ਖ਼ਤਮ ਹੁੰਦਾ ਜਾ ਰਿਹਾ ਹੈ ਉਸਤਾਦ-ਸ਼ਗਿਰਦ ਵਾਲਾ ਰਿਸ਼ਤਾ

(ਸਮਾਜ ਵੀਕਲੀ)

ਖੇਤਰ ਭਾਵੇਂ ਕੋਈ ਵੀ ਹੋਵੇ, ਹੁਣ ਉਸਤਾਦ-ਸ਼ਾਗਿਰਦ ਦਾ ਰਿਸ਼ਤਾ ਖ਼ਤਮ ਹੁੰਦਾ ਜਾ ਰਿਹਾ ਹੈ। ਅੱਜਕੱਲ੍ਹ ਕੁਝ ਵੀ ਪੈਸੇ ਲੈ ਕੇ ਅਤੇ ਦੇ ਕੇ ਸਿੱਖਿਆ ਅਤੇ ਸਿਖਾਇਆ ਜਾਂਦਾ ਹੈ। ਪਰ ਕੋਈ ਵੇਲਾ ਹੁੰਦਾ ਸੀ, ਜਦੋਂ ਕਿਸੇ ਨੇ ਕਿਸੇ ਤੋਂ ਕੁਝ ਸਿੱਖਣਾ ਹੁੰਦਾ ਸੀ ਤਾਂ ਸਿਖਾਉਣ ਵਾਲੇ ਨੂੰ ਬਾਕਾਇਦਾ ਸ਼ਗਿਰਦੀ ਦੀਆਂ ਰਸਮਾਂ ਨਿਭਾਅ ਕੇ ਭਾਵ ਕਿ ਪੱਗ ਦੇ ਕੇ ਸ਼ਗਿਰਦ ਬਣਦੇ ਸਨ। ਉਸਤਾਦ ਸ਼ਾਗਿਰਦ ਦਾ ਰਿਸ਼ਤਾ ਅਗਿਆਨਤਾ ਦੇ ਹਨ੍ਹੇਰੇ ਵਿਚ ਗਿਆਨ ਦੇ ਚਾਨਣ ਦੀ ਬੁਨਿਆਦ ਰੱਖਣ ਯੋਗ ਮਨਾਂ ਦੀ ਕਸਕ ਦਾ ਅਹਿਸਾਸ ਅਤੇ ਪਵਿੱਤਰ ਭਾਵਨਾਵਾਂ ਦੇ ਦਾਇਰੇ ਵਿੱਚੋਂ ਹੀ ਅਪਣੱਤ ਅਤੇ ਇੱਜ਼ਤ ਕਰਨ ਅਤੇ ਕਰਵਾਉਣ ਦਾ ਇਕ ਅਨਮੋਲ ਰਿਸ਼ਤਾ ਹੁੰਦਾ ਹੈ। ਕਬੀਰ ਜੀ ਦੇ ਇੱਕ ਦੋਹੇ ਕਿ:-
ਯੇਹ ਤਨ ਵਿਸ਼ ਕੀ ਥਲੜੀ, ਗੁਰੂ ਅੰਮ੍ਰਿਤ ਕੀ ਖਾਨ।
ਸੀਸ ਦੀਓ ਜੋ ਗੁਰੂ ਮਿਲਾ ਤੋ ਫਿਰ ਸੱਚਾ ਗਿਆਨ ਹੋਏ।।

ਇਸ ਦੋਹੇ ਤੋਂ ਅਹਿਸਾਸ ਹੁੰਦਾ ਹੈ ਕਿ ਸੱਚਾ ਗਿਆਨ ਪ੍ਰਾਪਤ ਕਰਨ ਲਈ ਇਕ ਵਿਅਕਤੀ ਆਪਣੇ ਗੁਰੂ ਅੱਗੇ ਸੱਚੇ ਮਨ ਨਾਲ ਸਿਰ ਅਰਪਣ ਕਰ ਦੇਵੇ ਭਾਵ ਸ਼ਰਧਾ ਨਾਲ ਆਪਣਾ ਸਿਰ ਗੁਰੂ ਦੇ ਚਰਨਾਂ ਤੇ ਟਿਕਾਅ ਦੇਵੇ ਤਾਂ ਉਸ ਵਿਅਕਤੀ ਨੂੰ ਸੱਚਾ ਗਿਆਨ ਪ੍ਰਾਪਤ ਹੋ ਜਾਵੇਗਾ। ਕੋਈ ਵੀ ਵਿਅਕਤੀ ਆਪਣੇ ਗੁਰੂ ਤੋਂ ਬਹੁਤ ਕੁਝ ਸਿੱਖ ਕੇ ਇੱਕ ਹੁਨਰਮੰਦ ਇਨਸਾਨ ਬਣ ਬਣ ਸਕਦਾ ਹੈ। ਹੁਣ ਗੱਲ ਕਰਦੇ ਹਾਂ ਪੰਜਾਬੀ ਸੰਗੀਤ ਦੇ ਖੇਤਰ ਦੀ ਕਿਉਂਕਿ ਇਸ ਖੇਤਰ ਵਿੱਚ ਸਭ ਤੋਂ ਵੱਧ ਉਸਤਾਦ ਸ਼ਗਿਰਦ ਦਾ ਰਿਸ਼ਤਾ ਰਿਹਾ ਹੈ ਅਤੇ ਹੁਣ ਇਹ ਰਿਸ਼ਤਾ ਖ਼ਤਮ ਹੁੰਦਾ ਜਾ ਰਿਹਾ ਹੈ, ਕਿਉਂਕਿ ਹੁਣ ਸੰਗੀਤਕ ਅਕੈਡਮੀਆਂ ਬਣ ਗਈਆਂ ਹਨ, ਜਿੱਥੇ ਪੈਸੇ ਲੈ ਕੇ ਸੰਗੀਤ ਸਿਖਾਇਆ ਜਾਂਦਾ ਹੈ।

ਗਾਉਣਾ ਇਕ ਬਹੁਤ ਹੀ ਉੱਤਮ ਹੈ ਅਤੇ ਇਹ ਕਲਾ ਭਾਵੇਂ ਕਿ ਕੁਦਰਤ ਦੀ ਦੇਣ ਹੁੰਦੀ ਹੈ ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਗਾਇਕੀ ਲਈ ਸਭ ਤੋਂ ਪਹਿਲਾਂ ਮਿੱਠੀ ਅਤੇ ਢੁਕਵੀਂ ਆਵਾਜ਼ ਹੋਣਾ ਜ਼ਰੂਰੀ ਹੈ। ਪਰ ਇਸ ਨੂੰ ਸੁਰਾਂ ਦੇ ਸਾਂਚੇ ਵਿੱਚ ਢਾਲ ਕੇ ਜੇਕਰ ਪੇਸ਼ ਕੀਤਾ ਜਾਵੇ ਤਾਂ ਹੀ ਉਹ ਅਸਲ ਗਾਇਕੀ ਅਖਵਾਉਂਦੀ ਹੈ। ਸੁਰਾਂ ਦੇ ਸਾਂਚੇ ਵਿੱਚ ਢਾਲਣ ਲਈ ਸੰਗੀਤਕ ਗਿਆਨ ਹੋਣਾ ਵੀ ਜ਼ਰੂਰੀ ਹੈ, ਭਾਵੇਂ ਕਿ ਅੱਜ ਬਹੁਤ ਸਾਰੇ ਅਜਿਹੇ ਗਾਇਕ ਵੀ ਹਨ ਜਿਨ੍ਹਾਂ ਨੇ ਗਾਇਕੀ ਵਿੱਚ ਕੋਈ ਉਸਤਾਦ ਨਹੀਂ ਧਾਰਿਆ ਅਤੇ ਉਹ ਅੱਜ ਸਥਾਪਿਤ ਗਾਇਕ ਹਨ ਪਰ ਸਾਰੇ ਹੀ ਅਜਿਹੇ ਗਾਇਕ ਨਹੀਂ ਹਨ, ਜਿਨ੍ਹਾਂ ਨੇ ਸੰਗੀਤਕ ਗਿਆਨ ਨਾ ਲਿਆ ਹੋਵੇ ਅਤੇ ਉਹ ਸਥਾਪਿਤ ਗਾਇਕ ਹੋਣ, ਹਾਂ ਕੁਝ ਕੁ ਨੂੰ ਕੁਦਰਤ ਵੱਲੋਂ ਅਜਿਹੀ ਦਾਤ (ਗੋੱਡ ਗਿਫਟ) ਮਿਲੀ ਹੁੰਦੀ ਹੈ ਕਿ ਉਹ ਬਗੈਰ ਸਿੱਖੇ ਵੀ ਗਾਇਕੀ ਵਿੱਚ ਉੱਚਾ ਮੁਕਾਮ ਹਾਸਿਲ ਕਰ ਲੈਂਦੇ ਹਨ।

ਹਥਲੇ ਲੇਖ ਦਾ ਸਿਰਲੇਖ ਹੈ “ਖ਼ਤਮ ਹੁੰਦਾ ਜਾ ਰਿਹਾ ਹੈ ਉਸਤਾਦ ਸ਼ਾਗਿਰਦ ਦਾ ਰਿਸ਼ਤਾ” ਇਸ ਸਬੰਧੀ ਜੇਕਰ ਸੰਗੀਤਕ ਖੇਤਰ ਦੀ ਗੱਲ ਕਰੀਏ ਤਾਂ ਇਹ ਸ਼ਾਇਦ ਇਸ ਲਈ ਦਿਨੋਂ ਦਿਨ ਖ਼ਤਮ ਹੁੰਦਾ ਜਾ ਰਿਹਾ ਹੈ, ਕਿ ਕਈ ਨਵੇਂ ਗਾਇਕ ਸ਼ੋਹਰਤ ਹਾਸਲ ਕਰਨ ਅਤੇ ਰਾਤੋ ਰਾਤ ਸਟਾਰ ਬਣਨ ਦੀ ਲਾਲਸਾ ਵਿੱਚ ਬਿਨਾਂ ਕੋਈ ਉਸਤਾਦ ਧਾਰਿਆ ਅਤੇ ਬਿਨਾਂ ਕੋਈ ਸੰਗੀਤਕ ਗਿਆਨ ਲਿਆਂ ਹੀ ਗਾਇਕੀ ਦੇ ਮੈਦਾਨ ਵਿੱਚ ਕੁੱਦ ਪੈਂਦੇ ਹਨ, ਪਰ ਅਜਿਹੇ ਗਾਇਕਾਂ ਵਿਚ ਇਹ ਖੁਮਾਰੀ ਥੋੜ੍ਹਾ ਚਿਰ ਹੀ ਰਹਿੰਦੀ ਹੈ, ਜਦੋਂ ਉਹ ਇਸ ਖੁਮਾਰੀ ਵਿੱਚੋਂ ਘਰ ਫੂਕ ਤਮਾਸ਼ਾ ਦੇਖ ਲੈਂਦੇ ਹਨ ਤਾਂ ਉਨ੍ਹਾਂ ਦੀ ਅਕਲ ਟਿਕਾਣੇ ਆਉਂਦੀ ਹੈ। ਇਸ ਪ੍ਰਵਿਰਤੀ ਨੂੰ ਉਕਸਾਉਣ ਲਈ ਮੇਰੇ ਖਿਆਲ ਵਿਚ ਜ਼ਿਆਦਾਤਰ ਦੋਸ਼ੀ ਸਾਡੀਆਂ ਸੰਗੀਤਕ ਕੰਪਨੀਆਂ ਵੀ ਹਨ, ਉਹ ਨਵੇਂ ਗਾਇਕਾਂ ਨੂੰ ਅਜਿਹੇ ਸਬਜ਼ਬਾਗ ਦਿਖਾਉਂਦੀਆਂ ਹਨ ਕਿ ਉਨ੍ਹਾਂ ਨੂੰ ਇਸ ਗੱਲ ਦਾ ਖਿਆਲ ਹੀ ਨਹੀਂ ਰਹਿੰਦਾ ਕਿ ਕਿਸੇ ਨੂੰ ਉਸਤਾਦ ਧਾਰ ਕੇ ਸਿੱਖਿਆ ਜਾਵੇ।

ਸੰਗੀਤਕ ਕੰਪਨੀਆਂ ਦੀ ਪੈਸਾ ਕਮਾਉਣ ਦੀ ਲਾਲਸਾ ਨੇ ਉਸਤਾਦੀ-ਸ਼ਗਿਰਦੀ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ ਅਤੇ ਬੇਸੁਰੇ ਬੇਤਾਲੇ ਗਾਇਕਾਂ ਦੀਆਂ ਲਾਈਨਾਂ ਲਗਾ ਦਿੱਤੀਆਂ ਹਨ। ਕੰਪਨੀ ਵਾਲੇ ਨਵੇਂ ਗਾਇਕ ਲਈ ਇਸ ਤਰ੍ਹਾਂ ਦੀ ਪ੍ਰਭਾਵਸ਼ਾਲੀ ਸ਼ਬਦਾਵਲੀ ਵਰਤ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਉਕਸਾਉਂਦੇ ਹਨ ਕਿ ਗਾਇਕ ਉਨ੍ਹਾਂ ਦਾ ਹੀ ਹੋ ਕੇ ਰਹਿ ਜਾਂਦਾ ਹੈ। ਜਿਵੇਂ ਕਿ “ਬਸ ਭਾਅ ਜੀ ਤੁਹਾਨੂੰ ਸਟਾਰ ਬਣਾ ਦੇਣੈ ਆਪਾਂ ਹੁਣ” ਕੰਪਨੀ ਵਾਲਿਆਂ ਦੇ ਕਹੇ ਉਪਰੋਕਤ ਬੋਲ ਉਸ ਗਾਇਕ ਵੀਰ ਦੇ ਕੰਨੀਂ ਰਸ ਘੋਲਦੇ ਰਹਿੰਦੇ ਹਨ ਅਤੇ ਉਸ ਨੂੰ ਇਹ ਲੋੜ ਹੀ ਮਹਿਸੂਸ ਨਹੀਂ ਹੁੰਦੀ ਕਿ ਕਿਸੇ ਉਸਤਾਦ ਤੋਂ ਸਿੱਖਿਆ ਜਾਵੇ।

ਇੱਕ ਪ੍ਰਸਿੱਧ ਪਾਕਿਸਤਾਨੀ ਗਾਇਕ ਨੇ ਸਾਡੇ ਇੱਕ ਗਾਇਕ ਨੂੰ ਇੱਕ ਵਾਰੀ ਵਿਦੇਸ਼ੀ ਦੌਰੇ ਦੌਰਾਨ ਕਿਹਾ ਸੀ ਕਿ ਸਾਡੇ ਪੰਜਾਬੀ ਗਾਇਕ ਪਹਿਲਾਂ ਗਾਉਣਾ ਸਿੱਖਦੇ ਹਨ ਤੇ ਫਿਰ ਗਾਇਕ ਅਖਵਾਉਂਦੇ ਹਨ, ਪਰ ਤੁਹਾਡੇ ਪਹਿਲਾਂ ਗਾਇਕ ਅਖਵਾਉਂਦੇ ਹਨ ਅਤੇ ਫਿਰ ਸਿੱਖਣ ਲਗਦੇ ਹਨ। ਪਰ ਅੱਜ ਤਾਂ ਸਾਡੀ ਪੰਜਾਬੀ ਗਾਇਕੀ ਦਾ ਮਾਹੌਲ ਇਸ ਤਰ੍ਹਾਂ ਦਾ ਬਣ ਚੁੱਕਿਆ ਹੈ ਕਿ ਸਾਡੇ ਗਾਇਕ, ਗਾਇਕ ਵੀ ਪਹਿਲਾਂ ਹੀ ਅਖਵਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਸਿੱਖਣ ਦੀ ਲੋੜ ਵੀ ਮਹਿਸੂਸ ਨਹੀਂ ਕਰਦੇ।

ਮੈਂ ਤੁਹਾਨੂੰ ਅੱਜ ਕਈ ਅਜਿਹੇ ਗਾਇਕਾਂ ਦੀਆਂ ਉਦਾਹਰਨਾਂ ਦੇ ਸਕਦਾ ਹਾਂ, ਜਿਹੜੇ ਕਿ ਚਰਚਿਤ ਵੀ ਹਨ ਪਰ ਉਨ੍ਹਾਂ ਨੂੰ ਹਾਲੇ ਤੱਕ ਹਰਮੋਨੀਅਮ ਵੀ ਵਜਾਉਣਾ ਨਹੀਂ ਆਉਂਦਾ। ਇਸ ਦਾ ਇੱਕ ਕਾਰਨ ਸਾਡਾ ਇਲੈਕਟ੍ਰਾਨਿਕ ਮੀਡੀਆ ਵੀ ਹੈ ਜਿਵੇਂ ਅਸੀਂ ਆਮ ਹੀ ਪੜ੍ਹਦੇ ਸੁਣਦੇ ਹਾਂ ਕਿ ਗਾਇਕੀ ਹੁਣ ਸੁਣਨ ਦੀ ਨਹੀਂ, ਦੇਖਣ ਦੀ ਹੀ ਰਹਿ ਗਈ ਹੈ, ਹਾਂ ਇਹ ਬਿਲਕੁਲ ਸੱਚ ਹੈ। ਕਿਉਂਕਿ ਜਿਹੜੇ ਗਾਇਕਾਂ ਨੂੰ ਹਰਮੋਨੀਅਮ ਵੀ ਵਜਾਉਣਾ ਨਹੀਂ ਆਉਂਦਾ, ਉਹ ਆਪਣੀ ਗਾਇਕੀ ਸੁਣਾ ਕੇ ਨਹੀਂ ਸਗੋਂ ਦਿਖਾ ਕੇ ਜ਼ਿਆਦਾ ਚਰਚਿਤ ਹੋਏ ਹਨ।

ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਅੱਜ ਦੇ ਉਸਤਾਦ ਵੀ ਅੱਜ ਦੇ ਗਾਇਕਾਂ ਵਾਂਗ ਹੀ ਹੋ ਗਏ ਹਨ। ਕਈ ਤਾਂ ਸਿਰਫ਼ ਨਾਮ ਦੇ ਹੀ ਉਸਤਾਦ ਹਨ ਜਿਵੇਂ ਇੱਕ ਵਾਕ ਹੈ ਕਿ “ਇਕ ਦੀਵਾ ਉਦੋਂ ਤੱਕ ਦੂਸਰਾ ਦੀਵਾ ਨਹੀਂ ਜਗਾ ਸਕਦਾ, ਜਦੋਂ ਤੱਕ ਉਹ ਆਪ ਨਾ ਜਾਗ ਰਿਹਾ ਹੋਵੇ” ਅੱਜ ਦੇ ਜ਼ਿਆਦਾਤਰ ਉਸਤਾਦ ਵੀ ਲਾਲਚ ਪਿੱਛੇ ਹੀ ਕਿਸੇ ਨੂੰ ਕੁਝ ਨਹੀਂ ਸਿਖਾਉਂਦੇ। ਪਹਿਲਾਂ ਸ਼ਗਿਰਦ ਬਕਾਇਦਾ ਉਸਤਾਦ ਨੂੰ ਪੱਗ ਦੇ ਕੇ ਉਸਤਾਦੀ ਸ਼ਾਗਿਰਦੀ ਦੀ ਰਸਮ ਕਰਦੇ ਸਨ, ਕਈ-ਕਈ ਸਾਲ ਉਸਤਾਦ ਦੇ ਘਰ ਰਹਿੰਦੇ ਸਨ। ਉਸਤਾਦ ਦੀਆਂ ਝਿੜਕਾਂ ਵੀ ਸਹਿੰਦੇ ਸਨ, ਪਰ ਅੱਜ ਦੀ ਇਸ ਜਲਦਬਾਜ਼ੀ ਦੀ ਦੌਡ਼ ਵਿੱਚ ਕਿਸੇ ਕੋਲ ਇੰਨਾ ਸਮਾਂ ਹੈ।

ਅੱਜ ਜ਼ਿਆਦਾਤਰ ਗਾਇਕ ਜਿਹੜੇ ਪੁਰਾਣੇ ਸਥਾਪਿਤ ਗਾਇਕਾਂ ਦੇ ਸ਼ਗਿਰਦਾਂ ਅਖਵਾਉਂਦੇ ਹਨ, ਉਨ੍ਹਾਂ ਵਿੱਚੋਂ ਕਈ ਤਾਂ ਉਸ, ਉਸਤਾਦ ਨੂੰ ਮਿਲੇ ਵੀ ਨਹੀਂ ਹੁੰਦੇ। ਸਿਰਫ਼ ਨਾਮ ਦੇ ਹੀ ਉਸਤਾਦ ਬਣਾਏ ਹੁੰਦੇ ਹਨ। ਕਈ ਉਸਤਾਦਾਂ ਨੇ ਆਪਣੀ ਇੰਟਰਵਿਊ ਵਿਚ ਕਿਹਾ ਵੀ ਹੈ ਕਿ ਫਲਾਣਾ ਗਾਇਕ ਜੋ ਮੇਰਾ ਸ਼ਾਗਿਰਦ ਅਖਵਾਉਂਦਾ ਹੈ, ਉਹ ਮੇਰਾ ਸ਼ਾਗਿਰਦ ਨਹੀਂ ਹੈ। ਕਈ ਗਾਇਕ ਕਿਸੇ ਸਥਾਪਿਤ ਗਾਇਕ ਦੇ ਮਰਨ ਪਿੱਛੋਂ ਉਸ ਦੇ ਸ਼ਗਿਰਦ ਅਖਵਾਉਣਾ ਸ਼ੁਰੂ ਕਰ ਦਿੰਦੇ ਹਨ, ਜਿਵੇਂ ਅਮਰ ਸਿੰਘ ਚਮਕੀਲਾ ਦੇ ਮਰਨ ਪਿੱਛੋਂ ਉਸ ਦੇ ਸ਼ਗਿਰਦ ਅਖਵਾਉਣ ਵਾਲੀਆਂ ਗਾਇਕ ਜੋੜੀਆਂ ਖੁੰਭਾਂ ਵਾਂਗ ਪੈਦਾ ਹੋ ਗਈਆਂ ਸਨ।

ਜਿਵੇਂ ਕਿਹਾ ਜਾਂਦਾ ਹੈ ਕਿ ਜਿਸ ਮਕਾਨ ਦੀ ਨੀਂਹ ਮਜ਼ਬੂਤ ਹੋਵੇਗੀ, ਉਹ ਹੀ ਜ਼ਿਆਦਾ ਦੇਰ ਟਿਕ ਸਕੇਗਾ, ਨਹੀਂ ਤਾਂ ਰੇਤ ਦੀਆਂ ਕੰਧਾਂ ਹੋ ਕੇ ਰਹਿ ਜਾਵੇਗਾ। ਸੋ ਇਸ ਲਈ ਅੱਜ ਲੋੜ ਹੈ ਬਾਕਾਇਦਾ ਉਸਤਾਦ ਧਾਰ ਕੇ ਸਿੱਖ ਕੇ ਸੰਗੀਤ ਵਾਲੇ ਪਾਸੇ ਆਉਣ ਦੀ ਤਾਂ ਹੀ ਬੇਸੁਰੇ, ਬੇਤਾਲੇ ਗਾਇਕਾਂ ਦੀ ਭੀੜ ਨੂੰ ਠੱਲ੍ਹ ਪਵੇਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਸਤਾਦੀ-ਸ਼ਗਿਰਦੀ ਸਿਰਫ ਗਾਇਕੀ ਦੇ ਖੇਤਰ ਵਿੱਚ ਹੀ ਨਹੀਂ ਹੁੰਦੀ, ਬਲਕਿ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਹੁੰਦੀ ਹੈ ਸੋ ਕਹਿਣ ਦਾ ਭਾਵ ਹੈ ਕਿ ਜੇਕਰ ਤੁਸੀਂ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ ਉਸ ਦੇ ਲਈ ਪਹਿਲਾਂ ਬਕਾਇਦਾ ਉਸਤਾਦ ਧਾਰ ਕੇ, ਆਪ ਸ਼ਗਿਰਦ ਬਣਕੇ ਉਸ ਕੰਮ ਦਾ ਪੂਰਾ ਗਿਆਨ ਲਵੋ, ਫਿਰ ਹੀ ਤੁਸੀਂ ਉਸ ਕੰਮ ਵਿਚ ਪੂਰੇ ਹੁਨਰਮੰਦ ਬਣ ਸਕਦੇ ਹੋ।

– ਹਰਮੀਤ ਸਿਵੀਆਂ ਬਠਿੰਡਾ
ਮੋਬਾ:- 8054757806
ਪਿੰਡ ਤੇ ਡਾਕ:- ਸਿਵੀਆਂ (ਬਠਿੰਡਾ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਹਿਰੂ ਯੁਵਾ ਕੇਂਦਰ ਬਲਾਕ ਧੂਰੀ ਵੱਲੋਂ ਵਿਸ਼ਵ ਏਡਜ ਦਿਵਸ ਮੌਕੋ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ
Next articleਮੈਡੀਕਲ ਕਾਲਜ ਦਾ ਮੁਆਇਨਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਪੂਰਥਲਾ ਵਾਸੀਆਂ ਨੂੰ ਦਿੱਤਾ ਵੱਡਾ ਤੋਹਫਾ-ਕਰਮਜੀਤ ਕੌੜਾ