਹੋ ਗਿਆ। ਇੱਕ ਛੋਟੇ ਜਿਹੇ ਪਿੰਡ ‘ਚ ਉੱਚੀਆਂ ਬੁਲੰਦੀਆਂ ਨੂੰ ਛੂੰਹਦਾ ਹੋਇਆ ਇਹ ਅਸਥਾਨ ਪੂਰੇ ਵਿਸ਼ਵ ਵਿੱਚ ਆਪਣੀਆਂ ਕਿਰਨਾਂ ਬਿਖੇਰ ਰਿਹਾ ਹੈ। ਜਿੱਥੇ ਲੱਖਾਂ ਸ਼ਰਧਾਲੂ ਨਤਮਸਤਕ ਹੋ ਕੇ ਆਪਣੀ ਜ਼ਿੰਦਗੀ ਨੂੰ ਸਫ਼ਲ ਬਣਾਉਂਦੇ ਹਨ। ਰਵਿਦਾਸੀਆ ਧਰਮ ਪ੍ਰਚਾਰ ਅਤੇ ਪ੍ਰਸਾਰ ਲਈ ਯੂਰਪ ਦੀਆਂ ਸੰਗਤਾਂ ਵੱਲੋਂ 1 ਜਨਵਰੀ 2015 ਨੂੰ ਇੱਕ ਸਫਾਰੀ ਗੱਡੀ ਸੰਤਾਂ ਨੂੰ ਭੇਂਟ ਕੀਤੀ ਗਈ। ਇਸ ਅਸਥਾਨ ‘ਤੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ‘ਤੇ ਇੱਕ ਫਰੀ ਸੰਗੀਤ ਅਕੈਡਮੀ ਖੋਲ੍ਹੀ ਗਈ ਹੈ, ਜਿੱਥੇ 50 ਵਿਦਿਆਰਥੀ ਅਕੈਡਮੀ ਤੋਂ ਲਾਭ ਪ੍ਰਾਪਤ ਕਰ ਰਹੇ ਹਨ। ਇੱਥੇ ਸਰੀਰਕ ਰੋਗੀਆਂ ਲਈ ਆਯੁਰਵੈਦਿਕ ਦਵਾਈਆਂ ਵੀ ਫਰੀ ਦਿੱਤੀਆਂ ਜਾਂਦੀਆਂ ਹਨ । ਬੇਰੁਜ਼ਗਾਰ ਵਿਦਿਆਰਥੀਆਂ ਨੂੰ ਅਲੱਗ- ਅਲੱਗ ਕੋਰਸਾਂ ਅਤੇ ਕੰਮਾਂ ਨਾਲ ਸਬੰਧਿਤ ਕੋਰਸਾਂ ਨਾਲ ਜੋੜਿਆ ਜਾਂਦਾ ਹੈ। ਇਸੇ ਅਸਥਾਨ ‘ਤੇ ਸਤਿਗੁਰੂ ਸਰਵਣ ਦਾਸ ਜੀ ਮਹਾਰਾਜ ਜੀ ਦੀ ਯਾਦ ਵਿੱਚ ਇੱਕ ਲਾਇਬਰੇਰੀ ਬਣਾਈ ਗਈ ਹੈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਤਾਬਾਂ ਹਨ ।ਇੱਥੇ ਦਲਿਤ ਇਤਿਹਾਸ ਅਤੇ ਦਲਿਤ ਸਬੰਧੀ ਲੇਖਿਕਾ ਦੀਆਂ ਕਿਤਾਬਾਂ ਰੱਖੀਆਂ ਗਈਆਂ ਹਨ। ਮਹਾਨ ਗੁਰੂਆਂ, ਦੇਸ਼ ਭਗਤਾਂ, ਯੋਧਿਆਂ ਅਤੇ ਸਾਹਿਤਕਾਰਾਂ ਨਾਲ ਸਬੰਧਿਤ ਸਾਹਿਤ ਇਸ ਲਾਇਬਰੇਰੀ ਵਿੱਚ ਮੌਜੂਦ ਹੈ। ਮਹਾਂਰਾਸ਼ਟਰ ਸਰਕਾਰ ਵੱਲੋਂ ਛਾਪੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਸਾਰੇ ਵੋਲੀਅਮਸ ਵੀ ਉਪਲੱਬਧ ਹਨ। ਲਿਖਾਰੀਆਂ ਨੂੰ ਇਥੋਂ ਮੁਫਤ ਕਿਤਾਬਾਂ ਵੀ ਦਿੱਤੀਆਂ ਜਾਂਦੀਆਂ ਹਨ। ਜਗਤ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਸਤਿਗੁਰੂ ਸਰਵਣ ਦਾਸ ਜੀ ਮਹਾਰਾਜ ਜੀ ਦੇ ਮਿਸ਼ਨ ਦਾ ਲਗਾਤਾਰ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਂਦਾ ਹੈ। ਇਸ ਅਸਥਾਨ ਤੇ ਜਗਤ ਗੁਰੂ ਰਵਿਦਾਸ ਐਜੂਕੇਸ਼ਨ ਸੈਂਟਰ ਦਾ ਨਿਰਮਾਣ ਹੋ ਚੁੱਕਾ ਹੈ। ਇੱਥੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਮਾਹਿਰ ਵਿਦਵਾਨਾਂ ਦੁਆਰਾ ਮੁਫਤ ਕੋਚਿੰਗ ਦਿੱਤੀ ਜਾਂਦੀ ਹੈ। ਇੱਥੇ ਆਈ.ਏ.ਐਸ., ਪੀ.ਸੀ.ਐਸ. ਬੈਂਕਿੰਗ ਆਦਿ ਦੀ ਕੋਚਿੰਗ ਦੇਣ ਦਾ ਵੀ ਉਪਰਾਲਾ ਸੰਤ ਬਾਵਾ ਜੀ ਵਲੋਂ ਕਰਨ ਦੀ ਤਜ਼ਵੀਜ਼ ਹੈ। ਜੋ ਗਰੀਬ ਵਿਦਿਆਰਥੀਆਂ ਲਈ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਇੱਕ ਵੱਡੀ ਮਦਦ ਹੋਵੇਗੀ। ਇੱਥੇ ਪਲਸ ਟੂ, ਦਸਵੀਂ , ਪਲਸ ਟੂ ਮੈਡੀਕਲ ਅਤੇ ਨਾਨ ਮੈਡੀਕਲ ਦੀਆਂ ਪੁਸਤਕਾਂ ਮੁਫਤ ਵਿੱਚ ਪੜਨ ਲਈ ਵਿਦਿਆਰਥੀਆਂ ਨੂੰ ਮੁਹੱਈਆ ਕੀਤੀਆਂ ਜਾਂਦੀਆਂ ਹਨ। ਜਿਸ ਤੋਂ ਸੈਂਕੜੇ ਵਿਦਿਆਰਥੀ ਲਾਭ ਲੈ ਰਹੇ ਹਨ। ਇਸੇ ਅਸਥਾਨ ‘ਤੇ ਅੰਮ੍ਰਿਤ ਬਾਣੀ ਭਵਨ ‘ਚ “ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ” ਸੁਸ਼ੋਭਿਤ ਹੈ, ਜਿਸ ਦੇ ਸਵੇਰੇ ਸ਼ਾਮ ਜਾਪ ਹੁੰਦੇ ਹਨ। ਇਸ ਪਾਵਨ ਅਸਥਾਨ ਤੇ ਸੰਤ ਸੁਰਿੰਦਰ ਦਾਸ ਬਾਵਾ ਜੀ ਨੇ ਪੱਕੇ ਤੌਰ ‘ਤੇ ਨਿਵਾਸ ਸਥਾਨ ਬਣਾਇਆ ਹੋਇਆ ਹੈ। ਇੱਥੇ ਰਵਿਦਾਸੀਆ ਧਰਮ ਦੇ ਨਿਯਮਾਂ ਮੁਤਾਬਕ ਹੀ ਆਪਣੇ ਆਪ ਨੂੰ ਢਾਲ ਕੇ ਚੱਲਣਾ ਪੈਂਦਾ ਹੈ। ਸੰਤ ਸੁਰਿੰਦਰ ਦਾਸ ਬਾਵਾ ਜੀ 2010, 11 ,12, 13 ਵਿੱਚ ਕਈ ਵਾਰ ਯੂਰਪ ,ਅਸਟਰੀਆ, ਗਰੀਸ, ਇਟਲੀ ,ਫਰਾਂਸ ,ਜਰਮਨ, ਹਾਲੈਂਡ, ਸਪੇਨ,ਨਾਰਵੇ ,ਅਮਰੀਕਾ ,ਕੈਨੇਡਾ ,ਯੂ.ਐਸ.ਈ.ਅਤੇ ਯੂ.ਕੇ. ਵਿੱਚ , 2014 ,15,16,17,18 ‘ਚ ਇਟਲੀ, ਗਰੀਸ ਪੁਰਤਗਾਲ, ਆਸਟਰੀਆ, ਇਟਲੀ ਅਮਰੀਕਾ ਕਨੇਡਾ ਇੰਗਲੈਂਡ, ਯੂਰਪ, 2019 21,22,23 ਅਤੇ 24 ਵਿੱਚ ਆਸਟਰੇਲੀਆ, ਇੰਗਲੈਂਡ, ਅਮਰੀਕਾ, ਜਰਮਨੀ ਪੁਰਤਗਾਲ ਇਟਲੀ ਆਦਿ ਦੇਸ਼ਾਂ ਵਿੱਚ ਰਵਿਦਾਸੀਆ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਸੰਤ ਬਾਵਾ ਜੀ ਨੂੰ ਦੇਸ਼ -ਵਿਦੇਸ਼ ਦੀਆਂ ਕਈ ਸਭਾਵਾਂ ਵੱਲੋਂ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ, ਜਿਨਾਂ ‘ਚ ਸ੍ਰੀ ਗੁਰੂ ਰਵਿਦਾਸ ਸਭਾ ਬੈਰਗਾਹਮੋ ਇਟਲੀ, ਸ੍ਰੀ ਗੁਰੂ ਰਵਿਦਾਸ ਸਭਾ ਰੋਮ, ਸ੍ਰੀ ਗੁਰੂ ਰਵਿਦਾਸ ਦਰਬਾਰ ਕਰੋਪੀ ਐਥਨਸ ,ਗਰੀਸ ,ਟਰਾਂਟੋ ,ਸੂਚੀ ਪਿੰਡ ,ਯੂ.ਕੇ., ਅਮਰੀਕਾ ਆਦਿ ਹਨ। ਇਸੇ ਸਥਾਨ ਤੋਂ ਸੰਤ ਸੁਰਿੰਦਰ ਦਾਸ ਬਾਵਾ ਜੀ ਦੀ ਅਗਵਾਈ ਵਿੱਚ ਇੱਕ ਬੱਸ ਯਾਤਰਾ ਜਲੰਧਰ ਤੋਂ ਰਾਜਸਥਾਨ ਤੱਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਤ ਬੀਬੀ ਕ੍ਰਿਸ਼ਨਾ ਦੇਵੀ ਬੋਪਾਰਾਏ ,ਸੰਤ ਹਰਵਿੰਦਰ ਦਾਸ ਆਦਮਪੁਰ ਵਾਲੇ, ਸੰਤ ਬਲਵੀਰ ਦਾਸ ਖੰਨੇ ਵਾਲੇ ਅਤੇ ਸੰਗਤਾਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਿਕ ਸਥਾਨ ਦੇ ਦਰਸ਼ਨ ਕੀਤੇ। ਰਾਜਸਥਾਨ ਵਿੱਚ ਸ਼ੋਭਾ ਯਾਤਰਾ ਵੀ ਕੱਢੀ ਗਈ।ਇਸੇ ਅਸਥਾਨ ਤੋਂ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਟੀਕ (ਅੰਗਰੇਜ਼ੀ )ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਪਾਵਨ ਜੀਵਨ ਕਥਾ (ਅੰਗਰੇਜੀ) ਨੂੰ ਵਿਸ਼ਵ ਦੀਆਂ ਅਨੇਕਾਂ ਯੂਨੀਵਰਸਿਟੀਆਂ ਵਿੱਚ ਭੇਜਿਆ ਗਿਆ ਹੈ। ਸਤਿਗੁਰੂ ਰਵਿਦਾਸ ਅੰਮ੍ਰਿਤਬਾਣੀ ਗ੍ਰੰਥ ਨੂੰ ਦੇਸ਼ ਦੀਆਂ ਵੱਖ- ਵੱਖ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰਕੇ ਵੰਡਿਆ ਗਿਆ ਹੈ। ਇਸ ਪ੍ਰਚਾਰ ਅਸਥਾਨ ਤੋਂ ਸਤਿਗੁਰੂ ਸਰਵਣ ਦਾਸ ਜੀ ਮਹਾਰਾਜ ਜੀ ਦਾ ਸੰਕਲਪ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ ।ਜਿਸ ਬਾਰੇ ‘ਚ ਮਹਾਰਾਜ ਜੀ ਸੋਚਿਆ ਕਰਦੇ ਸਨ ਕਿ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਦਾ ਘਰ -ਘਰ ਪ੍ਰਚਾਰ ਹੋਵੇ ।ਇਸ ਮਹਾਨ ਕਾਰਜ ਦੇ ਲਈ ਸੰਤ ਸੁਰਿੰਦਰ ਦਾਸ ਬਾਵਾ ਜੀ ਦਿਨ -ਰਾਤ ਇੱਕ ਕਰਦੇ ਹੋਏ ਯਤਨਸ਼ੀਲ ਹਨ । ਸਤਿਗੁਰੂ ਇਹਨਾਂ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖੇ ਤਾਂ ਜੋ ਕੇ ਕੌਮ ਦੇ ਕੰਮਾਂ ਵਿੱਚ ਡਟੇ ਰਹਿਣ ।ਇਸ ਪ੍ਰਕਾਰ ਅਸਥਾਨ ਦੀ ਪ੍ਰਸਿੱਧੀ ਪੂਰੇ ਵਿਸ਼ਵ ਵਿੱਚ ਤੇਜੀ ਨਾਲ ਹੋ ਰਹੀ ਹੈ।ਜਿਸ ਨੂੰ ਸਫਲ ਬਣਾਉਣ ਲਈ ਸਾਰੀ ਸੰਗਤ ਦਾ ਸਹਿਯੋਗ ਹੈ। ਰਵਿਦਾਸੀਆ ਕੌਮ ਨੂੰ ਮਾਣ ਹੈ ਸੰਤ ਸੁਰਿੰਦਰ ਦਾਸ ਬਾਵਾ ਜੀ ‘ਤੇ ਕਿਉਂਕਿ ਉਹ ਰਵਿਦਾਸੀਆ ਕੌਮ ਦੇ ਸੱਚੇ ਤੇ ਸੁੱਚੇ ਜਰਨੈਲ ਹਨ।

ਪ੍ਰਿੰਸੀਪਲ ਪਰਮਜੀਤ ਜੱਸਲ 98721 -80653

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article80 ਸਾਲਾ ਪੁੱਤਰ ਆਪਣੇ 99 ਸਾਲਾ ਪਿਤਾ ਨੂੰ ਲੈ ਕੇ ਪਹੁੰਚਿਆ ਰੈਸਟੋਰੈਂਟ ਦਹਾਕਿਆਂ ਪੁਰਾਣਾ ਵਾਅਦਾ ਹੋਇਆ ਪੂਰਾ!
Next articleਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿੱਚ ਐਨ.ਐਸ.ਐਸ. ਯੂਨਿਟ ਵੱਲੋਂ ਸਫਾਈ ਮੁਹਿੰਮ ਦਾ ਆਯੋਜਨ