ਕੰਪਿਊਟਰ , ਬੈਟਰੀਆਂ , ਇੰਵਰਟਰ ਤੇ ਨਗਦੀ ਆਦਿ ਕੀਤੀ ਚੋਰੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਦੀ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਇਲਾਕੇ ਅੰਦਰ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਆਏ ਦਿਨ ਚੋਰ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਤੰਕ ਮਚਾ ਰਹੇ ਹਨ, ਜਿਸ ਦੇ ਚੱਲਦਿਆਂ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਰੋਡ ’ਤੇ ਪਿੰਡ ਮੇਵਾ ਸਿੰਘ ਵਾਲਾ ਦੇ ਅੱਡੇ ਨੇੜੇ ਸਥਿਤ ਵੇਰਕਾ ਦੁੱਧ ਉਤਪਾਦਕ ਸਹਿਕਾਰੀ ਸਭਾ (ਮਿਲਕ ਸੈਂਟਰ )’ਤੇ ਬੀਤੀ ਰਾਤ ਚੋਰਾਂ ਵੱਲੋਂ ਹੱਥ ਸਾਫ਼ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ।
ਇਸ ਬਾਬਤ ਜਾਣਕਾਰੀ ਦਿੰਦਿਆਂ ਉਕਤ ਸੈਂਟਰ ਦੇ ਸਕੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਮੇਵਾ ਸਿੰਘ ਵਾਲਾ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਆਪਣੀ ਸੈਂਟਰ ਬੰਦ ਕਰਕੇ ਘਰ ਗਏ ਸਨ ਅਤੇ ਸਵੇਰੇ ਜਦੋਂ ਉਹ ਆਪਣੀ ਸੈਂਟਰ ’ਤੇ ਆਏ ਤਾਂ ਸੈਂਟਰ ਦੇ ਪਿਛਲੇ ਗੇਟ ਦਾ ਕੁੰਡਾ ਕੱਟਿਆ ਪਿਆ ਸੀ ਅਤੇ ਜਦੋਂ ਅੰਦਰ ਜਾਕੇ ਵੇਖਿਆ ਤਾਂ ਸਮਾਨ ਖਿਲਰਿਆ ਹੋਇਆ ਸੀ ਅਤੇ ਸਮਾਨ ਦਾ ਮੁਲਾਂਕਣ ਕਰਨ ਤੇ ਪਤਾ ਲੱਗਿਆ ਕਿ ਸੈਂਟਰ ’ਚੋਂ ਕੰਪਿਊਟਰ , 2 ਬੈਟਰੀਆਂ , ਇੰਵਰਟਰ ਅਤੇ ਨਗਦੀ ਆਦਿ ਚੋਰੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ’ਚ ਉਨ੍ਹਾਂ ਦਾ ਲਗਭਗ 1 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਚੋਰੀ ਦੀ ਘਟਨਾ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਇਲਾਕੇ ’ਚ ਵੱਧ ਰਹੀਆਂ ਚੋਰੀਆਂ ਕਾਰਨ ਲੋਕਾਂ ਖਾਸ ਕਰਕੇ ਦੁਕਾਨਦਾਰਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly