(ਸਮਾਜ ਵੀਕਲੀ)
ਸੂਰਜ ਚੜ੍ਹਦੇ ਛਿਪ ਜਾਂਦੇ ਨੇ,
ਰਾਤ ਆਈ ਤੋਂ ਲਿਸ਼ਕਣ ਤਾਰੇ।
ਕੋਈ ਵੱਡਾ ਕੋਈ ਛੋਟਾ ਦਿਸਦਾ,
ਕਈ ਨੇੜੇ ਕਈ ਦੂਰ ਨੇ ਤਾਰੇ।
ਚੰਨ ਚਮਕੇ ਤਾਂ ਘੱਟ ਦਿਖਦੇ ਨੇ,
ਰਾਤ ਕਾਲੀ ਵਿਚ ਚਮਕਣ ਤਾਰੇ।
ਚੰਨ ਚਾਨਣੀ ਤਾਰਿਆਂ ਦੀ ਲੋਅ,
ਜਗਮਗ ਕਰਦੇ ਲੱਗਣ ਪਿਆਰੇ।
ਅੱਜ ਇਥੇ ਕੱਲ੍ਹ ਉਥੇ ਦਿਖਦੇ,
ਥਾਂ ਆਪਣੀ ਨਿੱਤ ਬਦਲਣ ਤਾਰੇ।
ਵਿੱਚ ਅਕਾਸ਼ ਦੇ ਘੁੰਮਦੇ ਫਿਰਦੇ,
ਕਈ ਲੰਡੇ ਕਈ ਪੂਛਲ ਤਾਰੇ।
ਮੰਗਲ ਸ਼ੁੱਕਰ ਬੁੱਧ ਬ੍ਰਹਿਸਪਤੀ
ਅਰੁਣ ਵਰੁਣ ਯਮ ਸ਼ਨੀ ਨੇ ਤਾਰੇ।
ਕਈ ਤਾਰਿਆਂ ਦੇ ਹੋਰ ਵੀ ਨਾਂ ਨੇ,
ਖਰਬਾਂ ਉਂਝ ਬੇਨਾਮ ਵੀ ਤਾਰੇ।
ਅੰਬਰ ਦੀ ਥਾਲੀ ਦੇ ਅੰਦਰ,
ਪੈਂਦੇ ਨੇ ਦੂਰੋਂ ਲਿਸ਼ਕਾਰੇ।
ਸੁੱਚੇ ਮੋਤੀਆਂ ਵਾਂਗੂੰ ਚਮਕਣ,
ਕਰਦੇ ਪੇਸ਼ ਅਜ਼ੀਬ ਨਜ਼ਾਰੇ।
ਜਲ ਥਲ ਵਿੱਚ ਜੇ ਭਟਕਣ ਪਾਂਧੀ,
ਚਾਨਣ ਦੇ ਇਹ ਬਣਨ ਮੁਨਾਰੇ।
ਦੁਨੀਆਂ ਲਈ ਰਹੱਸ ਬਣੇ ਕਈ,
ਗਗਨ ਗੰਗਾ ਦੀ ਅੱਖ ਦੇ ਤਾਰੇ।
ਜੇਬ ਭਰ ਲਈਏ ਜੀਅ ਕਰਦਾ ਏ,
ਗੋਲ਼ੀਆਂ ਦੀ ਥਾਂ ਖੇਡੀਏ ਤਾਰੇ।
ਸਾਡੀ ਪਹੁੰਚ ਤੋਂ ਦੂਰ ਬੜੇ ਨੇ,
ਨਹੀਂ ਲਿਆਉਂਦੇ ਤੋੜ ਵੀ ਤਾਰੇ।
ਚਾਨਣ ਅੱਜ ਤੱਕ ਧਰਤ ਨਾ ਪਹੁੰਚਿਆ
ਪਤਾ ਨੀ ਕਿੰਨੀ ਦੂਰ ਨੇ ਤਾਰੇ।
ਲੁਕਣ ਮੀਟੀ ਬੱਦਲਾਂ ਵਿਚ ਖੇਡਣ,
ਦਿਸਣ ਕਦੇ ਕਦੇ ਛੁਪਦੇ ਤਾਰੇ।
ਟਿਕੀ ਰਾਤ ਵਿਚ ਬਾਤਾਂ ਪਾਉਂਦੇ,
ਕੁਝ ਸੁਣਦੇ ਕੁਝ ਭਰਨ ਹੁੰਗਾਰੇ।
ਨੂਰ ਵਿਖੇਰਨ ਪ੍ਰੇਮ ਪਿਆਰ ਦਾ,
ਖਿਲਰੇ ਨੇ ਬ੍ਰਹਿਮੰਡ ਵਿੱਚ ਸਾਰੇ।
ਮਾਸਟਰ ਪ੍ਰੇਮ ਸਰੂਪ
ਛਾਜਲੀ ਜ਼ਿਲ੍ਹਾ ਸੰਗਰੂਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly