ਕੁਲਵਿੰਦਰ ਵਿਰਕ
(ਸਮਾਜ ਵੀਕਲੀ) ਜਦ ਸਮਾਜਿਕ, ਆਰਥਿਕ ਜਾਂ ਸੱਭਿਆਚਾਰਕ ਯਥਾਰਥ ਮਨ ਦੇ ਭਾਵਾਂ ਨਾਲ ਤੇ ਜ਼ਿੰਦਗੀ ਦੇ ਚਾਵਾਂ ਨਾਲ ਟਕਰਾਉਂਦੇ ਨੇ ਤਾਂ ਸਾਹਿਤ ਪੈਦਾ ਹੁੰਦੈ । ਕਵਿਤਾ ਅਜਿਹੇ ਟਕਰਾਅ ਵਿੱਚੋਂ ਉਪਜਦੀ ਉਹ ਉੱਚੀ-ਸੁੱਚੀ ਸਿਨਫ਼, ਜਿਸਦਾ ਦਾਇਰਾ ਕਿਰਤੀ ਦੇ ਮਨ-ਮਸਤਕ ਤੋਂ ਕਾਇਨਾਤ ਤੱਕ ਫੈਲਿਆ ਹੋਇਆ…
ਜਸਵੰਤ ਗਿੱਲ ਸਮਾਲਸਰ ਦੀ ਕਵਿਤਾ ਰੁੱਖੀ-ਸੁੱਕੀ ਖਾ ਕੇ ਅਤੇ ਠੰਢਾ ਪਾਣੀ ਪੀ ਕੇ ਸਬਰ ਦਾ ਘੁੱਟ ਭਰਨ ਦਾ ਉਪਦੇਸ਼ ਨਹੀਂ ਦਿੰਦੀ… ਚੁੱਪ-ਚਾਪ ਜ਼ੁਲਮ ਦੀਆਂ ਫਾਂਟਾਂ ਨੂੰ ਸਹਿਣ ਕਰਨ ਦਾ ਸੰਦੇਸ਼ ਨਹੀਂ ਦਿੰਦੀ…! “ਜ਼ਿੰਦਗੀ ਦੇ ਪਰਛਾਵੇਂ” ਵਿਚਲੀ ਉਸਦੀ ਸਮੁੱਚੀ ਕਵਿਤਾ ਮੱਥਿਆਂ ‘ਚ ਮਸ਼ਾਲਾਂ ਬਾਲਣ ਦਾ ਹੋਕਾ ਦਿੰਦੀ ਐ… ਏਸ ‘ਮਹਾਨ’ ਦੇਸ਼ ਦੇ ਹਾਕਮਾਂ ਦੀਆਂ ਮਾਰੂ ਨੀਤੀਆਂ ਵਿਰੁੱਧ ਬਗਾਵਤ ਦਾ ਝੰਡਾ ਚੁੱਕਣ ਦਾ ਮੌਕਾ ਦਿੰਦੀ ਐ… ! ਖ਼ੂਨ-ਪੀਣੀਆਂ ਜੋਕਾਂ ਦੀ ਪਹਿਚਾਣ ਕਰਨ ਤੇ ਸੋਚਾਂ ਦੀਆਂ ਲਾਟਾਂ ਨੂੰ ਹੋਰ ਉੱਚਾ ਕਰਨ ਲਈ ਪ੍ਰੇਰਿਤ ਕਰਦੀ ਜਸਵੰਤ ਗਿੱਲ ਦੀ ਕਵਿਤਾ ਬਾਹੋਂ ਫੜ੍ਹ ਹਲੂਣਦੀ ਤੇ ਤੀਜੀ ਅੱਖ ਖੋਲ੍ਹਣ ਦਾ ਜਜ਼ਬਾ ਪ੍ਰਦਾਨ ਕਰਦੀ ਹੈ ।
ਕਵਿਤਾ ਜੇ ਮਸਲੇ ਦਾ ਹੱਲ ਨਹੀਂ ਤਾਂ ਅਸਲ ਮਸਲੇ ਨੂੰ ਤੁਹਾਡੇ ਰੂਬਰੂ ਜ਼ਰੂਰ ਕਰਦੀ ਹੈ –
ਜੇ ਤੁਹਾਨੂੰ ਲੱਗਦੈ
ਕਵਿਤਾ ਤੁਹਾਡੇ ਮਸਲੇ ਦਾ ਹੱਲ ਨਹੀਂ
ਤਾਂ ਸਹੀ ਹੈ
ਪਰ ਕਵਿਤਾ ਤੁਹਾਡੇ ਮਸਲੇ ਨੂੰ
ਉਜਾਗਰ ਕਰ ਸਕਦੀ ਏ
ਤੁਹਾਡਾ ਮਸਲਾ
ਦੁਨੀਆ ਦਾ ਮਸਲਾ ਬਣ ਸਕਦੈ…!
ਕਵਿਤਾ ਤੁਹਾਡੇ ਖੋਹੇ ਜਾ ਰਹੇ ਹੱਕ
ਪੈਰਾਂ ‘ਚ ਚੁੱਭਦੇ ਗ਼ੁਲਾਮੀ ਦੇ ਕੱਚ
ਸਾਮਰਾਜ ਵੱਲੋਂ ਹੁੰਦੀ ਲੁੱਟ
ਤੇ ਸਿਆਸੀ ਕੁੱਟ ਦਾ
ਪਰਦਾਫਾਸ਼ ਕਰ ਸਕਦੀ ਐ…!
ਇਹੋ ਨਹੀਂ; ਸੋਹਣੀ ਜ਼ਿੰਦਗੀ ਦੇ ਸਿਰਨਾਵਿਆਂ ਦੀ ਤਲਾਸ਼ ਵੀ ਕਰਦੀ ਹੈ “ਜ਼ਿੰਦਗੀ ਦੇ ਪਰਛਾਵੇਂ” …
ਮੇਰੀ ਫ਼ਿਤਰਤ ਨਹੀਂ ਹੈ
ਉਡਦੇ ਪਰਿੰਦਿਆਂ ਨੂੰ
ਪਿੰਜਰੇ ਚ ਕੈਦ ਕਰਨ ਦੀ
ਤੂੰ ਆਜ਼ਾਦ ਏਂ
ਇਹ ਧਰਤੀ
ਇਹ ਆਸਮਾਨ
ਸਭ ਤੇਰੇ ਨੇ …
ਤੂੰ ਉਡਾਰੀ ਭਰ
ਤੇਰੇ ਪਰ ਕੱਟਾਂ
ਮੈਂ ਕੋਈ
ਸ਼ਿਕਾਰੀ ਨਹੀਂ….
‘ਅਸੀਂ ਕੁੜੀਆਂ’ ਕਵਿਤਾ ਰੂੜੀਵਾਦੀ ਪਰੰਪਰਾਵਾਂ ਤੇ ਜੰਗਾਲ ਖਾਧੀਆਂ ਰੀਤਾਂ ਨੂੰ ਤੋੜਦੀ ਹੈ-
ਜੇ ਅਸੀਂ
ਚੁੰਨੀ ਨਹੀਂ ਲੈਂਦੀਆਂ
ਦਬਕੇ ਨਹੀਂ ਸਹਿੰਦੀਆਂ
ਤਾਂ ਤੁਹਾਨੂੰ ਵਿਰਸਾ ਯਾਦ ਆਉਂਦਾ…
ਜੇ ਅਸੀਂ
ਆਜ਼ਾਦੀ ਲਈ ਲੜਦੀਆਂ
ਹੱਕਾਂ ਦੀ ਗੱਲ ਕਰਦੀਆਂ
ਤਾਂ ਤੁਹਾਡਾ ਮਨ
ਬੜਾ ਘਬਰਾਉਂਦਾ….
ਜਸਵੰਤ ਗਿੱਲ ਆਪਣੀ ਕਵਿਤਾ ਵਿੱਚ ਸਿਰਫ਼ ਬਿਆਨਬਾਜ਼ੀ ਹੀ ਨਹੀਂ ਕਰਦਾ ਸਗੋਂ ਸਮੱਸਿਆ ਦੀ ਜੜ੍ਹ ਨੂੰ ਫੜ ਕੇ ਉਸਨੂੰ ਕੱਟਣ ਲਈ ਸੁਝਾਅ ਵੀ ਦਿੰਦਾ ਹੈ । ਇਸੇ ਲਈ ਉਸ ਦੀਆਂ ਕਵਿਤਾਵਾਂ ਵਿੱਚ ਸੰਘਰਸ਼, ਹੱਕ, ਹਾਕਮ, ਜ਼ੁਲਮ, ਵੰਗਾਰ, ਤਾਕਤ, ਤਹਿਜੀਬ, ਸਿਆਸਤ, ਮਹਾਨਤਾ ਤੇ ਉਪਰਾਮਤਾ ਵਰਗੇ ਸ਼ਬਦਾਂ ਨਾਲ ਕਈ ਵੇਰ ਸਾਹਮਣਾ ਹੁੰਦਾ ਹੈ… ਇੰਝ ਜਸਵੰਤ ਗਿੱਲ ਦੀ ਕਵਿਤਾ ਸਿਰਫ਼ ਸਵਾਦ ਮਾਣਨ ਲਈ ਨਹੀਂ ਬਲਕਿ ਸਿਰ ਜੋੜ ਕੇ ਸੋਚਣ-ਵਿਚਾਰਨ, ਕਿਰਤੀ-ਕਾਮਿਆਂ ਦੀ ਹੋ ਰਹੀ ਲੁੱਟ ਅਤੇ ਦੇਸ਼ ‘ਚ ਫੈਲੀ ਅਰਾਜਕਤਾ ਦੇ ਮਾਹੌਲ ਨੂੰ ਉਜਾਗਰ ਕਰਨ ਤੇ ਮੱਥਿਆਂ ‘ਚ ਬਲਦੀਆਂ ਮਸ਼ਾਲਾਂ ਦੀਆਂ ਲਾਟਾਂ ਨੂੰ ਹੋਰ ਉੱਚੀਆਂ ਕਰਨ ਲਈ ਪਨਪੀ ਜ਼ਿਹਨੀਅਤ ਵਿੱਚੋਂ ਉਪਜਦੀ ਹੈ…
ਉਹ ਖ਼ੁਦ ਆਖਦਾ ਹੈ-
ਜੇ ਤੁਸੀਂ ਕਵਿਤਾ ਨੂੰ
ਸਿਰਫ਼ ਸਵਾਦ ਲਈ ਪੜ੍ਹਦੇ ਹੋ
ਤਾਂ ਮੇਰੀ ਕਵਿਤਾ
ਤੁਹਾਡੇ ਸਵਾਦ ਨੂੰ
ਕਿਰਕਿਰਾ ਕਰ ਸਕਦੀ ਐ
ਤੁਸੀਂ ਇਸ ਤੋਂ ਦੂਰ ਹੀ ਰਹੋ…
ਮੈਂ ਕਵਿਤਾ
ਸੋਚਣ ਤੇ ਵਿਚਾਰਨ ਲਈ ਲਿਖਦਾ ਹਾਂ
ਜੇ ਤੁਸੀਂ ਪੜ੍ਹ ਕੇ ਸੋਚ ਨਹੀਂ ਸਕਦੇ
ਵਿਚਾਰ ਨਹੀਂ ਸਕਦੇ
ਤਾਂ ਮੇਰੀ ਕਵਿਤਾ ਤੁਹਾਡੇ ਕੰਮ ਦੀ ਨਹੀਂ….
ਜਸਵੰਤ ਗਿੱਲ ਦੀ ਇਸ ਕਾਵਿ-ਪੁਸਤਕ ਨੂੰ ਜਸਵੰਤ ਜ਼ਫ਼ਰ ਅਪਣਾ ਆਸ਼ੀਰਵਾਦ ਦਿੰਦੇ ਹੋਏ ਲਿਖਦੇ ਹਨ, “ਜਸਵੰਤ ਗਿੱਲ ਉਹਨਾਂ ਹਾਲਾਤਾਂ ਵਿੱਚ ਜੰਮਿਆਂ, ਪਲਿਆ ਤੇ ਵੱਡਾ ਹੋਇਆ, ਜਿੱਥੇ ਜ਼ਿੰਦਗੀ ਰੋਟੀ ਵਾਂਗ ਪੱਕਦੀ ਹੈ ਪਰ ਉਹ ਉਦਾਸੀ ਜਾਂ ਨਿਰਾਸ਼ਾਗ੍ਰਸਤ ਹੋਣ ਦੀ ਬਜਾਏ ਵਿਸ਼ਲੇਸ਼ਣ ਅਤੇ ਰੋਹ ਨੂੰ ਅੰਗੀਕਾਰ ਕਰਦਾ ਹੈ…”
ਬੇਸ਼ੱਕ ਇਸ ਪੁਸਤਕ ਵਿਚਲੀਆਂ ਉਸ ਦੀਆਂ ਕੁਝ ਕੁ ਕਵਿਤਾਵਾਂ ਅਜੇ ਹੋਰ ਪਕਿਆਈ ਦੀ ਮੰਗ ਕਰਦਿਆਂ ਸਨ ਪਰ ਭਵਿੱਖ ਵਿੱਚ ਜਸਵੰਤ ਗਿੱਲ ਸਮਾਲਸਰ ਰਹਿ ਗਈਆਂ ਕਮੀਆਂ ਨੂੰ ਦੂਰ ਕਰਦਿਆਂ ਅਵਤਾਰ ਪਾਸ਼ ਜਿਹੇ ਕਵੀਆਂ ਦੇ ਕਾਵਿ-ਸਿਰਜਣ ਰਾਹਾਂ ‘ਤੇ ਵੀ ਤੁਰੇਗਾ ਅਤੇ ਆਪਣੀਆਂ ਕਵਿਤਾਵਾਂ ਵਿੱਚ ਨਵੇਂ ਤੇ ਨਰੋਏ ਰੰਗ ਵੀ ਭਰੇਗਾ… ਇਸੇ ਆਸ ਅਤੇ ਵਿਸ਼ਵਾਸ ਨਾਲ “ਜ਼ਿੰਦਗੀ ਦੇ ਪਰਛਾਵੇਂ” ਲਈ ਜਸਵੰਤ ਗਿੱਲ ਨੂੰ ਢੇਰ ਸਾਰੀਆਂ ਮੁਬਾਰਕਾਂ…।
ਕੁਲਵਿੰਦਰ ਵਿਰਕ
ਕੋਟਕਪੂਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly