ਪੁਸਤਕ ਦਾ ਨਾਂ : ਬੁਖਾਰੀ (ਨਾਵਲ)
ਲੇਖਕ ਦਾ ਨਾਂ : ਸਯਾਮਲ ਭੱਟਾਚਾਰੀਆ ਅਨੁ : ਪ੍ਰੋਮਿਲਾ ਅਰੋੜਾ
ਪੰਨੇ : 219ਕੀਮਤ : 500/- ਰੁਪਏ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼ ਨਵੀਂ ਦਿੱਲੀ।
ਫੌਜੀਆਂ ਦੀ ਸੰਘਰਸ਼ਮਈ ਜ਼ਿੰਦਗੀ ਦਰਸਾਉਂਦਾ ਨਾਵਲ ਬੁਖ਼ਾਰੀ’
– ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਕੋਈ ਵੀ ਭਾਸ਼ਾ ਸਾਡੇ ਵਿੱਚ ਮਿੱਤਰਤਾ ਪੈਦਾ ਕਰਦੀ ਹੈ। ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਲਿਖਣਾ ਭਾਵ ਅਨੁਵਾਦ ਕਰਨਾ ਜਾਂ ਪੜ੍ਹਨਾ ਸਾਨੂੰ ਉਹਨਾਂ ਇਕ ਦੂਜੇ ਦੇ ਨੇੜੇ ਲੈ ਕੇ ਆਉਂਦਾ ਹੈ। ਇਕ ਦੂਜੇ ਨੇੜੇ ਤੋਂ ਜਾਣਨ ਵਿਚ ਸਹਾਈ ਹੁੰਦਾ ਹੈ।
ਰਿਟਾਇਰਡ ਪ੍ਰਿੰਸੀਪਲ ਪ੍ਰੋਮਿਲਾ ਦੇਵੀ ਅਰੋੜਾ ਲੇਖਕਾਂ ਦੇ ਖੇਤਰ ਵਿੱਚ ਕੋਈ ਅਨਜਾਣ ਸਾਹਿਤਕ ਹਸਤੀ ਨਹੀਂ ਹੈ। ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਤਿੰਨਾਂ ਭਾਸ਼ਾਵਾਂ ਦੀ ਗਿਆਤਾ ਹੈ ਅਤੇ ਤਿੰਨਾਂ ਭਾਸ਼ਾਵਾਂ ਦੀ ਲੇਖਿਕਾ ਹੈ। ਇਸ ਨੇ ਯੂੰ ਭੀ ਹੋਤਾ ਹੈ ਕਾਵਿ ਸੰਗ੍ਰਹਿ, ਹਿੰਦੀ ਸਿਨੇਮਾ ਕੀ ਭੂਲੀ ਵਿਸਾਰੀ ਵਿਭੁਤੀਆਂ ਤੋਂ ਇਲਾਵਾ ਕਈ ਪੁਸਤਕਾਂ ਦਾ ਅਨੁਵਾਦ ਵੀ ਕੀਤਾ ਹੈ। ਕਈ ਸੰਸਥਾਵਾਂ ਦੀ ਪ੍ਰਤੀਨਿਧ ਵੀ ਹੈ। ਹੁਣ ਉਸ ਨੇ ਗਲੇਸ਼ੀਅਰ ਯੁੱਧ ਤੇ ਅਧਾਰਿਤ ਇਕ ਬੰਗਾਲੀ ਨਾਵਲ ਬੁਖ਼ਾਰੀ ਦਾ ਪੰਜਾਬੀ ਭਾਸ਼ਾ ਵਿੱਚ ਤਜ਼ਰਮਾ ਕੀਤਾ ਹੈ।
ਨਾਵਲ ਬੁਖ਼ਾਰੀ ਨੂੰ ਵਾਚਦਿਆਂ ਧਿਆਨ ਵਿੱਚ ਆਇਆ ਕਿ ਇਹ ਨਾਵਲ 1984 ਤੋਂ ਜੰਮੂ ਕਸ਼ਮੀਰ ਵਿਚ ਚੱਲ ਰਹੇ ਅਨ ਐਲਾਨੇ ਯੁੱਧ ਤੇ ਅਧਾਰਿਤ ਹੈ। ਇਸ ਨਾਵਲ ਦਾ ਮੂਲ ਲੇਖਕ ਸਯਾਮਲ ਭੱਟਾਚਾਰੀਆ ਹੈ। ਨਾਵਲ ਬਰਫੀਲੇ ਇਲਾਕੇ ਵਿਚ ਸੁਰੱਖਿਆ ਫੋਰਸਾਂ ਵੱਲੋਂ ਕੀਤੇ ਜਾ ਰਹੇ ਅਭਿਆਨ ਦੀ ਗਾਥਾ ਹੈ। ਉਹਨਾਂ ਨੂੰ ਉਥੇ ਕੀ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਦਾ ਬਾ ਖੂਬੀ ਵਰਨਣ ਮਿਲਦਾ ਹੈ। ਇਸ ਨਾਵਲ ਦੇ ਅਠਾਈ ਭਾਗ ਬਣਾਏ ਗਏ ਹਨ ਤੇ ਹਰੇਕ ਭਾਗ ਨੂੰ ਕਰਮ ਅੰਕ ਦੇਣ ਦੀ ਬਜਾਏ ਸਿਰਲੇਖ ਕੀਤਾ ਗਿਆ ਹੈ। ਇਸ ਨਾਵਲ ਦਾ ਨਾਇਕ ਆਲੋਕ ਮਿੱਤਰ ਹੈ ਜਿਹੜਾ ਨਵਾਂ ਨਵਾਂ ਹਵਾ ਬਾਜ਼ੀ ਦੀ ਟ੍ਰੇਨਿੰਗ ਲੈ ਰਿਹਾ ਹੈ। ਬੁਖ਼ਾਰੀ ਇਸ ਉਸ ਵਸਤੂ ਦਾ ਨਾਂ ਹੈ ਜਿਸ ਵਿੱਚ ਅੱਗ ਬਾਲ ਕੇ ਸੇਕਿਆ ਜਾਂਦਾ ਹੈ। ਪਹਾੜੀ ਇਲਾਕੇ ਜੰਮੂ ਕਸ਼ਮੀਰ ਵਿਚ ਇਸ ਨੂੰ ਕਾਂਗੜੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ।
ਕਿਹੜੀ ਮਿੱਟੀ ਦੀ ਬਣੀ ਹੈ ਚਿੜੀਏ! ਨਾਵਲ ਦਾ ਪਹਿਲਾ ਭਾਗ ਹੈ। ਜਿਸ ਵਿਚ ਫੌਜੀਆਂ ਦੇ ਜੀਵਨ, ਸੋਚ ਅਤੇ ਭਾਵਨਾਵਾਂ ਨੂੰ ਬਿਆਨ ਕੀਤਾ ਗਿਆ ਹੈ। ਇਸ ਕਠਿਨ ਜੀਵਨ ਵਿਚ ਸਹਿਜਤਾ ਲਿਆਉਣ ਲਈ ਕੀਤਾ ਜਾਂਦਾ ਮਨੋਰੰਜਕ ਪ੍ਰੋਗਰਾਮ ਉਹਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਸ ਪ੍ਰੋਗਰਾਮ ਵਿੱਚ ਸ਼ਿਅਰ, ਗੀਤ ਆਦਿ ਨਾਲ ਮਨਪ੍ਰਚਾਵਾ ਹੁੰਦਾ ਹੈ। ਇਸ ਕਾਂਡ ਵਿਚ ਜਿਥੇ ਨਵੇਂ ਸਾਲ ਦਾ ਜਸ਼ਨ ਮਨਾਉਣ ਦਾ ਉਪਰਾਲਾ ਕੀਤਾ ਹੈ ਉਥੇ ਆਲੋਕ ਦਾ ਸਹਿ ਕਰਮੀ ਵਿਨੋਦ ਦੇ ਅੱਗ ਵਿਚ ਝੁਲਸਣ ਦੀ ਤ੍ਰਾਸਦੀ ਵੀ ਹੈ। ਆਲੋਕ ਜਿੱਥੇ ਪਹਾੜਾਂ ਵਿੱਚ ਲੜਾਈ ਬਾਰੇ ਸੋਚਦਾ ਹੈ ਓਧਰ ਉਸ ਨੂੰ ਦੋ ਇੱਲਾਂ ਅਤੇ ਕੋਇਲ ਦੀ ਰਲੀ ਮਿਲੀ ਆਵਾਜ਼ ਪ੍ਰੇਸ਼ਾਨ ਕਰਦੀ ਹੈ। ਪਰਿਵਾਰ ਤੋਂ ਦੂਰ ਰਹਿਣ ਦੀ ਇਕੱਲਤਾ ਵੀ ਪ੍ਰਭਾਵਿਤ ਕਰਦੀ ਹੈ। ਇਸ ਤਰ੍ਹਾਂ ਗਲੇਸ਼ੀਅਰ ਵਿਚ ਆਗਜਨੀ, ਸਟੀਲ ਦੀ ਚਿੜੀ, ਪੁਲ ਦੀ ਕਹਾਣੀ ਅਤੇ ਡੋਂਗਲ ਦੀ ਭਾਵੁਕਤਾ ਬਾਰੇ ਜਾਣਕਾਰੀ ਮਿਲਦੀ ਹੈ।
ਅੱਗ ਨਾਲ ਝੁਲਸੇ ਵਿਨੋਦ ਦੀ ਮੌਤ ਦਰਦਨਾਕ ਮੰਜ਼ਰ ਪੇਸ਼ ਕਰਦੀ ਹੈ। ਨਵੇਂ ਦੋ ਮਹੀਨੇ ਪਹਿਲਾਂ ਵਿਆਹੇ ਇਸ ਫੌਜੀ ਦੀ ਪਤਨੀ ਗਰਭਵਤੀ ਹੈ ਜਿਸ ਦੇ ਕੁਝ ਦਿਨਾਂ ਵਿਚ ਮਾਂ ਬਣਨ ਦੀ ਗੱਲ ਆਖੀ ਗਈ ਹੈ। ਇਹ ਵੀ ਇਕ ਸਵਾਲ ਖੜ੍ਹਾ ਕਰਦੀ ਹੈ। ਅਭਿਸਾਰ ਵਿਚ ਉਹਨਾਂ ਤਿੰਨ ਕੁੜੀਆਂ ਦੀ ਗੱਲ ਵੀ ਰੌਚਕਤਾ ਪੈਦਾ ਕਰਦੀ ਹੈ ਜਿਸ ਵਿਚੋਂ ਆਲੋਕ ਨੂੰ ਇਕ ਕੁੜੀ ਸੁਨਿਗਧਾ ਵਰਗੀ ਜਾਪਦੀ ਹੈ।
ਬਰਫੀਲੇ ਇਲਾਕੇ ਵਿੱਚ ਹਰ ਸ਼ਾਮ ਰਮ ਦੀ ਮੰਗ ਵਧਦੀ ਹੈ। ਇਕ ਦਿਨ ਆਕਾਸ਼ ਸਾਫ ਦੇਖ ਕੇ ਰਨਵੇ ਤੋਂ ਬਰਫ ਹਟਾਉਣ ਤੇ ਖੁਸ਼ੀ ਜਾਹਰ ਕੀਤੀ ਜਾਂਦੀ ਹੈ ਪਰ ਆਲੋਕ ਤਾਂ ਆਪਣੀਆਂ ਸੋਚਾਂ ਵਿਚ ਡੁੱਬਾ ਕਦੇ ਆਪਣੀ ਪਤਨੀ ਅੰਤਰਾ ਅਤੇ ਕਦੇ ਬੇਟੀ ਤੋੜਾ ਬਾਰੇ ਸੋਚਦਾ ਹੈ। ਹੁਣ ਉਹ ਦੂਰਦਰਸ਼ਨ ਦੇ ਚਲਦੇ ਮਨੋਰੰਜਕ ਪ੍ਰੋਗਰਾਮਾਂ ਦੀ ਥਾਂ ਖਬਰਾਂ ਹੀ ਸੁਣਦਾ ਹੈ। ਉਹ ਮੰਤਰੀਆਂ ਦੀ ਨਕਲੀ ਮੁਸਕੁਰਾਹਟ, ਪਾਕਿਸਤਾਨ ਦੀ ਨਿੰਦਾ, ਅਮਰੀਕਾ ਦੇ ਰਾਜਦੂਤ ਨੇ ਕੀ ਕਿਹਾ, ਦਹਿਸ਼ਤਵਾਦੀ ਪੁਲਿਸ, ਦੇਸ਼ ਦੇ ਵੱਖੋ ਵੱਖਰੇ ਇਲਾਕਿਆਂ ਵਿਚ ਮਿਲਟਰੀ ਰੇਡਾਂ ਬਾਰੇ ਜਾਣਕਾਰੀ ਹਾਸਲ ਕਰਦਾ ਹੈ। ਸ਼ਿਮਲਾ ਪਹਾੜ ਪਾਰ ਕਰਕੇ ਚੰਡੀਗੜ੍ਹ ਆ ਕੇ ਸ਼ਾਂਤੀ ਮਹਿਸੂਸ ਕਰਦਾ ਹੈ। ਐੱਸ ਟੀ ਡੀ ਤੋਂ ਕਾਲ ਨਾ ਮਿਲਣ ਤੇ ਸੋਚਦਾ ਹੈ ਕਿ ਟੈਲੀਫੋਨ ਨੰਬਰ ਬਦਲ ਗਏ ਹਨ ਜਾਂ ਐੱਸ ਟੀ ਡੀ ਕੋਡ ਬਦਲ ਗਏ ਹਨ।
ਨਾਵਲ ਦੇ ਅਖੀਰਲੇ ਭਾਗ ਵਿੱਚ ਪਹਿਲਾ ਭਾਗ ਵਿਚ ਲਗੀ ਅੱਗ ਬਾਰੇ ਕੋਰਟ ਆਫ ਇਨਕੁਆਇਰੀ ਵਿਚ ਦੱਸਿਆ ਗਿਆ ਕਿ ਫੌਜੀਆਂ ਦਾ ਉਪਰਾਮ ਹੋਣਾ ਹੀ ਅੱਗ ਲੱਗਣ ਦਾ ਮੂਲ ਕਾਰਨ ਸੀ, ਫੌਜੀਆਂ ਨੂੰ ਹੋਰ ਚੌਕਨੇ ਹੋਣਾ ਚਾਹੀਦਾ ਹੈ। ਤੰਬੂ ਵਿੱਚ ਘੱਟੋ ਘੱਟ ਇੱਕ ਜਨਰਲ ਅੱਗ ਬੁਝਾਊ ਯੰਤਰ ਰਹਿਣਾ ਚਾਹੀਦਾ ਹੈ। ਆਲੋਕ ਮਨ ਹੀ ਮਨ ਸੋਚਦਾ ਅੱਗ ਬੁਝਾਊ ਯੰਤਰ ਤਾਂ ਬਾਹਰਲੀ ਅੱਗ ਬੁਝਾ ਸਕਦਾ ਹੈ ਪਰ ਅੰਦਰ ਲਗੀ ਅੱਗ? ਅਜਿਹੇ ਹਾਲਾਤਾਂ ਵਿੱਚ ਇੰਤਜ਼ਾਰ ਵਿਚ ਦਿਨ ਗਿਣਦੀਆਂ ਹਨ ਅੰਤਰਾ ਅਤੇ ਯੁੱਧ ‘ਚ ਲਗੇ ਅਣਗਿਣਤ ਫੌਜੀਆਂ ਦੀਆਂ ਵਹੁਟੀਆਂ। ਇੰਤਜ਼ਾਰ ਕਰਦੀਆਂ ਹਨ ਮਾਵਾਂ ਕਦੋਂ ਉਹਨਾਂ ਦੇ ਪੁੱਤ ਵਾਪਸ ਆਉਣਗੇ। ਬੁਖ਼ਾਰੀ ਨੂੰ ਰਾਖਸ਼ੀ ਆਕਾਰ ਗਰਦਾਨਿਆ ਗਿਆ ਹੈ ਜਿਹੜਾ ਪਲ ਵਿੱਚ ਹੀ ਬਰਫੀਲੇ ਤੂਫਾਨ ਨੂੰ ਨਿਗਲ ਜਾਂਦਾ ਹੈ।
ਇਸ ਨਾਵਲ ਦੇ ਹੋਰ ਭਾਗ ਜਿਹਨਾਂ ਵਿਚ ਮਾਂ ਮੈਂ ਨਾਮ ਲਿਖਵਾ ਦੇਵਾਂਗਾ, ਦੋ ਹੰਸਾਂ ਦਾ ਜੋੜ ਵਿਛੜ ਗਿਓ ਰੇ, ਅਲੌਕਿਕ ਚਿੜੀਏ, ਗਲੇਸ਼ੀਅਰ ਚੂਹੇ ਦੀ ਕਹਾਣੀ, ਚਿੱਠੀ ਆਈ ਹੈ, ਅੱਗੇ ਚੂਹਾ ਪਿੱਛੇ ਬਿੱਲੀ ਆਦਿ ਸ਼ਾਮਲ ਹਨ, ਵਧੀਆ ਆਧਾਰ ਸਥਾਪਤ ਕਰਦੇ ਹਨ। ਨਾਵਲ ਦੀ ਸ਼ੈਲੀ ਅਤੇ ਵਿਸ਼ਾ ਚੰਗਾ ਹੈ ਪਰ ਇਸ ਵਿਚਲੇ ਕੁਝ ਸ਼ਬਦ ਆਮ ਪਾਠਕਾਂ ਦੀ ਪਕੜ ਵਿੱਚ ਆਉਣੇ ਔਖੇ ਜਾਪਦੇ ਹਨ ਅਤੇ ਪੁਸਤਕ ਦੀ ਪਰੂਫ ਰਾਈਡਿੰਗ ਵਿਚ ਘਾਟ ਮਹਿਸੂਸ ਹੋਈ। ਪੁਸਤਕ ਦੇ ਟਾਈਟਲ ਵਿਚ ਪੁਸਤਕ ਦਾ ਅਤੇ ਲੇਖਕ ਦੇ ਨਾਮ ਵਿਚ ਬਹੁਤ ਵੱਡੀ ਗਲਤੀ ਦਿਸਦੀ ਹੈ। ਇਸ ਨਾਵਲ ਨੂੰ ਅਨੁਵਾਦਿਕ ਪ੍ਰੋਮਿਲਾ ਅਰੋੜਾ ਨੇ ਬੜੀ ਮਿਹਨਤ ਨਾਲ ਸਿਰਜਿਆ ਹੈ ਅਤੇ ਬਰਨਾਲੇ ਦੇ ਮਾਣ ਸਵਰਗੀ ਰਾਮ ਸਰੂਪ ਅਣਖੀ ਅਤੇ ਉਹਨਾਂ ਦੀ ਸਵਰਗਵਾਸੀ ਪਤਨੀ ਸ਼ੋਭਾ ਅਣਖੀ ਨੂੰ ਸਮਰਪਿਤ ਕੀਤਾ ਹੈ। ਇਸ ਨਾਵਲ ਨੂੰ ਖ਼ੁਸ਼ ਆਮਦੀਦ ਆਖਣਾ ਬਣਦਾ ਹੈ। ਸਾਹਿਤਕ ਖੇਤਰ ਵਿੱਚ ਇਸ ਦਾ ਸਵਾਗਤ ਹੈ।
ਸਾਬਕਾ ਏ.ਐਸ. ਪੀ ਨੈਸ਼ਨਲ ਐਵਾਰਡੀ
ਸੰਪਰਕ ਨੰ : 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



