ਕਸ਼ਮਕਸ਼

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਆਹ ਬੁੜੇ ਬੁੜੀ ਦਾ ਵੀ ਨਾ ਸਰਿਆ ਈ ਪਿਆ।ਰਾਜੇ ਮਹਾਰਾਜਿਆਂ ਵਾਂਗੂੰ ਬੈਠੇ ਬੈਠਾਇਆਂ ਨੂੰ ਚੰਗੀ ਖਾਣ ਨੂੰ ਮਿਲ ਜਾਂਦੀਆਂ ਨੇ। ਸਵੇਰੇ ਸ਼ਾਮ।ਕੰਮ ਦੇ ਨਾ ਕਾਜ ਦੇ ਦੁਸ਼ਮਣ ਅਨਾਜ ਦੇ। ਇਨ੍ਹਾਂ ਦੇ ਨਾਲ਼ ਦੇ ਕਦੋਂ ਦੇ ਰੱਬ ਨੂੰ ਪਿਆਰੇ ਹੋ ਗਏ। ਇਨ੍ਹਾਂ ਵਾਰੀ ਪਤਾ ਨਹੀਂ ਰੱਬ ਕਿੱਥੇ ਹੈ? ਚੱਕ ਲਏ ਪਰਾਂ ਖਹਿੜਾ ਛੁੱਟੇ।ਮਰਨ ਤਾਂ ਮਗਰੋਂ ਲਹਿਣ।ਪਰ ਕਿੱਥੇ?ਮੇਰੀ ਜਾਨ ਨੂੰ ਸਿਆਪੇ ਨੇ ਸਾਰੇ। ਨਾ ਧੀਏ ਕਿਉਂ ਸਵੇਰੇ ਸਵੇਰੇ ਬੋਲ ਕਬੋਲ ਬੋਲਦੀਏਂ ਪਤਾ ਨਹੀਂ ਦੋ ਲੀਰਾਂ ਪਾੜਾਂਗੇ ਪਤਾ ਨਹੀਂ ਨਾ। ਗਿੰਦੋ ਮਾਈ ਨੇ ਬੜੀ ਹਲੀਮੀ ਤੇ ਨਿਮਰਤਾ ਨਾਲ਼ ਡਰਦੀ -ਡਰਦੀ ਨੇ ਕਿਹਾ, ਪਰ ਇਹ ਸ਼ਬਦ ਸੁਣਦਿਆਂ ਤਾਂ ਉਸ ਦੀ ਨੂੰਹ ਮਿੱਠੋ ਦੇ ਜਿਵੇਂ ਸੱਤੀ ਕੱਪੜੀਂ ਅੱਗ ਲੱਗ ਗਈ।

ਨਾ ਕਹਿਣ ਨੂੰ ਤੈਨੂੰ ਕੀ ਆਖਤਾ ਮਹਾਰਾਣੀ ਨੂੰ। ਕਿਉਂ ਸਾਡਾ ਜਿਉਣਾ ਦੁੱਭਰ ਕੀਤਾ ਹੋਇਆ! ਕਦੇ ਤੈਨੂੰ ਦਵਾਈਆਂ ਚਾਹੀਦੀਆਂ ਨੇ, ਕਦੇ ਤੁਸੀਂ ਕੁੜੇ (ਕੁੜੀ )ਜਾਣਾ ਕਦੇ ਆਪ ਪੂਛ ਚੱਕਲੂ ਕਦੇ, ਕਦੇ ਆਹ ਬੁੜੇ। ਕੰਮ ਵੇਲੇ ਗੋਡੇ ਦੁੱਖਦੇ ਨੇ, ਕਦੇ ਮੋਢੇ ।ਪਰ ਬੱਸ ਚੜ੍ਹਨਾ ਹੋਵੇ ਇੱਕ ਦੂਜੇ ਤੋਂ ਮੂਹਰਦੀ ਜਾਣੇਂ ਓ ।ਆ ਜਾਣ ਦੇ ਓਸ ਝੁੱਡੂ ਨੂੰ ਅੱਜ ਜਾ ਤੁਸੀਂ ਰਹੋਂਗੇ ਏਸ ਘਰ ਵਿੱਚ ਜਾ ਮੈਂ। ਮੈਥੋਂ ਨਹੀਂ ਆਹ ਕੁੱਤ ਸਿਆਪਾ ਹੁੰਦਾ ਰੋਜ਼ ਦਾ। ਤੂੰ ਕਿਉਂ ਜਾਣਾ ਧੀਏ ਅਸੀਂ ਚੱਲੇ ਜਾਂਦੇ ਹਾਂ।ਸੁੱਖ ਨਾਲ਼ ਤੇਰਾ ਹਰਿਆ ਭਰਿਆ ਪਰਿਵਾਰ ਹੈ। ਛੋਟੇ ਛੋਟੇ ਮਸੂਮ ਬੱਚੇ ਨੇ ਕੋਲ ਬੈਠੇ ਨਾਜ਼ਰ ਸਿਆਂ ਨੇ ਖੰਘਦਿਆਂ ਇੱਕ ਲੰਮਾ ਹੌਕਾ ਭਰਦਿਆਂ ਕਿਹਾ।

ਬੱਚੇ ਸਕੂਲ ਛੱਡ ਕੇ ਪਰਤਦੇ ਨਾਜ਼ਰ ਸਿਆਂ ਨੇ ਆਪਣੇ ਪੁੱਤ ਸਰਬਣ ਨੂੰ ਕਿਹਾ ਕਿ ਪੁੱਤ ਤੀਰਥ ਯਾਤਰਾ ਨਹੀਂ ਕਰਵਾ ਸਕਦਾ ਕੋਈ ਗੱਲ ਨਹੀਂ,ਘੱਟੋ -ਘੱਟ ਆਹ ਜ਼ਲਾਲਤ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ ਕਿਸੇ ਬਿਰਧ ਆਸ਼ਰਮ ਹੀ ਛੱਡ ਆ।ਸਰਬਣ ਕੁੱਝ ਬੋਲਦਾ ਉਸ ਤੋਂ ਪਹਿਲਾਂ ਹੀ ਅੰਦਰੋਂ ਭਰੀ ਪੀਤੀ ਬੈਠੀ ਆਪਣੇ ਨਾਂ ਦੇ ਬਿਲਕੁਲ ਉਲਟ ਮਿੱਠੋ ਜ਼ਹਿਰ ਉਗਲਦੇ ਬੋਲੀ ਅੱਜ ਇੱਕ ਪਾਸੇ ਕਰ ਹੀ ਲੈ ਰੱਬ ਦਿਆ ਬੰਦਿਆ ਜਾਹ ਆਹ ਬੁੜੇ ਬੁੜੀ ਨੂੰ ਰੱਖ ਜਾਂ ਮੈਨੂੰ?

ਨੀ ਕਿਉਂ ਹਰ ਵੇਲੇ ਘਰ ਸਿਰ ਚੁੱਕੀ ਰੱਖਦੀ ਹੈ। ਕੋਈ ਅਕਲ ਨੂੰ ਹੱਥ ਮਾਰ,ਲੋਕ ਕੀ ਕਹਿਣਗੇ। ਮੈਨੂੰ ਅਕਲ ਸਿਖਾਈ ਆਪ ਨਾ ਕਦੇ ਅਕਲ ਦਾ ਕੰਮ ਕਰੀਂ। ਮੈਂ ਚੱਲੀ ਤੂੰ ਰੱਖ ਆਪਣੀ ਅਕਲ ਤੇ ਆਹ ਬੁੜੇ ਬੁੜੀ ਨੂੰ।ਨਾ ਧੀਏ ਤੁਸੀਂ ਵੱਸੋ ਰੱਸੋ ਅਸੀਂ ਕਰ ਲਿਆ ਫ਼ੋਨ ਆਟੋ ਵਾਲ਼ੇ ਨੂੰ ਆਉਂਦਾ ਹੀ ਹੋਣਾ ਕਹਿ ਨਾਜ਼ਰ ਸਿਆਂ ਨੇ ਆਪਣੀ ਘਰਵਾਲੀ ਨੂੰ ਕਿਹਾ ਚੱਲ ਉੱਠ ਗਿੰਦੋ ਚੱਲੀਏ,ਏਸ ਘਰ ਨਾਲ਼ ਆਪਣਾ ਇੰਨਾ ਹੀ ਸੀ। ਦੋਵੇਂ ਜੀਅ ਇੱਕ ਦੂਜੇ ਨੂੰ ਸਹਾਰਾ ਦਿੰਦੇ ਭਿੱਜੀਆਂ ਅੱਖਾਂ ਨਾਲ਼ ਆਟੋ ਚ ਬਹਿ ਤੁਰੇ।ਸਰਬਣ ਲਾਚਾਰ ਖੜ੍ਹਾ ਤੱਕਦਾ ਰਹਿ ਗਿਆ।

ਬੱਚੇ ਸਕੂਲੋਂ ਪਰਤਦੇ ਮਾਂ ਅੱਜ ਦਾਦਾ-ਦਾਦੀ ਨਹੀਂ ਆਏ ਲੈਣ!ਤੁਸੀਂ ਕਿਵੇਂ? ਕਿਉਂ ਮੈਂ ਨਹੀਂ ਆ ਸਕਦੀ? ਨਹੀਂ ਉਹ ਗੱਲ ਨਹੀਂ।ਆ ਸਕਦੇ ਹੋ। ਸੱਚ ਮਾਂ ਸਾਨੂੰ ਨਾ ਦਾਦਾ ਦਾਦੀ ਜਾਂ ਨਾਨਾ ਨਾਨੀ ਤੇ ਸਕੂਲ ਵੱਲੋਂ ਪ੍ਰੋਜੈਕਟ ਮਿਲਿਆ।ਜਿਸ ਦਾ ਪ੍ਰੋਜੈਕਟ ਵਧੀਆ ਹੋਇਆ ਉਸ ਨੂੰ ਕੈਸ਼ ਪ੍ਰਾਈਜ਼ ਤੇ ਫ੍ਰੀ ਟਰਿੱਪ ਹੈ ਸਕੂਲ ਵੱਲੋਂ।ਪਰ ਪੁੱਤ ਤੇਰੇ ਦਾਦਾ ਦਾਦੀ ਤਾਂ ਲੰਮੇ ਸਮੇਂ ਲਈ ਤੀਰਥ ਯਾਤਰਾ ਤੇ ਚਲੇ ਗਏ। ਫੇਰ ਮਾਂ ਸਾਡੇ ਪ੍ਰੋਜੈਕਟ ਦਾ ਕੀ ਬਣੂੰ?ਲੈ ਪੁੱਤ ਸੁੱਖ ਨਾਲ਼ ਜਿਉਂਦੇ ਵਸਦੇ ਰਹਿਣ ਤੇਰੇ ਨਾਨਾ ਨਾਨੀ ਐਤਵਾਰ ਚੱਲਦੇ ਥੋਡੇ ਨਾਨਕੀ। ਐਤਵਾਰ ਤਾਂ ਪਰਸੋਂ ਹੈ। ਫੇਰ ਚੱਲੀਏ ਦੋਵੇਂ ਬੱਚੇ ਬੋਲੇ। ਹਾਂ ਕਿਉਂ ਨਹੀਂ।

ਐਤਵਾਰ ਵਾਲ਼ੇ ਦਿਨ ਮਿੱਠੋ ਤੇ ਉਸ ਦੇ ਬੱਚੇ ਆਪਣੇ ਡੈਡੀ ਨਾਲ਼ ਤਿਆਰ ਹੋ ਨਾਨਕੇ ਘਰ ਪਹੁੰਚੇ ‌।ਚਾਹ ਪਾਣੀ ਪੀਤਾ।ਤੇ ਮਿੱਠੋ ਦੀਆਂ ਨਜ਼ਰਾਂ ਆਪਣੇ ਬੇਬੇ ਬਾਪੂ ਨੂੰ ਲੱਭ ਰਹੀਆਂ ਸਨ।ਵਾਰ -ਵਾਰ ਅੱਖਾਂ ਕਦੇ ਬੈਠਕ ਵੱਲ ਤੇ ਕਦੇ ਦਰਵਾਜ਼ੇ ਵੱਲ ਜਾ ਰਹੀਆਂ ਸਨ।ਪਰ ਉਹ ਨਜ਼ਰ ਨਾ। ਆਖ਼ਰ ਮਿੱਠੋ ਨੇ ਵੱਡੀ ਭਾਬੀ ਨੂੰ ਪੁੱਛ ਹੀ ਲਿਆ ਕਿ ਭਾਬੀ ਬੇਬੇ ਬਾਪੂ ਨਜ਼ਰ ਨਹੀਂ ਆਏ। ਤਾਂ ਦੋਵੇਂ ਭਾਬੀਆਂ ਇੱਕਠੀਆਂ ਹੀ ਬੋਲੀਆਂ ਕੀ ਦੱਸੀਏ ਭੈਣੇ ਬੇਬੇ ਬਾਪੂ ਤਾਂ ਤੀਰਥ ਯਾਤਰਾ ਤੇ ਗਏ ਨੇ ਕਈ ਦਿਨ ਹੋ ਗਏ। ਨਾ ਏਸ ਉਮਰੇ ਬਜ਼ੁਰਗਾਂ ਨੂੰ ਇੱਕਲਿਆਂ ਭੇਜਦੇ ਸ਼ਰਮ ਨਹੀਂ ਆਈ ਤੁਹਾਨੂੰ।ਜੇ ਕੋਈ ਉੱਨੀਂ ਇੱਕੀ ਹੋ ਗਈ ਫੇਰ?ਮਿੱਠੋ ਨੇ ਆਪਣੇ ਖਰਵੇਂ ਸੁਭਾਅ ਨਾਲ਼ ਕਿਹਾ।ਲੈ ਭੈਣ ਜੀ ਉੱਨੀਂ ਇੱਕੀ ਨੂੰ ਕਿਹੜਾ ਅਸੀਂ ਭੇਜਿਆ ਆਪੇ ਗਏ ਨੇ,ਆ ਜਾਣਗੇ ਆਪੇ ਦੋ ਦਿਨਾਂ ਨੂੰ ਠੇਬੇ ਖਾ ਕੇ।

ਨਾਲ਼ੇ ਭੈਣ ਜੀ ਤੁਸੀਂ ਕਾਹਦਾ ਰੋਅਬ ਝਾੜ ਦੇ ਹੋ। ਹਿੱਸਾ ਤੁਸੀਂ ਆਪਣਾ ਲੈ ਕੇ ਗਏ ਓ। ਫੇਰ ਕਾਹਦੀ ਧੌਂਸ।ਧੀ ਧਿਆਣੀ ਕਰਕੇ ਚੁੱਪ ਹਾਂ ਅਸੀਂ। ਨਾਲ਼ੇ ਜੇ ਬਹੁਤਾ ਹੇਜ਼ ਆਉਂਦਾ ਬੁੜੇ ਬੁੜੀ ਦਾ ਜਾਹ ਕਿਸੇ ਬਿਰਧ ਆਸ਼ਰਮ ਲੱਭ ਲੈ ਜਾ ਕੇ ਬੈਠੇ ਹੋਣੇ ਹਰਾਮ ਦੀਆਂ ਤੋੜਣ ਕਿਤੇ। ਇਹ ਸੁਣ ਕੇ ਮਿੱਠੋ ਦੀਆਂ ਨਜ਼ਰਾਂ ਅੱਗੇ ਆਪਣੇ ਸੱਸ ਸਹੁਰੇ ਦਾ ਚਿਹਰਾ ਘੁੰਮ ਗਿਆ ਤੇ ਉਹ ਇਸ ਕਸ਼ਮਕਸ਼ ਵਿੱਚ ਸੀ ਕਿ ਪਹਿਲਾਂ ਸੱਸ ਸਹੁਰੇ ਨੂੰ ਤੀਰਥ ਯਾਤਰਾ ਤੋਂ ਲੱਭੇ ਜਾ ਬੇਬੇ ਬਾਪੂ ਨੂੰ? ਉਸ ਦਾ ਭਰਾ ਨੇਕਾ ਅਤੇ ਪਤੀ ਸਰਬਣ ਦੋਵੇਂ ਲਾਚਾਰ ਖੜ੍ਹੇ ਇੱਕ ਦੂਜੇ ਵੱਲ ਵੇਖ ਰਹੇ ਸਨ ਅਤੇ ਬੱਚਿਆਂ ਨੂੰ ਆਪਣਾ ਪ੍ਰੋਜੈਕਟ ਡੁੱਬਦਾ ਨਜ਼ਰ ਆ ਰਿਹਾ ਸੀ। ਘਰ ਦੇ ਵਿੱਚ ਹਰ ਪਾਸੇ ਛਨਾਟਾ ਤੇ ਇੱਕ ਅਜੀਬ ਜਿਹੀ ਚੁੱਪ ਪਸਰੀ ਸੀ। ਭਾਬੀ ਦੇ ਚਿਹਰਿਆਂ ਤੇ ਹਲਕੀ ਜਿਹੀ ਮੁਸਕਾਨ ਸੀ।

ਰਣਬੀਰ ਸਿੰਘ ਪ੍ਰਿੰਸ
ਆਫ਼ਿਸਰ ਕਾਲੋਨੀ ਸੰਗਰੂਰ
148001
9872299613

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿਹਰਾ
Next articleਅਸਲੀ ਵਾਤਾਵਰਣ ਪ੍ਰੇਮੀ