(ਸਮਾਜ ਵੀਕਲੀ)-ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਦੁਨੀਆਂ ਦੇ ਸਭ ਤੋਂ ਵੱਡੇ ਲਿਖਤੀ ਸੰਵਿਧਾਨ ਦਾ ਨਿਰਮਾਣ ਕਰਨ ਵਾਲੇ ‘ਭਾਰਤੀ ਸੰਵਿਧਾਨ ਦੇ ਪਿਤਾਮਾ’ ਭੀਮ ਰਾਓ ਅੰਬੇਦਕਰ ਜੀ ਭਾਰਤੀ ਨਾਗਰਿਕ ਸਨ। ਅੱਜ ਉਹ ਪੂਰੀ ਦੁਨੀਆਂ ਲਈ ਗਿਆਨ ਦੇ ਸੂਚਕ ਬਣ ਚੁੱਕੇ ਹਨ। ਵਿਸ਼ਵ ਦੇ ਬੁੱਧੀਜੀਵੀਆਂ ਵਿਚ ਉਹਨਾਂ ਦੀ ਇਕ ਨਿਵੇਕਲੀ ਪਹਿਚਾਣ ਹੈ। ਉਹਨਾਂ ਦੀ ਸ਼ਖਸੀਅਤ ਹਰ ਉਸ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ ਜੋ ਗਿਆਨ ਹਾਸਲ ਕਰਨਾ ਚਾਹੁੰਦੇ ਹਨ।
ਬਚਪਨ ਵਿਚ ਸਕੂਲੀ ਸਿੱਖਿਆ ਦੌਰਾਨ ਉਹਨਾਂ ਨੇ ਆਪਣੇ ਅਧਿਆਪਕਾਂ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਬਿਰਤੀ ਕਰਕੇ ਪ੍ਰਭਾਵਿਤ ਕੀਤਾ। ਫਿਰ ਉਚੇਰੀ ਵਿੱਦਿਆ ਪ੍ਰਾਪਤੀ ਲਈ ਸਮੇਂ ਦੇ ਹਾਕਮ ਮਹਾਰਾਸ਼ਟਰ ਦੇ ਮਹਾਰਾਜਾ ਗਾਇਕਵਾੜ ਨੂੰ ਆਪਣੀ ਵਿਲੱਖਣ ਤੀਖਣ ਬੁੱਧੀ ਨਾਲ਼ ਪ੍ਰਭਾਵਿਤ ਕਰਕੇ ਆਰਥਿਕ ਵਜ਼ੀਫਾ ਪ੍ਰਾਪਤ ਕਰਕੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਐੱਮ. ਏ. ਅਤੇ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕੀਤੀ। ਫਿਰ 1922 ਈਸਵੀਂ ਵਿਚ ਦੂਜੀ ਪੀ. ਐੱਚ. ਡੀ. ਦੀ ਡਿਗਰੀ ਕਾਨੂੰਨ ਵਿਸ਼ੇ ਵਿਚ ਹਾਸਲ ਕੀਤੀ। ਆਪਣੀ ਯੋਗਤਾ ਨਾਲ਼ ਹੀ ਆਪ ਨੇ ਫ਼ੌਜ ਵਿਚ ਮਿਲਟਰੀ ਸਕੱਤਰ ਅਹੁਦੇ ‘ਤੇ ਨੌਕਰੀ ਹਾਸਲ ਕੀਤੀ। ਆਪ ਅਜ਼ਾਦ ਭਾਰਤ ਵਿਚ ਵੀ 1952 ਰਾਜ-ਸਭਾ ਦੇ ਮੈਂਬਰ ਵਜੋਂ ਆਪਣੇ ਜੀਵਨ ਦੇ ਅੰਤਿਮ ਸਮੇਂ ਤੱਕ ਆਪਣੇ ਪਦ ਤੇ ਨਿਯੁਕਤ ਰਹੇ।
ਗਿਆਨ ਦੇ ਇਸ ਸੋਮੇ ਨੂੰ ਪਰ ਬਚਪਨ ਤੋਂ ਹੀ ਜਾਤ-ਪਾਤ ਅਤੇ ਛੂਤ-ਛਾਤ ਦਾ ਸਾਹਮਣਾ ਕਰਨਾ ਪਿਆ ਸੀ। ਇਸ ਭੇਦ-ਭਾਵ ਨੇ ਆਪ ਨੂੰ ਸਕੂਲ ਵਿਚ ਵੀ ਆਮ ਵਿਦਿਆਰਥੀਆਂ ਤੋਂ ਹੀਣਾ ਮਹਿਸੂਸ ਕਰਵਾਇਆ, ਭਾਵੇਂ ਕਿ ਆਪ ਨੇ ਇਸ ਨੂੰ ਆਪਣੀ ਤਾਕਤ ਵਿਚ ਬਦਲ ਕੇ ਵਿਖਾਇਆ। ਫ਼ੌਜ ਵਿਚ ਮਿਲਟਰੀ ਸਕੱਤਰ ਅਹੁਦੇ ਨੂੰ ਵੀ ਆਪ ਨੇ ਇਸ ਜਾਤੀ ਭੇਦ-ਭਾਵ ਕਾਰਨ ਛੱਡ ਦਿੱਤਾ ਸੀ। ਜ਼ਿੰਦਗੀ ਵਿਚ ਇਸ ਜਾਤੀ ਭੇਦ-ਭਾਵ ਨੇ ਆਪ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਦੇ ਖਾਤਮੇ ਲਈ ਆਪ ਨੇ ਆਮ ਜਨਤਾ ਵਿਚ ਜਾਗਰੂਕਤਾ ਫੈਲਾਉਣ ਲਈ ‘ ਮੂਕ-ਨਾਇਕ ‘ ਅਤੇ ‘ ਬਹਿਸ਼ਕ੍ਰਿਤ ਭਾਰਤ ‘ ਨਾਮ ਦੇ ਦੋ ਹਫ਼ਤਾਵਾਰ ਅਖਬਾਰ ਕੱਢੇ।
ਸਮਾਜ ਵਿਚ ਸਾਰੇ ਲੋਕ ਇੱਕੋ ਜਿਹੇ ਅਤੇ ਇੱਕੋ ਜਿਹੀ ਵਿਚਾਰਧਾਰਾ ਦੇ ਨਹੀਂ ਹੁੰਦੇ। ਇਸ ਨਾਸ਼ਵਾਨ ਸੰਸਾਰ ਅੰਦਰ ਹਰ ਚੀਜ਼ ਅਤੇ ਵਿਚਾਰਧਾਰਾ ਦੇ ਵਿਰੋਧੀ ਵੀ ਹਨ। ਜਿੱਥੇ ਕੁਝ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੇ ਆਪ ਨਾਲ਼ ਜਾਤੀ ਭੇਦ-ਭਾਵ ਕੀਤਾ ਉੱਥੇ ਲਿਆਕਤ ਦੇ ਕਦਰਦਾਨਾਂ ਨੇ ਆਪ ਜੀ ਦੀ ਲਿਆਕਤ ਦਾ ਲੋਹਾ ਵੀ ਮੰਨਿਆ। ਆਪ ਅਜ਼ਾਦ ਭਾਰਤ ਦੇ ਕਾਨੂੰਨ ਮੰਤਰੀ ਬਣੇ। ਅਜ਼ਾਦ ਭਾਰਤ ਦਾ ਸੰਵਿਧਾਨ ਲਿਖਣ ਵਾਲੀ ਕਮੇਟੀ ਦੇ ਚੇਅਰਮੈਨ ਵਜੋਂ ਆਪ ਜੀ ਦੀ ਨਿਯੁਕਤੀ ਕੀਤੀ ਗਈ। ਆਪ ਨੇ ਸੰਵਿਧਾਨ ਲਿਖਣ ਦਾ ਕੰਮ ਬੜੀ ਸੰਪੂਰਨਤਾ ਨਾਲ਼ 2 ਸਾਲ, 11 ਮਹੀਨੇ, 18 ਦਿਨਾਂ ਵਿਚ ਨੇਪਰੇ ਚਾੜ੍ਹਿਆ। ਅੰਤ 26 ਜਨਵਰੀ, 1950 ਨੂੰ ਇਹ ਸੰਵਿਧਾਨ ਭਾਰਤ ਵਿਚ ਲਾਗੂ ਕਰ ਦਿੱਤਾ ਗਿਆ। ਇਸ ਸੰਵਿਧਾਨ ਦੀ ਸਥਾਪਨਾ ਕਰਨ ਤੱਕ ਆਪ ਨੇ 60 ਦੇਸਾਂ ਦੇ ਸੰਵਿਧਾਨ ਨੂੰ ਵਾਚਿਆ। ਆਪ ਦੀ 100ਵੀਂ ਜਨਮ ਸ਼ਤਾਬਦੀ ਸਮੇਂ ਭਾਰਤ ਸਰਕਾਰ ਵੱਲੋਂ ਆਪ ਜੀ ਦੇ ਸਨਮਾਨ ਵਜੋਂ ਭਾਰਤ ਦਾ ਸਭ ਤੋ ਵੱਡਾ ਪੁਰਸਕਾਰ ‘ਭਾਰਤ-ਰਤਨ’ ਦੇ ਕੇ ਆਪ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਗਿਆਨ ਦੀ ਇਸ ਮੂਰਤੀ ਨੇ ਆਪਣੇ ਜੀਵਨ ਵਿਚ ਸਮਾਜ ਵਿੱਚੋਂ ਜਾਤੀ ਭੇਦ-ਭਾਵ ਨੂੰ ਖਤਮ ਕਰਨ ਲਈ ਬਹੁਤ ਸੰਘਰਸ਼ ਕੀਤਾ ਪਰ ਅੱਜ ਤੱਕ ਵੀ ਅਸੀਂ ਇਸ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕੇ। ਅੱਜ ਵੀ ਕੁਝ ਕੁ ਛੋਟੀ ਸੋਚ ਦੇ ਲੋਕਾਂ ਵੱਲੋਂ ਆਪ ਨੂੰ ਦਲਿਤਾਂ ਦੇ ਮਸੀਹਾ ਵਜੋਂ ਹੀ ਪੇਸ਼ ਕੀਤਾ ਜਾ ਰਿਹਾ ਹੈ, ਜਦ ਕਿ ਆਪ ਹਰ ਉਸ ਵਿਅਕਤੀ ਲਈ ਮਸੀਹਾ ਹਨ ਜੋ ਇਨਸਾਫ ਅਤੇ ਮਾਨਵਤਾ ਲਈ ਲੜਦੇ ਹਨ ਅਤੇ ਇਕ ਮਸ਼ਾਲ ਦਾ ਕੰਮ ਕਰਦੇ ਹਨ। ਆਓ ਉਹਨਾਂ ਦੇ ਪੂਰਨਿਆਂ ‘ਤੇ ਚੱਲ ਕੇ ਅਸੀਂ ਵੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰੀਏ!
ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly