(ਸਮਾਜ ਵੀਕਲੀ) ਸਤਵਿੰਦਰ ਬੁੱਗਾ ਪੰਜਾਬੀ ਸੰਗੀਤ ਇੰਡਸਟਰੀ ਦਾ ਇੱਕ ਜਾਣਿਆ ਪਹਿਚਾਣਿਆ ਉੱਘਾ ਨਾਂ ਹੈ। ਉੱਚਾ ਲੰਮਾ ਛਾਂਟਵੇਂ ਸਰੀਰ ਵਾਲਾ ਸਤਵਿੰਦਰ ਬੁੱਗਾ ਅੱਜ ਵੀ ਛੈਲ ਛਬੀਲੇ ਗੱਭਰੂਆਂ ਵਾਂਗ ਦਿੱਖ ਪੇਸ਼ ਕਰਦਾ ਹੋਇਆ ਸੰਗੀਤ ਦੇ ਖੇਤਰ ਵਿਚ ਆਪਣੀ ਗਾਇਕੀ ਦੇ ਝੰਡੇ ਨੂੰ ਬਰਦਾਰ ਕਰ ਰਿਹਾ ਹੈ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਨੇੜਲੇ ਪਿੰਡ ਮੁਕਾਰੋਂਪੁਰ ਚ ਜਨਮਿਆਂ ਸਤਵਿੰਦਰ ਬੁੱਗਾ ਜੱਟ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ। ਪਰਿਵਾਰ ਵਿੱਚ ਸਭ ਤੋਂ ਛੋਟਾ ਤੇ ਤਿੰਨ ਭਰਾਵਾਂ ਦਾ ਲਾਡਲਾ ਸਤਵਿੰਦਰ ਬੁੱਗਾ ਅੱਜ ਸੰਗੀਤ ਜਗਤ ਦੇ ਸਰੋਤਿਆਂ ਦਾ ਹਰਮਨ ਪਿਆਰਾ ਬੁੱਗਾ ਬਣਿਆ ਹੋਇਆ ਹੈ। ਗਰੈਜੂਏਏਟਡ ਸਿੱਖਿਆ ਪ੍ਰਾਪਤ ਸਤਵਿੰਦਰ ਬੁੱਗੇ ਦੇ ਚੰਚਲ ਮਨ ਨੂੰ ਬਚਪਨ ਵਿੱਚ ਕੋਠਿਆਂ ਤੇ ਵੱਜਣ ਵਾਲੇ ਸਪੀਕਰਾਂ ਦੇ ਗੀਤਾਂ ਨੇ ਕਲਾਂ ਦਾ ਰੰਗ ਚਾੜਿਆ। ਉਸ ਨੇ ਮਹਰੂਮ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਸੰਗੀਤ ਦੇ ਖੇਤਰ ਵਿਚ ਪ੍ਰਵੇਸ਼ ਕੀਤਾ। ਕੁਲਦੀਪ ਮਾਣਕ ਦੇ ਸਮਕਾਲੀ ਅਤੇ ਸੀਨੀਅਰ ਗਾਇਕਾਂ ਦੀ ਗਾਇਕੀ ਨੇ ਵੀ ਬੁੱਗੇ ਦੇ ਮਨ ਨੂੰ ਲੁਭਾਇਆ । ਪਹਿਲੋਂ ਪਹਿਲ ਸਤਵਿੰਦਰ ਬੁੱਗਾ ਕਾਲਜ਼ ਦੀਆਂ ਸਟੇਜਾਂ ਤੇ ਭੰਗੜੇ ਦੀ ਟੀਮ ਦਾ ਮੋਹਰੀ ਬਣਕੇ ਆਪਣੇ ਸ਼ੋਕ ਪੂਰਦਾ ਰਿਹਾ। ਫਿਰ ਉਸਨੇ ਮਰਹੂਮ ਢੋਲੀ ਦੇਵ ਰਾਜ ਦੀ ਮਿਲੀ ਹੱਲਾਸ਼ੇਰੀ ਤੇ ਪ੍ਰੇਰਣਾ ਸਦਕੇ ਉਸ ਨੇ ਬਤੋਰ ਗਾਇਕ ਵਜੋਂ ਸੰਗੀਤ ਦੇ ਖੇਤਰ ਪ੍ਰਵੇਸ਼ ਕਰਦਿਆਂ ”ਲਾਈਆਂ ਯਾਰਾਂ ਨੇ ਮਹਿਫਲਾਂ” ਨਾਂ ਦੀ ਕੈਸਿਟ ਮਾਰਕੀਟ ਵਿੱਚ ਪੇਸ਼ ਕੀਤੀ। ਫਿਰ ਸਮੇਂ ਦੇ ਠਹਿਰਾਓ ਦੇ ਨਾਲ ਉਸ ਨੇ ਸਿਵੀਆ ਭਰਾਵਾਂ ਸਵਰਗੀਏ ਸਵਰਨ ਸਿਵੀਆ ਤੇ ਕਰਨੈਲ ਸਿਵੀਆ,ਨਿੰਦੀ ਅਤੇ ਰੰਮੀ ਗੋਹੇ ਵਾਲੇ ਦੇ ਲਿਖੇ ਸਾਂਝੇ ਗੀਤਾਂ ਦੀ ਕੈਸਿਟ ”ਤੇਰੀਆਂ ਉਡੀਕਾਂ ” ਸਰੋਤਿਆਂ ਦੀ ਝੋਲੀ ਪਾਈ ਜਿਸਦੇ ਵਿਚਲੇ 32 ਸੰਕਿਟ ਵਾਲੀ ਲੰਮੀ ਹੇਕ ਵਾਲਾ ਗੀਤ ”ਤਵੀਤਾਂ ਵਾਲਾ ਜੱਟ ਮੋਹ ਲਿਆ” ਤੇ ”ਤੂੰ ਨਵੇ ਨਵੇ ਯਾਰ ਚੁਣ ਲੈ” ਉਸ ਦੀ ਗਾਇਕੀ ਦਾ ਰਾਹ ਦੁਸਾਰਾ ਬਣਦੀ ਹੋਈ ਕਾਮਯਾਬ ਹੋਈ । ਸਰੋਤਿਆਂ ਵਲੋ ਮਿਲੇ ਹੁੰਗਾਰੇ ਦੇ ਚਲਦਿਆਂ ਉਸਨੇ ਹੌਸਲੇ ਜਿਹਾ ਕਰਕੇ ਟੀਮ.ਪੀ.ਐਮ.(TPM) ਕੰਪਨੀ ਵਿਚ ਸਿਵੀਆ ਭਰਾਵਾਂ ਦੇ ਲਿਖੇ ਗੀਤਾਂ ਦੀ ਕੈਸਿਟ ”ਵਿਆਹ ਤੋਂ ਪਹਿਲਾਂ” ਮੁੜ ਮਾਰਕੀਟ ਵਿਚ ਦਿੱਤੀ ਜਿਸ ਦੇ ਕਰਨੈਲ ਸਿਵੀਆ ਦੇ ਲਿਖੇ ਵਿਚਲੇ ਗੀਤ ”ਤੈਨੂੰ ਯਾਦ ਨੀਂ ਰਿਹਾ” ਨੇ ਇਸ ਦੀ ਪਹਿਚਾਣ ਕਰਵਾਉਂਦਿਆਂ ਗਾਇਕੀ ਦੀਆਂ ਸਿਖਰਾਂ ਵੱਲ ਤੋਰਿਆ। ਸੰਗੀਤ ਨਾਲ ਜੁੜੀ ਕਲਾ ਦੀ ਪਾਰਖੂ ਸ਼ਖ਼ਸੀਅਤ ਵਿੱਕੀ ਮੋਦੀ ਨੇ ਇਸ ਦੀ ਕਲਾ ਨੂੰ ਪਰਖਦਿਆਂ ਸੰਗੀਤਕ ਸਮਰਾਟ ਜਨਾਬ ਚਰਨਜੀਤ ਆਹੂਜਾ ਨਾਲ ਜਾ ਮਿਲਾਇਆ। ਜਿਸ ਦੇ ਚੱਲਦਿਆਂ ਸੁਰੀਲੀਆਂ ਸੁਰਾਂ ਦੀਆਂ ਧੁੰਨਾਂ ਦੇ ਸੌਦਾਗਰ ਜਨਾਬ ਆਹੂਜਾ ਸਾਹਬ ਨੇ ਇਸ ਨੂੰ ਚਾਰ ਸਾਲਾਂ ਦੀ ਕਰੜੀ ਤੇ ਸਖਤ ਮਿਹਨਤ ਕਰਵਾਉਣ ਤੋਂ ਬਾਅਦ ਇਸ ਨੂੰ ਪ੍ਰਸਿੱਧ ਗਾਇਕਾਂ ਦੀ ਲੜੀ ਵਿਚ ਸ਼ਾਮਲ ਕਰਕੇ ਇੱਕ ਸਾਂਝਾ ਗੁਲਦਸਤਾ ”ਤੇਰਾ ਨੱਚਣਾ ਬੜਾ ਕਮਾਲ” ਕੈਸਿਟ ਰਾਹੀਂ ਮੁੜ ਸੰਗੀਤ ਦੇ ਖੇਤਰ ਵਿਚ ਉਤਾਰਿਆ, ਜਿਸ ਵਿਚ ਵਿਨੋਦ ਸ਼ਾਇਰ ਦਾ ਲਿਖੇ ਗੀਤ ”ਨੀ ਤੂੰ ਵਿਛੜਨ ਵਿਛੜਨ ਕਰਦੀ ਐਂ ਜਦੋਂ ਵਿਛੜੇਗੀ ਪਤਾ ਲੱਗ ਜਾਊਗਾ” ਨੇ ਸੁਪਰ ਹਿੱਟ ਹੋ ਸਫਲਤਾ ਦੇ ਰਿਕਾਰਡ ਤੋੜਦਿਆਂ ਸਤਵਿੰਦਰ ਬੁੱਗਾ ਨੂੰ ਰਾਤੋਂ ਰਾਤ ਸੁਪਰ ਸਟਾਰ ਬਣਾ ਸਮੇਂ ਦੇ ਪ੍ਰਸਿੱਧ ਗਵੱਈਆਂ ਦੀ ਕਤਾਰ ਵਿਚ ਖੜ੍ਹਾ ਕਰ ਉਸਨੂੰ ਉੱਘਾ ਤੇ ਸਥਾਪਤ ਗਾਇਕ ਬਣਾ ਦਿੱਤਾ। ਸਫਲਤਾ ਦੀਆਂ ਬੁਲੰਦੀਆਂ ਨੂੰ ਛੋਹਣ ਤੋਂ ਮਗਰੋਂ ਸਤਵਿੰਦਰ ਬੁੱਗੇ ਨੇ ਇੱਕ ਤੋਂ ਇੱਕ ਸੁਪਰ ਹਿੱਟ ਕੈਸਿਟ ਸਰੋਤਿਆਂ ਦੀ ਝੋਲੀ ਪਾਈ ਜਿਵੇਂ ਕਿ:- ਹਾਏ ਸੋਹਣੀਏ’, ‘ਕੁੜੀ ਪੰਜਾਬਣ ਲੱਗਦੀ ਐ’, ਕਿਤੋਂ ਦਿਲ ਵੀ ,‘ਯਾਰ ਨਾ ਵਿੱਛੜੇ’, ‘ਬੇਦਰਦੇ ਨੀਂ’, ‘ ਸਾਡਾ ਉੱਜੜ ਗਿਆ ਦੱਸ ਕੀ ਹੋਰ, ਏਨੇ ਖ਼ਤ ਲਿਖਦੀ ਨਾ’, ਮਲਟੀ ਐਲਬਮਾਂ ਆਦਿ ਵਿਚਲੇ ਗੀਤ ‘ਵਿੱਛੜਣ-ਵਿੱਛੜਣ ਕਰਦੀ ਏਂ ਜਦੋਂ ਵਿੱਛੜੇਗੀ’, ‘ਅੱਖ ਮਸਤਾਨੀ’,‘ਯਾਰ ਨਾ ਵਿੱਛੜੇ, ਸੱਜਣ ਨਾ ਵਿੱਛੜੇ’, ‘ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ’, ‘ਬੇਦਰਦੇ ਨੀ’, ‘ਇਸ਼ਕ-ਇਸ਼ਕ’, ‘ਛੱਲੇ ਨਾਲ ਜੁਗਨੀ ਅਟੈਚ ਹੋ ਗਈ’, ‘ਤੂਤਾਂ ਵਾਲੀ ਠੰਢੀ-ਠੰਢੀ ਛਾਂ ਦੋਸਤੋ’, ‘ਜਿੰਨੇ ਦੁੱਖ ਸਾਨੂੰ ਤੂੰ ਦਿੱਤੇ ਨੀ ਕੋਈ ਹੋਰ ਹੁੰਦਾ ਤਾਂ ਮਰ ਜਾਂਦਾ, ਕੁੜੀ ਪੰਜਾਬਣ ਲੱਗਦੀ ਏ’ ਆਦਿ ਸੱਭਿਆਚਾਰ ਕੈਸਿਟਾਂ ਤੋਂ ਇਲਾਵਾ ਸਤਵਿੰਦਰ ਬੁੱਗੇ ਨੇ ਕੇਸਰੀ ਝੰਡੇ ਝੂਲਣਗੇ ਤੇ ਮਾਤਾ ਦੀਆਂ ਭੇਟਾਂ ਦੀਆਂ ਧਾਰਮਿਕ ਕੈਸਿਟਾਂ ਵੀ ਕਲਾਂ ਪ੍ਰੇਮੀਆਂ ਦੀ ਝੋਲੀ ਪਾਈਆਂ। ਜੋਂ ਉਸ ਦੀ ਕਲਾਂ ਦੀ ਦਾਸਤਾਂ ਬਿਆਨ ਕਰਦੀਆਂ ਹਨ। ਸਮੇਂ ਦੇ ਬਦਲਾਓ ਨਾਲ ਸੰਗੀਤ ਵਿਚ ਆਈ ਤਬਦੀਲੀ ਦੇ ਬਾਅਦ ਵੀ ਸਤਵਿੰਦਰ ਬੁੱਗੇ ਨੇ ਆਪਣੀ ਗਾਇਕੀ ਵਿੱਚ ਕੋਈ ਬਦਲ ਨਹੀਂ ਕੀਤਾ ਬਲਕਿ ਆਪਣੇ ਸੁਭਾਅ ਮੁਤਾਬਿਕ ”ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ” ਤੇ ਖ਼ਰਾ ਉਤਰਦਿਆਂ ਬੁੱਗੇ ਨੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਗਵਾਹੀ ਭਰਨ ਵਾਲੇ ਸੱਭਿਆਚਾਰਕ ਸਾਰਥਕ ਗੀਤਾਂ ਨੂੰ ਤਹਰੀਜ ਦਿੱਤੀ । ਅਸ਼ਲੀਲਤਾ ਨੂੰ ਪ੍ਰਮੋਟ ਕਰਨ ਵਾਲੀਆਂ ਕਲਮਾਂ ਤੋਂ ਬੁੱਗੇ ਨੇ ਹਮੇਸ਼ਾ ਕਿਨਾਰਾ ਰੱਖਿਆ। ਤਾਹੀਉਂ ਬੁੱਗਾ ਅੱਜ ਵੀ ਗਾਇਕੀ ਦੀਆਂ ਸਿਖਰਾਂ ਤੇ ਬੈਠਾ ਹੈ। ਆਪਣੇ ਗੀਤਾਂ ਰਾਹੀਂ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲਾ ਸਤਵਿੰਦਰ ਬੁੱਗਾ ਆਪਣੇ ਮੁਕਾਰੋਂਪੁਰ ਪਿੰਡ ਵਿਚ ਪੰਜ ਸਾਲ ਸਰਪੰਚ ਵਜੋਂ ਵੀ ਸੇਵਾ ਨਿਭਾ ਚੁੱਕਾ ਹੈ। ਆਪਣੇ ਉੱਚੇ ਲੰਮੇ ਕੱਦ ਵਾਂਗ ਸਤਵਿੰਦਰ ਬੁੱਗਾ ਦੂਰਅੰਦੇਸ਼ੀ ਉਸਾਰੂ ਸੋਚ ਦਾ ਧਾਰੂ ਹੈ। ਆਪਣੀ ਕਲਾ ਦੇ ਬਲਬੂਤੇ ਤੇ ਦੇਸ਼ ਵਿਦੇਸ਼ ਦੀ ਧਰਤ ਤੋਂ ਅਨੇਕਾਂ ਮਾਨ ਸਨਮਾਨ ਪ੍ਰਾਪਤ ਕਰਨ ਵਾਲਾ ਸਤਵਿੰਦਰ ਬੁੱਗਾ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਸੰਗੀਤ ਨੂੰ ਇਬਾਦਤ ਮੰਨਦਾ ਹੋਇਆ ਆਪਣੇ ਨਿੱਗਰ ਤੇ ਮਿਆਰੀ ਸੋਚ ਵਾਲੇ ਗੀਤਾਂ ਦੀ ਧਮਾਲ ਪਾਉਂਦਾ ਹੋਇਆ ਸੰਗੀਤ ਦੇ ਖੇਤਰ ਵਿਚ ਚਿਰ ਸਥਾਈ ਤੱਕ ਉੱਚਾ ਨਾਮਣਾ ਖੱਟ ਦਾ ਰਹੇ।
ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ)
99886-27880



