ਗੀਤ

      ਅਮਰਜੀਤ ਕੌਰ ਮੋਰਿੰਡਾ
         (ਸਮਾਜ ਵੀਕਲੀ)
ਆਖ ਦਿੰਨਾ ਟੈਂਸ਼ਨ ਨਾ ਲਾਇਆ ਕਰ ਅੰਮੀਏ
ਦੱਸ ਪੁੱਤਾ ਜੀਵਾਂ ਕਿਹੜੇ ਚਾਅ।
ਆਪ ਲਾ ਕੇ ਬੈਠ ਗਿਆ ਡੇਰਾ ਪਰਦੇਸ ਵਿੱਚ
ਭੁੱਲ ਗਿਓਂ ਵਤਨਾਂ ਦੇ ਰਾਹ।
ਜਰ ਲਏ ਮੈਂ ਸਿਤਮ ਜ਼ਮਾਨੇ ਦੇ ਸੀ ਖਿੜੇ ਮੱਥੇ
ਇੱਕ ਤੇਰੇ ਉੱਤੇ ਲਾਈ ਆਸ ਸੀ।
ਵੱਡਾ ਹੋ ਕੇ ਪੁੱਤ ਮੇਰਾ ਕਰੂ ਦੁੱਖ ਦੂਰ ਸਾਰੇ
ਦਿਲ ਨੂੰ ਮੈਂ ਦਿੰਦੀ ਧਰਵਾਸ ਸੀ।
ਯਾਦ ਤੇਰੀ ਵਿੱਚ ਬੈਠੀ ਹਉਕੇ ਭਰਾਂ ਨਿੱਤ ਦਿੱਤਾ
ਰੋਗ ਤੂੰ ਜੁਦਾਈ ਵਾਲਾ ਲਾ।
ਆਖ ਦਿੰਨਾ————-।
ਲੋੜ ਨਹੀਂ ਪੁੱਤਰਾ ਵੇ ਸਾਨੂੰ ਤੇਰੇ ਡਾਲਰਾਂ ਦੀ
ਸਭ ਕੁੱਝ ਦੇਵਾਂ ਤੈਥੋਂ ਵਾਰ ਵੇ।
ਮਿਲਦਾ ਬਾਜ਼ਾਰ ਵਿੱਚੋਂ ਚਿੜੀਆਂ ਦਾ ਦੁੱਧ ਚਾਹੇ
ਪੁੱਤਰਾਂ ਦਾ ਮਿਲੇ ਨਾ ਪਿਆਰ ਵੇ।
ਪੈ ਜਾਏ ਠੰਢ ਮੇਰੇ ਤਪੇ ਹਿਰਦੇ ਨੂੰ ਪੁੱਤਰਾ  ਜੇ
ਲਵਾਂ ਤੈਨੂੰ ਸੀਨੇ ਨਾਲ ਲਾ।
ਆਖ ਦਿੰਨਾ —————।
ਲੱਗਾ ਇਕਲਾਪੇ ਵਾਲਾ ਘੁਣ ਜਿੰਦ ਚੰਦਰੀ ਨੂੰ
ਕੀਹਦੇ ਨਾਲ ਕਰਾਂ ਸਾਂਝੇ ਬੋਲ ਵੇ।
ਬਾਪ ਤੇਰੇ ਨੇ ਦਿੱਤੀ ਰੋਲ ਸੀ ਜਵਾਨੀ ਮੇਰੀ
ਦਿੱਤਾ ਤੂੰ ਬੁਢਾਪਾ ਮੇਰਾ ਰੋਲ ਵੇ।
ਬਿਟ ਬਿਟ ਤੱਕਦੀ ਤੇ ਲੈਂਦੀ ਰਹਿੰਦੀ ਵਿੜਕਾਂ ਮੈਂ
ਬੂਹੇ ਉੱਤੇ ਨਜ਼ਰਾਂ ਟਿਕਾ।
ਆਖ ਦਿੰਨਾ—————।
ਚੁੱਕ ਚੁੱਕ  ਸੀਨੇ ਨਾਲ ਲਾਵਾਂ ਮੈਂ ਖਿਡੌਣੇ ਤੇਰੇ
ਯਾਦਾਂ ਵਿੱਚ ਬੀਤ ਜਾਵੇ ਰਾਤ ਵੇ।
ਭਰੇ ਜੇ ਹੁੰਗਾਰਾ ਪੋਤੀ ਪੋਤਾ ਬੈਠ ਗੋਦੀ ਮੇਰੀ
ਮੁੱਕਣ ਨਾ ਦੇਵਾਂ ਕਦੇ ਬਾਤ ਵੇ।
ਮੂਲ ਨਾਲੋਂ ਸੂਦ ਹੁੰਦਾ ਪਿਆਰਾ ਲੋਕ ਆਖਦੇ
ਮੈਨੂੰ ਮੇਰਾ ਸੂਦ ਦੇ ਜਾ ਆ।
ਆਖ ਦਿੰਨਾ————-।
ਲੁੱਟ ਕੇ ਬਹਾਰ ਪਤਝੜ ਲਿਖੀ ਮੇਰੇ ਲੇਖੀਂ
ਬੈਠ ਗਏ ਦੁੱਖ ਪਾ ਕੇ ਛਾਉਣੀ।
ਬਿਨ ਤੈਨੂੰ ਵੇਖਿਆਂ ਨਾ ਉੱਡ ਜਾਵੇ ਭੌਰ ਕਿਤੇ
ਜਿੰਦ ਕੁੱਝ ਦਿਨਾਂ ਦੀ ਪਰਾਹੁਣੀ।
ਦਰਸ ਪਿਆਸੇ ਨੈਣ ਤੱਕਦੇ ਨੇ ਰਾਹ ਤੇਰਾ
ਆ ਜਾ ਫੇਰਾ ਵਤਨਾਂ ਨੂੰ ਪਾ।
ਆਖ ਦਿੰਨਾ—————।
ਅਮਰਜੀਤ ਕੌਰ ਮੋਰਿੰਡਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਚਿੰਤਨ/ ਕੀ ਜ਼ੋਰ ਗ਼ਰੀਬਾਂ ਦਾ, ਮਾਰੀ ਝਿੜਕ ਸੋਹਣਿਆਂ ਮੁੜ ਗਏ!
Next articleਰਾਇਸੀ ਦੀ ਮੌਂਤ – ਕਿਤੇ ਜਸ਼ਨ ਆਤਿਸ਼ਬਾਜ਼ੀਆਂ ਕਿਤੇ ਸੋਗ