ਤਾਲਿਬਾਨ ਵੱਲੋਂ ਪੰਜਸ਼ੀਰ ’ਤੇ ਮੁਕੰਮਲ ਕਬਜ਼ੇ ਦਾ ਦਾਅਵਾ

ਕਾਬੁਲ (ਸਮਾਜ ਵੀਕਲੀ): ਤਾਲਿਬਾਨੀ ਲੜਾਕਿਆਂ ਨੇ ਕਾਬੁਲ ਦੇ ਉੱਤਰ ਵਿੱਚ ਪੰਜਸ਼ੀਰ ਸੂਬੇ ਨੂੰ ਆਪਣੇ ਕਬਜ਼ੇ ਵਿੱਚ ਲੈਣ ਦਾ ਦਾਅਵਾ ਕੀਤਾ ਹੈ। ਪਿਛਲੇ ਮਹੀਨੇ 15 ਅਗਸਤ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਤੇ ਕਬਜ਼ੇ ਮਗਰੋਂ ਪੰਜਸ਼ੀਰ ਇਕੋ-ਇਕ ਸੂਬਾ ਸੀ, ਜੋ ਅਜੇ ਤੱਕ ਤਾਲਿਬਾਨੀਆਂ ਦੀ ਗ੍ਰਿਫ਼ਤ ’ਚੋਂ ਬਾਹਰ ਸੀ। ਖੇਤਰ ਵਿੱਚ ਮੌਜੂਦ ਚਸ਼ਮਦੀਦਾਂ ਨੇ ਕਿਹਾ ਕਿ ਹਜ਼ਾਰਾਂ ਤਾਲਿਬਾਨੀ ਲੜਾਕਿਆਂ ਨੇ ਪੰਜਸ਼ੀਰ ਦੇ ਅੱਠ ਜ਼ਿਲ੍ਹਿਆਂ ਨੂੰ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਹੀ ਆਪਣੇ ਅਧੀਨ ਲੈ ਲਿਆ ਸੀ। ਉਧਰ ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਅੱਜ ਇਕ ਬਿਆਨ ਵਿੱਚ ਕਿਹਾ ਕਿ ਪੰਜਸ਼ੀਰ ਤਾਲਿਬਾਨੀ ਲੜਾਕਿਆਂ ਦੇ ਕੰਟਰੋਲ ਵਿੱਚ ਹੈ। ਤਾਲਿਬਾਨ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇਕ ਤਸਵੀਰ ਵਿੱਚ ਤਾਲਿਬਾਨੀ ਲੜਾਕੇ ਪੰਜਸ਼ੀਰ ਸੂਬੇ ਦੇ ਰਾਜਪਾਲ ਦਫ਼ਤਰ ਵਿੱਚ ਨਜ਼ਰ ਆ ਰਹੇ ਹਨ।

ਉਧਰ ਨੈਸ਼ਨਲ ਰਜ਼ਿਸਟੈਂਸ ਫਰੰਟ (ਐੱਨਆਰਐੱਫ), ਜਿਸ ਵਿੱਚ ਤਾਲਿਬਾਨ ਵਿਰੋਧੀ ਮਿਲੀਸ਼ੀਆ ਤੇ ਸਾਬਕਾ ਅਫ਼ਗ਼ਾਨ ਸੁਰੱਖਿਆ ਦਸਤੇ ਸ਼ਾਮਲ ਹਨ, ਨੇ ਦਾਅਵਾ ਕੀਤਾ ਕਿ ਉਸ ਦੇ ਲੜਾਕੇ ਪੰਜਸ਼ੀਰ ਵਾਦੀ ਵਿੱਚ ‘ਰਣਨੀਤਕ ਪੱਖੋਂ ਅਹਿਮ ਟਿਕਾਣਿਆਂ’ ਉੱਤੇ ਮੌਜੂਦ ਹਨ ਤੇ ਉਹ ਆਪਣੀ ਲੜਾਈ ਜਾਰੀ ਰੱਖਣਗੇ। ਐੱਨਆਰਐੱਫ ਨੇ ਅੰਗਰੇਜ਼ੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਅਸੀਂ ਅਫ਼ਗ਼ਾਨਿਸਤਾਨ ਦੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਤਾਲਿਬਾਨ ਤੇ ਉਸ ਦੇ ਭਾਈਵਾਲਾਂ ਖਿਲਾਫ਼ ਵਿੱਂਢੀ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਨਿਆਂ ਤੇ ਆਜ਼ਾਦੀ ਨਹੀਂ ਮਿਲ ਜਾਂਦੀ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਰਐੱਸਐੱਸ ਟਿੱਪਣੀ ਮਾਮਲਾ: ਅਖ਼ਤਰ ਦੇ ਘਰ ਨੇੜੇ ਸੁਰੱਖਿਆ ਵਧਾਈ ਗਈ
Next articleਸੁਪਰੀਮ ਕੋਰਟ ਦਾ ਨੀਟ ਪ੍ਰੀਖਿਆ ਨੂੰ ਮੁਲਤਵੀ ਕਰਨ ਤੋਂ ਇਨਕਾਰ