ਗੀਤ

ਅਮਨਦੀਪ ਕੌਰ ਹਾਕਮ
(ਸਮਾਜ ਵੀਕਲੀ)
ਮਹੀਨਾ ਭਾਦੋਂ ਏ ਕੈਸਾ ਆਇਆ ਨੀ ਸਹੇਲੀਓ
ਗਰਮੀ ਨੇ ਬੜਾ ਹੀ ਤਪਾਇਆ ਨੀ ਸਹੇਲੀਓ
ਰਸੋਈ ਮੈਨੂੰ ਜਾਪਦੀ ਐ ਜੰਗ ਦਾ ਮੈਦਾਨ ਨੀ
ਕੰਮ ਕਰਦੀ ਦੀ ਮੇਰੀ ਨਿੱਕਲੇ ਹੈ ਜਾਨ ਨੀ
“ਮਸਾਂ ਅੱਜ ਫੁਲਕਾ ਪਕਾਇਆ ਨੀ ਸਹੇਲੀਓ
*ਗਰਮੀ ਨੇ ਬੜਾ ਹੀ ਤਪਾਇਆ ਨੀ ਸਹੇਲੀਓ*
ਨਿੰਬੂ ਪਾਣੀ ਠੰਡੇ ਸਭ ਹੋ ਗਏ ਨੇ ਫੇ਼ਲ ਨੀ
ਜਾਪੇ ਜਿਵੇਂ ਕਾਲ਼ੇ ਪਾਣੀ ਕੱਟਦੀ ਹਾਂ ਜੇਲ੍ਹ ਨੀ
“ਖੌਰੇ ਰੁੱਤਾਂ ਨੇ ਇਹ ਕਿਹਾ ਡੰਨ ਲਾਇਆ ਨੀ ਸਹੇਲੀਓ
*ਗਰਮੀ ਨੇ ਬੜਾ ਹੀ ਤਪਾਇਆ ਨੀ ਸਹੇਲੀਓ*
ਏਸੀ ਮੂਹਰੋਂ ਉੱਠਣੇਂ ਨੂੰ ਭੋਰਾ ਦਿਲ ਕਰੇ ਨਾ
ਸਾਰਾ ਦਿਨ ਬੈਠੀ ਨੂੰ ਵੀ ਵੇਖ਼ ਮਾਹੀਆ ਜਰੇ ਨਾ
ਓਹਦੀ ਘੂਰ ਨਾਲ ਬੀ.ਪੀ ਮੈਂ ਘਟਾਇਆ ਨੀ ਸਹੇਲੀਓ
*ਗਰਮੀ ਨੇ ਬੜਾ ਹੀ ਤਪਾਇਆ ਨੀ ਸਹੇਲੀਓ*
ਮੱਛਰਾਂ ਨਾ ਹੋਈ ਪਈ ਘਰੇ ਕਿੱਚ ਮਿੱਚ ਨੀ
ਆਖਦੇ ਨੇ ਪਸ਼ੂ ਜਾਣੈਂ ਛੱਪੜ ਦੇ ਵਿੱਚ ਨੀ
ਦੁਖੀ ਕੱਟੇ ਨੇ ਵੀ ਸੰਗਲ ਤੁੜਾਇਆ ਨੀ ਸਹੇਲੀਓ
*ਗਰਮੀ ਨੇ ਬੜਾ ਹੀ ਤਪਾਇਆ ਨੀ ਸਹੇਲੀਓ*
ਖੂਨ ਬੜਾ ਪੀਂਦੇ ਲੰਮੇਂ ਬਿਜਲੀ ਦੇ ਕੱਟ ਨੀ
ਇਨਵਰਟਰ ਵੀ ਛੇਤੀ ਹੁਣ ਘੂਰੀ ਜਾਂਦੈਂ ਵੱਟ ਨੀ
ਕੱਲ ਬੈਟਰਾ ਵੀ ਨਵਾਂ ਹੈ ਰਖਾਇਆ ਨੀ ਸਹੇਲੀਓ
*ਗਰਮੀ ਨੇ ਬੜਾ ਹੀ ਤਪਾਇਆ ਨੀ ਸਹੇਲੀਓ*
ਕੋਈ ਮੰਗਦਾ ਹੈ ਮੈਗੀ ਕੋਈ ਮੰਗਦਾ ਪਰੌਂਂਠੇ ਨੀ
ਨਿੱਕੇ ਨਿੱਕੇ ਬਾਲ ਵੀ ਸੁਣਾਉਂਦੇ ਹੁਣ ਟਾਉਂਟੇ ਨੀ
ਮੇਰੀ ਜਿੰਦ ਤੇ ਹੈ ਕਹਿਰ ਨਿਰਾ ਢਾਇਆ ਨੀ ਸਹੇਲੀਓ
*ਗਰਮੀ ਨੇ ਬੜਾ ਹੀ ਤਪਾਇਆ ਨੀ ਸਹੇਲੀਓ*
ਗਰਮੀ ਨੇ ਭੇਤ ਕੋਈ ਰੱਖੇ ਹੁਣ ਗੁੱਝੇ ਨਾ
ਪਿਆਰ ਵਾਲੀ ਗੱਲ ਕੋਈ ਦੀਪ ਨੂੰ ਤਾਂ ਸੁੱਝੇ ਨਾ
ਤਾਹੀਂ ਮੱਚਦਾ ਜਿਹਾ ਗੀਤ ਮੈਂ ਬਣਾਇਆ ਨੀ ਸਹੇਲੀਓ
*ਗਰਮੀ ਨੇ ਬੜਾ ਹੀ ਤਪਾਇਆ ਨੀ ਸਹੇਲੀਓ*
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਸ਼ਾ ਵਿਭਾਗ
Next articleਗ਼ਜ਼ਲ