ਗੀਤ

ਬਾਲੀ ਰੇਤਗੜੵ

(ਸਮਾਜ ਵੀਕਲੀ)

ਗਲੀ ਮੇਰੀ ਝਾਂਜਰ ਤੂੰ ਛਣਕਾ ਕੇ ਜਾਵੀਂ
ਖਿਆਲ਼ਾਂ ਆ ਦਿਲ ਟੁਣਕਾ ਕੇ ਜਾਵੀਂ
ਬੜੇ ਚਿਰ ਤੋਂ ਤੇਰੇ ਵਾਂਗੂੰ
ਰੁੱਸੇ ਨੇ ਗੀਤ ਮਨਵਾ ਕੇ ਜਾਵੀਂ…..
ਸੋਹਣੇ ਪੈਰਾਂ ਦੀ ਝਾਂਜਰ…….

ਹਾਂ ਮਰਿਆਂ ਵਰਗਾ ਤੇਰੇ ਬਾਝੋਂ
ਚੰਨ ਜਿਹੇ ਹੱਸਦੇ ਚਿਹਰੇ ਬਾਝੋਂ
ਗਮਾਂ ਦੀ ਯਾਰ ਚਿਰਾਂ ਤੋਂ ਮੇਰੇ
ਜਾਨ ਬਣੇ ਨੇ ਇਹ ਤੇਰੇ ਬਾਅਦੋਂ
ਮਰਸੌਣੇ ਵਰਗੇ ਵਿਹੜੇ ਅੰਦਰ
ਪੋਚਾ ਸੁੱਚ ਦਾ ਲਾ ਕੇ ਜਾਵੀਂ
ਮੜੵਕ ਤੋਰ ਦੀ ਦਿਖਵਾ ਕੇ ਜਾਵੀਂ…….

ਪਈ ਚੁੱਪੀ ਹੈ ਵਰਿਆਂ ਤੋਂ
ਰੁੜੇ ਹਾਂ ਹਾਸੇ ਖਰਿਆਂ ਤੋਂ
ਹਾਂ ਉਂਝ ਪਰ ਮੁਸਕਰਾਏ ਵੀ
ਲਗੇ ਬਾਰੂਦੀ ਛਰਿਆਂ ਤੋਂ
ਆ ਕੇ ਨਾਂ ਆਪਣਾ ਖੁਣਵਾ ਕੇ ਜਾਵੀਂ
ਆ ਇਕ ਵਾਰੀ ਤੇ ਫੇਰਾ ਪਾ ਕੇ ਜਾਵੀਂ…..
ਗੀਤ ਰੁੱਸੇ ਨੇ ਮੇਰੇ………..

ਸ਼ੁਦਾਈਪਣ ਹੈ ਮੇਰਾ ਤਾਂ ਕੀ
ਖਤਾ ਤੋਂ ਵੀ ਕਰੀ, ਮੈ ਨਾਂਹ ਕੀ
ਸੌਂਹ ਤੇਰੀ ਪਰ ਬਾ-ਵਫ਼ਾ ਹਾਂ
ਗੁਨਾਹ ਹੈ ਇਸ਼ਕ ਕਰਾਂ ਕੀ
ਸਮੁੰਦਰ ਵਾਂਗ ਅੱਖੀਆਂ ਅੰਦਰ
ਭਰੇ ਨੇ ਹੰਝ ਛਲਕਾ ਕੇ ਜਾਵੀਂ
ਜਰਾ ਕੁ ਕਹਿਰ ਕਮਾ ਕੇ ਜਾਵੀਂ
ਰੁੱਸੇ ਨੇ ਗੀਤ ………..

ਤੇਰੇ ਬਾਝੋਂ ਜੀਅ ਰਿਹਾਂ ਹਾਂ
ਗੀਤਾਂ ਬਾਝੋਂ ਜੀਅ ਨਹੀਂ ਹੁੰਦਾ
ਜ਼ਹਿਰ ਹੈ ਜਿੰਦਗ਼ੀ “ਬਾਲੀ”
ਹੋ ਤਨਹਾ ਪੀ ਨਹੀ ਹੁੰਦਾ
ਮੁਸਾਫ਼ਿਰ “ਰੇਤਗੜੵ” ਪਲ ਭਰ
ਬਿਨ ਬੋਲਿਆਂ ਚੀਰਾ ਲਾ ਕੇ ਜਾਵੀਂ
ਰੁੱਸੇ ਨੇ ਗੀਤ ਮਨਵਾ ਕੇ ਜਾਵੀ……

ਬਾਲੀ ਰੇਤਗੜੵ
919465129168

 

Previous articleਪਾਰਟੀ ਵੱਲੋਂ ਇੱਕ ਸਾਲ ਮੁਕੰਮਲ ਹੋਣ ਤੇ ਅਰਦਾਸ ਕੀਤੀ
Next articleਮੈਂ ਪੰਜਾਬ —–