(ਸਮਾਜ ਵੀਕਲੀ)
ਵਿਆਹ ਤੋਂ ਪਹਿਲਾ ਵੀ ਅਕਸਰ ਉਹ ਅਮੀਰਜ਼ਾਦੀ ਕਿਸੇ ਨਾਲ ਗੱਲ ਕਰਕੇ ਰਾਜ਼ੀ ਨਹੀਂ ਸੀ ਹੁੰਦੀ। ਕੁੜੀਆਂ ਵਾਂਗ/ ਧੀਆਂ ਧਿਆਣੀਆਂ ਵਾਂਗ ਸਭ ਦੇ ਆਖੇ ਲੱਗ ਸਭ ਦਾ ਮੋਹ-ਪਿਆਰ, ਅਸੀਸਾਂ ਲੈਣੀਆਂ ਤਾਂ ਬਿਲਕੁਲ ਵੀ ਉਸ ਨੇ ਨਹੀਂ ਸੀ ਸਿੱਖੀਆਂ । ਵਿਆਹ ਤੋਂ ਬਾਅਦ ਸੱਤ ਮਹੀਨੇ ਪੇਕੇ ਘਰ ਰਹੀ ਤਾਂ ਅਕਸਰ ਉਸ ਨੇ ਬੇ-ਢੰਗ ਕੱਪੜੇ ਪਾਉਣੇ ਤਾਂ ਉਸ ਦੇ ਬਾਪੂ ਨੇ ਉੱਚੀ ਉੱਚੀ ਬੋਲ ਕਬੋਲ ਬੋਲਣੇ ਜੋ ਗੁਆਂਢ ਮੱਥੇ ਲਈ ਰੋਜ਼ ਰੋਜ਼ ਦਾ ਮਨ ਪਰਚਾਵੇ ਦਾ ਸਾਧਨ ਬਣ ਗਿਆ ਸੀ। ਜਦੋਂ ਵੀ ਉਸ ਦੀ ਮਾਂ ਨੇ ਰੋਟੀ ਖਾਣ ਲਈ ਕਹਿਣਾ ਤਾਂ ਉਹ ਅਕਸਰ ਹੋਰ-ਹੋਰ ਖਾਣਾ ਬਾਹਰ ਤੋਂ ਮੰਗਵਾ ਕੇ ਖਾਦੀ ਤੇ ਕਹਿੰਦੀ ਮੇਰੇ ਸਹੁਰੇ ਕਹਿੰਦੇ ਤੂੰ ਬਸ ਐਸ਼ ਕਰ, ਜੋ ਦਿਲ ਕਰਦਾ ਕਰ, ਜੋ ਦਿਲ ਕਰਦਾ ਖਾਂ , ਸਾਡੇ ਵੱਲੋਂ ਭਾਵੇ ਰੋਜ਼ ਚਾਕਲੇਟ ਖਾਂ…।
ਚਲੋ ਮਾਂ ਬਾਪ ਦੇ ਘਰ ਤਾਂ ਜਿਵੇਂ ਸੀ ਵਕਤ ਨਿਕਲ ਗਿਆ। ਫੇਰ ਉਸ ਦੇ ਸਹੁਰੇ ਪਰਿਵਾਰ ਨੇ ਬਾਹਰ ਸੱਦ ਲਿਆ। ਬਾਹਰ ਜਾਣ ਵੇਲੇ ਨੱਕ ਉੱਚੇ ਵਾਲੀ ਪਰਮਿੰਦਰ ਕਿਸੇ ਮਾਸੀ, ਭੂਆ ਨੂੰ ਮਿਲਕੇ ਵੀ ਨਾ ਗਈ, ਹੋਰ ਤਾਂ ਹੋਰ ਗੁਆਂਢ ਵਿੱਚ ਵੀ ਮਿਲਣਾ ਜ਼ਰੂਰੀ ਨਾ ਸਮਝਿਆ। ਬਾਹਰ ਜਾ ਕੇ ਸਭ ਕੁਝ ਹੋਰ ਸੀ । ਸੱਸ -ਸਹੁਰਾ, ਨਣਾਨ ਤੇ ਉਸ ਦਾ ਪਤੀ ਕੰਮ ਤੇ ਚਲੇ ਜਾਂਦੇ ਤੇ ਉਹ ਇਕੱਲੀ ਘਰ। ਨਾਲੇ ਘਰ ਦਾ ਕੰਮ ਕਰਨਾ ਨਾਲੇ ਇਕੱਲੀ ਨੇ ਰੋਣਾ। ਕੁਝ ਹਫ਼ਤੇ ਘਰ ਰਹਿਣ ਮਗਰੋਂ ਕੰਮ ਲੱਗ ਗਈ।
ਹੁਣ ਨਾਲੇ ਨੌਕਰੀ ਤੇ ਨਾਲੇ ਘਰ ਦਾ ਸਾਰਾ ਕੰਮ । ਸਾਲ ਕੁ ਮਗਰੋਂ ਉਹ ਮਾਂ ਬਣ ਗਈ । ਚਾਰ ਕੁ ਮਹੀਨੇ ਘਰ ਰਹਿਣ ਤੋਂ ਬਾਅਦ ਮੁੜ ਨੌਕਰੀ ਤੇ ਜਾਣਾ ਪਿਆ। ਹੁਣ ਨਾਲੇ ਛੋਟਾ ਬੱਚਾ ਸਾਂਭਣਾ , ਨਾਲੇ ਨੌਕਰੀ , ਨਾਲੇ ਘਰ ਦਾ ਸਾਰਾ ਕੰਮ ਕਰਨਾ । ਆਪਣੀ ਆਕੜ ਵਿੱਚ ਅਜੇ ਵੀ ਉਹ ਕਿਸੇ ਰਿਸ਼ਤੇਦਾਰ ਨੂੰ ਕਦੇ ਫੋਨ ਨਹੀਂ ਸੀ ਕਰਦੀ, ਹਾਲਾਂ ਕਿ ਉਸ ਦੀ ਭੂਆ ਦੀ ਧੀ ਵੀ ਉਸ ਦੇ ਆਪਣੇ ਸ਼ਹਿਰ ਹੀ ਪਰਿਵਾਰ ਸਮੇਤ ਰਹਿੰਦੀ ਸੀ।
ਪਰਮਿੰਦਰ ਦੀ ਸੱਸ ਦੀ ਭਤੀਜੀ ਦਾ ਵਿਆਹ ਸੀ ਤੇ ਸਾਰਾ ਪਰਿਵਾਰ ਵਿਆਹ ਖਾਣ ਲਈ ਪੰਜਾਬ ਆ ਗਿਆ। ਹੁਣ ਪਰਮਿੰਦਰ ਪੇਕੇ ਘਰ ਗਈ ਤਾਂ ਮਾਂ-ਬਾਪ ਤੋਂ ਇਲਾਵਾ ਕੋਈ ਮਿਲਣ ਨਾ ਆਇਆ । ਭੂਆ , ਮਾਸੀਆਂ, ਆਂਢ ਗੁਆਂਢ ਸਭ ਪਰਮਿੰਦਰ ਨੂੰ ਭੁੱਲ ਚੁੱਕੇ ਸਨ। ਪਰ ਪਰਮਿੰਦਰ ਹੁਣ ਅਰਸ਼ ਤੋਂ ਫ਼ਰਸ਼ ਤੇ ਆ ਚੁੱਕੀ ਸੀ, ਆਕੜ ਹੁਣ ਨਿਮਰਤਾ ਵਿੱਚ ਬਦਲ ਚੁੱਕੀ ਸੀ। ਸੱਸ ਨੂੰ ਪਰਮਿੰਦਰ ਦੀ ਮਾਂ ਨੇ ਪਰਮਿੰਦਰ ਵੱਲ ਇਸ਼ਾਰਾ ਕਰਦੇ ਹੋਏ ਸਵਾਲ ਕੀਤਾ, ਭੈਣ ਜੀ ਇਹ ਇੰਨਾਂ ਬਦਲਾਉ ਤਿੰਨ ਸਾਲ ਵਿੱਚ ਤੁਸੀ ਕਿਵੇਂ ਕੀਤਾ ?
ਸੱਸ ਅੱਗੋਂ ਜਵਾਬ ਦਿੰਦੀ ਹੈ, ਭੈਣ ਜੀ ਮੈਂ ਕੁਝ ਵੀ ਨਹੀਂ ਕੀਤਾ ਜੋ ਬਦਲਾਓ ਕੀਤਾ ਪ੍ਰਦੇਸ਼ਾਂ ਦੇ ਦੁੱਖਾਂ ਤੇ ਵਕਤ ਨੇ ਖੁਦ ਕੀਤਾ । ਵਕਤ ਬਹੁਤ ਬਲਵਾਨ ਹੈ ਪ੍ਰਦੇਸ਼ਾਂ ਵਿੱਚ ਇਨਸਾਨ ਨੂੰ ਜਦੋਂ ਕੰਮ ਕਰਨੇ ਪੈਂਦੇ ਤੇ ਹਾਲ ਪੁੱਛਣ ਵਾਲਾ ਆਪਣਾ ਕੋਈ ਨੀ ਹੁੰਦਾ, ਕੋਈ ਨੀ ਹੁੰਦਾ ਜੋ ਕਹੇ ਰਹਿਣ ਦੇ ਤੇਰੀ ਥਾਂ ਮੈਂ ਕੰਮ ਕਰ ਦਿੰਦਾ , ਉਹ ਦੁੱਖ ਤਕਲੀਫ਼ ਤੇ ਉਹ ਵਕਤ ਇਨਸਾਨ ਨੂੰ ਅਸਲ ਇਨਸਾਨ ਬਣਾਉਂਦਾ , ਨਾਲੇ ਰਿਸ਼ਤਿਆਂ ਦੀ ਕਦਰ ਇਨਸਾਨ ਦੂਰ ਜਾਣ ਤੇ ਹੀ ਸਿੱਖਦਾ ਕੋਲ ਰਹਿ ਕੇ ਤਾਂ ਨਕਾਰੀ ਹੀ ਕਰਦਾ।
ਸੋ ਅਕਸਰ ਕਦੇ ਕਦੇ ਲੋਕ ਪਰਮਾਤਮਾ ਨੂੰ ਭੁੱਲ ਜਾਂਦੇ ਨੇ, ਐਵੇਂ ਮੁਫ਼ਤ ਦੀਆਂ ਆਕੜਾਂ ਪਾਲ ਲੈੰਦੇ ਨੇ ਪਰ ਵਕਤ ਬਹੁਤ ਬਲਵਾਨ ਹੈ, ਸਭ ਕੁਝ ਬਦਲਣ ਦੀ ਤਾਕਤ ਰੱਖਦਾ ਹੈ। ਵਕਤ ਅਰਸ਼ਾਂ ਤੋਂ ਫ਼ਰਸ਼ਾਂ ਤੇ, ਟੀਸੀ ਤੋਂ ਟਿੱਬੀ ਚ, ਉਚਾਈ ਤੋਂ ਡੁੰਘਾਈ ਚ ਲਿਆਉਣ ਲਈ ਬਹੁਤੀ ਦੇਰ ਨੀ ਲਾਉਂਦਾ ਚਾਹੇ ਉਹ ਕੋਈ ਮਨੁੱਖ ਹੋਵੇ, ਕਿਸੇ ਦੀ ਸੱਤਾ ਹੋਵੇ, ਕਿਸੇ ਦਾ ਰਾਜ ਭਾਗ ਹੀ ਕਿਉਂ ਨਾ ਹੋਵੇ।
ਨਿਮਰਤਾ, ਸਾਦਗੀ ਹਰ ਕਿਸੇ ਨਾਲ ਰਿਸ਼ਤਾ ਬਣਾ ਸਕਦੀ ਹੈ।
ਆਕੜ, ਨਫ਼ਰਤ ਇਨਸਾਨ ਦਾ ਹਰ ਰਿਸ਼ਤਾ ਗੁਆ ਸਕਦੀ ਹੈ।
ਸਰਬਜੀਤ ਲੌਂਗੀਆਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly