(ਸਮਾਜ ਵੀਕਲੀ)
ਗਲਤ ਨਹੀਂ ਹਾਂ, ਬਸ ਨੇਹੁ ਕੁਥਾਹੀਂ ਲੱਗ ਗਿਆ,
ਜ਼ਿੰਦਗੀ ਦੀ ਕਹਾਣੀ ‘ਚ, ਬਾਗ਼ੀ ਰੋਲ਼ ਹਾਂ ਕੋਈ ।
ਤਹਿਜ਼ੀਬ ਦੀਆਂ ਖੁੰਭਾਂ ਮਧੋਲ਼ਦਿਆਂ, ਤਰਸ ਆਇਆ,
ਪਰ ਵਕਤ ਦੇ ਪਹੀਏ ਦਾ ਪੁਰਜਾ ਹਾਂ, ਲੋੜ ਹਾਂ ਕੋਈ ।
ਮੈਂ ਦੋ ਪੀੜ੍ਹੀਆਂ ਦੀ ਭੀੜ ‘ਚ ਆਇਆ, ਖ਼ਿਆਲ ਹਾਂ,
ਨਵਿਆਂ ਦਾ ਹੌਸਲਾ, ਪੁਰਾਣਿਆਂ ਦਾ ਹੌਲ ਹਾਂ ਕੋਈ ।
ਪਿਛਲੀ ਸਦੀ ਦੇ ਕੰਢੇ ਖੜ੍ਹੇ ਲੋਕਾਂ ਨੂੰ ਬਹੁਤ ਉਡੀਕਿਆ,
ਆਖਿਰ ਮੈਂ ਵੀ ਤੁਰਨਾ ਸੀ, ਜ਼ਿੰਦਗੀ ਦੌੜ ਹੈ ਕੋਈ।
ਕਿਸੇ ਦੱਬੇ-ਕੁਚਲੇ ਦੀ ਸਾਰੀ ਉਮਰ ਦੀ ਚੁੱਪ ਦਾ ਹੀ,
ਸਹਿਜ ਭਰਿਆ, ਆਕੀ ਜਿਹਾ ਬੋਲ ਹਾਂ ਕੋਈ ।
ਉਹਨਾਂ ਦੀਆਂ ਗੱਲਾਂ ਤੋਂ ਪਹਿਲਾਂ, ਮੇਰੀ ਚੁੱਪ ਸੁਣੀ ਹੁੰਦੀ,
ਪਤਾ ਲੱਗਦਾ, ਦਰਾਵੜ ਹਾਂ ਜਾਂ ਮੰਗੋਲ ਹਾਂ ਕੋਈ ।
ਘਰਾਂ ਨੂੰ ਵਾਪਿਸ ਲੈ ਜਾਓ, ਮਨਘੜਤ ਤਖ਼ਤੀਆਂ,
ਮੇਰੇ ਕਿਸ ਖੂੰਜੇ ‘ਤੇ ਟੰਗੋਗੇ, ਹਸਤੀ ਗੋਲ਼ ਹਾਂ ਕੋਈ ।
ਜਿਨ੍ਹਾਂ ਦੀ ਗੋਦ ‘ਚ ਸਿਰ ਹੈ ਮੇਰਾ, ਓਹੀ ਦੱਸ ਸਕਦੇ ਨੇ,
ਝੋਲ਼ੀ ਹਾਂ ਜਾਂ ਝੋਲ਼ੀ ‘ਚ ਬੱਟਿਆਂ ਦੀ ਝੋਲ਼ ਹਾਂ ਕੋਈ ।
ਪਰੰਪਰਾ ਡਰਾ ਕੇ ਕਹਿੰਦੀ ਹੈ, “ਚੁੱਪ ਰਿਹਾ ਕਰ ਤੂੰ”,
ਉਸ ਕੁਲੱਖਣੀ ਨੂੰ ਪਤਾ ਹੈ, ਉਸਦੀ ਪੋਲ ਹਾਂ ਕੋਈ ।
ਨਿਆਜ਼ ਹਾਂ, ਭੇਟ ਹੋਜਾਂਗਾ ਕਿਸੇ ਵੱਡੇ ਮੱਥੇ ਵਾਲ਼ੇ ਨੂੰ,
ਨਾ ਸਮਝੀਂ, ਕਿਸੇ ਛੋਟੇ ਹੱਥਾਂ ਦਾ ਮਖੌਲ ਹਾਂ ਕੋਈ ।
ਨਿਆਜ਼
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly