20 ਅਪ੍ਰੈਲ ਜਨਮ ਦਿਨ ’ਤੇ ਵਿਸ਼ੇਸ਼
– ਰਾਜਵਿੰਦਰ ਸਿੰਘ ਰਾਹੀ
ਮੋਬ. 98157-51332
(ਸਮਾਜ ਵੀਕਲੀ)- ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਾਡੇ ਕੋਲੋਂ ਵਿਛੜਿਆਂ 36 ਸਾਲ ਹੋ ਗਏ ਹਨ। ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਪਿੰਡ ਰਾਏਸਰ ਜ਼ਿਲਾ ਬਰਨਾਲਾ ਵਿੱਚ ਪਿਤਾ ਮੇਹਰ ਸਿੰਘ ਤੇ ਮਾਤਾ ਧੰਨ ਕੌਰ ਦੇ ਘਰ ਹੋਇਆ। ਆਪਣੀ ਜਨਮ ਜਾਤ ਬਾਰੇ ਉਦਾਸੀ ਖੁਦ ਹੀ ਨਿਝੱਕ ਹੋ ਕੇ ਲਿਖਦਾ ਹੈ
‘‘ਵਿਧ ਮਾਤਾ ਨੇ ਛੱਡੇ ਜਾ ਕੰਨ ਮੇਰੇ, ਧਰਤੀ ਵੱਲ ਮੈ ਤੁਰਤ ਪਧਾਰਿਆ ਸੀ।
ਪਿੰਡ ਪੰਜਾਬ ਦੇ ਵਿਹੜੇ ਚੂਹੜਿਆਂ ਦੇ, ਆ ਕੇ ਅਸੀ ਅਵਤਾਰ ਆ ਧਾਰਿਆ ਸੀ।’’
ਇਸ ਜਾਤ ਵਿੱਚ ਜਿੰਨ੍ਹੀ ਦਿਨੀ ਉਦਾਸੀ ਨੇ ਜਨਮ ਲਿਆ, ਉਨ੍ਹੀ ਦਿਨੀ, ਇਸ ਜਾਤ ਨਾਲ ਸਮਾਜਕ, ਆਰਥਕ ਅਤੇ ਧਾਰਮਿਕ ਵਿਤਕਰਾ,ਛੂਤ-ਛਾਤ ਅਤੇ ਭੇਦ ਭਾਵ ਸਿਖਰਾਂ ’ਤੇ ਸੀ। ਜ਼ਮੀਨ ਮਾਲਕ ਉਚ ਜਾਤੀਆਂ ਤੋਂ ਇਲਾਵਾ ਅੱਜ ‘ਪਛੜਿਆ’ ਕਹੇ ਜਾਣ ਵਾਲਾ ਵਰਗ (ਬੀ.ਸੀ) ਛੀਂਬੇ, ਤਰਖਾਣ, ਨਾਈ , ਝਿਓਰ ਅਦਿ ਵੀ ਇਸ ਜਾਤ ਤੋਂ ਵਿੱਥ ਬਣਾ ਕੇ ਰੱਖਦੇ ਸਨ ਤਾਂ ਕਿ ਭਿੱਟ ਨਾ ਚੜ ਜਾਵੇ। ਗ਼ੈਰ ਹੁਨਰੀ ਜਾਤ ਹੋਣ ਕਾਰਨ ਸਿੰਘ ਸਭਾ ਵੇਲੇ ਤੋਂ ‘ਮਜ਼੍ਹਬੀ ਸਿੱਖ’ ਕਹੀ ਜਾਣ ਵਾਲੀ ਇਹ ਜਾਤ ਜਿੰਮੀਦਾਰਾਂ ਦੇ ਖੇਤਾਂ ਵਿਚ ਮਜ਼ਦੂਰੀ , ਗੋਹਾ ਕੂੜਾ ਕਰਨਾ, ਤੇ ਵਗਾਰ ਸਮੇਤ ਹੋਰ ਸੈਂਕੜੇ ਨੱਤੀਆਂ ਬੁੱਤੀਆਂ ਇਸ ਜਾਤ ਦੇ ਹਿੱਸੇ ਹੀ ਆਉਂਦੀਆਂ ਸਨ। ਇਨ੍ਹਾਂ ਸਮਾਜਕ ਆਰਥਕ ਹਾਲਤਾਂ ਦੇ ਗੁੰਝਲਦਾਰ ਗੇੜ ਰਾਹੀ ਸੰਤ ਰਾਮ ਉਦਾਸੀ ਦਾ ਅਨੁਭਵ ਪ੍ਰਵਾਨ ਚੜ੍ਹਿਆ। ਉਸ ਨੂੰ ਅੱਖਾਂ ਖੋਹਲਣ ਤੋਂ ਲੈ ਕੇ ਅੰਤਲੀ ਘੜੀ ਤੱਕ ਇਸ ਜਾਤੀ ਕੋਹੜ ਦਾ ਵਿਤਕਰਾ ਹੰਢਾਉਣਾ ਪਿਆ। ਜਿਸ ਦਾ ਜ਼ੁਬਾਨੀ ਕਲਾਮੀ ਜਿਕਰ ਤਾਂ ਉਹ ਅਕਸਰ ਹੀ ਖੁੱਲ ਕੇ ਕਰਿਆ ਕਰਦਾ ਸੀ ਪਰ ਰਚਨਾ ਵਿਚ ਪ੍ਰਗਟਾਉਣ ਮੌਕੇ ਪਾਰਟੀ ਲਾਈਨ ਅਨੁਸਾਰ ਸੰਕੋਚ ਕਰ ਜਾਂਦਾ ਸੀ। ਸੰਤ ਰਾਮ ਉਦਾਸੀ ਦੇ ਪੁਰਖਿਆਂ ਨੇ ਸਮਾਜਕ ਨਾ ਬਰਾਬਰੀ ਦੇ ਢਾਂਚੇ ਵਿੱਚ ਆਤਮ ਸਨਮਾਨ ਹਾਸਲ ਕਰਨ ਲਈ ਸਿੱਖੀ ਦੀ ਰਿਵਾਇਤੀ ਪਰੰਪਰਾ ਤੋਂ ਹਟ ਕੇ ਨਾਮਧਾਰੀ ਫਿਰਕੇ ਦਾ ਰਾਹ ਅਖਤਿਆਰ ਕੀਤਾ ਸੀ ਪਰ ਇਸ ਫਿਰਕੇ ਅੰਦਰ ਵੀ ‘ਚੌਥਾ ਪੌੜਾ’ ਕਹਿਕੇ ਦਲਿਤਾਂ ਨਾਲ ਕੀਤੇ ਜਾਂਦੇ ਵਿਤਕਰੇ ਨੇ ਉਦਾਸੀ ਦੇ ਮਨ ’ਤੇ ਗਹਿਰਾ ਪ੍ਰਭਾਵ ਪਾਇਆ।
ਉਦਾਸੀ ਦਾ ਪਿੰਡ ਤੇ ਪ੍ਰਵਾਰਕ ਪਿਛੋਕੜ :
ਲੋਕ ਕਵੀ ਸੰਤ ਰਾਮ ਉਦਾਸੀ ਦਾ ਪਿੰਡ ਰਾਏਸਰ ਬਹੁਤ ਹੀ ਪੁਰਾਣਾ ਪਿੰਡ ਹੈ। ਇਸ ਪਿੰਡ ਦੀ ਵਿਸ਼ੇਸ਼ ਖੂਬੀ ਇਹ ਹੈ ਕਿ ਇਹ ਦੋ ਰਾਜਾ ਪਿੰਡ ਹੈ। ਇੱਕ ਪਾਸੇ ਪਟਿਆਲਾ ਰਿਆਸਤ ਦਾ ਹਿੱਸਾ ਤੇ ਦੂਜੇ ਪਾਸੇ ਅੰਗਰੇਜੀ ਰਾਜ। ਇੱਥੇ ਹੁਣ ਤੱਕ ਦੋ ਹੀ ਪੰਚਾਇਤਾ ਦੋ ਹੀ ਸਕੂਲ ਆਦਿ ਹਨ ਪਰ ਉਂਝ ਇਹ ਵੰਡ ਵੇਖਣ ਵਿੱਚ ਨਹੀਂ ਆਉਂਦੀ। 1947 ਤੋਂ ਪਹਿਲਾਂ ਇਹ ਪਿੰਡ ਮੁਸਲਮਾਨਾਂ ਦਾ ਪਿੰਡ ਸੀ। ਦੋ ਰਾਜਾ ਪਿੰਡ ਹੋਣ ਕਰਕੇ ਇਹ ਪਿੰਡ ਡਾਕੂਆਂ ਦਾ ਵੀ ਗੜ੍ਹ ਬਣ ਗਿਆ। ਜੇਕਰ ਇੱਕ ਸਟੇਟ ਦੀ ਪੁਲਸ ਪੈਂਦੀ ਤਾਂ ਦੂਜੇ ਪਾਸੇ ਹੋ ਜਾਣਾ, ਜੇ ਉਧਰ ਦੀ ਪੈਣੀ ਤਾਂ ਪਹਿਲੀ ਸਟੇਟ ਵਿੱਚ ਆ ਜਾਣਾ। ਉਸ ਵਕਤ ਇੱਕ ਸਟੇਟ ਦੀ ਪੁਲਸ ਦੂਜੀ ਸਟੇਟ ਵਿੱਚ ਦਖਲ ਨਹੀਂ ਦੇ ਸਕਦੀ ਸੀ। ਇਸ ਕਾਰਨ ਪਿੰਡ ਵਿਚ ਪਾਰਟੀਬਾਜੀ ਦਾ ਮੁੱਢ ਬੱਝ ਗਿਆ, ਜਿਸ ਨਾਲ ਅਨੇਕਾਂ ਹੀ ਕਤਲ ਹੋਏ। ਜਦ 1870 ਵਿਚ ਕੂਕਾ ਉਭਾਰ ਪੈਦਾ ਹੋਇਆ ਤਾਂ ਰਾਏਸਰ ਪਿੰਡ ਦੇ ਬਹੁਤ ਸਾਰੇ ਜੱਟ ਤੇ ਤਰਖਾਣ ਕੂਕੇ ਬਣ ਗਏ।ਇਹ ਪੇਂਡੂ ਖੇਤਰ ਦੀ ਲਹਿਰ ਸੀ। ਇਸ ਲਹਿਰ ਦਾ ਪ੍ਰਭਾਵ ਉਦਾਸੀ ਦੇ ਬਜੁਰਗਾਂ ਨੇ ਵੀ ਕਬੂਲਿਆ। ਜਿਸ ਕਾਰਨ ਉਹਨਾਂ ਦੇ ਪਹਿਰਾਵੇ ਵਿੱਚ ਵੱਡਾ ਅੰਤਰ ਆ ਗਿਆ। ਸਿਰ ’ਤੇ ਦੁੱਧ ਚਿੱਟੀ ਪੱਗ, ਚੂੜੀਦਾਰ ਪਜਾਮਾ ਤੇ ਕਲੀਆਂ ਵਾਲਾ ਕੁੜਤਾ ਪਹਿਨਣ ਕਾਰਨ ਉਹ ਆਪਣੇ ਦਲਿਤ ਭਾਈਚਾਰੇ ’ਚੋਂ ਅਲੱਗ ਦਿਸਣ ਲੱਗ ਪਏ ਸਨ। ਇਸ ਨਾਲ ਉਹਨਾਂ ਦੇ ਕੰਮ ਕਿੱਤੇ , ਸੋਧ ਬੋਧ , ਰਹਿਣ ਸਹਿਣ , ਤੇ ਬੋਲਣ ਚਾਲਣ ਵਿਚ ਵੀ ਫਰਕ ਆ ਗਿਆ । ਭਾਵੇਂ ਉਹ ਆਮ ਲੋਕਾ ਨਾਲੋ ਨਿਰਮਲ ਦਿਖਾਈ ਦਿੰਦੇ ਸਨ ਪਰ ਜਾਤੀ ਵਿਤਕਰੇ ਵਿਚ ਕੋਈ ਫਰਕ ਨਹੀਂ ਆਇਆ ਸੀ। ਪਰ ਕੂਕਾ ਫਿਰਕੇ ਨਾਲ ਜੁੜਨ ਕਰਕੇ ਉਹਨਾਂ ਦੀ ਰਾਜਸੀ ਤੇ ਦੁਨਿਆਵੀ ਸੋਝੀ ਕਾਫੀ ਵਿਕਸਤ ਹੋ ਗਈ ਸੀ। ਜਿਸ ਕਾਰਨ ਉਦਾਸੀ ਦੇ ਮਾਂ-ਪਿਓ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਵੱਲ ਉਚੇਚੀ ਤਵੱਜੋਂ ਦਿੱਤੀ। ਭਾਵੇਂ ਇਹ ਪੜ੍ਹਾਈ ਉਸ ਵਕਤ ਸਾਧੂ-ਸੰਤਾਂ ਦੇ ਡੇਰਿਆਂ ਵਿਚ ਹੀ ਹੁੰਦੀ ਸੀ।ਘਰੋਗੀ ਮਾਹੌਲ ਦਾ ਸੰਤ ਰਾਮ ਉਦਾਸੀ ’ਤੇ ਗਹਿਰਾ ਪ੍ਰਭਾਵ ਪਿਆ ਉਸ ਨੇ ਸੀਰ ਸਾਂਝ ’ਤੇ ਮਜ਼ਦੂਰੀ ਕਰਨ ਵਾਲਾ ਪਿਤਾ ਪੁਰਖੀ ਰਾਹ ਛੱਡ ਕੇ ਪੜ੍ਹਾਈ ਕਰਨ ਨੂੰ ਤਰਜ਼ੀਹ ਦਿੱਤੀ ਤਾਂ ਕਿ ਕਿਸੇ ਯੋਗ ਰੁਜ਼ਗਾਰ ’ਤੇ ਲੱਗ ਕੇ ਸੁਖਾਵੀਂ-ਸੁਧਰੀ ਤੇ ਇੱਜਤਦਾਰ ਜ਼ਿੰਦਗੀ ਜੀਵੀ ਜਾਵੇ। ਉਦਾਸੀ ਨੇ ਅਜਿਹੇ ਹਾਲਾਤਾਂ ਨਾਲ ਜੱਦੋ-ਜਹਿਦ ਕਰਦਿਆਂ ਆਪਣੀ ਵਾਗ ਸਮੇਂ ਹੱਥ ਨਹੀਂ ਫੜਨ ਦਿੱਤੀ। ਉਹ 1960 ਦੇ ਲੱਗਪੱਗ ਜੇ.ਬੀ.ਟੀ ਕਰਕੇ ਮਾਸਟਰ ਲੱਗ ਗਿਆ ਸੀ।
ਜਿਸ ਵਕਤ ਉਦਾਸੀ ਅਧਿਆਪਕ ਲੱਗਿਆ ਉਸ ਵਕਤ ਮਾਲਵੇ ਵਿਚ ਕਮਿਊਨਿਸਟ ਲਹਿਰ ਦਾ ਜੋਰ ਸੀ। ਸੰਗਰੂਰ ਜ਼ਿਲੇ ਵਿਚ ਜੋ ਕਮਿਊਨਿਸਟ ਆਗੂ ਸਨ ਉਹ ਬਹੁਤ ਵੱਡੇ ਕੱਦ ਵਾਲੇ ਸਨ, ਜਿਹੜੇ ਲੰਬੇ ਸਮੇਂ ਤੋਂ ਪਰਜਾ ਮੰਡਲ ’ਤੇ ਮੁਜਾਰਾ ਲਹਿਰਾਂ ਵਿਚੋਂ ਹੰਢ ਕੇ ਆਏ ਸਨ। ਇਹ ਆਗੂ ਜਿੱਥੇ ਵਿਚਾਰਾਂ ਪੱਖੋਂ ਕਮਿਊਨਿਸਟ ਸਨ, ਉਥੇ ਸ਼ਕਲ-ਸੂਰਤ ਤੇ ਰਹਿਤ-ਬਹਿਤ ਪੱਖੋਂ ਪੂਰੀ ਤਰ੍ਹਾਂ ਸਿੱਖੀ ਸਰੂਪ ਵਿਚ ਸਨ। ਇਹਨਾਂ ਵਿਚ ਬਾਬਾ ਹਰਦਿੱਤ ਸਿੰਘ ਭੱਠਲ, ਜਨਕ ਸਿੰਘ ਭੱਠਲ, ਜਥੇ: ਜਗੀਰ ਸਿੰਘ ਕੌਲਸੇੜੀ, ਜਥੇ: ਪ੍ਰਤਾਪ ਸਿੰਘ ਧਨੌਲਾ, ਜਥੇ: ਕਰਤਾਰ ਸਿੰਘ ਧਨੌਲਾ ਤੇ ਬਾਬਾ ਅਰਜਨ ਸਿੰਘ ਭਦੌੜ ਤੇ ਕਈ ਹੋਰ ਬਾਬੇ ਕਾਲੀ ਪੱਗ ਬੰਨ੍ਹਦੇ ਸਨ, ਕੁੜਤੇ ਉਪਰ ਦੀ ਚੌੜੀ ਫਿਰਕੀ ਵਾਲਾ ਗਾਤਰਾ ਤੇ ਹੱਥ ’ਚ ਤਿੰਨ ਫੁੱਟੀ ਸ਼ਿਰੀ ਸਾਹਿਬ ਰੱਖਦੇ ਸਨ। ਇਹਨਾਂ ਬਜੁਰਗਾਂ ਨੇ ਵੀ ਉਦਾਸੀ ਦੀ ਸ਼ਖ਼ਸ਼ੀਅਤ ’ਤੇ ਗਹਿਰਾ ਪ੍ਰਭਾਵ ਪਾਇਆ।
ਰਾਹ ਦੀ ਚੋਣ
ਜਿਸ ਵਕਤ 1960ਵਿਆਂ ਦੌਰਾਨ ਲੋਕ ਕਵੀ ਉਦਾਸੀ ਨੇ ਗੀਤਕਾਰੀ ਤੇ ਗਾਇਕੀ ਦੇ ਰਾਹ ’ਤੇ ਕਦਮ ਰੱਖਿਆ ਉਸ ਵਕਤ ਪੰਜਾਬ ਵਿਚ ਲਾਊਡ ਸਪੀਕਰਾਂ ਰਾਹੀਂ ਰੋਮਾਂਟਿਕ ਗੀਤਕਾਰੀ ਤੇ ਗਾਇਕੀ ਦਾ ਵੀ ਰਾਹ ਖੁੱਲ ਚੁੱਕਿਆ ਸੀ। ਉਸ ਦੌਰ ਵਿਚ ਗੁਰਦੇਵ ਸਿੰਘ ਮਾਨ, ਬਾਬੂ ਸਿੰਘ ਮਾਨ, ਦੇਵ ਥਰੀਕੇ ਵਾਲਾ ਆਦਿ ਗੀਤਕਾਰ ਤੇ ਹਰਚਰਨ ਗਰੇਵਾਲ, ਮੁਹੰਮਦ ਸਦੀਕ, ਦੀਦਾਰ ਸੰਧੂ, ਕਰਮਜੀਤ ਧੂਰੀ ਵਰਗੇ ਅਨੇਕਾਂ ਗਾਇਕ ਲੋਕਾਂ ’ਚ ਮਸ਼ਹੂਰ ਹੋ ਚੁੱਕੇ ਸਨ। ਸੁਆਲ ਪੈਦਾ ਹੁੰਦਾ ਹੈ ਕਿ ਲੋਕ ਕਵੀ ਉਦਾਸੀ ਇਸ ਰਾਹ ਕਿਉਂ ਨਹੀਂ ਤੁਰਿਆ? ਜਦਕਿ ਇਹ ਰਾਹ ਮਸ਼ਹੂਰੀ ਤੇ ਮਾਇਆ ਦਾ ਸੀ। ਉਦਾਸੀ ਦੇ ਸਮਕਾਲੀ ਕਿੰਨੇ ਹੀ ਦਲਿਤ ਨੌਜੁਆਨ ਰੋਮਾਂਟਿਕ ਗਾਇਕੀ, ਗੀਤਕਾਰੀ ਦੇ ਨਾਲ ਨਾਲ ਰਾਗੀਆਂ ਢਾਡੀਆਂ ਵਾਲਾ ਪੇਸ਼ਾ ਅਪਣਾ ਰਹੇ ਸਨ। ਇਸ ਸੁਆਲ ਦਾ ਜੁਆਬ ਲੱਭਣ ਲਈ ਉਦਾਸੀ ਦੇ ਪ੍ਰਵਾਰਕ ਪਿਛੋਕੜ ਵੱਲ ਜਾਣਾ ਪਵੇਗਾ। ਉਦਾਸੀ ਦਾ ਪ੍ਰਵਾਰ ਜਿਥੇ ਨਾਮਧਾਰੀ ਸੀ ਉਥੇ ਉਹ ਰਾਏਸਰ ਨੇੜਲੇ ਪਿੰਡ ਮੂੰਮ ਦੇ ਉਦਾਸੀ ਸਾਧੂ ਸੰਤ ਈਸ਼ਰ ਦਾਸ ਦਾ ਵੀ ਅਨਿੰਨ ਸਰਧਾਲੂ ਸੀ ਜਿਸ ਦੇ ਡੇਰੇ ਦੇ ਵਿਿਦਆਲੇ ਨਿਰਮਾਣਸਰ ਵਿਚ ਉਦਾਸੀ ਦੇ ਬਾਪ ਮੇਹਰ ਸਿੰਘ ਤੇ ਵੱਡੇ ਭਰਾ ਗੁਰਦਾਸ ਸਿੰਘ ਘਾਰੂ ਨੇ ਅੱਖਰ ਗਿਆਨ ਹਾਸਲ ਕੀਤਾ ਸੀ। ਇਸ ਡੇਰੇ ਵਿਚ ਹੀ ਉਸ ਦਾ ਨਾਮਕਰਨ ਸੰਤ ਸਿੰਘ ਤੋਂ ਸੰਤ ਰਾਮ ਉਦਾਸੀ ਹੋਇਆ ਸੀ। ਨਾਮਧਾਰੀ ਪ੍ਰਭਾਵ ਨੇ ਬਚਪਨ ਤੋਂ ਹੀ ਉਦਾਸੀ ਦੀਆਂ ਇੱਛਾਵਾਂ ’ਤੇ ਬਿਰਤੀਆਂ ਨੂੰ ਬੇਲਗਾਮ ਹੋਣ ਦੀ ਥਾਂ ਇਕ ਧਾਰਮਕ ਅਨੁਸ਼ਾਸਨ ਵਿੱਚ ਬੰਨ੍ਹ ਦਿੱਤਾ ਸੀ ਜਿਸ ਨੇ ਉਸ ਦਾ ਸੱਚਾ-ਸੁੱਚਾ ਕਿਰਦਾਰ ਘੜਨ ਵਿਚ ਕੁੰਜੀਵਤ ਰੋਲ ਨਿਭਾਇਆ। ਸੋ ਇਹ ਸੰਸਕਾਰਾਂ ਰਾਹੀਂ ਮਿਲੀਆਂ ਵਿਰਸੇ ਦੀਆਂ ਬਰਕਤਾਂ ਹੀ ਸਨ ਜਿੰਨਾਂ ਨੇ ਉਦਾਸੀ ਨੂੰ ਰੋਮਾਂਟਿਕ ਗੀਤਕਾਰੀ ਦੇ ਸਸਤੀ ਸ਼ੋਹਰਤ ਅਤੇ ਮਸ਼ਹੂਰੀ ਵਾਲੇ ਰਾਹ ਪੈਣ ਤੋਂ ਹੋੜ ਕੇ, ਲੋਕਾਂ ਦੀ ਹਕੀਕੀ ਪੀੜ ਪਛਾਨਣ ਦੇ ਰਾਹ ਤੋਰਿਆ, ਜਿਸ ’ਤੇ ਉਹ ਸਾਰੀ ਉਮਰ ਅਡੋਲ ਤੁਰਦਾ ਰਿਹਾ।
ਇਨਕਲਾਬ ਦੀ ਮੰਜ਼ਲ ਵੱਲ
ਜੇਕਰ ਲੋਕ ਕਵੀ ਉਦਾਸੀ ਦੇ ਮਾਨਸਿਕ ਵਿਕਾਸ ਦੀ ਥਾਹ ਪਾਉਣ ਤੁਰੀਏ ਤਾਂ ਉਹ ਵਾਇਆ ਨਾਮਧਾਰੀ ਕਮਿਊਨਿਸਟ ਲਹਿਰ ਵਿਚ ਆਇਆ। ਕਿਸੇ ਸਮੇਂ ਨਾਮਧਾਰੀ ਸੰਪਰਦਾ ਭਾਰਤੀ ਕਮਿਊਨਿਸਟ ਪਾਰਟੀ ਦੇ ਨੇੜੇ ਸੀ। ਖਾਸ ਕਰ ਅਮਨ ਲਹਿਰ ਵੇਲੇ ਨਾਮਧਾਰੀ ਪ੍ਰੀਤਮ ਸਿੰਘ ਕਵੀ, ਹਰਬੰਸ ਸਿੰਘ ਪਰਵਾਨਾ ਅਤੇ ਸੁਰਜੀਤ ਖੁਰਸ਼ੀਦੀ ਵਰਗੇ ਕਮਿਊਨਿਸਟ ਪਾਰਟੀ ਦੇ ਵੀ ਮੈਂਬਰ ਸਨ। ਪਹਿਲਾਂ-ਪਹਿਲ ਸੀ.ਪੀ.ਆਈ ਦੇ ਪਾਰਟੀ ਪੇਪਰ ‘ਪਰਵਾਨਾ’ ਦੀ ਡੈਕਲੇਰੇਸ਼ਨ ਵੀ ਹਰਬੰਸ ਸਿੰਘ ਪਰਵਾਨਾ ਦੇ ਨਾਂ ਹੀ ਸੀ। ਉਦਾਸੀ ਦਾ ਵੀ ਪ੍ਰਵਾਰ ਪਿੰਡ ਰਾਏਸਰ ਤੋਂ ਉਖੜ ਕੇ ਨਾਮਧਾਰੀ ਕੇਂਦਰ ਜੀਵਨ ਨਗਰ (ਹੁਣ ਹਰਿਆਣਾ ’ਚ) ਨੇੜੇ ਪਿੰਡ ਜਗਮਲੇਰੇ ਵਿਚ ਜਾ ਟਿਿਕਆ ਸੀ। ਉਹ ਵੀ ਨਾਮਧਾਰੀਆਂ ਦੇ ਨਾਲ ਹੀ ਸੀ.ਪੀ.ਆਈ ਨਾਲ ਜੁੜ ਗਿਆ। ਸੋ ਉਦਾਸੀ ਵੀ ਸੀ.ਪੀ.ਆਈ ਨਾਲ ਜੁੜ ਗਿਆ। ਪਰ ਉਹ ਆਪਣੇ ਵੱਡੇ ਭਰਾਵਾਂ ਗੁਰਦਾਸ ਵਿਚ ਘਾਰੂ ਤੇ ਪ੍ਰਕਾਸ਼ ਸਿੰਘ ਘਾਰੂ ਵਾਂਗ ਇੱਥੇ ਖੜਿਆ ਨਹੀਂ ਉਸ ਨੇ ਆਪਣਾ ਅਜ਼ਾਦਾਨਾ ਬੌਧਿਕ ਵਿਕਾਸ ਜਾਰੀ ਰੱਖਿਆ। ਜਦ 1964 ਵਿਚ ਸੀ.ਪੀ.ਆਈ ਦੁਫਾੜ ਹੋ ਕੇ ਵੱਖਰੀ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀ.ਪੀ.ਐਮ) ਹੋਂਦ ਵਿਚ ਆਈ ਤਾਂ ਉਦਾਸੀ ਇਸ ਨਵੀਂ ਪਾਰਟੀ ਨਾਲ ਜੁੜ ਗਿਆ। ਕੱਲਾ ਉਦਾਸੀ ਹੀ ਨਹੀਂ ਸਿਰਫ ਜਗੀਰ ਸਿੰਘ ਜੋਗਾ ਨੂੰ ਛੱਡ ਕੇ ਸਾਰਾ ਸੰਗਰੂਰ ਜ਼ਿਲਾ ਹੀ ਸੀ.ਪੀ.ਐਮ ਨਾਲ ਆ ਗਿਆ ਸੀ। ਨਵੀਂ ਪਾਰਟੀ ਜ਼ਰੱਈ ਇਨਕਲਾਬ ਅਤੇ ਹਥਿਆਰਬੰਦ ਘੋਲਾਂ ਦੇ ਪ੍ਰੋਗਰਾਮ ’ਤੇ ਹੋਂਦ ਵਿਚ ਆਈ ਸੀ। ਪਰ ਜਦ ਇਹ ਪਾਰਟੀ ਵੀ ਆਪਣੇ ਪ੍ਰੋਗਰਾਮ ਤੋਂ ਥਿੜਕ ਗਈ ਤਾਂ 1969-70 ਵਿਚ ਤੀਜੀ ਨਕਸਲਬਾੜੀ ਪਾਰਟੀ ਹੋਂਦ ਵਿਚ ਆਈ, ਜਿਸ ਨੇ ਤੁਰੰਤ ਪੈਰ ਹਥਿਆਰਬੰਦ ਸੰਘਰਸ਼ ਵਿੱਢਿਆ। ਪੰਜਾਬ ਵਿਚ ਵੀ ਉਤਸ਼ਾਹ ਦੀ ਤਾਰੰਗ ਪੈਦਾ ਹੋ ਗਈ ਤੇ ਉਦਾਸੀ ਝੱਟ ਇਸ ਪਾਰਟੀ ਨਾਲ ਜੁੜ ਗਿਆ। ਲੋਕ ਕਵੀ ਉਦਾਸੀ ਨੇ ਆਪਣੇ ਦੌਰ ਦੀ ਪ੍ਰਚੱਲਤ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਇਹ ਗੱਲ ਮੋਟੇ ਤੌਰ ’ਤੇ ਸਮਝ ਲਈ ਸੀ ਕਿ ਸਮਾਜ ਸਿਰਫ ਦੋ ਜਮਾਤਾਂ ਵਿਚ ਵੰਡਿਆ ਹੋਇਆ ਹੈ, ਜਿਸ ਰਾਹੀਂ ਉਸ ਨੇ ਦਲਿਤ ਮੁਕਤੀ ਨੂੰ ਜਮਾਤੀ ਮੁਕਤੀ ਦੇ ਸੰਕਲਪ ਤਹਿਤ ਆਤਮਸਾਤ ਕਰ ਲਿਆ। ਉਸ ਨੇ ਸਿੱਖ ਧਰਮ ਤੇ ਨਾਮਧਾਰੀ ਵਿਚਾਰਧਾਰਾ ਤੋਂ ਤੁਰਕੇ ਮਾਰਕਸਵਾਦ-ਲੈਨਿਨਵਾਦ ਤੇ ਮਾਓਵਾਦ ਰਾਹੀਂ ਹਥਿਆਰਬੰਦ ਸੰਘਰਸ਼ ਨੂੰ ਜਮਾਤੀ ਮੁਕਤੀ ਦਾ ਇਕੋ-ਇਕ ਰਾਹ ਪ੍ਰਵਾਨ ਕਰ ਲਿਆ। ਉਦਾਸੀ ਨੇ ਨਕਸਲਵਾੜੀ ਲਹਿਰ ਰਾਹੀਂ ਇਕ ਸੁਪਨਾ ਸਾਕਾਰ ਹੁੰਦਾ ਪ੍ਰਤੀਤ ਕੀਤਾ ਸੀ, ਇਸੇ ਲਈ ਉਸ ਨੇ ਲਹਿਰ ਨੂੰ ਆਪਣਾ ਤਨ-ਮਨ ਅਰਪਣ ਕਰਨ ਦਾ ਫੈਸਲਾ ਕਰ ਲਿਆ ਸੀ। ਹੁਣ ਉਹ ਇਕ ਕਵੀ ਦੀ ਥਾਂ ਇਕ ਸਿਪਾਹੀ ਦਾ ਫਰਜ਼ ਵੀ ਨਿਭਾਉਣ ਲੱਗ ਪਿਆ ਸੀ। ਉਦਾਸੀ ਨੇ ਲਹਿਰ ਨਾਲ ਇਕ ਸੁਪਨਾ ਸੰਜੋਇਆ ਸੀ। ਜਿਹੜੇ ਬੰਦੇ ਕਿਸੇ ਲਹਿਰ ਨਾਲ ਕੋਈ ਸੁਪਨਾ ਸੰਜੋਅ ਲੈਂਦੇ ਹਨ, ਲਹਿਰ ਹੀ ਉਹਨਾਂ ਦੀ ਜਿੰਦਜਾਨ ਬਣ ਜਾਂਦੀ ਹੈ।
ਲੋਕ ਯੁੱਧ ਦਾ ਢਾਡੀ
ਨਕਸਲਬਾੜੀ ਦੇ ਹਥਿਆਰਬੰਦ ਸੰਘਰਸ਼ ਨੂੰ ਤਿੱਖਾ ਤੇ ਤੀਬਰ ਕਰਨ ਲਈ, ਲੋਕ ਕਵੀ ਉਦਾਸੀ ਨੇ ਆਪਣੀ ਕਲਮ ਨੂੰ ਹਥਿਆਰ ਵਾਂਗ ਵਰਤਿਆ। ਉਸ ਨੇ ਖੁੱਲ੍ਹੇਆਮ ਹਥਿਆਰ ਚੁੱਕਣ ਲਈ ਲਲਕਾਰਾ ਮਾਰਿਆ:
ਦਬਾ ਦਬ ਚੱਲ ਮੇਰੇ ਬੈਲਾਂ ਦੀਏ ਜੋੜੀਏ ਨੀ,
ਬੀਜਣੇ ਨੇ ਅਸੀਂ ਹਥਿਆਰ।
ਮੁੜ੍ਹਕੇ ਦਾ ਵੱਤਰ ਮੈਂ ਮਸਾਂ ਹੈ ਸੰਭਾਲਿਆ ਨੀ,
ਪਵੇ ਨਾ ਚੁਮਾਸਿਆ ਦੀ ਮਾਰ।’’
………………..
‘‘ਕੱਲ ਜ਼ੈਲੂ ਚੌਕੀਦਾਰ ਦਿੰਦਾ ਫਿਰੇ ਹੋਕਾ,
ਅਖੇ ਖੇਤਾਂ ਵਿਚ ਬੀਜੋ ਹਥਿਆਰ।
ਕੱਠੇ ਹੋ ਵਲੈਤੀ ਸੰਗਲਾਂ ਦੀ ਬਾੜ ਤੋੜਨੀ,
ਜੁ ਬੂਥ ਰਹੀ ਦੋਧਿਆ ਨੂੰ ਮਾਰ’’
………….
‘‘ਹਾੜੀਆਂ ਦੇ ਹਾਣੀਓ ਵੇ ਸੌਣੀਆਂ ਦੇ ਸਾਥੀਓ ਵੇ,
ਕਰ ਲਵੇ ਦਾਤੀਆਂ ਤਿਆਰ।
ਚੁੱਕੋ ਵੇ ਹਥੌੋੜਿਆਂ ਨੂੰ, ਤੋੜੋ ਹਿੱਕ ਪੱਥਰਾਂ ਦੀ,
ਅੱਜ ਸਾਨੂੰ ਲੋੜੀਂਦੇ ਅੰਗਾਰ।’’
‘‘ਕਿਰਤੀ ਕਿਸਾਨ, ਸਾਰੇ ਬਣ ਕੇ ਚਟਾਨ ਖੜੋ
ਹੁਣ ਬਹੁਤਾ ਸਮਾਂ ਨਹੀਂ ਗਾਲਣਾ।
ਕਿਰਤ ਲੁਟੇਰਿਆਂ ਦੀ ਚਿੱਪ ਦਿਉ ਸਿਰੀ
ਅਸੀਂ ਨਾਗ ਨੀ ਬੁੱਕਲ ਵਿਚ ਪਾਲਣਾ।
ਫੜ ਕੇ ਚੁਆਤਾ ਅਸੀਂ ਹੱਥ ਵਿਚ ਏਕਤਾ ਦਾ ਧਨੀਆਂ ਦੀ ਹਿੱਕੜੀ ਏ ਜਾਲਣੀ।’’
ਲੋਕ ਕਵੀ ਉਦਾਸੀ, ਨਕਸਲਬਾੜੀ ਦੇ ਲੋਕ ਯੁੱਧ ਨੂੰ ਸਿੱਖ ਸੰਘਰਸ਼ ਦੀ ਨਿਰੰਤਰਤਾਂ ਵਜੋਂ ਦੇਖਦਾ ਸੀ। ਇਸ ਸੰਘਰਸ਼ ਦੀ ਸਫਲਤਾ, ਪ੍ਰਾਪਤੀ ਤੇ ਤੀਬਰਤਾ ਲਈ ਉਹ ਆਪਣੇ ਗੀਤਾਂ/ਕਵਿਤਾਵਾਂ ਵਿਚ ਲੋਕ ਚੇਤਨਾ ਨੂੰ ਟੁੰਭਣ ਵਾਲੇ ਬਿੰਬ, ਆਲੰਕਾਰ, ਰੂਪਕ, ਪ੍ਰਤੀਕ ਤੇ ਮੁਹਾਵਰੇ ਵਰਤਦਾ ਹੈ ਤਾਂ ਕਿ ਉਸ ਦੇ ਗੀਤ ਹਾਲੀਆਂ ਪਾਲੀਆਂ ਦੇ ਮੂੰਹ ਚੜ ਜਾਣ ਤੇ ਉਹਨਾਂ ਨੂੰ ਪ੍ਰੇਰਤ ਕਰ ਸਕਣ। ਸ਼ੇ੍ਰਣੀ ਸੰਘਰਸ਼ ਦੀ ਤੀਬਰਤਾ ਲਈ ਹੀ ਉਹ ਸਿੱਖੀ ਦਾ ਇਤਿਹਾਸਕ ਵਿਰਸਾ, ਸ਼ਹੀਦੀ ਪ੍ਰੰਪਰਾ, ਸਿੱਖ ਸ਼ਹੀਦਾਂ, ਸਿੱਖ ਨਾਇਕਾਂ ਦੇ ਜਬਰ ਜ਼ੁਲਮ ਨੂੰ ਝੱਲਣ ਦੇ ਸਿਦਕ ਨੂੰ ਲੋਕ ਮਾਨਸਿਕਤਾ ਵਿਚ ਸੁਰਜੀਤ ਹੀ ਨਹੀਂ ਕਰਦਾ, ਉਸ ਦਾ ਸਬੰਧ ਅਜੋਕੇ ਲੋਕ ਯੁੱਧ ਨਾਲ ਵੀ ਜੋੜਦਾ ਹੈ।
ਸਟੇਟ ਨੇ ਇਸ ਲਹਿਰ ਨੂੰ ਦਬਾਉਣ ਲਈ ਜਦ ਅੰਨ੍ਹਾ ਤਸ਼ੱਦਦ ਕਰਨਾ ਸ਼ੁਰੂ ਕੀਤਾ ਤੇ ਇਸ ਦੇ ਕਾਰਕੁੰਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ’ਚ ਮਾਰ ਮੁਕਾਇਆ ਜਾਣ ਲੱਗਿਆ ਤਾਂ ਉਦਾਸੀ ਇਸ ਅਨ੍ਹਿਆਂ ਵਿਰੁੱਧ ਕੂਕ ਉਠਿਆ। ਉਸ ਨੂੰ ਫੜ ਕੇ ਵੀ ਇੰਟੈਰੋਗੇਸ਼ਨ ਸੈਂਟਰਾਂ ਵਿਚ ਬੇਇੰਤਹਾ ਜ਼ਬਰ ਦਾ ਨਿਸ਼ਾਨਾ ਬਣਾਇਆ ਗਿਆ। ਪਰ ਝੁਕਣ ਜਾ ਰੁਕਣ ਦੀ ਵਜਾਏ ਉਸ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹਕੂਮਤ ਨੂੰ ਲਲਕਾਰ ਕੇ ਕਿਹਾ :
‘‘ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏ
ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ।
ਗੂਠਾ ਲਾਇਆ ਨੀ ਜਿੰਨ੍ਹਾਂ ਬੇਦਾਵਆਂ ’ਤੇ
ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ।’’
……….
‘‘ਥੋਨੂੰ ਮਿਲੂ ਹੁੰਗਾਰਾ ਸੰਸਾਰ ਵਿਚੋਂ
ਮੁੱਢ ਬੰਨ੍ਹਿਆਂ ਤੁਸੀਂ ਕਹਾਣੀਆਂ ਦਾ।
ਸੌਂਹ ਖਾਂਦੇ ਹਾਂ ਅਸੀਂ ਜੁਆਨੀਆਂ ਦੀ
ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ।’’
…………..
‘‘ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ,
ਬਲਦੀ ਚਿਖਾ ਹੁਣ ਠੰਡੀ ਨੀਂ ਹੋਣ ਦੇਣੀ।
ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ
ਲਹਿਰ ਹੱਕਾਂ ਦੀ ਰੰਡੀ ਨੀ ਹੋਣ ਦੇਣੀ।’’
ਲਲਕਾਰ ਤੋਂ ਸੈਨਤਾਂ ਤੱਕ
ਨਕਸਲਬਾੜੀ ਲਹਿਰ 1970 ਤੋਂ ਲੈ ਕੇ 1972 ਤੱਕ ਸਟੇਟ ਜਬਰ ਦੇ ਦਬਾਓ ਅਤੇ ਆਪਸੀ ਮੱਤਭੇਦਾਂ ਕਾਰਨ ਬੁਰੀ ਤਰ੍ਹਾਂ ਟੁੱਟ ਭੱਜ ਦਾ ਸ਼ਿਕਾਰ ਹੋ ਗਈ। ਤੁਹਮਤਬਾਜ਼ੀ ਤੇ ਇਲਜ਼ਾਮ ਤਰਾਸ਼ੀ ਸ਼ੁਰੂ ਹੋ ਗਈ, ਜਿਸ ਨਾਲ ਲਹਿਰ ਵਿਚ ਇੱਕ ਤਰ੍ਹਾਂ ਦਾ ਰੋਗੀ ਮਹੌਲ ਪਸਰ ਗਿਆ। ਵੱਖ-ਵੱਖ ਗਰੁੱਪਾਂ ਤੇ ਗੁੱਟਾਂ ਨੇ ਬੰਦਿਆਂ ਨੂੰ ਆਪੋ-ਆਪਣੇ ਪਾਸੇ ਖਿੱਚਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਉਦਾਸੀ ਹੀ ਨਹੀਂ ਸੈਂਕੜੇ ਹਮਦਰਦ ਤੇ ਕਾਰਕੁੰਨ ਵੀ ਨਿਰਾਸਾ ਤੇ ਬੇਦਿਲੀ ਦਾ ਸ਼ਿਕਾਰ ਹੋ ਗਏ। 1975 ਵਿਚ ਲੱਗੀ ਐਮਰਜੈਂਸੀ ਤੱਕ ਨਕਸਲੀ ਲਹਿਰ ਥੋੜਾ ਬਹੁਤਾ ਰਾਜਸੀ ਅਜੰਡੇ ’ਤੇ ਸੰਘਰਸ਼ ਕਰਦੀ ਰਹੀ। ਇਸ ਮਹੌਲ ਨੇ ਲੋਕ ਕਵੀ ਉਦਾਸੀ ਦੀ ਕਾਵਿ ਸਿਰਜਣਾ ਅਤੇ ਉਸ ਦੇ ਮਨੋ ਜਗਤ ’ਤੇ ਕਿਹੋ ਜਿਹਾ ਪ੍ਰਭਾਵ ਪਾਇਆ, ਇਹ ਉਸ ਦੇ ਗੀਤ ਸੰਗ੍ਰਹਿਾਂ ਦੇ ਨਾਵਾਂ ਤੋਂ ਬਾਖੂਬੀ ਸਮਝਿਆ ਜਾ ਸਕਦਾ ਹੈ। 1971 ਵਿਚ ਜਦ ਉਸ ਦਾ ਪਹਿਲਾ ਗੀਤ ਸੰਗ੍ਰਹਿ ਛਪਦਾ ਹੈ ਤਾਂ ਉਸਦਾ ਨਾਂ ਹੈ ‘‘ਲਹੂ ਭਿੱਜੇ ਬੋਲ’’ ਪਰ ਜਦ 1976 ਵਿਚ ਦੂਜਾ ਸੰਗ੍ਰਹਿ ਛਪਦਾ ਹੈ ਤਾਂ ਉਸਦਾ ਨਾਂ ਹੈ ‘‘ਸੈਨਤਾਂ’’। 1970-72 ਵਿਚ ਤਾਂ ਉਦਾਸੀ, ਲੋਕਾਂ ਨੂੰ ਸ਼ਰੇਆਮ ਲੋਕ ਯੁੱਧ ਵਿਚ ਸ਼ਾਮਲ ਹੋਣ ਲਈ ਵੰਗਾਰਦਾ ਤੇ ਲਲਕਾਰਦਾ ਹੈ ਪਰ ਪੰਜ ਸਾਲਾਂ ਬਾਦ ‘‘ਸੈਨਤਾਂ’’ ਮਾਰਦਾ ਹੈ।
ਪਹਿਲੀ ਗੱਲ ਤਾਂ ‘‘ਸੈਨਤਾਂ’’ ਇਸ਼ਕ-ਮੁਸ਼ਕ ਨਾਲ ਸਬੰਧਤ ਗੁਪਤ ਸਰੀਰਕ ਹਰਕਤ ਹੈ। ਇਨਕਲਾਬੀ ਕਵੀ ਇਸ ਨੂੰ ਕਿਹੜੇ ਪ੍ਰਸੰਗ ’ਚ ਵਰਤਦਾ ਹੈ ਇਹ ਵਿਚਾਰਨ ਵਾਲੀ ਗੱਲ ਹੈ। ਉਸ ਦੀ ਪਹਿਲੀ ਕਵਿਤਾ ਹੀ ਇਹ ਸਾਰਾ ਕੁਝ ਜ਼ਾਹਰ ਕਰ ਦਿੰਦੀ ਹੈ।
‘‘ਨਵੀਂ ਉਡਾਰੀ ਮਾਰ ਪੰਛੀਆਂ, ਨਵੀਂ ਉਡਾਰੀ ਮਾਰ।
ਜਿਤਨੇ ਛੋਟੇ ਖੰਭ ਨੇ ਤੇਰੇ ਉਤਨੇ ਤੇਰੇ ਪੰਧ ਲਮੇਰੇ
ਤੇਰਿਆਂ ਰਾਹਾਂ ਵਿਚ ‘ਫੰਦਕ’ ਨੇ ਕੀਤਾ ਗਰਦ ਗੁਬਾਰ।
ਪੰਛੀਆਂ! ਨਵੀਂ ਉਡਾਰੀ ਮਾਰ।’’
ਹੁਣ ਉਦਾਸੀ ਇਨਕਲਾਬ ਦੀ ਗੱਲ ਲਲਕਾਰ ਤੋਂ ਹਟਕੇ ਸੈਨਤਾਂ ਰਾਹੀਂ ਕਰਨ ਲੱਗ ਪਿਆ ਸੀ। ‘ਪੰਛੀ’ ‘ਉਡਾਰੀ’ ‘ਲਮੇਰੇ ਪੰਧ’ ‘ਫੰਦਕ’ ਆਦਿ ਰੂਪਕ ਇਕ ਮਾਨਸਿਕ ਤਬਦੀਲੀ ਦੇ ਸੂਚਕ ਹਨ।
ਪਰ 1980 ਤੋਂ ਬਾਦ ਨਕਸਲੀ ਲਹਿਰ ਬੈਕ ਗੇਅਰ ਪਾ ਕੇ ਪੂਰੀ ਤਰ੍ਹਾਂ ਉਸੇ ਆਰਥਕਵਾਦ ਵੱਲ ਚੱਲ ਪਈ ਜਿਥੋਂ ਇਹ ਤੁਰੀ ਸੀ। ਸੁਆਲ ਇਹ ਹੈ ਕਿ ਕੀ ਉਦਾਸੀ ਇਸ ਖੁਸ਼ਕ ਆਰਥਕਵਾਦ ਤੋਂ ਪ੍ਰੇਰਤ ਹੋ ਸਕਦਾ ਸੀ? ਬਿਲਕੁਲ ਹੀ ਨਹੀਂ! ਜੇ ਉਸ ਨੇ ਆਰਥਕਵਾਦ ਦੇ ਗਿੱਲੇ ਪੀਹਣ ਦੀ ਚੱਕੀ ਝੋਣੀ ਹੁੰਦੀ ਤਾਂ ਉਹ ਸੀ.ਪੀ.ਆਈ ਦੀ ਲਾਈਨ ਛੱਡ ਕੇ ਸਿਰ ਦੇਣ- ਲੈਣ ਵਾਲੀ ਲਹਿਰ ’ਚ ਕਿਉਂ ਤੁਰਦਾ? ਇਹ ਵਿਚਾਰਨ ਵਾਲੀ ਗੱਲ ਹੈ ਕਿ ਲੋਕ ਕਵੀ ਸੰਤ ਰਾਮ ਉਦਾਸੀ ਵਰਗੇ ਕਵੀ ਦੇ ਸੂਖ਼ਮ ਮਨ ਨੂੰ ਜੇ ਕਿਸੇ ਲਹਿਰ ਨੇ ਉਤਸ਼ਾਹਿਤ ਤੇ ਪ੍ਰੇਰਿਤ ਕੀਤਾ ਸੀ ਤਾਂ ਉਹ ਹਥਿਆਰਬੰਦ ਇਨਕਲਾਬੀ ਲਹਿਰ ਹੀ ਸੀ। ਮੁੜ ਜਿਉਂ ਜਿਉਂ ਲਹਿਰ ਟਰੇਡ ਯੂਨੀਅਨ ਰਾਜਨੀਤੀ ਤੇ ਖੁਸ਼ਕ ਆਰਥਕਵਾਦ ਵਿਚ ਧਸਦੀ ਗਈ ਤਾਂ ਇਹ ਉਸ ਦੇ ਸੂਖ਼ਮ ਮਨ ਨੂੰ ਪ੍ਰੇਰਿਤ ਕਰਨੋ ਹਟ ਗਈ। ਹੁਣ ਉਹ ਉਸੇ ਪਿੱਚ ’ਤੇ ਖੜ ਕੇ ਲਲਕਾਰੇ ਨਹੀਂ ਮਾਰ ਸਕਦਾ ਸੀ। ਇਹ ਇਕੱਲੇ ਉਦਾਸੀ ਨਾਲ ਹੀ ਨਹੀਂ ਵਾਪਰਿਆ ਉਸ ਦੇ ਸਮਕਾਲੀ ਪਾਸ਼ ਵਰਗੇ ਹੋਰ ਕਵੀਆਂ ਨਾਲ ਵੀ ਵਾਪਰਿਆ। ਮੱਧ ਵਰਗੀ ਪਿਛੋਕੜ ਵਾਲੇ ਜਿੰਨਾਂ ਕਵੀਆਂ ਦੀ ਲਹਿਰ ਨਾਲ ਜਿਹੋ-ਜਿਹੀ ਹੀ ਪ੍ਰਤੀਬੱਧਤਾ ਸੀ, ਉਹਨਾਂ ਉਹੋ ਜਿਹਾ ਹੀ ਪ੍ਰਤੀਕਰਮ ਪ੍ਰਗਟਾਇਆ। ਪਾਸ਼ ਤਾਂ ਲਹਿਰ ਤੋਂ ਨਿਰਾਸ ਹੋ ਕੇ ਲਹਿਰ ਦੇ ਆਗੂਆਂ ਨੂੰ ਗਾਲੀ ਗਲੋਚ ਵੀ ਕਰਦਾ ਰਿਹਾ।ਪਰ ਪਾਸ਼ ਨੇ ਜਲਦੀ ਹੀ ਆਪਣੀ ਨਿਰਾਸਾ ਦਾ ਹੱਲ ਸਿੱਖ ਸੰਘਰਸ਼ ਵਿਰੁੱਧ ਗਾਲੀ ਗਾਲੋਚ ਕਰਨ ਵਿੱਚ ਲੱਭ ਲਿਆ ਸੀ ਪਰ ਉਦਾਸੀ ਦਾ ਪ੍ਰਤੀਕਰਮ ਹੋਰ ਤਰਾਂ ਦਾ ਸੀ,ਉਸ ਦਾ ਰਵੱਈਆ ਹਮਦਰਦਰਾਨਾ ਸੀ। ਉਦਾਸੀ ਕਿਸੇ ਹੱਦ ਤੱਕ ਆਰਥਕ ਘੋਲਾਂ ਦੇ ਹੱਕ ’ਚ ਵੀ ਸੀ ਪਰ ਪੇਸ਼ਾਵਰ ਆਰਥਕ ਆਗੂਆਂ ਦਾ ਲਾਗੂ ਕਦੇ ਵੀ ਨਹੀਂ ਸੀ। ਜੋ ਧਿਰਾਂ ਅੱਜ ਉਸ ਨੂੰ ਨਿਰੋਲ ਆਰਥਕਵਾਦ ਦੇ ਸਿਕੰਜੇ ’ਚ ਕਸਣਾ ਚਾਹੁੰਦੀਆਂ ਹਨ, ਇਹ ਉਸ ਦੇ ਗੀਤਾਂ ਤੇ ਸਖ਼ਸ਼ੀਅਤ ਨਾਲ ਘੋਰ ਅਨਾਚਾਰ ਹੈ। ਜਿਉਂ ਜਿਉਂ ਇਹ ਲਹਿਰ ਆਰਥਕਵਾਦ ’ਚ ਧਸਦੀ ਗਈ, ਉਦਾਸੀ ਇਸ ਤੋਂ ਨਿਰਾਸ਼ ਹੀ ਨਹੀਂ ਪੂਰੀ ਤਰ੍ਹਾਂ ਬੇਆਸ ਵੀ ਹੁੰਦਾ ਗਿਆ।
ਇਹ ਗੱਲ ਵੀ ਵਿਚਾਰਨ ਵਾਲੀ ਹੈ, ਜਿੰਨਾਂ ਚਿਰ ਆਰਥਕ ਘੋਲਾਂ ਨੂੰ ਇਨਕਲਾਬੀ ਸੰਘਰਸ਼ ’ਚ ਨਹੀਂ ਬਦਲਿਆ ਜਾਂਦਾ ਉਨਾਂ ਚਿਰ ਇਹ ਇਸ ਸਿਸਟਮ ਦੀ ਉਮਰ ਲੰਬੀ ਕਰਨ ਲਈ ਸੇਫਟੀ ਵਾਲਵ ਦਾ ਕੰਮ ਕਰਦੇ ਹਨ। ਇਨਕਲਾਬੀ ਘੋਲ ਤਿਆਗ ਤੇ ਕੁਰਬਾਨੀ ਦੀ ਮੰਗ ਕਰਦੇ ਹਨ ਜਦਕਿ ਆਰਥਕ ਘੋਲ ਵਿਚ ਖੁਦਗਰਜੀ ਤੇ ਸੁਆਰਥ ਭਾਰੂ ਹੁੰਦਾ ਹੈ। ਸੋ ਇਹ ਆਰਥਕਵਾਦ ਉਦਾਸੀ ਦੀ ਰੂਹ ਦੀ ਖੁਰਾਕ ਨਹੀਂ ਬਣ ਸਕਦਾ ਸੀ, ਉਸ ਦੀ ਰੂਹ ਦਾ ਰੱਜ ਤਾਂ ਇਨਕਲਾਬੀ ਲਹਿਰ ਸੀ, ਜੋ ਉਸ ਦੀ ਕਾਵਿ ਸਿਰਜਣਾ ਦੇ ਉਤਸ਼ਾਹ ਤੇ ਪ੍ਰੇਰਨਾ ਦਾ ਸੋਮਾ ਸੀ। ਸੋ ਜਦ ਲਹਿਰ ਇਨਕਲਾਬੀ ਰਾਹ ਤੋਂ ਦੂਰ ਚਲੀ ਗਈ ਤਾਂ ਉਹ ਵੀ ਲਹਿਰ ਤੋਂ ਦੂਰ ਚਲਿਆ ਗਿਆ।
ਇਸ ਗੱਲ ’ਚ ਕੋਈ ਸ਼ੱਕ ਨਹੀਂ ਕਿ ਉਦਾਸੀ ਮਜ਼ਦੂਰਾਂ, ਕਿਸਾਨਾਂ ਦਾ ਕਵੀ ਹੈ। ਪਰ ਸੁਆਲ ਇਹ ਹੈ ਕਿ ਕੀ ਮਜ਼ਦੂਰ ਕਿਸਾਨ ਲੋਹੇ ਦੇ ਬਣੇ ਹੁੰਦੇ ਹਨ? ਉਹਨਾਂ ਦੀ ਕੋਈ ਧਰਮ ਤੇ ਸੱਭਿਆਚਾਰ ਅਧਾਰਿਤ ਮੌਲਿਕ ਹਸਤੀ ਨਹੀਂ ਹੁੰਦੀ? ਕੀ ਉਹਨਾਂ ਦੀ ਹੋਂਦ ਨਿਰੋਲ ਆਰਥਕ ਮਸਲਿਆਂ ਤੱਕ ਸੀਮਤ ਹੁੰਦੀ ਹੈ?ਸਮਝਣ ਵਾਲੀ ਗੱਲ ਹੈ ਕਿ ਮਜ਼ਦੂਰਾਂ ਕਿਸਾਨਾ ਦੇ ਧਾਰਮਕ ਅਤੇ ਜਾਤ ਪਾਤ ਦੇ ਮਸਲੇ ਵੀ ਹੁੰਦੇ ਹਨ। ਜਿਥੇ ਉਦਾਸੀ ਮਜ਼ਦੂਰਾਂ-ਕਿਸਾਨਾਂ ਦਾ ਕਵੀ ਸੀ ਉਥੇ ਉਹ ਆਪਣੇ ਸਿੱਖ ਭਾਈਚਾਰੇ ਦਾ ਵੀ ਅਟੁੱਟ ਅੰਗ ਸੀ। ਜਦ 1980 ਤੋਂ ਬਾਦ ਉਸ ਦੇ ਸਿੱਖ ਭਾਈਚਾਰੇ, ਜੋ ਭਾਰਤ ਵਿਚ ਅਸਲੋਂ ਹੀ ਘੱਟ ਗਿਣਤੀ ਵਿਚ ਹੈ, ਬਹੁਗਿਣਤੀ ਕੋਲੋਂ ਆਪਣੇ ਧਰਮ ਤੇ ਸੱਭਿਆਚਾਰ ਨੂੰ ਬਚਾਉਣ ਲਈ ਸੰਘਰਸ਼ ਸ਼ੁਰੂ ਕੀਤਾ ਤਾਂ ਉਦਾਸੀ ਇਸ ਸੰਘਰਸ਼ ਦਾ ਹਮਦਰਦ ਸੀ। ਇਹ ਕੋਈ ਅਲੋਕਾਰ ਗੱਲ ਵੀ ਨਹੀਂ। ਜੋ ਲੋਕਾਂ ਦਾ ਸਾਹਿਤਕਾਰ ਹੋਵੇਗਾ ਉਹ ਲੋਕਾਂ ਦੇ ਹਰ ਮੁੱਦੇ ਅਤੇ ਮਸਲੇ ’ਤੇ ਉਹਨਾਂ ਦੇ ਨਾਲ ਖੜੇਗਾ। ਉਸਦੀ ਮੌਤ ਤੋਂ ਮਹੀਨਾ ਪਹਿਲਾਂ ਅਕਤੂਬਰ 1986 ਵਿਚ ਮੈਂ, ਬਾਰੂ ਸਤਵਰਗ, ਕਰਮਜੀਤ ਜੋਗਾ ਅਤੇ ਜੁਗਰਾਜ ਧੌਲਾ ਨੇ ਉਦਾਸੀ ਦੇ ਘਰ ਇਕ ਲੰਬੀ ਮੁਲਾਕਾਤ ਰਿਕਾਰਡ ਕੀਤੀ ਸੀ, ਜਿਸ ਵਿਚ ਉਸ ਨੇ ਕਮਿਉਨਿਸਟ ਲਹਿਰ ਤੋਂ ਅਸਲੋਂ ਹਟਵੇਂ ਵਿਚਾਰ ਪੇਸ਼ ਕੀਤੇ ਸਨ। ਪਰ ਬਾਅਦ ਵਿਚ ਇਹ ਕੈਸਿਟ ਬਾਰੂ ਸਤਵਰਗ ਲੈ ਗਿਆ ਜਿਸ ਨੇ ਜਾਣ ਬੁੱਝ ਕੇ ਇਸ ਨੂੰ ਕਿਧਰੇ ਨਸ਼ਟ ਕਰ ਦਿੱਤਾ। ਅਫਸੋਸ! ਕਿ ਉਮਰ ਨੇ ਉਦਾਸੀ ਨਾਲ ਵਫਾ ਨਹੀਂ ਕੀਤੀ ,ਇਸੇ ਦੌਰਾਨ ਹੀ 6 ਨਵੰਬਰ 1986 ਨੂੰ ਉਸ ਦੀ ਰੇਲ ਗੱਡੀ ਵਿਚ ਸੁੱਤਿਆ ਪਿਆ ਹੀ ਮੌਤ ਹੋ ਗਈ ਜਦ ਉਹ ਤਖਤ ਸ੍ਰੀ ਹਜੂਰ ਸਾਹਿਬ ਦੇ ਧਾਰਮਕ ਸਮਾਗਮਾਂ ਵਿਚ ਭਾਗ ਲੈ ਕੇ ਵਾਪਸ ਆ ਰਿਹਾ ਸੀ।ਉਸ ਨੇ ਲਿਖਆਿ ਸੀ:
ਮੇਰੀ ਮੌਤ ਤੇ ਨਾ ਰੋਇਓ,
ਮੇਰੀ ਸੋਚ ਨੂੰ ਬਚਾਇਓ!
ਪਰ ਅੱਜ ਦੀਆਂ ਬਦਲੀਆਂ ਹੋਈਆਂ ਪ੍ਰਸਥਿਤੀਆਂ ਅਤੇ ਪ੍ਰਸੰਗ ਵਿੱਚ ਉਦਾਸੀ ਦੇ ਗੀਤਾਂ ਅਤੇ ਕਵਿਤਾਵਾਂ ਨੂੰ ਮੁੜ ਵਿਚਾਰਨ ਦੀ ਲੋੜ ਹੈ।ਜਿਵੇਂ ਅੱਜ ਤੋਂ ਪੰਜਾਹ ਸਾਲ ਪਹਿਲਾਂ ਉਦਾਸੀ ਨੇ ਜੱਟ ਤੇ ਸੀਰੀ ਦੇ ਰਿਸਤੇ ਨੂੰ ਰੁਮਾਂਟੀਸਾਈਜ ਕੀਤਾ ਸੀ, ਕੀ ਇਹ ਰਿਸਤਾ ਅੱਜ ਵੀ ਉਸੇ ਤਰਾਂ ਦਾ ਹੈ, ਜਾਂ ਕੋਈ ਤਬਦੀਲੀ ਵਾਪਰੀ ਹੈ?ਜਾਂ ਉਸ ਨੇ ਜੋ ਦਲਿਤ ਵਰਗ ਨਾਲ ਜਾਤ- ਪਾਤੀ ਵਿਤਕਰੇ ਨੂੰ ਉਜਾਗਰ ਕੀਤਾ ਸੀ,ਉਹ ਜਿਉਂ ਦਾ ਤਿਉਂ ਹੈ ਜਾਂ ਉਸ ਨੇ ਕੋਈ ਸੂਖਮ ਰੂਪ ਵਟਾ ਲਿਆ ਹੈ? ਇਹ ਮਸਲੇ ਗੰਭੀਰ ਅਧਿਐਨ ਦੀ ਮੰਗ ਕਰਦੇ ਹਨ।