(ਸਮਾਜ ਵੀਕਲੀ)
ਗਿਆਨ ਸੱਚੇ ਨੇ ਹੱਸਣਾ ਖੂਬ ਸਿਖਾਇਆ ਏ
ਪੜ੍ਹ ਸਤਿਗੁਰ ਦੀ ਬਾਣੀ ਜਿਓਣਾ ਆਇਆ ਏ…
ਸਮਝ ਨਹੀਂ ਸੀ ਥਾਂ-ਥਾਂ ਰੁਲਦੇ ਫਿਰਦੇ ਸੀ
ਜਣੇ-ਖਣੇ ਦੇ ਪੈਰਾਂ ਦੇ ਵਿੱਚ ਗਿਰਦੇ ਸੀ,
ਬੋਝ ਬਣਾਈ ਫਿਰਦੇ ਜਿੰਦਗੀ ਸਾਰੀ ਸੀ
ਹੁਣ ਸਮਝੇ ਹਾਂ ਇਹ ਤਾਂ ਕਿੰਨੀ ਪਿਆਰੀ ਸੀ,
ਕਾਦਰ ਵੀ ਤਾਂ ਕੁਦਰਤ ਵਿੱਚ ਸਮਾਇਆ ਏ,,,
ਪੜ੍ਹ ਸਤਿਗੁਰ ਦੀ ਬਾਣੀ ਜਿਓਣਾ ਆਇਆ ਏ…
ਮੱਥੇ ਪਾ ਤਿਊੜੀ ਜੇ ਰੋਂਦਾ ਰਹਿੰਨਾ ਏਂ
ਕਿੱਦਾਂ ਖੁਦ ਨੂੰ ਗੋਬਿੰਦ ਸਿੰਘ ਦਾ ਕਹਿੰਨਾ ਏਂ ?
ਤੇਰੇ ਵਿੱਚੋਂ ਝਲਕ ਨਾਨਕ ਦੀ ਫੇਰ ਪਊ
ਜੇ ਸੱਚ ਬੋਲਕੇ ਵੱਜਦੇ ਪੱਥਰ ਸਹਿੰਨਾਂ ਏ,
ਉਸ ਕਿੰਝ ਸੂਲਾਂ ਤੇ ਸੌਂ ਕੇ ਸ਼ੁਕਰ ਮਨਾਇਆ ਏ…
ਪੜ੍ਹ ਸਤਿਗੁਰ ਦੀ ਬਾਣੀ ਜਿਓਣਾ ਆਇਆ ਏ…
ਛੱਡਦੇ ਝਗੜੇ ਨਫੇ ਅਤੇ ਨੁਕਸਾਨਾਂ ਦੇ
“ਨਿਰਵੈਰ” ਵੇ ਯਾਰੀ ਪਾ ਨਾਲ ਮੁਸਕਾਨਾਂ ਦੇ,
ਐਸੀ ਹਿੰਮਤ – ਹੌੰਸਲਾ ਹੋਵੇ ਕੋਲ ਤੇਰੇ
ਹਿੱਕ ਤਾਣਕੇ ਖੜ੍ਹ ਜਾਏਂ ਅੱਗੇ ਤੂਫਾਨਾਂ ਦੇ,
ਲੋਕੀਂ ਪੁੱਛਣ ਇਹ ਕੀਹਨੇ ਪਾਠ ਪੜ੍ਹਾਇਆ ਏ,,,
ਪੜ੍ਹ ਸਤਿਗੁਰ ਦੀ ਬਾਣੀ ਜਿਓਣਾ ਆਇਆ ਏ…
ਨਿਰਵੈਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly