ਪ੍ਰੋਫੈਸਰ( ਡਾ.) ਮੇਹਰ ਮਾਣਕ

ਇਥੇ ਇਹ ਗੱਲ ਵਰਨਣਯੋਗ ਹੈ ਕਿ ਆਮ ਕਰਕੇ ਮੁੰਡੇ ਵਾਲਿਆਂ ਵੱਲੋਂ ਲੱਖਾਂ ਰੁਪਏ ਲਗਾ ਕੇ ਕਾਗਜੀ ਵਿਆਹ ਅਧੀਨ ਅਖੌਤੀ ਨੂੰਹ ਨੂੰ ਲੋਕਾਂ ਦਾ ਬਾਹਰ ਭੇਜਣ ਦਾ ਇਹੀ ਮਕਸਦ ਹੁੰਦਾ ਹੈ ਕਿ ਉਨ੍ਹਾਂ ਦੀ ਨੂੰਹ ਕੈਨੇਡਾ ਪਹੁੰਚ ਕੇ ਉਨ੍ਹਾਂ ਦੇ ਪੁੱਤਰ ਨੂੰ ਬਾਹਰ ਸੱਦ ਲਵੇਗੀ ਅਤੇ ਫਿਰ ਹੌਲੀ ਹੌਲੀ ਸਾਰੇ ਪਰਿਵਾਰ ਦਾ ਉਥੇ ਪਹੁੰਚਣ ਦਾ ਕੋਈ ਨਾ ਕੋਈ ਜੁਗਾੜ ਹੋ ਜਾਵੇਗਾ। ਇਸੇ ਹੁਸ਼ਿਆਰੀ ਭਰੀ ਬਣੀ ਸਮਾਜਿਕ ਸਮਝ ਅਧੀਨ ਪੜ੍ਹਾਈ ਵਿੱਚ ਹੁਸ਼ਿਆਰ ਅੱਲੜ ਅਣਜਾਣ ਕੁੜੀਆਂ ਨੂੰ ਉਨ੍ਹਾਂ ਦੇ ਮਾਪੇ ਇੰਟਰਨੈਸ਼ਨਲ ਸਟੂਡੈਂਟ ਬਣਾ ਕੇ ਕੈਨੇਡਾ ਭੇਜਦੇ ਹਨ ਤਾਂ ਕਿ ਉਹ ਉੱਥੇ ਪਹੁੰਚ ਕੇ ਜਲਦੀ ਜਲਦੀ ਡਾਲਰ ਭੇਜੇ ਅਤੇ ਉਨ੍ਹਾਂ ਨੂੰ ਵੀ ਉਥੇ ਸੈਟ ਕਰੇ ਜਦ ਕਿ ਇਹ ਕੁੜੀਆਂ ਜਿੱਥੇ ਕੈਨੇਡਾ ਦੇ ਨਵੇਂ ਕਲਚਰ ਜਿਸ ਤੋਂ ਉਹ ਬਿਲਕੁਲ ਅਣਭਿੱਜ ਅਤੇ ਅਣਜਾਣ ਹੁੰਦੀਆਂ ਹਨ,ਵਿੱਚ ਆਪਣੇ ਆਪ ਨੂੰ ਆਰਥਿਕ , ਸਮਾਜਿਕ ਅਤੇ ਸਭਿਆਚਾਰਕ ਤੌਰ ‘ਤੇ ਸੈਟ ਕਰਨ ਵਿੱਚ ਲੱਗੀਆਂ ਹੁੰਦੀਆਂ ਹਨ ਉਥੇ ਹੀ ਉਨ੍ਹਾਂ ਨੂੰ ਫੀਸਾਂ ਅਤੇ ਆਪਣੇ ਹੋਰ ਖਰਚਿਆਂ ਲਈ ਦਿਨ ਰਾਤ ਅਣਥੱਕ ਮਿਹਨਤ ਕਰਨੀ ਪੈਂਦੀ ਹੈ। ਨਫ਼ੇ ਦਾ ਸ਼ਿਕਾਰ ਅੰਨੀਂ ਦੌੜ ਦੀ ਉਲਝੀ ਵਿਕਸਿਤ ਪ੍ਰਣਾਲੀ ਵਿੱਚ ਆਰਥਿਕ ਅਤੇ ਸਮਾਜਿਕ ਪਛੜੇਪਣ ਦੇ ਸ਼ਿਕਾਰ ਦੇਸ਼ਾਂ ਦੀਆਂ ਅਰਧ ਗੁਲਾਮ ਅਤੇ ਅਣਵਿਕਸਤ ਅੱਲੜ੍ਹ ਕੁੜੀਆਂ ਦੀ ਮਨੋਦਸ਼ਾ ਗੰਭੀਰ ਜਦੋਜਹਿਦ ਰਾਹੀਂ ਗੁਜਰਦੀ ਹੈ ਅਤੇ ਇਸ ਤਣਾਓ ਭਰੀ ਜਿੰਦਗੀ ਦੇ ਬਹੁ ਦਿਸਾਵੀ ਮਾਰੂ ਸਿੱਟੇ ਨਿਕਲਦੇ ਹਨ। ਕੈਨੇਡਾ ਜਿਹੇ ਵਿਕਸਤ ਮੰਡੀ ਭਰਪੂਰ ਸਮਾਜ ਵਿੱਚ ਭਾਰਤੀ ਪਰੰਪਰਾਗਤ ਮਰਦਾਵੀਂ ਧੌਂਸ ਅਤੇ ਵਿਹਲੇ ਬੈਠ ਕੇ ਖਾਣ ਲਈ ਕੋਈ ਥਾਂ ਨਹੀਂ ਪਰ ਕਿਸੇ ਵੀ ਸਭਿਆਚਾਰ ਦਾ ਮਨ ਦੀਆਂ ਬਣਤਰਾਂ ਉੱਤੇ ਪ੍ਰਭਾਵ ਸਦੀਆਂ ਤੱਕ ਬਰਕਰਾਰ ਰਹਿੰਦਾ ਹੈ ਇਸੇ ਅਧੀਨ ਨੀਲੂ ਸ਼ਰਮਾ ਦੇ ਨਿਸੇ਼ੜੀ ਪਤੀ ਦੇ ਵਰਤਾਓ ਕਾਰਨ ਵਿਆਹ ਅਤੇ ਪਰਿਵਾਰਕ ਸੰਸਥਾ ਬੁਰੀ ਤਰ੍ਹਾਂ ਟੂੱਟ ਭੱਜ ਹੀ ਨਹੀਂ ਜਾਂਦੀ ਬਲਕਿ ਦੋਵੇਂ ਪਤੀ ਪਤਨੀ ਪੈਦਾ ਹੋਈਆਂ ਅਣਕਿਆਸੀਆਂ ਪ੍ਰਸਥਿਤੀਆਂ ਨਾਲ਼ ਨਜਿੱਠਣ ਲਈ ਕੁਰਾਹੇ ਪੈ ਜਾਂਦੇ ਹਨ। ਬੇਗਾਨੇ ਦੇਸ਼ ਵਿੱਚ ਜਦੋ ਜਹਿਦ ਨਾਲ਼ ਭਰੀ ਜ਼ਿੰਦਗੀ ਹੋਣ ਕਾਰਣ ਕੋਈ ਕਿਸੇ ਦੀ ਬਾਂਹ ਨਹੀਂ ਫ਼ੜਦਾ। ਹਰ ਇੱਕ ਦੇ ਆਪਣੇ ਆਪਣੇ ਸੰਕਟ ਹੁੰਦੇ ਹਨ। ਸਾਰਥਿਕ ਭਾਈਚਾਰਕ ਸਲਾਹ ਦੀ ਅਣਹੋਂਦ, ਇਕੱਲਾਪਨ ਅਤੇ ਭੈੜੀ ਸੰਗਤ ਗੈਰਵਾਜਬ ਰਾਹਾਂ ‘ਤੇ ਸੌਖੀ ਕਮਾਈ ਦੇ ਤਬਾਹਕੁੰਨ ਰਸਤੇ ਖੋਹਲ ਦਿੰਦੀ ਹੈ। ਕੈਨੇਡਾ ਵਰਗੇ ਦੇਸ਼ ਵਿੱਚ ਪਰਮਿਟ ਦੀ ਇੱਕ ਨਿਸ਼ਚਿਤ ਸਮਾਂ ਸੀਮਾ ਹੁੰਦੀ ਹੈ। ਇਸ ਤਰ੍ਹਾਂ ਨਾਵਲ ਦੀ ਕਹਾਣੀ ਮੁਤਾਬਿਕ ਵਕਤ ਗੁਜ਼ਰਨ ਨਾਲ਼ ਵਰਕ ਪਰਮਿਟ ਖਤਮ ਹੋਣ ਦੀ ਲਟਕਦੀ ਤਲਵਾਰ ਦੇ ਮਾਰੂ ਹਾਲਾਤਾਂ ਨਾਲ ਨਜਿੱਠਣ ਲਈ ਨੀਲੂ ਸ਼ਰਮਾ ਨਸ਼ੇ ਅਤੇ ਜਿਸਮ ਫਿਰੋਸ਼ੀ ਦੇ ਧੰਦੇ ਵਿੱਚ ਪੈ ਜੇਲ੍ਹ ਪਹੁੰਚ ਜਾਦੀ ਹੈ ਅਤੇ ਰਾਜੇਸ਼ ਵਰਮਾ ਕਾਰਾਂ ਚੋਰੀਆਂ ਕਰਦਾ ਕਰਦਾ ਅਤੇ ਅਖੌਤੀ ਦੇਸ਼ਭਗਤੀ ਦਾ ਲਾਹਾ ਖੱਟਦਾ ਖੱਟਦਾ ਬੁਰੀ ਮੌਤ ਮਾਰਿਆ ਜਾਂਦਾ ਹੈ ਇਸ ਤਰ੍ਹਾਂ ਦੋਵੇਂ ਉਪਜੀਆਂ ਪ੍ਰਸਥਿਤੀਆਂ ਅਤੇ ਮਾੜੀ ਕੰਪਨੀ ਦੇ ਪ੍ਰਭਾਵ ਅਧੀਨ ਮਾੜੇ ਰਾਹੇ ਪੈਂਦਿਆਂ ਜੀਵਨ ਤਬਾਹ ਕਰ ਬੈਠਦੇ ਹਨ।
ਇੱਥੇ ਇਹ ਦੱਸਣਯੋਗ ਹੈ ਕਿ ਵਿਦੇਸ਼ਾਂ ਵਿੱਚ ਜਾਣ ਵਾਲੇ ਬਹੁਤੇ ਲੋਕ ਭੀੜੇ ਜਿਹੇ ਸਮਾਜਾਂ ਵਿੱਚੋਂ ਉੱਠ ਕੇ ਜਦੋਂ ਇਹ ਖੁੱਲ੍ਹੇ ਅਤਿ ਵਿਕਸਿਤ ਸਮਾਜਾਂ ਵਿੱਚ ਪਹੁੰਚਦੇ ਹਨ ਤਾਂ ਉਹ ਆਪਣੇ ਆਪ ਨੂੰ ਸਹੀ ਢੰਗ ਨਾਲ ਢਾਲਣ ਦੀ ਪ੍ਰਕਿਰਿਆ ਅਤੇ ਸੂਝ ਦੀ ਅਣਹੋਂਦ ਕਾਰਨ ਇਹ ਆਪਣਾ ਮਾਨਸਿਕ ਤਵਾਜਨ ਗਵਾ ਬਹਿੰਦੇ ਹਨ ਅਤੇ ਭਟਕ ਕੇ ਗਲਤ ਰਸਤੇ ( deviance and maladjustment) ਵਹਿ ਤੁਰਦੇ ਹਨ। ਗਲਤ ਰਸਤੇ ਦੀ ਚੋਣ ਉਨ੍ਹਾਂ ਦੀ ਆਪਣੀ ਜ਼ਿੰਦਗੀ ਨੂੰ ਹੀ ਬਰਬਾਦ ਨਹੀਂ ਕਰਦੀ ਸਗੋਂ ਵਿਕਸਿਤ ਦੇਸ਼ਾਂ ਦੀ ਪ੍ਰਚੱਲਤ ਪ੍ਰਣਾਲੀ ਦੇ ਰਸਤੇ ਵਿੱਚ ਵੀ ਦਿੱਕਤਾਂ ਪੈਦਾ ਕਰਦੀ ਹੈ। ਆਈਲੈਟਸ ਕਰਨ ਨਾਲ ਭਾਸ਼ਾ ਤਾਂ ਆ ਸਕਦੀ ਹੈ ਪਰ ਉਥੋਂ ਦੇ ਸਭਿਆਚਾਰ ਬਾਰੇ ਗਿਆਨ, ਪ੍ਰਵਾਨਿਤ ਕਦਰਾਂ ਕੀਮਤਾਂ ਨੂੰ ਆਪਣੇ ਅੰਦਰ ਸਮਾਉਣਾ ਅਤੇ ਅਪਣਾਉਣ ਦੀ ਸੂਝ ਸਮਝ ਨਹੀ ਆ ਸਕਦੀ। ਇਸ ਸਬੰਧੀ ਵਿਦੇਸ਼ਾਂ ਵੱਲ ਜਾਣ ਵਾਲੇ ਲੋਕਾਂ ਲਈ ਕੋਈ ਅਗਾਊਂ ਸਮਾਜੀਕਰਨ ( Anticipatory Socialization) ਦੀ ਪ੍ਰਕਿਰਿਆ ਦਾ ਕਿਧਰੇ ਕੋਈ ਚਲਨ ਨਹੀਂ ਹੈ। ਇਸ ਨੂੰ ਛੱਡੋ ਹੋਰ ਤਾਂ ਹੋਰ ਬਹੁਤੇ ਗੈਰ ਕਾਨੂੰਨੀ ਤੌਰ ‘ਤੇ ਵਿਦੇਸ਼ਾਂ ਵਿੱਚ ਪਹੁੰਚੇ ਲੋਕਾਂ ਨੂੰ ਤਾਂ ਅੰਗਰੇਜ਼ੀ ਤੱਕ ਬੋਲਣੀ ਵੀ ਨਹੀਂ ਆਉਂਦੀ। ਏਜੰਟਾਂ ਵੱਲੋਂ ਇਸ ਸਬੰਧੀ ਸਿਰਜਿਆ ਭਰਮ ਦਾ ਭੂਤ ਹਨੇਰੇ ਦੇ ਰੂਪ ਵਿੱਚ ਹਰ ਕਦਮ ‘ਤੇ ਉਨ੍ਹਾਂ ਦੇ ਅੱਗੇ ਆਉਂਦਾ ਰਹਿੰਦਾ ਹੈ।
ਕੈਨੇਡਾ ਵਿੱਚ ਇਹ ਹੜ੍ਹ ਕਰੋਨਾ ਕਾਲ ਸਮੇਂ ਆਇਆ ਜਦੋਂ ਕਾਮਿਆਂ ਦੀ ਪੂਰਤੀ ਕਰਨ ਲਈ ਅੰਨੇਵਾਹ ਵਰਕ ਪਰਮਿਟ ਜਾਰੀ ਕੀਤੇ ਗਏ ਜਿਸ ਨਾਲ ਆਰਥਿਕ ਖੜੋਤ ਵੀ ਟੁੱਟੀ ਅਤੇ ਕਾਮਿਆਂ ਨੂੰ ਕੰਮ ਵੀ ਮਿਲਿਆ ਅਤੇ ਸਟੂਡੈਂਟਸ ਵੀਜੇ ਰਾਹੀਂ ਕੈਨੇਡਾ ਸਰਕਾਰ ਨੇ ਆਮ ਸਟੂਡੈਂਟਾਂ ਦੇ ਮੁਕਾਬਲੇ ਤਿੰਨ ਗੁਣਾ ਵੱਧ ਫੀਸਾਂ ਇਕੱਠੀਆਂ ਕਰਕੇ ਅੰਨੀਂ ਕਮਾਈ ਕੀਤੀ ਅਤੇ ਨਾਲ਼ ਹੀ ਇਨਾਂ ਵਿਦੇਸ਼ੀ ਸਟੂਡੈਂਟਾਂ ਨੂੰ ਸਸਤੇ ਮਜ਼ਦੂਰਾਂ ਵੱਜੋਂ ਵਰਤਿਆ ਪਰ ਵਕਤ ਗੁਜ਼ਰਨ ਨਾਲ਼ ਕੈਨੇਡਾ ਨੂੰ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਿਸ ਸਦਕਾ ਕੈਨੇਡਾ ਨੂੰ ਆਪਣੀ ਪਾਲਿਸੀ ਉੱਤੇ ਮੁੜ ਗੌਰ ਕਰਕੇ ਸੋਧਾਂ ਕਰਨ ਦਾ ਰਸਤਾ ਅਖ਼ਤਿਆਰ ਕਰਨਾ ਪਿਆ ਕਿਉਂਕਿ ਇਹ ਹਿਜਰਤ ਕਾਰੀ ਆਪਣੇ ‘ਲੱਛਣਾਂ ‘ ਕਰਕੇ ਉਥੋਂ ਦੇ ਸਮਾਜ ਦੇ ਮਨੋਂ ਬੁਰੀ ਤਰ੍ਹਾਂ ਲੱਥ ਗਏ। ਕਾਮਿਆਂ ਜਾਂ ਸ਼ਰਨਾਰਥੀਆਂ ਦੇ ਰੂਪ ਵਿੱਚ ਵਿਦੇਸੀ ਧਰਤੀ ‘ਤੇ ਪਹੁੰਚੇ ਲੋਕ ਜਦੋਂ ਨਸ਼ੇ, ਜਿਸਮ ਫਰੋਸ਼ੀ, ਗੁੰਡਾਗਰਦੀ, ਧੌਂਸ, ਫਿਰੌਤੀ, ਅਖੌਤੀ ਧਾਰਮਿਕ ਕੱਟੜਤਾ, ਹੁਲੜਬਾਜੀ, ਜਨੂੰਨੀ ਜਲਸੇ ਜਲੂਸ ਅਤੇ ਹਿੰਸਾ ਦੇ ਰਸਤੇ ਪੈ ਜਾਣ ਤਾਂ ਕੋਈ ਵੀ ਸਮਾਜ ਇਸ ਨੂੰ ਬਰਦਾਸ਼ਤ ਨਹੀਂ ਕਰਦਾ । ਅਮਰੀਕਾ ਨੇ ਤਾਂ ਡਿਪੋਰਟ ਕਰਨ ਦਾ ਕਾਰਜ ਅਮਲੀ ਤੌਰ ‘ਤੇ ਸ਼ੁਰੂ ਵੀ ਕਰ ਦਿੱਤਾ ਹੈ ਅਤੇ ਉਸ ਦੇ ਗੈਰ ਕਾਨੂੰਨੀ ਤੌਰ ‘ਤੇ ਪੁੱਜੇ ਸ਼ਰਨਾਰਥੀਆਂ ਨਾਲ਼ ਭਰੇ ਜਹਾਜ਼ ਪੰਜਾਬ ਦੀ ਧਰਤੀ ਉੱਤੇ ਉਤਰਨੇ ਸ਼ੁਰੂ ਹੋ ਚੁੱਕੇ ਹਨ। ਕੁੱਝ ਤੱਤਾਂ ਦੀਆਂ ਭੈੜੀਆਂ ਹਰਕਤਾਂ ਕਰਕੇ ਬੇਕਸੂਰ ਸਮੁੱਚਾ ਭਾਈਚਾਰਾ ਨਫ਼ਰਤ ਦਾ ਪਾਤਰ ਬਣ ਜਾਂਦਾ ਹੈ ਜਿਸ ਸਦਕਾ ਪੜ੍ਹੇ ਲਿਖੇ ਕਾਨੂੰਨੀ ਤੌਰ ‘ਤੇ ਪਹੁੰਚੇ ਲੋਕਾਂ ਨੂੰ ਆਪਣੇ ਵਾਜਿਬ ਹੱਕਾਂ ਲਈ ਜਥੇਬੰਦਕ ਹੋ ਕੇ ਜ਼ਾਬਤੇ ਤਹਿਤ ਸੰਘਰਸ਼ ਕਰਨਾ ਪੈਂਦਾ ਹੈ।ਇਸ ਤਰ੍ਹਾਂ ਇਸ ‘ਹੜ੍ਹ’ ਵਿੱਚ ਇੱਕ ਨਹੀਂ ਬਲਕਿ ਬਹੁ ਵੰਨਗੀ ਦੇ ਲੋਕ ਪਹੁੰਚੇ ਜਿਸ ਦਾ ਸਿੱਟਾ ਸਭ ਦੇ ਸਾਹਮਣੇ ਹੈ।
ਨਾਵਲ ਵਿੱਚ ਡਿਪੋਰਟ ਹੋਣ ਜਾਂ ਡਿਪੋਰਟ ਹੋਣ ਦੇ ਡਰ ਕਾਰਨ ਮਾਰੂ ਪ੍ਰਭਾਵਾਂ ਦਾ ਵੀ ਜ਼ਿਕਰ ਹੈ। ਡਿਪੋਰਟ ਵੀ ਇਸ ਸਮੱਸਿਆਂ ਦਾ ਕੋਈ ਸਿੱਧਾ ਅਤੇ ਸੌਖਾ ਹੱਲ ਨਹੀਂ ਕਿਉਂਕਿ ਇਸ ਦੇ ਬਹੁ ਦਿਸ਼ਾਵੀ ਸਮਾਜੀ ਮਾਰੂ ਪ੍ਰਭਾਵ ਪੈਂਦੇ ਹਨ ਜਿਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ
ਨਾਵਲ ਵਿੱਚ ਕੈਨੇਡਾ ਵੱਲ ਪਰਵਾਸ ਦੇ ਕਾਰਨਾਂ ਦਾ ਵੀ ਜ਼ਿਕਰ ਕੀਤਾ ਹੈ ਜਿਨ੍ਹਾਂ ਕਰਕੇ ਲੋਕ ਲੱਖਾਂ ਰੁਪਏ ਖਰਚ, ਖ਼ਤਰੇ ਮੁੱਲ ਲੈ ਕੈਨੇਡਾ ਜਾਣ ਲਈ ਤਿਆਰ ਹੋ ਜਾਂਦੇ ਹਨ। ਇਨ੍ਹਾਂ ਭਰਮਾਉ ਅਤੇ ਪ੍ਰਭਾਵਿਤ ਕਰਨ ਵਾਲੇ ਵਿਦੇਸ਼ੀ ਹਾਲਾਤਾਂ ਦਾ ਏਜੰਟ ਭਰਪੂਰ ਫਾਇਦਾ ਉਠਾਉਂਦੇ ਹਨ ਅਤੇ ਉਹ ਲੱਖਾਂ ਰੁਪਏ ਲੈ ਕੇ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਵਿੱਚ ਸੰਪਰਕਾਂ ਰਾਹੀਂ ਅਣਮਿਆਰੀ ਸਟੂਡੈਂਟਾਂ ਦੇ ਫਰਜ਼ੀ ਬੈਂਡਾ ਦੇ ਕਾਗਜ਼ ਲਗਾ ਕੈਨੇਡਾ ਭੇਜਣ ਵਿੱਚ ਕਾਮਯਾਬ ਰਹਿੰਦੇ ਹਨ। ਇਸ ਤਰ੍ਹਾਂ ਇਹ ਨਾਵਲ ਗੈਰ- ਕਾਨੂੰਨੀ ਅਤੇ ਗੈਰ- ਮਿਆਰੀ ਪ੍ਰਵਾਸ ਦੇ ਅੰਤਰ ਰਾਸ਼ਟਰੀ ਸੰਪਰਕਾਂ ‘ਤੋਂ ਵੀ ਪਰਦਾ ਚੁੱਕਦਾ ਹੋਇਆ ਵਿਕਸਤ ਦੇਸ਼ਾਂ ਦੇ ਭ੍ਰਿਸ਼ਟ ਨਾ ਹੋਣ ਦੇ ਭਰਮ ਜਾਲ਼ ( illusion) ਨੂੰ ਵੀ ਤੋੜਦਾ ਹੈ। ਲੋਕਾਂ ਨੂੰ ਇਹ ਵੀ ਬੜਾ ਭੁਲੇਖਾ ਹੈਂ ਕਿ ਆਪਣੇ ਸੂਬੇ ਜਾਂ ਧਰਮ ਦੇ ਲੋਕ ਉਨ੍ਹਾਂ ਦੀ ਮਾੜੇ ਸਮੇਂ ਵਿੱਚ ਮਦਦ ਕਰਨਗੇ ਪਰ ਪ੍ਰਵਾਸ ਕਰਕੇ ਉੱਥੇ ਪਹਿਲਾਂ ਹੀ ਵਸੇ ਪੰਜਾਬੀ ਰੁਜ਼ਗਾਰ ਲਈ ਪਹੂੰਚੇ ਰਹੇ ਲੋਕਾਂ ਨਾਲ਼ ਕੋਈ ਘੱਟ ਨਹੀਂ ਕਰਦੇ ਉਹ ਹਰ ਤਰ੍ਹਾਂ ਦੀ ਆਰਥਿਕ, ਸਮਾਜਿਕ, ਮਾਨਸਿਕ ਲੁੱਟ ਕਰਦੇ ਹੋਏ ਬੇ-ਡਰ ਹੋਕੇ ਗੈਰ- ਇਖਲਾਕੀ ਕਰਤੂਤਾਂ ਵੀ ਕਰਦੇ ਹਨ ਮਤਲਬ ਅਜਿਹੇ ਵਿਕਸਤ ਸਮਾਜਾਂ ਅੰਦਰ ਪਹੁੰਚ ਕੇ ਵੀ ਪ੍ਰਵਾਸੀਆਂ ਦੀ ਆਪਣੀ ਲੋਕਲ ਬੁਨਿਆਦੀ ਸਿਰਜੀ ਜਾਹਲ ਮਾਨਸਿਕਤਾ ਨਹੀਂ ਮਰਦੀ। ਦੁਸਰੀ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਸਮੇਂ ਦੇ ਗੁਜ਼ਰਨ ਨਾਲ ਕੈਨੇਡਾ ਵਰਗੇ ਦੇਸ਼ਾਂ ਅੰਦਰ ਬੇਰੁਜ਼ਗਾਰੀ ਵੱਧ ਰਹੀ ਹੈ ਜਿਸ ਕਾਰਨ ਪੰਜਾਬੀ ਪ੍ਰਵਾਸੀ ਨੇ ਮੰਗਣ ਦੇ ਨਾਲੋਂ ਨਾਲ ਲੱਟਾਂ ਖੋਹਾਂ, ਫ਼ਿਰੌਤੀਆਂ, ਨਸ਼ਿਆਂ ਅਤੇ ਜਿਸਮ ਫਿਰੋਸ਼ੀ ਦਾ ਧੰਦਾ ਵੀ ਅਖਤਿਆਰ ਕਰ ਲਿਆ ਹੈ ਪਰ ਇਹ ਕਿਸੇ ਵੀ ਕਿਸਮ ਤੇ ਆਪਣੇ ਵਤਨ ਵਾਪਿਸ ਪਰਤਣਾ ਨਹੀਂ ਚਾਹੁੰਦੇ।ਦੂਜੇ ਬੰਨੇ ਸਾਡੇ ਦੇਸ਼ਾਂ ਦੇ ਨੇਤਾਵਾਂ ਕੋਲ਼ ਨਿੱਜੀ ਹਿੱਤਾਂ ਦੀ ਪੂਰਤੀ ਤੋਂ ਇਲਾਵਾ ਆਪਣੇ ਅਵਾਮ ਦੇ ਲਈ ਆਪਣੇ ਵਤਨ ਅੰਦਰ ਜ਼ਿੰਦਗੀ ਜੀਣ ਦੇ ਵਧੀਆ ਮੌਕੇ ਪ੍ਰਦਾਨ ਕਰਨ ਲਈ ਕੋਈ ਪ੍ਰੋਗਰਾਮ ਜਾਂ ਨੀਤੀ ਨਹੀਂ। ਵਤਨ ਛੱਡਣ ਨੂੰ ਕਿਸ ਦਾ ਦਿਲ ਕਰਦਾ ਹੈ ਪਰ ਲੋਕ ਵਿਦੇਸ਼ ਨੂੰ ਕਿਉਂ ਤਰਜੀਹ ਦੇ ਰਹੇ ਹਨ ਇਸ ਸਬੰਧੀ ਗੰਭੀਰਤਾ ਨਾਲ ਸੋਚਣ ਅਤੇ ਘੋਖਣ ਦੀ ਥਾਂ “ਪਰਵਾਸ ਇੱਕ ਕੁਦਰਤੀ ਮਨੁੱਖੀ ਵਰਤਾਰਾ ਹੈ” ਕਹਿ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਲਾਂਭੇ ਕੀਤਾ ਜਾ ਰਿਹਾ ਹੈ। ਇਨ੍ਹਾਂ ਨੇ ਕਦੇ ਨਹੀਂ ਸੋਚਿਆ ਕਿ ਕਦੇ ਗੁਲਾਮ ਰਹੇ ਦੇਸ਼ ਅੱਜ ਕਿਉਂ ਸਭ ਤੋਂ ਮੂਹਰੇ ਲੰਘ ਮਨੁੱਖੀ ਖਿੱਚ ਦਾ ਕੇਂਦਰ ਬਣ ਗਏ ਅਤੇ ਸਾਨੂੰ ਸੰਘੀਲ ਰਹੇ ਦੇਸ਼ ਸਾਡੀਆਂ ਹਰਕਤਾਂ ਨੂੰ ਕਦੋਂ ਤੱਕ ਬਰਦਾਸ਼ਤ ਕਰਨਗੇ? ਅਣਗਿਣਤ ਕੁਦਰਤੀਂ ਸੋਮਿਆਂ ਨਾਲ਼ ਭਰਪੂਰ ਅਸੀਂ ਆਪਣੇ ਦੇਸ਼ ਨੂੰ ਕਦੋਂ ਇਸ ਕਾਬਲ ਬਣਾਵਾਂਗੇ ਕਿ ਉਹ ਆਪਣੇ ਜਾਇਆਂ ਨੂੰ ਬੇਗਾਨੇ ਦਰਾਂ ਦੀ ਖਿੱਚ ਤੋਂ ਮੁਕਤ ਕਰਦਿਆਂ ਉਨ੍ਹਾਂ ਨੂੰ ਸਵੈ ਨਿਰਭਰ ਅਤੇ ਮਾਣ ਭਰਪੂਰ ਜੀਵਨ ਦੇ ਮੌਕੇ ਦੇ ਕਾਬਲ ਹੋਵੇਗਾ । ਇਸ ਗੱਲ ਦਾ ਜਵਾਬ ਤਾਂ ਅਨੇਕਾਂ ਪ੍ਰਭਾਵਾਂ ਹੇਠ ਸਾਡੇ ਵੱਲੋਂ ਚੁਣੇ ਜਾ ਰਹੇ ਭਰਮਾਉ ਸਿਆਸੀ ਰਹਿਬਰ ਹੀ ਦੇ ਸਕਦੇ ਹਨ ਜਿਨ੍ਹਾਂ ਨੇ ਆਪਣੇ ਸਮਾਜ ਦੇ ਨਿਸ਼ਾਨੇ, ਨਿਸਚੇ ਅਤੇ ਨੀਤੀਆਂ ਘੜਨੀਆਂ ਹੁੰਦੀਆਂ ਹਨ। ਪਰ ਇਸ ਸ਼ਖਸ਼ੀ ਪੂਜਾ ਦੇ ਦੌਰ ਵਿੱਚ “ਲੋਕਾਂ ਮਨਾਂ ਤੇ ਰਾਜ ਕਰਨ ਵਾਲੇ” ਕਿਸੇ ਨੇਤਾ ਨੂੰ ਸਮਾਜ ਦੀ ਕੀ ਪ੍ਰਵਾਹ ਜਿਸ ਨੂੰ ਉਹ ਆਪਣੀ ਇੱਛਾ ਮੁਤਾਬਕ ਤੋਰਨ ਦੀ ਸ਼ਕਤੀ ਰੱਖਦਾ ਹੋਵੇ।
ਜਿਥੋਂ ਤੱਕ ਹੱਥਲੇ ਨਾਵਲ ਦੇ ਟਾਈਟਲ, ਦਿੱਖ ਅਤੇ ਅਕਾਰ ਦੀ ਗੱਲ ਹੈ ਇਹ ਬਹੁਤ ਢੁਕਵੇਂ, ਅਕਰਸ਼ਕ ਅਤੇ ਵਧੀਆ ਹਨ । ਨਾਵਲ ਵਿੱਚ ਕਈ ਥਾਵਾਂ ਉੱਤੇ ਦੁਰਹਾਓ ਅਤੇ ਨਾਵਲੀ ਜੁਗਤਾਂ ਦੀ ਥਾਂ ਵਾਰਤਕ ਭਾਸ਼ਾ ਭਾਰੂ ਹੁੰਦੀ ਦਿਖਾਈ ਦਿੰਦੀ ਹੈ। ਲਹਿਰਾਂ ਤੋਂ ਪ੍ਭਾਵਿਤ ਪੰਜਾਬੀ ਦਾ ਬਹੁਤਾ ਨਾਵਲ ਇਸੇ ਤਰਜ਼ ਦਾ ਹੈ। ਸੁਖਿੰਦਰ ਨੇ ਨਾਵਲ ਦੇ ਮੁੱਖਬੰਦ ਵਿੱਚ ਹੀ ਇਸਨੂੰ ‘non fictional’ ਅਤੇ ‘ਯਥਾਰਥਵਾਦੀ ਹਕੀਕਤਾਂ ਦੀ ਬਿਆਨਬਾਜ਼ੀ’ ਆਖ ਕੇ ਆਪਣੀ ਪਹੁੰਚ ਰਾਹੀਂ ਵੱਖ ਵੱਖ ਪ੍ਰਚੱਲਿਤ ਸਮਾਜਕ ਪ੍ਰਣਾਲੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਚਲਣ ਵਿੱਚ ਆਈਆਂ ਤਰੇੜਾਂ ਅਤੇ ਵਿਗਾੜਾਂ ਵਿਚਲੀਆਂ ਆਪਸੀ ਸਾਂਝੀਆਂ ਬਰੀਕ ਤੰਦਾਂ ‘ਤੋਂ ਆਪਣੇ ਢੰਗ ਨਾਲ ਪਰਦਾ ਚੁੱਕਣ ਦੀ ਸਫਲ ਕੋਸ਼ਿਸ਼ ਕੀਤੀ ਹੈ। ਉਹ ਪਰਵਾਸ ਅਤੇ ਵਿਕਾਸ ਦੀ ਆਪਸੀ ਸਾਂਝ ‘ਤੇ ਪਾਏ ਪਰਦੇ ਨੂੰ ਵੀ ਨੰਗਾ ਕਰਦਾ ਹੈ। ਨਾਵਲ ਪੜ੍ਹਦਿਆਂ ਇਹ ਮਹਿਸੂਸ ਹੋਇਆ ਕਿ ਧਰਾਤਲ ‘ਤੇ ਖੰਡਤ ਤੇ ਪਣਪ ਰਹੇ ਨਵੇਂ ਵਰਤਾਰਿਆਂ ਨੂੰ ਨਵੇਂ ਬੌਧਿਕ ਦ੍ਰਿਸ਼ਟੀਕੋਨ ਤੋਂ ਸਮਝਣ ਦੀ ਲੋੜ ਹੈ। ਇਸ ਤਰ੍ਹਾਂ ਅਕਾਦਮਿਕ ਖੇਤਰ ਵਿੱਚ ਵੀ ਪ੍ਰਚੱਲਤ ਪੁਰਾਣੀਆਂ ਸਿਰਜੀਆਂ ਧਾਰਨਾਵਾਂ ਨੂੰ ਮੁੜ ਸੋਚਣ, ਘੋਖਣ ਅਤੇ ਦੁਬਾਰਾ ਘੜਨ ਦੀ ਜ਼ਰੂਰਤ ਹੈ। ਮੰਡੀ ਵੱਲੋਂ ਪਰਚਾਰੇ ਜਾ ਰਹੇ ਅੰਤਰ ਨਿਰਭਰਤਾ ਦੇ ਚੁਸਤ ਲੰਗੜੇ ਸਿਧਾਂਤ ਦੀ ਥਾਂ ਅਸਾਵੇਂਪਣ ਦੇ ਲੋਟੂ ਦੌਰ ਅੰਦਰ ਆਤਮ ਨਿਰਭਰਤਾ ਕਿਸੇ ਵੀ ਸਮਾਜ ਦੀ ਅਜ਼ਾਦੀ ਅਤੇ ਜਮਹੂਰੀਅਤ ਲਈ ਲਾਜ਼ਮੀ ਹੈ। ਇਸ ਤਰ੍ਹਾਂ ਇਸ ਸਮੁੱਚੇ ਸੰਦਰਭ ਵਿੱਚ ਸੁਖਿੰਦਰ ਦੀ ਇਹ ਸਿਰਜਣਾ ਆਪਣਾਂ ਵਿਸ਼ੇਸ਼ ਮੁਕਾਮ ਰੱਖਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj