ਚੋਰ

ਮਧੁਕਾਂਤ

(ਸਮਾਜ ਵੀਕਲੀ)

ਅਚਾਨਕ ਵਟਸਐੱਪ ਤੇ ਮਿੰਨੀ ਕਹਾਣੀ,, ਚੋਰ,,, ਦੇਖ ਕੇ ਮੈਂ ਹੈਰਾਨ ਹੋ ਗਿਆ। ਲੇਖਕ ਨੇ ਆਪਣੀ ਪਹਿਲਾਂ ਤੋਂ ਪ੍ਰਕਾਸ਼ਿਤ ਮਿੰਨੀ ਕਹਾਣੀ ਦੀ ਕਤਰਨ ਨੂੰ ਚਿਪਕਾਇਆ ਹੋਇਆ ਸੀ ਅਤੇ ਉਸ ਦੇ ਨਾਲ ਲੇਖਕ ਦੀ ਪ੍ਰਕਾਸ਼ਿਤ ਰਚਨਾ ਨੂੰ ਵੀ ਦਿਖਾਇਆ ਹੋਇਆ ਸੀ। ਚੋਰ ਲੇਖਕ ਨੇ ਆਪਣੇ ਵਿਦਵਾਨ ਹੋਂਣ ਦਾ ਪੂਰਾ ਸਬੂਤ ਦਿੰਦੇ ਹੋਏ ਉਸ ਦੇ ਸਿਰਲੇਖ, ਪਾਤਰਾਂ ਦੇ ਨਾਂ ਅਤੇਦੋ ਤਿੰਨ ਵਾਕਾਂ ਨੂੰ ਵੀ ਬਦਲਿਆ ਹੋਇਆ ਸੀ।

ਜੇਕਰ ਅਸਲੀ ਲੇਖਕ ਦੇ ਨਾਲ ਖੜੇ ਹੋ ਕੇ ਦੇਖਿਆ ਜਾਏ ਤਾਂ ਇਹ ਚੋਰੀ ਦਾ ਮਾਮਲਾ ਬਣਦਾ ਹੈ ਕਿਉਂਕਿ ਦੋਹਾਂ ਮਿੰਨੀ ਕਹਾਣੀਆਂ ਦਾ ਸਿਰਲੇਖ ਇੱਕੋ ਹੀ ਹੈ ਅਤੇ ਜੇਕਰ ਨਕਲ ਕਰਨ ਵਾਲੇ ਲੇਖਕ ਦੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਇੱਕੋ ਹੀ ਸਿਰਲੇਖ ਵਿੱਚ ਵਿਚਾਰਾਂ ਦੀ ਸਮਾਨਤਾ ਹੋ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਨਕਲ ਕਰਨ ਵਾਲਾ ਲੇਖਕ ਕਾਫੀ ਸਮਾਂ ਪਹਿਲਾਂ ਕਈ ਰਚਨਾਵਾਂ ਪੜ੍ਹਦਾ ਰਿਹਾ ਹੋਵੇ ਅਤੇ ਉਸ ਤੇ ਵਿਚਾਰ ਵਿਚ ਇਹ ਰਚਨਾ ਲਿਖਣ ਦਾ ਵਿਚਾਰ ਹੋ ਗਿਆ ਹੋਵੇ। ਹਰ ਲੇਖਕ ਨੂੰ ਹਰ ਗੱਲ ਹਮੇਸ਼ਾ ਯਾਦ ਨਹੀਂ ਰਹਿੰਦੀ। ਮਿੰਨੀ ਕਹਾਣੀ ਦਾ ਸਰੂਪ ਇੰਨਾ ਵੱਡਾ ਤਾਂ ਹੁੰਦਾ ਹੀ ਨਹੀਂ ਕਿ ਦੇਖਦੇ ਹੀ ਪਛਾਣ ਲਿਆ ਜਾਵੇ। ਕਈ ਵਾਰ ਪਹਿਲਾਂ ਪੜ੍ਹੀ ਹੋਈ ਜਾਂ ਸੁਣੀ ਹੋਈ ਕੋਈ ਮਿੰਨੀ ਕਹਾਣੀ ਲੇਖਕ ਨੂੰ ਆਪਣਾ ਮੌਲਿਕ ਵਿਚਾਰ ਹੀ ਲਗਦੀ ਹੈ ਅਤੇ ਇਸ ਨੂੰ ਕਾਗਜ਼ ਤੇ ਉਤਾਰ ਦਿੰਦਾ ਹੈ।

ਅਜਿਹੀ ਸਥਿਤੀ ਵਿਚ ਕਸੂਰਵਾਰ ਕਿਸ ਨੂੰ ਮੰਨਿਆ ਜਾਵੇ? ਫੇਰ ਵੀ ਮੁਕਦਮਾ ਆਇਆ ਹੈ, ਫੈਸਲਾ ਤਾਂ ਕਰਨਾ ਹੀ ਪਵੇਗਾ…. ਉਂਜ ਇਹ ਫੈਸਲਾ ਵਿਚਾਰ ਅਧੀਨ ਸਮਝ ਕੇ ਛੱਡ ਦਿੱਤਾ ਜਾਏ ਤਾਂ ਕੋਈ ਬੁਰੀ ਗੱਲ ਨਹੀਂ….। ਸਾਡੇ ਦੇਸ਼ ਵਿਚ ਅਦਾਲਤਾਂ ਵਿੱਚ ਕਈ ਸਾਲਾਂ ਤੋਂ ਕਈ ਮੁਕੱਦਮੇ ਅਟਕੇ ਪਏ ਨੇ, ਜੇਕਰ ਇਕ ਹੋਰ ਮੁਕਦਮਾ ਵੀ ਅਟਕ ਜਾਏ ਤਾਂ ਕੀ ਫਰਕ ਪੈਂਦਾ ਹੈ?

ਕਦੇ ਕਦੇ ਇਹ ਖਿਆਲ ਆਉਂਦੈ ਕਿ ਜੇਕਰ ਕੋਈ ਸਾਹਿਤਕਾਰ ਸਾਡੀ ਰਚਨਾ ਆਪਣੇ ਨਾਂ ਤੇ ਛਪਵਾ ਦੇਵੇ ਤਾਂ ਕਿੰਨਾ ਸਵਾਦ ਆਏਗਾ। ਅੱਜ ਦੇ ਮੁਕਾਬਲੇ ਦੇ ਜ਼ਮਾਨੇ ਵਿਚ ਕਿਸੇ ਰਚਨਾ ਨੂੰ ਛਪਵਾਉਣਾ ਕੋਈ ਆਸਾਨ ਕੰਮ ਨਹੀਂ। ਵੱਡੇ ਵੱਡੇ ਅਖਬਾਰ ਅਤੇ ਰਸਾਲੇ ਰਚਨਾਵਾਂ ਛਾਪਣ ਦੇ ਨਾਂ ਤੇ ਨੱਕ ਚੜ੍ਹਾ ਲੈਂਦੀਆਂ ਹਨ ਅਤੇ ਛੋਟੇ-ਛੋਟੇ ਅਖਬਾਰ ਰਚਨਾ ਛਾਪਣ ਤੋਂ ਪਹਿਲਾਂ ਇਹ ਦੇਖਦੇ ਹਨ ਕਿ ਇਹ ਸਾਹਿਤਕਾਰ ਸਾਡਾ ਮੈਂਬਰ ਹੈ ਜਾਂ ਨਹੀਂ। ਅਜਿਹੇ ਹਾਲਾਤ ਵਿੱਚ ਜੇਕਰ ਕਿਸੇ ਵਿਚਾਰੇ ਗਰੀਬ ਲੇਖਕ ਦੀ ਰਚਨਾ ਕੋਈ ਹੋਰ ਲੇਖਕ ਛਪਵਾ ਲੈਂਦਾ ਹੈ ਤਾਂ ਇਸ ਵਿਚ ਕੀ ਬੁਰਾਈ ਹੈ? ਸਾਹਿਤਕਾਰ ਦਾ ਪ੍ਰਮੁੱਖ ਕੰਮ ਇਹ ਹੁੰਦਾ ਹੈ ਕਿ ਲੋਕ ਉਸ ਦੀ ਰਚਨਾ ਤੋਂ ਸਕਾਰਾਤਮਕ ਸੰਦੇਸ਼ ਲੈਣ। ਇਸ ਵਿੱਚ ਕੀ ਫਰਕ ਪੈਂਦਾ ਕਿ ਰਚਨਾ ਕਿਸ ਨੇ ਲਿਖੀ ਹੈ। ਸਮਾਜ ਤੇ ਪ੍ਰਭਾਵ ਤਾਂ ਰਚਨਾ ਦਾ ਹੀ ਪੈਣਾ ਹੈ। ਪਾਲਣ ਪੋਸਣ ਦਾ ਕੰਮ ਚਾਹੇ ਕੋਈ ਕਰੇ, ਸ੍ਰੀ ਕ੍ਰਿਸ਼ਨ ਜੀ ਰਹਿਣਗੇ ਤਾਂ ਦੇਵਕੀ ਦੇ ਪੁੱਤਰ ਹੀ।

ਜਦੋਂ ਮੈਂ ਇਕ ਨੌਜਵਾਨ ਲੇਖਕ ਦੇ ਮੂੰਹੋਂ ਸੁਣਿਆ…. ਮੈਂ ਆਪਣੀਆਂ ਕਵਿਤਾਵਾਂ ਫੇਸਬੁੱਕ ਤੇ ਇਸ ਲਈ ਨਹੀਂ ਲਾਉਂਦਾ ਤਾਂ ਜੋ ਉਹ ਚੋਰੀ ਨਾ ਹੋ ਜਾਣ। ਇਹ ਸੁਣ ਕੇ ਮੈਂ ਆਪਣੇ ਮਨ ਵਿਚ ਕਿਹਾ.. ਤਾਂ ਫਿਰ ਤੁਸੀਂ ਆਪਣੀਆਂ ਰਚਨਾਵਾਂ ਸਵਿਸ ਬੈਂਕ ਦੇ ਲਾਕਰ ਵਿਚ ਹੀ ਰੱਖ ਦਿਉ। ਸਾਫ਼-ਸਾਫ਼ ਸ਼ਬਦਾਂ ਵਿਚ ਮੈਂ ਉਸ ਭਾਈ ਸਾਬ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ…. ਸੁਣੋ ਭਾਈ ਸਾਬ! ਇਹ ਸ਼ਬਦ, ਵਾਕ ਵਿਚਾਰ ਸੰਵੇਦਨਾ ਆਦਿ ਸਾਨੂੰ ਕਿਸੇ ਨਾ ਕਿਸੇ ਪਾਸਿਓਂ ਮਿਲੇ ਹਨ। ਇਹ ਸਭ ਕੁਝ ਸਾਡਾ ਮੌਲਿਕ ਨਹੀਂ। ਫੇਰ ਇਹ ਸਾਡਾ ਕਾਪੀਰਾਈਟ ਕਿਵੇਂ ਹੋਇਆ? ਇਹ ਤਾਂ ਇਸ ਪ੍ਰਕਾਰ ਨਾਲ ਉਸ ਕਿਸਾਨ ਵਾਲੀ ਗੱਲ ਹੋ ਗਈ ਜਿਹੜਾ ਕਹਿ ਰਿਹਾ ਸੀ.. ਰਾਮ ਜੀ ਦੀ ਚਿੜੀ ਅਤੇ ਰਾਮ ਜੀ ਦਾ ਖੇਤ,ਆਓ ਪਿਆਰੀ ਚਿੜਿਓ, ਖਾਓ ਭਰ ਪੇਟ।

ਨੌਜਵਾਨ ਸਾਹਿਤਕਾਰ ਨੂੰ ਇਹ ਗਲ ਹਜ਼ਮ ਨਹੀਂ ਹੋਈ ਇਸ ਕਰਕੇ ਉਹ ਉਠ ਕੇ ਤੁਰ ਪਿਆ।

ਅੱਜ ਕੱਲ ਦੇ ਚੋਰ ਵੀ ਬਹੁਤ ਸਮਝਦਾਰ ਹੋ ਗਏ ਹਨ। ਉਹ ਚੋਰੀ ਵੀ ਕਰਦੇ ਹਨ ਤਾਂ ਬਹੁਮੁੱਲੀ ਮਿੰਨੀ ਕਹਾਣੀ ਦੀ ਕਰਦੇ ਹਨ। ਘਰ ਵਿਚ ਆਪਣੀਆਂ ਲਿਖੀਆਂ ਹੋਈਆਂ ਰੱਦੀ ਦੀ ਟੋਕਰੀ ਵਿੱਚ ਪਈਆਂ ਰਚਨਾਵਾਂ ਦੀ ਚੋਰੀ ਕੌਣ ਕਰਦਾ ਹੈ। ਉਹ ਲੇਖਕ ਬੜੇ ਭਾਗਾਂ ਵਾਲਾ ਹੈ ਜਿਸਦੀਆਂ ਰਚਨਾਵਾਂ ਚੋਰੀ ਕਰਕੇ ਕੋਈ ਹੋਰ ਬੰਦਾ ਆਪਣੇ ਨਾਂ ਤੇ

ਛਪਵਾਉਂਦਾ ਹੈ। ਸਿੱਧਾ ਜਿਹਾ ਸਮੀਖਿਆਤਮਕ ਨਤੀਜਾ ਨਿਕਲਦਾ ਹੈ ਕਿ ਜੋ ਰਚਨਾਵਾਂ ਚੋਰੀ ਹੁੰਦੀਆਂ ਹਨ ਉਹ ਕਾਲ਼ਜਾਈ ਮਿੰਨੀ ਕਹਾਣੀਆਂ ਹੁੰਦੀਆਂ ਹਨ, ਤਾਂਹੀਓਂ ਉਨ੍ਹਾਂ ਬਹੁਮੁੱਲੀ ਮਿੰਨੀ ਕਹਾਣੀਆਂ ਦੀ ਚੋਰੀ ਹੁੰਦੀ ਹੈ।

ਕਾਸ਼! ਕੋਈ ਸਾਡੀ ਵੀ ਕਿਸੇ ਮਿੰਨੀ ਕਹਾਣੀ ਦੀ ਚੋਰੀ ਕਰ ਲੈਂਦਾ ਅਤੇ ਅਸੀਂ ਵੀ ਕਾਲ਼ਜਾਈ ਮਿੰਨੀ ਕਹਾਣੀਕਾਰਾਂ ਦੀ ਸ਼੍ਰੇਣੀ ਵਿਚ ਆ ਜਾਂਦੇ।

ਮਧੁਕਾਂਤ

211–L

ਡਬਲ ਪਾਰਕ

ਮਾਡਲ ਟਾਊਨ,

ਰੋਹਤਕ _124001(ਹਰਿਆਣਾ )

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਵਿੱਚ ਅਕਸਰ ਗ਼ਲਤ ਲਿਖੇ ਜਾਣ ਵਾਲ਼ੇ ਕੁਝ ਸ਼ਬਦ: ਭਾਗ ੪.
Next articleਜ਼ਮਾਨਾ ਹੋਰ ਹੁੰਦਾ ਸੀ (ਕਾਵਿ ਵਿਅੰਗ)