
ਮਾਲਵਿੰਦਰ ਸ਼ਾਇਰ
(ਸਮਾਜ ਵੀਕਲੀ) ਡਾ. ਨਵਦੀਪ ਕੌਰ ਮੂਲ ਰੂਪ ਵਿੱਚ ਇੱਕ ਨਾਰੀ ਨਾਟਕਕਾਰ ਹੈ। ਉਸ ਵੱਲੋਂ ਹੁਣ ਤੱਕ ਸਿਰਜਿਤ ਅਲੋਚਨਾ ਪੁਸਤਕਾਂ ਜ਼ਿਆਦਾਤਰ ਨਾਟਕ ਖੇਤਰ ਨਾਲ਼ ਹੀ ਸੰਬੰਧਿਤ ਹਨ ਜਿਨ੍ਹਾਂ ਦੀ ਗਿਣਤੀ ਦਸ ਦੇ ਕਰੀਬ ਹੈ। ਉਸਦਾ ਪੀ. ਐੱਚ. ਡੀ ਖੋਜ ਵਿਸ਼ਾ *”ਪੰਜਾਬੀ ਇਸਤਰੀ ਨਾਟਕਕਾਰਾਂ ਦੇ ਨਾਟ ਸਰੋਕਾਰ”* ਵੀ ਨਾਟਕ ਖੇਤਰ ਨਾਲ਼ ਹੀ ਸੰਬੰਧਿਤ ਰਿਹਾ ਹੈ। ਪਰ ਕਾਵਿ ਖੇਤਰ ਵੱਲ ਉਸਦਾ ਅਛੋਪਲੇ ਜਿਹੇ ਆ ਜਾਣਾ ਤਾਂ ਉਸ ਵੱਲੋਂ ਪੰਜਾਬੀ ਕਵਿਤਾ ਵਿੱਚ ਕੀਤਾ ਜਾਣਾ ਗੁਣਾਤਮਿਕ ਵਾਧੇ ਦਾ ਸ਼ੁਭ ਸੰਕੇਤ ਹੈ। ਭਾਰਤੀ ਕਾਵਿ ਸ਼ਾਸ਼ਤਰ ਵਿੱਚ ਕਾਵਿ ਦੇ ਦੋ ਪ੍ਰਾਚੀਨ ਭੇਦ ਮੰਨੇ ਜਾਂਦੇ ਹਨ (੧) ਸ਼੍ਰਵਯ ਕਾਵਿ ਤੇ (੨) ਦ੍ਰਿਸ਼ਯ ਕਾਵਿ। ਡਾ. ਨਵਦੀਪ ਨੂੰ ਉਪਰੋਕਤ ਦੋਹਾਂ ਭੇਦਾਂ ਵਿੱਚ ਸਿਰਜਣਾ ਕਰਨ ਦਾ ਆਬੂਰ ਹਾਸਲ ਹੈ ਜੋ ਕਿ ਵਿਰਲੇ ਸਾਹਿਤਕਾਰ ਦੇ ਹਿੱਸੇ ਹੀ ਆਉੰਦਾ ਹੈ। ਹਥਲੀ ਪੁਸਤਕ *’ਅਹਿਲਿਆ’* ਤੋਂ ਪਹਿਲਾਂ ਉਸਦੀਆਂ ਦੋ ਕਾਵਿ ਪੁਸਤਕਾਂ *’ਨਾਰੀਘਾਟ’ ( ਕਾਵਿ-ਨਾਟ)* ਤੇ *’ਪੱਥਰਾਟ ‘ਚੋਂ ਗੂੰਜਦੇ ਸੂਹੇ ਬੋਲ’ ( ਕਾਵਿ-ਸੰਗ੍ਰਹਿ)* ਪ੍ਰਕਾਸ਼ਿਤ ਹੋ ਚੁੱਕੇ ਹਨ। ਕਾਵਿ-ਨਾਟ *’ਨਾਰੀਘਾਟ’* ਵਿੱਚ ਨਵਦੀਪ ਨੇ ਕੁੱਝ ਪਾਤਰ ਆਮ ਜੀਵਨ ਵਿੱਚੋਂ ਤੇ ਕੁੱਝ ਕਾਲਪਨਿਕ ਸਿਰਜੇ ਹਨ ਜਿਨ੍ਹਾਂ ਰਾਹੀਂ ਸਮਾਜ ਵਿੱਚ ਔਰਤ ਦੀ ਜ਼ਿੰਦਗੀ ਤੇ ਦਰਜੇ ਦੀ ਪਰੰਪਰਾਗਤ ਗਾਥਾ ਨੂੰ ਪੇਸ਼ ਕੀਤਾ ਗਿਆ ਹੈ। ਉਹ ਆਪਣੇ ਅਗਲੇ ਕਾਵਿ-ਸੰਗ੍ਰਹਿ *’ਪਥਰਾਟ ‘ਚੋਂ ਗੂੰਜਦੇ ਸੂਹੇ ਬੋਲ’* ਵਿੱਚ ਔਰਤ ਦੇ ਇਸ ਆਤਮ-ਮੰਥਨ ਨੂੰ ਹੋਰ ਅੱਗੇ ਲੈ ਗਈ।ਇਸ ਕਾਵਿ-ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਵਿੱਚ ਅੱਜ ਦੀ ਔਰਤ ਦੀ ਵਿੱਥਿਆ ਮਿਥਿਅਕ ਔਰਤਾਂ ਦੇ ਹਵਾਲਿਆਂ ਨਾਲ਼ ਪੇਸ਼ ਕੀਤੀ ਗਈ ਹੈ।ਇਸ ਪੁਸਤਕ ਵਿੱਚ ਯੁਗਾਂ-ਯੁਗਾਂਤਰਾਂ ਦੀਆਂ ਪਰਤਾਂ ਫਰੋਲਦੀਆਂ ਮਿਥਿਹਾਸਿਕ ਸੂਖ਼ਮਭਾਵੀ ਔਰਤਾਂ ਦੀਆਂ ਤ੍ਰਾਸਦਿਕ ਸਥਿੱਤੀਆਂ ਦੇ ਕਾਵਿਕ ਬਿਰਤਾਂਤ ਸਿਰਜਦੀਆਂ ਕਵਿਤਾਵਾਂ ਸ਼ਾਮਲ ਹਨ। ਅਸਲ ਵਿੱਚ ਨਵਦੀਪ ਕੌਰ ਦੀ ਸਮੁੱਚੀ ਸਿਰਜਣਾ ਦਾ ਪਸਾਰ ਇੱਕ ‘ਬਿੰਦੂ’ ਤੋਂ ‘ਬ੍ਰਹਿਮੰਡਕ’ ਤੀਕ ਹੈ। ਉਸਦੀ ਜ਼ਿਆਦਾਤਰ ਕਵਿਤਾ ਵਿੱਚ ਔਰਤ ਦੀ ਅਮਾਨਵੀ ਤ੍ਰਾਸਦੀ ਅਗਰਭੂਮੀ ਵਿੱਚ ਹੁੰਦੀ ਹੈ ਅਤੇ ਮਿਥਿਹਾਸ ਪਿੱਠਭੂਮੀ ਵਿੱਚ ਵਿਦਮਾਨ ਰਹਿੰਦਾ ਹੈ। ਨਵਦੀਪ ਨੇ ਆਪਣੀ ਜ਼ਿੰਦਗੀ ਦੇ ਤਲ਼ਖ ਤਜ਼ੁਰਬਿਆਂ ਤੇ ਅਭਿਆਸਾਂ ਨਾਲ਼ ਅਗਾਂਹਵਧੂ ਵਿਚਾਰ/ਖ਼ਿਆਲ/ਭਾਵ ਅੰਕਿਤ ਕੀਤੇ ਹਨ ਅਤੇ ਸਮਾਜ ਦੀਆਂ ਘਸੀਆਂ-ਪਿਟੀਆਂ ਧਾਰਨਾਵਾਂ ਨੂੰ ਨਿਕਾਰਨ ਦੀ ਜ਼ੁਰਅੱਤ ਕੀਤੀ ਹੈ। ਉਸਦੀ ਕਵਿਤਾ ਦਾ ਪਾਠ ਕਰਦਿਆਂ ਪਾਠਕ ਦਾ ਉਚਾਟ ਹੋਣਾ ਮਹਿਸੂਸ ਵੀ ਨਹੀਂ ਕੀਤਾ ਜਾ ਸਕਦਾ। ਉਹ ਅੱਖਰ-ਅੱਖਰ,ਸ਼ਬਦ-ਸ਼ਬਦ ਤੇ ਸਤਰ-ਸਤਰ ਨਾਲ਼ ਇੱਕ-ਮਿੱਕ ਹੋਇਆ ਅੱਗੇ ਤੁਰਿਆ ਜਾਂਦਾ ਹੈ। ਹੁਣ ਜਦੋਂ ਅਸੀਂ ਕਿਸੇ ਇਤਿਹਾਸਕ/ਮਿਥਿਹਾਸਕ ਵਿਸ਼ੇ ਨੂੰ ਆਪਣੀ ਸਿਰਜਣ ਪ੍ਰੀਕਿਰਿਆ ਦਾ ਅੰਗ ਬਣਾਵਾਂਗੇ ਤਾਂ ਉਸ ਕਾਵਿ ਸਿਰਜਣ ਜਾਂ ਵਾਰਤਕ ਸਿਰਜਣ ਵਿੱਚ ਬਿਰਤਾਂਤ ਦਾ ਆਉਣਾ ਸੁਤੇ-ਸੁਭਾਅ ਜਾਂ ਸੁਭਾਵਿਕ ਹੈ।
ਬਿਰਤਾਂਤ ਅੰਗਰੇਜ਼ੀ ਭਾਸ਼ਾ ਦਾ ਸ਼ਬਦ “Narrative’ ਦਾ ਪੰਜਾਬੀ ਤਰਜ਼ਮਾ ਹੈ।ਰਾਬਰਟ ਹੋਗ ਨੇ “Narrative” ਦੀ ਉਤਪਤੀ/ਨਿਰੁਕਤੀ ਲਾਤੀਨੀ ਭਾਸ਼ਾ ਦੇ ਸ਼ਬਦ “Narrare” ਤੋਂ ਹੋਈ ਮੰਨੀ ਹੈ ਜਿਸਦਾ ਅਰਥ ਹੈ ‘ਕਥਾ ਦਾ ਬਿਆਨ।’ ਸੋ ਬਿਰਤਾਂਤ ਨੂੰ ਅੱਗੋਂ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ : (੧) ਗੈਰ-ਗਲਪੀ (ਜੀਵਨੀਆਂ ,ਸਫ਼ਰਨਾਮੇ) (੨) ਇਤਿਹਾਸਿਕ ਘਟਨਾਵਾਂ ਦੀ ਗਲਪੀ ਪੇਸ਼ਕਾਰੀ (ਮਿਥ ਅਤੇ ਜਨਮ-ਸਾਖੀਆਂ) ਅਤੇ (੩) ਗਲਪ ( ਗਦ ਵਿੱਚ ਸਾਹਿਤ ਅਤੇ ਕਈ ਵਾਰ ਕਾਵਿ ਤੇ ਡਰਾਮਾ ਵੀ) । ਬਿਰਤਾਂਤ ਮਾਨਵੀ ਕਲਾਤਮਿਕਤਾ ਦੇ ਹਰ ਰੂਪ ਵਿੱਚ ਦੇਖਿਆ ਜਾ ਸਕਦਾ ਹੈ, ਜਿਵੇਂ ਕਿ ਬੋਲਣਾ,ਲਿਖਣਾ,ਖੇਡਣਾ,ਫ਼ਿਲਮਾਂ, ਟੀ.ਵੀ. ਤੇ ਚਿੱਤਰਕਾਰੀ ਆਦਿ। ਪਰ ਮਹਾਂ-ਕਾਵਿ ਕਿਸੇ ਨਾਇਕ ਦੇ ਜੀਵਨ ਦੇ ਬਹੁਪੱਖੀ ਬਿਰਤਾਂਤ ਨੂੰ ਪੇਸ਼ ਕਰਦੀ ਵੱਡ ਅਕਾਰੀ ਕਾਵਿ ਰਚਨਾ ਹੁੰਦੀ ਹੈ। ਇਸੇ ਦਾ ਹੀ ਅਗਲਾ ਹਿੱਸਾ ਖੰਡ-ਕਾਵਿ ਉਹ ਹੈ ਜੋ ਮਹਾਂ-ਕਾਵਿ ਦੇ ਇੱਕ ਅੰਸ਼ ਨੂੰ ਲੈ ਕੇ ਤੁਰਿਆ ਜਾਂਦਾ ਹੈ।ਇਸ ਵਿੱਚ ਜ਼ਿੰਦਗੀ ਦੇ ਇੱਕ ਪਹਿਲੂ , ਘਟਨਾ ਜਾਂ ਕਥਾ ਦਾ ਵਰਣਨ ਚਲਦਾ ਹੈ ਜੋ ਆਪਣੇ ਤੌਰ ‘ਤੇ ਪੂਰਾ ਹੁੰਦਾ ਹੈ।ਮੇਰੀ ਜਾਚੇ ‘ਅਹਿਲਿਆ’ ਚਾਹੇ ਇੱਕ ਮਿਥਕ ਦੇ ਨਾਲ਼-ਨਾਲ਼ ਅਹਿਸਾਸ ਮੁਖੀ ਪ੍ਰਚੰਡ-ਚੇਤਨਾ ਦਾ ਕਾਵਿਕ-ਪ੍ਰਵਾਹ ਹੈ ਪਰ ਇਹ ਪਰੰਪਰਿਕ ਵਸਤੂ-ਵਿਸਤਾਰ ਮਹਾਂ-ਕਾਵਿ ਦਾ ਅੰਸ਼ਿਕ ਰੂਪ ਹੋਣ ਕਾਰਨ ਖੰਡ-ਕਾਵਿ ਦੇ ਜ਼ਿਆਦਾ ਨਜ਼ਦੀਕ ਹੈ ਜਿਸ ਵਿੱਚ ਸ਼ਾਇਰਾ ਮਿਥਕ ਕਥਾ ਤੇ ਪ੍ਰਥਾ ਨੂੰ ਪਰਖਦੀ ਪੜਚੋਲਦੀ ਅੱਗੋਂ ਇੱਕ ਜਾਗ੍ਰਿਤ ਔਰਤ ਦਾ ਬਿੰਬ ਉਜਾਗਰ ਕਰਦੀ ਹੈ ਅਤੇ ਦਮਨਕਾਰੀ ਪਿੱਤ੍ਰਸੱਤਾ ਨੂੰ ਕਟਹਿਰੇ ਵਿੱਚ ਖੜ੍ਹਾ ਕੇ ਆਪਣੇ ਅੰਤਰੀਵ ਮਨ ‘ਚ ਪਰਤ- ਦਰ- ਪਰਤ ਪਏ ਸਵਾਲਾਂ ਦੇ ਬੱਖ਼ੀਏ ਉਧੇੜਦੀ ਸਵੈ-ਚੇਤਨਾ ਭਾਵ ਕਿ ਮਹਾਂ-ਚੇਤਨਾ ਦੇ ਸਿੱਟੇ ‘ਤੇ ਜਾ ਅਪੜਦੀ ਹੈ। ਸ਼ਾਇਰਾ ਦੇ ਇਸ ਖੰਡ-ਕਾਵਿ ਵਿਚਲੇ ਸੂਖ਼ਮਭਾਵੀ ਸੰਕੇਤ/ਚਿੰਨ੍ਹ ਪਾਠਕ ‘ਤੇ ਗਹਿਰਾ ਅਸਰ ਪਾਉਂਦੇ ਹਨ ਅਤੇ ਸ਼ਾਇਰਾ ਆਪਣੇ ਵਿਚਾਰਾਂ/ਭਾਵਾਂ ਨੂੰ ਪ੍ਰਗਟ ਕਰਨ ਲਈ ਬਿਲਕੁੱਲ ਸਪੱਸ਼ਟ ਰੁਖ ਅਪਣਾਉਂਦੀ ਹੈ ਤੇ ਕਿਧਰੇ ਵੀ ਅਸਪੱਸ਼ਟਤਾ ਨਜ਼ਰ ਨਹੀਂ ਆਉੰਦੀ। ਉਸਦਾ ਸਿਰਜਣਾ ਸੁਹਜ ਨਵੀਆਂ ਪੈੜਾਂ ਸਿਰਜਦਾ ਪ੍ਰਤੀਤ ਹੁੰਦਾ ਹੈ। ਨਵਦੀਪ ਕੋਲ ਸਮੇਂ ਨੂੰ ਨਾਲ਼ ਲੈ ਕੇ ਚੱਲਣ ਲਈ ਅਥਾਹ ਸ਼ਕਤੀ ਤੇ ਦ੍ਰਿਸ਼ਟੀ ਹੈ। ਇਸ ਕਰਕੇ ਉਹ ਯਥਾਰਥ ਅੰਦਰਲੀਆਂ ਬਰੀਕੀਆਂ ਨੂੰ ਫੜਦੀ ਹੋਈ ਔਰਤ ਅੰਤਰਮਨ ਵਿੱਚ ਚਲਦੇ ਦਵੰਦ ਨੂੰ ਵੀ ਆਪਣੀ ਸ਼ਾਇਰੀ ਵਿੱਚ ਸਮਾਉਣ ਦਾ ਹੁਨਰ ਰੱਖਦੀ ਹੈ। ਸ਼ਾਇਰਾ ਕੋਲ ਸ਼ਾਇਰੀ ਕਹਿਣ ਦਾ ਹੁਨਰ ਹੈ ਅਤੇ ਨਾਲ਼ੋ-ਨਾਲ਼ ਸੂਝ, ਸਿਆਣਪ, ਸਮਰੱਥਾ, ਸੰਵੇਦਨਾ, ਸੰਜਮਤਾ ਅਤੇ ਸਾਹਿਜਤਾ ਇਸ ਸ਼ਾਇਰਾ ਅੰਦਰ ਪੂਰਨ ਤਰੀਕੇ ਨਾਲ਼ ਗੁੰਦਿਆਂ ਨਜ਼ਰ ਆਉਂਦਾ ਹੈ। ‘ਅਹਿਲਿਆ’ ਇੱਕ ਸਰਗ-ਬੱਧ ਕਵਿਤਾ ਹੈ ਜਿਸ ਦੇ ਛੇ ਕਾਂਡ ਹਨ ਜਿਨ੍ਹਾਂ ਵਿੱਚ ਅਹਿਲਿਆ ਦਾ ਜਨਮ,ਗੌਤਮ ਦੀ ਸ਼ਿਸ਼ ਬਣਨਾ, ਗਿਆਨ ਪ੍ਰਾਪਤੀ, ਅਹਿਲਿਆ ਤੇ ਗੌਤਮ ਦਾ ਵਿਆਹ, ਦੰਪਤੀ ਜੀਵਨ : ਸੁੱਖ ਤੇ ਤਣਾਅ ਅਤੇ ਆਖ਼ਰੀ ਕਾਂਡ ਮਹਾਂ-ਚੇਤਨ ਸ਼ਾਮਲ ਹਨ। ਖੰਡ-ਕਾਵਿ ਦੇ ਪਛਾਣ ਤੱਤ ਤਕਰੀਬਨ ਮਹਾਂ-ਕਾਵਿ ਨਾਲ਼ ਮਿਲਦੇ-ਜੁਲਦੇ ਹੀ ਹੁੰਦੇ ਹਨ। ਇਸ ਸਰਗ-ਬੱਧ ਕਾਵਿ-ਪ੍ਰਵਾਹ ਦੇ ਪਹਿਲੇ ਕਾਂਡ ਦਾ ਸਮਾਪਨ ਦੂਸਰੇ ਕਾਂਡ ਦੇ ਉਦੈ ਹੋਣ ‘ਚ ਸਹਾਈ ਮਾਤਰ ਵੀ ਹੁੰਦਾ ਹੈ। ਇਸ ਤਰ੍ਹਾਂ ਇਹ ਕਥਾ-ਪ੍ਰਵਾਹ ਕੜੀ-ਦਰ-ਕੜੀ ਆਦਿ ਤੋਂ ਮੱਧ ਵਿਚਦੀ ਹੁੰਦਾ ਹੋਇਆ ਅੰਤ ਤੀਕ ਚੱਲਦਾ ਜਾਂਦਾ ਹੈ ਅਤੇ ਸ਼ਾਇਰਾ ਨੇ ਇਸ ਮਿਥਕ ਪੁਰਾਣ-ਕਥਾ ਨੂੰ ਨਾਟਕੀਅਤ ਜੁਗਤ ਨਾਲ਼ ਅੱਜ ਦੀ ਅਗਾਂਹ ਵਧੂ ਨਾਰੀ ਚੇਤਨਾ ਸੰਗ ਜੋੜ ਕੇ ਇਸਦਾ ਨਿਸ਼ਕਰਸ਼ ਪੇਸ਼ ਕਰ ਦਿੱਤਾ ਜੋ ਮਹਾਂ-ਚੇਤਨਾ ਦੇ ਰੂਪ ਵਿੱਚ ਉਜਾਗਰ ਹੁੰਦਾ ਹੈ, ਇਹੋ ਹੀ ਸ਼ਾਇਰਾ ਦੀ ਸਿਰਜਣ ਪ੍ਰੀਕਿਰਿਆ ਦੀ ਖ਼ਾਸ਼ੀਅਤ ਹੈ ਜਿਸਦੀ ਸ਼ਲਾਘਾ ਕਰਨੀ ਬਣਦੀ ਹੈ। ਇਸ ਖੰਡ-ਕਾਵਿ ਦੀਆਂ ਸ਼ੁਰੂਆਤੀ ਸਤਰਾਂ :–
” ਮੈਂ ਅਹਿਲਿਆ
ਬ੍ਰਹਮ ਪੁੱਤਰੀ ਅਹਿਲਿਆ
ਬ੍ਰਹਮ ਲੋਕ ਤੋਂ ਧਰਤ ਤੀਕ
ਮੇਰੀ-ਹੋੰਦ
ਹੋੰਦ ਨਿਰਹੋਂਦ ਦੇ ਅਰਥਾਂ ‘ਚ ਉਲਝੀ
ਮੇਰੇ ਨਾਂਅ ਦੀ ਹੋੰਦ
ਨਰ-ਨਾਰੀ ਹੀ ਨਹੀਂ
ਧਰਤ ਲੋਕ ਦੀ
ਹਰ ਸਿਲਾ ਵੀ
ਮੈਨੂੰ ਪਛਾਣਦੀ
ਮੈਂ ਬ੍ਰਹਮ ਪੁੱਤਰੀ ਅਹਿਲਿਆ…।”
ਇਹ ਖੰਡ-ਕਾਵਿ ਦੇ ਕਥਾ-ਪ੍ਰਵਾਹ ਦੀਆਂ ਅੰਤਮ ਸਤਰਾਂ ਜੋ ਇਸ ਮਿਥਕ ਕਥਾ ਨੂੰ ਅਜੋਕੀ ਨਾਰੀ ਦੀ ਅਜ਼ਾਦ-ਫ਼ਿਜ਼ਾ ਦੀਆਂ ਲਖਾਇਕ ਹੋ ਨਿਬੜਦੀਆਂ ਹਨ ਅਤੇ ਸ਼ਾਇਰਾ ਦੇ ਅੰਦਰ ਫੁੱਟੇ ਨਾਰੀ-ਚੇਤਨਾ ਰੂਪੀ ਜਵਾਲਾਮੁਖੀ ਨੂੰ ਸ਼ਾਂਤ ਕਰਦੀਆਂ ਅੰਤਿਮ ਛੋਹਾਂ ਪ੍ਰਦਾਨ ਕਰਦੀਆਂ ਹਨ…ਵੇਖੋ :–
” ਮੇਰੀ ਮਹਾਂ ਸ਼ਕਤੀ ਦੀ
ਸੰਖ-ਧੁਨੀ
ਗੂੰਜੀ ਵਿੱਚ ਅੰਬਰ,
ਮਹਾਂ ਸੱਤਾ ਦਾ
ਡੋਲਿਆ ਤਖ਼ਤ,
ਵੇਖ, ਹੋਇਆ ਅਚੰਭਿਤ।
ਮੈਂ ਹੁਣ ਹੋਈ ਮੁਕਤ।
ਹੁਣ ਮੈਂ ਹਰ ਔਰਤ ਦੇ ਚਿੱਤ ‘ਚ ਜਿਉੰਦੀ ਰਹਾਂਗੀ।
ਚੇਤਨਾ ‘ਚ ਧੜਕਦੀ ਰਹਾਂਗੀ।
ਚੇਤਾ ਕਰਾਉਂਦੀ ਰਹਾਂਗੀ।
ਹੁਣ ਮੈਂ ਆਪਣੀ ਚੇਤਨਾ ਬਚਾ ਕੇ ਰੱਖਾਂਗੀ,
ਮਹਾਂ-ਚੇਤਨਾ ਦੀ ਮਸ਼ਾਲ ਜਗਾ ਕੇ ਰੱਖਾਂਗੀ।
ਇਹ ਪੁਸਤਕ ਜੋ 220 ਪੰਨਿਆਂ ਵਿੱਚ ਫ਼ੈਲੀ ਹੋਈ ਹੈ, ਇਸਦੇ ਟਾਈਟਲ ਪੇਜ਼ ਦੀ ਜਿੰਨੀ ਪ੍ਰਸ਼ੰਸ਼ਾ ਕਰ ਲਉ ਥੋੜ੍ਹੀ ਹੈ ਅਤੇ ਇਹ ਬੇਟੀ ਜਸਕ੍ਰਿਤੀਕਾ (ਜੀਆ), ਬੇਟੀ ਭਵਯਾ ਅਤੇ ਵਿਸ਼ਵ ਦੀਆਂ ਸਮੂਹ ਧੀਆਂ ਦੇ ਨਾਂਅ ਸਮਰਪਣ ਕੀਤੀ ਹੋਈ ਹੈ, ਇਸ ਵਿੱਚ ਨਵਦੀਪ ਨੇ ਆਪਣੀ ਮਨੋ-ਸੰਵੇਦਨਾ ਤੇ ਸੂਖ਼ਮ ਕਾਵਿਕ ਦ੍ਰਿਸ਼ਟੀ ਰਾਹੀਂ ਔਰਤ ਦੇ ਅੰਤਰੀਵ ਮਨ ਅਤੇ ਆਤਮਿਕ ਵਲਵਲਿਆਂ ਦੀ ਨਸ-ਨਸ ਨੂੰ ਛੂਹਿਆ ਹੈ ਅਤੇ ਪੁਰਾਣ-ਕਥਾ ਦੀ ਨਾਇਕਾ ਅਹਿਲਿਆ ਨੂੰ ਅਜੋਕੀ ਨਾਰੀ ਦੇ ਸੰਦਰਭ ਵਿੱਚ ਨਵੇਂ ਅਰਥ ਪ੍ਰਦਾਨ ਕਰਕੇ ਪੁਨਰ ਪ੍ਰਭਾਸ਼ਿਤ ਕੀਤਾ ਹੈ ਜੋ ਅੱਜ ਦੇ ਸਮੇਂ ਲਈ ਲੋੜੀਂਦਾ ਸ਼ਲਾਘਾਯੋਗ ਕਾਰਜ ਹੈ। ਮੈਂ ਡਾ. ਨਵਦੀਪ ਕੌਰ ਦੀ ਹਥਲੀ ਪੁਸਤਕ ‘ਅਹਿਲਿਆ’ ਦੀਆਂ ਪੰਕਤੀਆਂ ਨੂੰ ਸ਼ਤਿ-ਸ਼ਤਿ ਪ੍ਰਣਾਮ ਕਰਦਾ ਹੋਇਆ ਆਪਣੀ ਕਲ਼ਮ ਨੂੰ ਵਿਸ਼ਰਾਮ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਪਾਠਕ ਇਸ ਪੁਸਤਕ ਨੂੰ ਆਪਣੀਆਂ ਪਲ਼ਕਾਂ ਦੀ ਛਾਂ ਪ੍ਰਦਾਨ ਕਰਨਗੇ ਅਤੇ ਮਾਣ ਨਾਲ਼ ਕਹਿਣਗੇ ਕਿ ਹੁਣ ਪੁਨਰ-ਜਾਗ੍ਰਿਤ ਅਹਿਲਿਆ ਰੂਪੀ ਔਰਤ ਮਰਦ-ਪ੍ਰਧਾਨ ਸਮਾਜ ਦੀ ਗੁਲਾਮ ਨਹੀਂ ਸਗੋਂ ਹੁਣ ਉਹ ਆਜ਼ਾਦ ਅਤੇ ਸ਼ਕਤੀਸ਼ਾਲੀ ਅਸਤਿਤਵ ਦੀ ਮਾਲਕ ਬਣ ਗਈ ਹੈ।…ਆਮੀਨ ।
ਮਾਲਵਿੰਦਰ ਸ਼ਾਇਰ,ਬਰਨਾਲਾ
ਪਿੰਡ ਤੇ ਡਾਕ. — ਸ਼ੇਰ ਸਿੰਘ ਪੁਰਾ
ਤਹਿ. ਤੇ ਜਿਲ੍ਹਾ — ਬਰਨਾਲਾ — 148100
ਸੰਪਰਕ — 94781- 85742