ਗੀਤ 

ਜਿੰਮੀ ਅਹਿਮਦਗੜ੍ਹ

(ਸਮਾਜ ਵੀਕਲੀ)

ਬਾਹਰ ਨਿੱਕਲੋ ਬੂਬਣੇਓਂ ,
ਆਜੋ ਰੋਕੋ ਹੜ੍ਹ ਦਾ ਪਾਣੀ |
ਥੋਡੇ ਹੁੰਦਿਆਂ ਹੋਜੇ ਨਾ ,
ਇਸ ਜੱਗ ਦੀ ਖ਼ਤਮ ਕਹਾਣੀ |
ਬਹਿ ਵਿੱਚ ਚੌਰਸਤੇ ਦੇ ,
ਕੋਈ ਐਸਾ ਧੂਣ ਧੁਖਾ ਦੋ’|
ਲਗਾਤਾਰ ਪੈਂਦੀਆਂ ਜੋ ,
ਏ’ ਬਾਰਿਸ਼ਾਂ ਝੱਟ ਹਟਾ ਦੋ’|
ਥੋਡੀ ਧੁਰ ਤਾਰ ਜੁੜੇ ,
ਉਲਝੀ ਸੁਲਝਾ ਦੋ’ ਤਾਣੀ –
ਬਾਹਰ ਨਿੱਕਲੋ ਬੂਬਣੇਓਂ ,
ਆਜੋ ਰੋਕੋ ਹੜ੍ਹ ਦਾ ਪਾਣੀ …
ਮੌਕਾ ਮਿਲਿਆ ਥੋਨੂੰ ,
ਮਿਲਿਆ ਵੀ ਬੜਾ ਸੁਨਹਿਰੀ |
ਹੱਲ ਕਰਦੋ’ ਮਸਲੇ ਦਾ ,
ਕੋਈ ਬਿਰਤੀ ਲਾ ਕੇ ਗਹਿਰੀ |
ਫਿਰ ਓ’ਵੀ ਪੂਜਣਗੇ ,
ਜੋ ਕਰਦੇ ਨੇ ਕੁੱਤੇਖਾਣੀ –
ਬਾਹਰ ਨਿੱਕਲੋ ਬੂਬਣੇਓਂ ,
ਆਜੋ ਰੋਕੋ ਹੜ੍ਹ ਦਾ ਪਾਣੀ …
ਰੁੜ੍ਹ ਚੱਲੀਆਂ ਨੇ ਫ਼ਸਲਾਂ ,
ਤੇ ਘਰ ਬਣ ਚੱਲੇ ਨੇ ਮਲਬਾ |
ਕੀ ਚਾੜ੍ਹਾਂ, ਹੁਕਮ ਕਰੋ ,
ਕਾਜੂ, ਖੀਰ, ਖਜੂਰ ਜਾਂ ਹਲਵਾ |
ਪਰ ਜੇ ਨਾ ਫਰਕ ਪਿਆ ,
ਥੋਡੀ ਫੜਕੇ ਫੈਂਟਣੀ ਢਾਣੀ –
ਬਾਹਰ ਨਿੱਕਲੋ ਬੂਬਣੇਓਂ ,
ਆਜੋ ਰੋਕੋ ਹੜ੍ਹ ਦਾ ਪਾਣੀ …
ਕਾਹਤੋਂ ਬੇਸ਼ਰਮਾਂ ਨੂੰ ,
ਜਿੰਮੀ ਸ਼ਰਮਸਾਰ ਤੂੰ ਕਰਦਾ |
ਫੱਟ ਦਿੱਤੇ ਕੁਦਰਤ ਦੇ ,
ਆਪੇ ਕੁਦਰਤ ਵਾਲ਼ਾ ਭਰਦਾ |
ਅੰਨ੍ਹੇਆਂ ਦੇ ਰੱਬ ਬਣੇ ,
ਧੂਤੇ ਪਾਣੀ ਵਿੱਚ ਮਧਾਣੀ –
ਬਾਹਰ ਨਿੱਕਲੋ ਬੂਬਣੇਓਂ ,
ਆਜੋ ਰੋਕੋ ਹੜ੍ਹ ਦਾ ਪਾਣੀ …
ਜਿੰਮੀ ਅਹਿਮਦਗੜ੍ਹ … 
 8195907681

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਵਿੰਅਗ