(ਸਮਾਜ ਵੀਕਲੀ)
ਗਲ਼ੀ ਵਿੱਚ ਅੱਜ ਉਹ ਫੇਰ ਆ ਗਿਆ ,
ਬੰਸਰੀ ਦੇ ਸੁਰ ਵਿੱਚ,
ਉਸ ਦੀ ਆਵਾਜ਼ ਵਿੱਚ,
ਦਿਲ ਗੁੰਮ ਹੋ ਗਿਆ,
ਗਲੀ ਵਿੱਚ ਅੱਜ ਉਹ ਫੇਰ ਆ ਗਿਆ ।
ਛੋਟੀ ਭੈਣ ਤੇ ਤਿੰਨ ਸਾਲਾਂ ਦੇ ਭਰਾ ਨਾਲ,
ਤਮਾਸ਼ਾ ਕਰਨ ਲਈ ਤਿਆਰ ਹੋ ਗਿਆ,
ਨਿਆਣਿਆਂ ਦੀ ਭੀੜ ਇੱਕਠੀ ਹੋਈ,
ਔਰਤਾਂ ਨੇ ਦਰਵਾਜ਼ੇ ਮੱਲੇ ।
ਤਮਾਸ਼ਾ ਸ਼ੁਰੂ ਹੋ ਗਿਆ –
ਬਾਰ੍ਹਾਂ ਸਾਲਾਂ ਦੀ ਉਮਰ,
ਖੇਡ ਤੋਂ ਬੇਖ਼ਬਰ,
ਰੋਜ਼ੀ ਪਿੱਛੇ ਨਾਚ ਕਰ ਰਿਹਾ,
ਅਪਣੇ ਨੰਗੇ ਤੇ ਕਾਲੇ ਜਿਸਮ ਨੂੰ,
ਸਪਰਿੰਗ ਦੀ ਤਰ੍ਹਾਂ ਮੋੜਦਾ,
ਭੈਣ -ਭਰਾ ਦੇ ਜੋੜੇ ਨੂੰ,
ਛੱਲੇ ਵਿੱਚੋਂ ਹੈ ਕੱਢਦਾ,
ਗਲੀ ਵਿੱਚ ਅੱਜ ਉਹ ਫੇਰ ਆ ਗਿਆ ।
ਬਣ ‘ਰਾਜਕੁਮਾਰ’ ਜੋਕਰ ਦੇ ਕਰਤੱਬ ਦਿਖਾਉਂਦਾ,
ਅਪਣੀ ਝੂਠੀ ਹਾਸੀ ਨਾਲ,
ਲੋਕਾਂ ਦਾ ਦਿਲ ਪ੍ਰਚਾਉਂਦਾ,
ਬਣ ਜਾਦੂਗਰ, ਜਾਦੂਗਰੀ ਦਿਖਾਉਂਦਾ,
ਨਿਆਣਾ ਹੋ ਕੇ ਵੀ,
ਸਿਆਣਿਆਂ ਵਾਲੀ ਗੱਲ ਕਰ ਜਾਂਦਾ ,
ਗਲੀ ਵਿੱਚ ਅੱਜ ਉਹ ਫੇਰ ਆ ਗਿਆ,
ਤਮਾਸ਼ਾ ਖ਼ਤਮ ਕਰ,
ਭੁੱਖੇ ਢਿੱਡ ’ਤੇ ਹੱਥ ਮਾਰ-ਮਾਰ,
ਫੇਰ ਉਹ ਪੈਸੇ ਦੀ ਮੰਗ ਕਰਦਾ,
ਪੈਸਾ,
ਆਟਾ,
ਚੌਲ਼ ਇੱਕਠੇ ਕਰ,
ਸਮਾਨ ਸਮੇਟਦਾ ਤੇ ਉਹ ਤੁਰ ਜਾਂਦਾ,
ਬੰਸਰੀ ਵਜਾਉਂਦਾ,
ਗੀਤ ਗਾਉਂਦਾ ।
ਥੋੜੇ ਦਿਨਾਂ ਬਾਅਦ ਉਹ ਗਲੀ ਵਿੱਚ ਫੇਰ ਆਵੇਗਾ,
ਬੰਸਰੀ ਵਜਾਉਂਦਾ,
ਗੀਤ ਗਾਉਂਦਾ,
ਉਹ ਫੇਰ ਆਵੇਗਾ ।
ਬੰਸਰੀ ਵਜਾਉਂਦਾ-ਵਜਾਉਂਦਾ
ਉਹ ਇਕ ਦਿਨ
ਬੰਸਰੀ ਤੋਂ ਵੱਡਾ ਹੋ ਜਾਵੇਗਾ,
ਬੰਸਰੀ ਵਜਾਉਂਦਾ
ਉਹ ਫੇਰ ਆਵੇਗਾ ।
ਨੀਰ ਪੰਜਾਬੀ
ਯੂ ਐਸ ਏ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly