ਉਸਤਾਦੀ ਰੰਗਤ ਵਾਲੇ ਸ਼ਾਇਰ ਸਨ ਗ਼ਜ਼ਲਗੋ ਕ੍ਰਿਸ਼ਨ ਭਨੋਟ,ਕਨੇਡਾ

ਮਾਲਵਿੰਦਰ ਸ਼ਾਇਰ

(ਸਮਾਜ ਵੀਕਲੀ)  ਕ੍ਰਿਸ਼ਨ ਗੋਪਾਲ ਭਨੋਟ ਉਰਫ਼ ਕ੍ਰਿਸ਼ਨ ਭਨੋਟ ਉਸਤਾਦ ਗ਼ਜ਼ਲਗੋਆਂ ਵਿੱਚੋਂ ਇੱਕ ਸਨ ਜੋ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਪੰਜਾਬੀ ਕਵੀ ਸਨ। ਚਾਹੇ ਉਨ੍ਹਾਂ ਨੇ ਪੰਜਾਬੀ ਸਾਹਿਤ ਦੀਆਂ ਕਈ ਵੰਨਗੀਆਂ ਨੂੰ ਅਪਣਾਇਆ ਪਰ ਅਸਲ ਰੂਪ ਵਿੱਚ ਉਹ ਗ਼ਜ਼ਲ ਵਿਧਾ ਨੂੰ ਹੀ ਪ੍ਰਣਾਏ ਹੋਏ ਸ਼ਾਇਰ ਸਨ। ਉਹ ਅਰੂਜ਼ੀ ਗ਼ਜ਼ਲ ਬੰਦਿਸ਼ਾਂ ਨੂੰ ਸਿਰਫ਼ ਜਾਣਦੇ ਹੀ ਨਹੀਂ  ਬਲਕਿ ਉਨ੍ਹਾਂ ਨੂੰ ਬਾ-ਖ਼ੂਬੀ ਨਿਭਾਉਂਦੇ ਵੀ ਸਨ। ਉਹ ਗ਼ਜ਼ਲ ਵਿਧਾ ਦੇ ਧੁਰ ਅੰਦਰੋਂ ਆਸ਼ਕ ਸਨ। ਉਨ੍ਹਾਂ ਦੀ ਸ਼ਾਇਰੀ ਵਿੱਚ ਲੋਹੜੇ ਦੀ ਸਹਿਜਤਾ,ਸਰਲਤਾ ਅਤੇ ਠਹਿਰਾਉ ਸੀ। ਅਰੂਜ਼ੀ ਬੰਦਿਸ਼ਾਂ ‘ਤੇ ਲਿਖੀ ਉਨ੍ਹਾਂ ਦੀ ਪੁਸਤਕ ‘ਗ਼ਜ਼ਲ ਦੀ ਬਣਤਰ ਤੇ ਅਰੂਜ਼’ ਸ਼ਾਇਰੀ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਸਾਬਤ ਹੋਈ ਜੋ ਕਿ ਗ਼ਜ਼ਲ ਦੇ ਸਿੱਖਿਆਥੀਆਂ,ਵਿਦਿਆਰਥੀਆਂ ਅਤੇ ਖੋਜਾਰਥੀਆਂ ਵਿੱਚ ਬਹੁਤ ਮਕਬੂਲ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਪੌਣੀ ਦਰਜਨ ਦੇ ਕਰੀਬ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ ਜਿਨ੍ਹਾਂ ਵਿੱਚ ‘ਉਮਰ ਦੇ ਵਰਕੇ’,  ‘ਗਹਿਰੇ ਪਾਣੀਆਂ ਵਿੱਚ’, ‘ਪੌਣਾਂ ਦੇ ਨਕਸ਼’, ‘ਮਹਿਕ ਦੇ ਹਸਤਾਖਰ’, ‘ਤਲਖ਼ ਪਲ਼’, ‘ਜਲ ਤਰੰਗ’, ‘ਸੋਨੇ ਦੀ ਸਲੀਬ ਤੋਂ’ ਅਤੇ ‘ਵਿਅੰਗ ਲੀਲਾ’ ਜ਼ਿਕਰਯੋਗ ਹਨ। ਕ੍ਰਿਸ਼ਨ ਭਨੋਟ ਦਾ ਜਨਮ  ਮਾਤਾ ਮਾਇਆ ਦੇਵੀ ਦੀ ਕੁੱਖੋਂ 26 ਮਾਰਚ,1954 ਨੂੰ ਪਿਤਾ ਅਰਜਨ ਦਾਸ ਦੇ ਘਰ ਜਿਲ੍ਹਾ ਲੁਧਿਆਣਾ ਦੇ ਮਸ਼ਹੂਰ ਪਿੰਡ ਭੈਣੀ ਸਾਹਿਬ ਵਿਖੇ ਹੋਇਆ ਜੋ ਕੂਕਾ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਜੀ ਦੇ ਨਾਂਅ ਨਾਲ਼ ਸੁਪ੍ਰਸਿੱਧ ਹੈ। ਉਨ੍ਹਾਂ ਨੂੰ ਪੁਸਤਕਾਂ ਪੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਰਿਹਾ। ਉਨ੍ਹਾਂ ਨੇ ਸ਼ਬਦਾਂ ਨਾਲ਼ ਖੇਡਣਾ ਆਪਣੀ ਪ੍ਰਾਇਮਰੀ ਸਕੂਲੀ ਪੜ੍ਹਾਈ ਦੌਰਾਨ ਹੀ ਕਰ ਦਿੱਤਾ ਸੀ। ਉਨ੍ਹਾਂ ਦਾ ਧਾਰਮਿਕ ਵਿੱਦਿਆ ਗਿਆਨ ਪ੍ਰਾਪਤ ਪਿਤਾ-ਪੁਰਖੀ ਹੀ ਸੀ।ਹਾਈ ਸਕੂਲ ਤੱਕ ਅਪੜਦਿਆਂ ਉਹ ਕਿਤਾਬੀ ਕੀੜਾ ਬਣ ਚੁੱਕੇ ਸਨ। ਉਨ੍ਹਾਂ ਮੁਤਾਬਿਕ ‘ਉਹ ਕਦੋਂ ਗੀਤ,ਕਵਿਤਾਵਾਂ ਲਿਖਣ ਲੱਗ ਪਏ ਇਸ ਬਾਰੇ ਉਨ੍ਹਾਂ ਨੂੰ ਵੀ ਪਤਾ ਨਾ ਲੱਗਿਆ’। ਉਨ੍ਹਾਂ ਦੀਆਂ ਰਚਨਾਵਾਂ ਕਾਲਜ ਦੇ ਸਾਹਿਤਕ ਮੈਗਜ਼ੀਨ ਵਿੱਚ ਵੀ ਪ੍ਰਕਾਸ਼ਿਤ ਹੋਣ ਲੱਗ ਪਈਆਂ ਸਨ।ਇਸ ਤੋਂ ਅਗਲੇ ਪੜਾਅ ਦੌਰਾਨ ਉਹ ਸਾਹਿਤਕ ਮੈਗਜ਼ੀਨਾਂ ਦੇ ਨਾਲ਼-ਨਾਲ਼ ਅਖ਼ਬਾਰਾਂ ਵਿੱਚ ਵੀ ਛਪਣ ਲੱਗ ਪਏ।ਉਹ ਅਜਾਇਬ ਚਿੱਤਰਕਾਰ, ਕੁਲਵੰਤ ਨੀਲੋਂ, ਸੁਰਜੀਤ ਰਾਮਪੁਰੀ, ਇੰਦਰਜੀਤ ਹਸਨਪੁਰੀ ਅਤੇ ਰਣਧੀਰ ਸਿੰਘ ਚਾਂਦ ਆਦਿ ਸਾਹਿਤਕ ਮੰਡਲੀ ਦੇ ਸਾਥ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਦੀ ਸਾਹਿਤਕ ਮੰਡਲੀ ਦਾ ਘੇਰਾ ਬਹੁਤ ਵਿਸ਼ਾਲ ਸੀ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਤੱਕ ਦੇ ਸਾਹਿਤਕਾਰ ਸ਼ੁਮਾਰ ਸਨ। ਉਹ ਉਸਤਾਦੀ ਰੰਗਤ ਵਾਲੇ ਸ਼ਾਇਰ ਸਨ ਜਿੰਨ੍ਹਾਂ ਨੇ ਕਈ ਗ਼ਜ਼ਲ ਦੀਵਾਨਿਆਂ ਨੂੰ ਗ਼ਜ਼ਲ ਦੇ ਰੂਪਕ ਪੱਖ ਦੀ ਚਿਣਗ ਲਾਈ ਜੋ ਗ਼ਜ਼ਲ ਪ੍ਰਤੀ ਇਲਮ ਪ੍ਰਾਪਤ ਕਰਕੇ ਮਕਬੂਲ ਸ਼ਾਇਰ ਬਣੇ। ਉਹ ਅੱਧੀ ਸਦੀ ਦੇ ਕਰੀਬ ਸਾਹਿਤਕ ਖੇਤਰ ਵਿੱਚ ਆਪਣਾ ਯੋਗਦਾਨ ਪਾਉੰਦੇ ਰਹੇ ਅਤੇ ਕਈ ਸ਼ਾਇਰਾਂ ਨੂੰ ਵੀ ਉਸਤਾਦੀ ਰੰਗਤ ਵਿੱਚ ਰੰਗਿਆ। ਉਹ ਆਪਣੇ ਜਨਮ ਤੋਂ ਲੈ ਕੇ 2000 ਈਸਵੀ ਤੱਕ ਆਪਣੀ ਜਨਮ ਭੋਇੰ ਭੈਣੀ ਸਾਹਿਬ ਹੀ ਰਹੇ ਅਤੇ ਫਿਰ ਰੋਜ਼ੀ-ਰੋਟੀ ਲਈ ਵਿਦੇਸ਼ਾਂ ਦਾ ਸਫ਼ਰ ਤੈਅ ਕਰਕੇ ਕਨੇਡਾ ਜਾ ਵਸੇ। ਉਹ ਆਪਣੇ ਅੰਤਲੇ ਸਾਹਾਂ ਤੱਕ ਕਨੇਡਾ ਵਿਖੇ ਹੀ ਰਹੇ। ਅੰਤ 28 ਫਰਵਰੀ,2025 ਨੂੰ ਉਹ ਸਰੀਰਕ ਤੌਰ ‘ਤੇ ਸਾਥੋਂ ਵਿਛੜ ਗਏ ਪਰ ਉਹ ਸ਼ਾਬਦਿਕ ਤੌਰ ‘ਤੇ ਹਮੇਸ਼ਾਂ ਸਾਡੇ ਵਿੱਚ ਵਿਚਰਦੇ ਰਹਿਣਗੇ। ਉਨ੍ਹਾਂ ਦਾ ਅੰਤਿਮ ਸਸਕਾਰ 16 ਮਾਰਚ,2025 ਨੂੰ Riverside 6uneral 7410 8opcott Rd 4elta 2.3. 3anada ਵਿਖੇ ਹੋਵੇਗਾ ਉਪਰੰਤ ਅੰਤਿਮ ਅਰਦਾਸ ਨਾਨਕਸਰ ਗੁਰਦੁਆਰਾ ਸਾਹਿਬ,18691 Westminister 8wy Richmond 2.3., 3anada  ਵਿਖੇ ਇੱਕ ਵਜੇ ਹੋਵੇਗੀ। ਮੈਂ ਆਪਣੀ ਕਲ਼ਮ ਨੂੰ ਵਿਸ਼ਰਾਮ ਦੇਣ ਤੋਂ ਪਹਿਲਾਂ ਸੇਜਲ ਅੱਖਾਂ ਨਾਲ਼ ਸ਼ਰਧਾ ਦੇ ਫੁੱਲ ਭੇਟ ਕਰਦਾ ਇਹੋ ਆਖ ਸਕਦਾ ਹਾਂ…ਵਿਦਾ ਉਸਤਾਦ ਕ੍ਰਿਸ਼ਨ  ਭਨੋਟ…।

— ਮਾਲਵਿੰਦਰ ਸ਼ਾਇਰ
ਪਿੰਡ ਤੇ ਡਾਕ. — ਸ਼ੇਰ ਸਿੰਘ ਪੁਰਾ (ਨਾਈਵਾਲਾ)
ਤਹਿ. ਤੇ ਜਿਲ੍ਹਾ — ਬਰਨਾਲਾ — 148100
ਸੰਪਰਕ — 94781–85742
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਨਸਾ ‘ਚ ਡੇਂਗੂ-ਮਲੇਰੀਆ ਤੋਂ ਬਚਾਅ ਲਈ ਸਿਹਤ ਵਿਭਾਗ ਸਰਗਰਮ, ਛੱਪੜਾਂ ‘ਚ ਗੰਬੂਜੀਆ ਮੱਛੀਆਂ ਛੱਡੀਆਂ
Next articleਵੱਡੀ ਖਬਰ! ਸ਼੍ਰੋਮਣੀ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਅਤੇ ਸੁਲਤਾਨ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ