
(ਸਮਾਜ ਵੀਕਲੀ) ਪੰਜਾਬੀ ਸੱਭਿਆਚਾਰ ਵਿੱਚ ਸਾਉਣ ਦਾ ਮਹੀਨਾ ਸਿਰਫ਼ ਮੀਂਹ ਅਤੇ ਹਰਿਆਲੇ ਮੌਸਮ ਦਾ ਹੀ ਨਹੀਂ, ਬਲਕਿ ਰੂਹਾਨੀ ਖੁਸ਼ੀਆਂ, ਰਿਸ਼ਤਿਆਂ ਦੀ ਗੂੰਜ, ਨੱਚਣ- ਕੁੱਦਣ ਅਤੇ ਮਿੱਠੇ ਜਜ਼ਬਾਤਾਂ ਦਾ ਮਹੀਨਾ ਵੀ ਹੈ। ਜਿੱਥੇ ਜੇਠ-ਹਾੜ ਦੀ ਲੂ ਅਤੇ ਗਰਮੀ ਲੋਕਾਂ ਦੇ ਸਰੀਰ ਤੇ ਮਨ ਦੋਹਾਂ ਨੂੰ ਥੱਕਾ ਦਿੰਦੀ ਹੈ, ਉਥੇ ਹੀ ਸਾਉਣ ਦੀ ਠੰਢੀ ਹਵਾ ਤੇ ਵਰਖਾ ਖੁਸ਼ੀਆਂ ਅਤੇ ਚਾਵਾਂ ਦੀ ਰੌਣਕ ਲੈ ਕੇ ਆਉਂਦੀ ਹੈ। ਇਹ ਮਹੀਨਾ ਪੰਜਾਬੀਆਂ ਲਈ ਸਿਰਫ ਮੌਸਮ ਦੀ ਤਬਦੀਲੀ ਨਹੀਂ, ਸਗੋਂ ਜੀਵਨ ਦੀ ਰਿਧਮ ‘ਚ ਇੱਕ ਖੁਸ਼-ਗਵਾਰ ਮੋੜ ਹੁੰਦਾ ਹੈ। ਸਾਉਣ ਦੇ ਆਉਣ ਨਾਲ ਹਰੇ-ਭਰੇ ਖੇਤ, ਪੰਛੀਆਂ ਦੀ ਰੌਣਕ, ਮੋਰਾਂ ਦੀਆਂ ਪੈਲਾਂ ਅਤੇ ਹਵਾ ਵਿੱਚ ਰਿਮਝਿਮ ਬੂੰਦਾਂ ਦੀ ਖੁਸ਼ਬੂ ਸਾਰੇ ਆਲਮ ਨੂੰ ਜਿਵੇਂ ਜਗਾ ਦਿੰਦੀ ਹੈ। ਇਸ ਮੌਸਮ ‘ਚ ਮਨੁੱਖੀ ਜਿੰਦਗੀ ਹੀ ਨਹੀਂ, ਕੁਦਰਤ ਵੀ ਨੱਚਦੀ, ਗਾਂਊਂਦੀ ਅਤੇ ਝੂਲਦੀ ਨਜ਼ਰ ਆਉਂਦੀ ਹੈ।m ਸਾਉਣ ਨਾਲ ਜੁੜੇ ਸਭ ਤੋਂ ਖਾਸ ਤਿਉਹਾਰਾਂ ‘ਚ ਤੀਆਂ ਦੀ ਗਿਣਤੀ ਸਭ ਤੋਂ ਅੱਗੇ ਆਉਂਦੀ ਹੈ। ਤੀਆਂ ਦੇ ਦਿਨ ਸਿਰਫ਼ ਮੇਲੇ ਨਹੀਂ, ਸਗੋਂ ਕੁੜੀਆਂ ਲਈ ਆਪਣੀਆਂ ਭਾਵਨਾਵਾਂ ਦਾ ਇਜਹਾਰ ਕਰਨ, ਸਹੇਲੀਆਂ ਨਾਲ ਦੁੱਖ-ਸੁਖ ਸਾਂਝੇ ਕਰਨ ਅਤੇ ਪੇਕੇ ਘਰ ਆ ਕੇ ਪਿੰਘਾਂ ‘ਤੇ ਝੁੱਟੇ ਲੈਣ ਦਾ ਸੁਨਹਿਰੀ ਮੌਕਾ ਵੀ ਹੁੰਦਾ ਹੈ। ਪਿੱਪਲਾਂ ਉੱਤੇ ਪਾਈਆਂ ਪੀਂਘਾਂ, ਬੋਲੀਆਂ ਅਤੇ ਗੀਤਾਂ ਦੀ ਧੁਨ ਵਿੱਚ ਨੱਚਦੀਆਂ ਕੁੜੀਆਂ ਪੰਜਾਬੀ ਲੋਕ-ਸੱਭਿਆਚਾਰ ਦੀ ਇੱਕ ਜਿੰਦ-ਜਾਣ ਬਣ ਜਾਂਦੀਆਂ ਹਨ। ਤੀਜ ਤੋਂ ਸ਼ੁਰੂ ਹੋ ਕੇ ਪੁੰਨਿਆਂ ਤੱਕ ਤੀਆਂ ਦਾ ਤਿਉਹਾਰ ਜਜਬਾਤਾਂ ਦਾ ਜਸ਼ਨ ਹੁੰਦਾ ਹੈ। ਇਸ ਮੌਕੇ ‘ਤੇ ਖੀਰ, ਪੂੜਿਆਂ ਅਤੇ ਹੋਰ ਮਿੱਠਿਆਂ ਦੇ ਨਾਲ ਲੋਕ ਆਪਣੇ ਅੰਦਰ ਦੀਆਂ ਰੂਹਾਨੀ ਖੁਸ਼ੀਆਂ ਨੂੰ ਮਨਾਉਂਦੇ ਹਨ। ਇਨ੍ਹਾਂ ਖੁਸ਼ੀਆਂ ਨੂੰ ਵਧਾਉਂਦਾ ਹੈ ਰੱਖੜੀ ਦਾ ਤਿਉਹਾਰ, ਜੋ ਭੈਣ-ਭਰਾਵਾਂ ਦੇ ਪਿਆਰ ਤੇ ਭਰੋਸੇ ਦੀ ਮਜ਼ਬੂਤ ਡੋਰ ਹੈ। ਸਾਉਣ ਮਹੀਨੇ ਦੀ ਇੱਕ ਹੋਰ ਵਿਸ਼ੇਸ਼ਤਾ ਸੰਧਾਰਾ ਵੀ ਹੈ ਜੋ ਧੀਆਂ ਨੂੰ ਮਾਂ-ਪਿਓ ਪੇਕੇ ਘਰੋਂ ਭੇਜਣ ਵਾਲਾ ਇਹ ਪਿਆਰ ਭਰਿਆ ਤੋਹਫ਼ਾ ਹੈ। ਲੀੜੇ, ਚੁੰਨੀਆਂ, ਮਿੱਠੇ ਅਤੇ ਹੋਰ ਚੀਜ਼ਾਂ ਇਸ ਮਾਮੂਲੀ ਜਾਪਣ ਵਾਲੇ ਤੋਹਫ਼ੇ ਨੂੰ ਸੰਵੇਦਨਾਵਾਂ ਨਾਲ ਭਰ ਦਿੰਦੇ ਹਨ। ਸਾਉਣ ਦੀ ਰੌਣਕ ਸਿਰਫ਼ ਘਰਾਂ ਤੱਕ ਸੀਮਿਤ ਨਹੀਂ ਰਹਿੰਦੀ ਪਿੰਡਾਂ ਵਿੱਚ ਮੇਲੇ, ਖੇਡਾਂ, ਘੋਲਾਂ ਅਤੇ ਭੰਗੜਿਆਂ ਦੀ ਰੌਣਕ ਹਰੇਕ ਮਨ ਨੂੰ ਆਪਣੇ ਵੱਲ ਖਿੱਚਦੀ ਹੈ। ਢੋਲ ਦੀਆਂ ਥਾਪਾਂ ਤੇ ਨੱਚਦੇ ਲੋਕ, ਮੋਰਾਂ ਵਾਂਗ ਪੈਲਾਂ ਪਾਉਂਦੇ ਹਨ। ਭਾਵ,ਇਹ ਮਹੀਨਾ ਪੰਜਾਬੀ ਲੋਕ-ਜੀਵਨ ਵਿੱਚ ਸਿਰਫ ਇੱਕ ਮੌਸਮ ਹੀ ਨਹੀਂ, ਸਗੋਂ ਸਭਿਆਚਾਰਕ ਚੇਤਨ ਅਤੇ ਜੀਵਨ ਦੇ ਚਾਵਾਂ ਦਾ ਜਸ਼ਨ ਵੀ ਹੁੰਦਾ ਹੈ।



