ਮਾਸਟਰ ਦੀ ਫੈਮਲੀ

ਸਤਨਾਮ  ਸਮਾਲਸਰੀਆ

(ਸਮਾਜ ਵੀਕਲੀ)

ਮੇਰੇ ਫੋਨ ਦੀ ਘੰਟੀ ਵੱਜੀ , ਜਦੋਂ ਦੇਖਿਆ ਤਾਂ ਸਾਡੇ ਸਕੂਲ ਦੇ ਪ੍ਰਿਸੀਪਲ ਸਾਹਿਬ ਦਾ ਫੋਨ ਸੀ। ਜਦੋਂ ਮੈਂ ਫੋਨ ਚੱਕਿਆ ਤਾਂ ਉਨ੍ਹਾਂ ਕਿਹਾ, ਜਤਿੰਦਰ ਅੱਜ ਛੇਤੀ ਆ ਜਾਈਂ , ਤੈਨੂੰ ਪਤਾ ਹੀ ਹੈ ਕਿ ਸਕੂਲ ਵਿੱਚ ਅੱਜ ਬੱਚਿਆਂ ਦਾ ਇਨਾਮ ਵੰਡ ਸਮਾਰੋਹ ਹੈ ਅਤੇ ਉਨ੍ਹਾਂ ਦੇ ਮਾਪੇ ਵੀ ਸਕੂਲ ਆ ਰਹੇ ਹਨ । ਮੈਂ ਕਿਹਾ , ਹਾਂ ਜੀ ਸਰ ਮੈਂ ਕੱਲ ਆਪਣੀ ਕਲਾਸ ਦੇ ਬੱਚਿਆਂ ਨੂੰ ਨੋਟ ਕਰਵਾ ਦਿੱਤਾ ਸੀ। ਉਹ ਤਾਂ ਠੀਕ ਹੈ।ਪਰ ਤੁਸੀਂ ਸਾਰੇ ਸਟਾਫ਼ ਨੇ ਅੱਜ ਜਲਦੀ ਜਾਣਾ ਹੈ। ਇਹ ਕਹਿ ਕੇ ਸਰ ਨੇ ਫੋਨ ਕੱਟ ਦਿੱਤਾ ।ਮੈਂ ਆਪਣੀ ਪੱਗ ਛੇਤੀ ਨਾਲ ਬੰਨ ਮਾਂ ਨੂੰ ਰੋਟੀ ਦੁਪਹਿਰ ਵੇਲੇ ਘਰ ਆਕੇ ਖਾਵਾਂਗੇ ਕਹਿ , ਮੋਟਰ ਸਾਇਕਲ ਤੇ ਸਵਾਰ ਹੋ ਸਕੂਲ ਵੱਲ ਚੱਲ ਪਿਆ।

ਮੇਰੇ ਸਕੂਲ ਜਾਣ ਤੱਕ ਕੁਝ ਸਕੂਲ ਦਾ ਸਟਾਫ਼ ਆ ਚੁੱਕਿਆ ਸੀ ਅਤੇ ਬਾਕੀ ਹਾਲੇ ਹੌਲੀ ਹੌਲੀ ਆ ਰਿਹਾ ਸੀ। ਨੋਂ ਵਜੇ ਤੱਕ ਅਸੀਂ ਸਾਰੀ ਮੁਕੰਮਲ ਤਿਆਰੀ ਕਰ ਲਈ , ਬੱਚੇ ਅਤੇ ਮਾਪੇ ਆਕੇ ਸਕੂਲ ਦੇ ਗਰਾਊਂਡ ਵਿੱਚ ਪਡਾਲ ਵਿੱਚ ਲੱਗੀਆਂ ਕੁਰਸੀਆਂ ਉੱਪਰ ਬੈਠ ਰਹੇ ਸਨ। ਏਨੇ ਨੂੰ ਸਕੂਲ ਦੇ ਪ੍ਰਿਸੀਪਲ ਦੀ ਗੱਡੀ ਆਈ ਅਤੇ ਉਹ ਆਪਣੇ ਦਫ਼ਤਰ ਵਿੱਚ ਚਲਾ ਗਿਆ।ਸਕੂਲ ਦੇ ਕੁਝ ਬੱਚਿਆਂ ਨੇ ਭਗਤੀ ਸੰਗੀਤ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਪ੍ਰਿਸੀਪਲ ਪੰਡਾਲ ਵਿੱਚ ਮੂਹਰਲੀ ਕਤਾਰ ਵਿੱਚ ਲੱਗੇ ਸੂਫਿਆਂ ਉੱਤੇ ਆ ਕੇ ਬੈਠ ਗਏ ਅਤੇ ਸਾਰਿਆਂ ਨੇ ਸਟੈਡਿੰਗ ਵਿਸ਼ ਨਾਲ ਉਨ੍ਹਾ ਦਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਸਰਪੰਚ ਸਮੇਤ ਪਿੰਡ ਦੇ ਕਈ ਹੋਰ ਪਤਵੰਤੇ ਵੀ ਆਏ ਹੋਏ ਸਨ।ਆਖੀਰ ਸਮਾਗਮ ਆਪਣੀ ਆਖਰੀ ਚਰਮ ਸੀਮਾ ‘ਤੇ ਪਹੁੰਚ ਗਿਆ ।

ਹੁਣ ਪ੍ਰਿਸੀਪਲ ਸਾਹਿਬ ਨੇ ਆਕੇ ਸਾਰਿਆਂ ਦਾ ਧੰਨਵਾਦ ਕਰਨਾ ਸੀ ਅਤੇ ਇਨਾਮ ਵੰਡਣ ਦੀ ਰਸਮ ਸ਼ੁਰੂ ਕਰਨੀ ਸੀ। ਮੰਚ ਦੇ ਸੰਚਾਲਕ ਅਧਿਆਪਕ ਨੇ ਉਨ੍ਹਾਂ ਨੂੰ ਮੰਚ ਤੇ ਆਕੇ ਸਾਰਿਆਂ ਦਾ ਧੰਨਵਾਦ ਕਰਨ ਅਤੇ ਇਨਾਮ ਵੰਡਣ ਦੀ ਰਸਮ ਸ਼ੁਰੂ ਕਰਨ ਦਾ ਸੱਦਾ ਦਿੱਤਾ। ਮੰਚ ‘ਤੇ ਜਾ ਕੇ ਉਨ੍ਹਾਂ ਰਸਮੀ ਸ਼ੁਰੂਆਤ ਕੀਤੀ ਅਤੇ ਆਏ ਹੋਏ ਸਾਰੇ ਪਤਵੰਤਿਆਂ ਦਾ ਸਕੂਲ ਪਹੁੰਚਣ ਤੇ ਧੰਨਵਾਦ ਕੀਤਾ, ਸਕੂਲ ਦੀਆਂ ਉਪਲੱਬਧੀਆਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਬੱਚਿਆਂ ਨੂੰ ਤਕੀਦ ਕੀਤੀ ਕਿ ਉਨ੍ਹਾਂ ਨੂੰ ਆਪਣੇ ਮਾਂਬਾਪ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ ।ਆਪਣੇ ਮਾਂ ਬਾਪ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ ਕਿਉਂਕਿ ਮਾਂ ਬਾਪ ਸਾਨੂੰ ਮੁਸ਼ਕਿਲ ਨਾਲ ਪਾਲਦਾ ਹੈ ।

ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ।ਆਖੀਰ ਇਨਾਮ ਵੰਡਣ ਤੋਂ ਬਾਅਦ ਸਾਰਾ ਸਮਾਗਮ ਖਤਮ ਹੋ ਗਿਆ ਅਤੇ ਅਸੀਂ ਸਾਰਾ ਸਟਾਫ਼ ਸਮਾਨ ਸੰਭਾਲ ਕੇ ਆਪਣੇ ਘਰਾਂ ਨੂੰ ਚੱਲਣ ਲੱਗੇ ਤਾਂ ਪ੍ਰਿਸੀਪਲ ਸਾਹਿਬ ਨੇ ਮੈਨੂੰ ਕਿਹਾ, ਜਤਿੰਦਰ ਤੂੰ ਆਹ ਮੋਟਰ ਸਾਇਕਲ ਸਕੂਲ ਹੀ ਰੋਕ ਦੇ ਮੇਰੇ ਨਾਲ ਗੱਡੀ ਵਿੱਚ ਹੀ ਚੱਲ ਕਿਉਂਕਿ ਆਹ ਕੁਝ ਸਮਾਨ ਘਰ ਲਿਜਾਣਾ ਹੈ । ਮੈ ਕਿਹਾ, ਜੀ ਸਰ । ਜਦੋਂ ਅਸੀਂ ਘਰ ਪਹੁੰਚੇ ਤਾਂ ਸਰ ਨੇ ਕਈ ਵਾਰ ਗੱਡੀ ਦਾ ਹਾਰਨ ਵਜਾਇਆ ਪਰ ਕਿਸੇ ਨੇ ਗੇਟ ਨਾ ਖੋਲਿਆ , ਆਖੀਰ ਉਹ ਆਪ ਹੀ ਗੱਡੀ ਚੋਂ ਉਤਰ ਕੇ ਗੇਟ ਖੋਲਣ ਚਲੇ ਗਏ।ਗੱਡੀ ਅੰਦਰ ਲਗਾਉਣ ਅਤੇ ਸਮਾਨ ਰੱਖਣ ਤੋਂ ਬਾਅਦ ਉਹ ਮੈਨੂੰ ਆਪਣੇ ਗੈਸਟ ਰੂਮ ਵਿੱਚ ਲੈ ਗਏ। ਘਰ ਵਿੱਚ ਬੱਚਿਆਂ ਨੇ ਕਾਫੀ ਚਰਚੋਲਰ ਪਾਇਆ ਹੋਇਆ ਸੀ ,ਉਨ੍ਹਾਂ ਦੀ ਸ਼ਾਇਦ ਕਿਸੇ ਨਾਲ ਫੋਨ ‘ਤੇ ਗੱਲ ਕਰ ਰਹੀ ਸੀ।

ਸਰ ਨੇ ਕਮਰੇ ਵਿੱਚੋਂ ਹੀ ਬੈਠਿਆਂ ਆਵਾਜ਼ ਮਾਰ ਕੇ ਕਿਹਾ, ਬਲਵਿੰਦਰ ਕੋਲਡਰਿੰਗ ਅਤੇ ਕੁਝ ਖਾਣ ਨੂੰ ਦੇਜਾ, ਅੱਗੋਂ ਤਿੱਖੀ ਆਵਾਜ਼ ਆਈ , ਆਪੇ ਲੈ ਜਾਓ ਮੈਂ ਵਹਿਲੀ ਨੀ ਬੈਠੀ ਇੱਥੇ ਆਓ ਭਗਤ ਲਈ। ਪਤਨੀ ਦੇ ਏਨ੍ਹਾਂ ਸ਼ਬਦਾਂ ਨੇ ਸਰ ਦੀ ਨੀਵੀ ਪਵਾ ਦਿੱਤੀ। ਹੁਣ ਉਨ੍ਹਾਂ ਨੇ ਕਮਰੇ ਵਿੱਚੋਂ ਬਾਹਰ ਜਾ ਕੇ ਆਪਣੀ ਵੱਡੀ ਬੇਟੀ ਕੰਚਨ ਨੂੰ ਕਿਹਾ , ਕੰਚਨ ਪੁੱਤਰ ਕਮਰੇ ਵਿੱਚ ਅੰਕਲ ਬੈਠੇ ਨੇ ਪਾਣੀ ਲੈ ਕੇ ਆਉ , ਬੇਟੀ ਨੇ ਕਿਹਾ , ਡੈਡ ਮੈਂ ਫ੍ਰੀ ਨਹੀਂ ਹਾਲੇ ਜਦੋਂ ਹੋ ਗਈ ਉਦੋਂ ਲਿਆ ਦੇਵਾਂਗੀ। ਕੁੜੀ ਦੇ ਕਹੇ ਹੋਏ ਬੋਲ ਮੈਨੂੰ ਸਪਸ਼ਟ ਸੁਣਾਈ ਦੇ ਰਹੇ ਸਨ। ਹੁਣ ਮੈਂ ਸੋਚ ਰਿਹਾ ਸੀ ਕਿ ਦੂਜਿਆਂ ਬੱਚਿਆਂ ਨੂੰ ਤਕੀਦ ਕਰਨ ਵਾਲੇ ਸਰ ਦੇ ਆਪਣੇ ਬੱਚਿਆਂ ਨੂੰ ਮਾਂ ਬਾਪ ਦੀ ਇੱਜਤ ਕਰਨ ਅਤੇ ਆਗਿਆ ਪਾਲਣ ਸ਼ਬਦ ਦਾ ਕਿੰਨਾ ਗੂੜਾ ਗਿਆਨ ਹੈ।

ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਇੱਕ ਮਾਸਟਰ ਦੀ ਫੈਮਲੀ ਹੈ।ਮੈਂ ਸਕੂਲ ਵਿੱਚ ਆਪਣੇ ਨਾਲ ਦੇ ਮਾਸਟਰ ਨੂੰ ਆਪਣਾ ਮੋਟਰਸਾਇਕਲ ਲਿਆਉਣ ਲਈ ਕਹਿ ਦਿੱਤਾ ਸੀ । ਮੈਂ ਹਾਲੇ ਇਸ ਬਾਰੇ ਸੋਚ ਹੀ ਰਿਹਾ ਸੀ ਕਿ ਬਾਹਰ ਮੋਟਰ ਸਾਇਕਲ ਦਾ ਹਾਰਨ ਵੱਜਿਆ ਅਤੇ ਮੈਂ ਪ੍ਰਿਸੀਪਲ ਸਰ ਨੂੰ ਘਰੋਂ ਫੋਨ ਆਏ ਦਾ ਬਹਾਨਾ ਮਾਰ ਕੇ ਬਾਹਰ ਆ ਗਿਆ।

ਸਤਨਾਮ ਸਮਾਲਸਰੀਆ
ਸੰਪਰਕ : 9914298580

Previous articleਪਤੀ ਪਤਨੀ ਤੇ ਮਹਿੰਗਾਈ
Next articleਦਾਖਲਾ ਮੁਹਿੰਮ ਤਹਿਤ ਅਧਿਆਪਕਾਂ ਵੱਲੋਂ ਦੂਸਰੇ ਗੇੜ ਦੀ ਜਾਗਰੂਕਤਾ ਰੈਲੀ ਆਯੋਜਿਤ