ਸਮਾਜ ਵੀਕਲੀ ਯੂ ਕੇ
-ਸੁਖਵਿੰਦਰ
ਵਿਅਕਤੀ ਗਤ ਮੁਕਤੀ ਅਥਵਾ ਨਿੱਜੀ ਮੁਕਤੀ ਨੂੰ ਹਾਸਿਲ ਕਰਨ ਦਾ ਹੱਲ ਜੇ ਕਰ ਗੁਰਬਾਣੀ ਦਾ ਵਿਸ਼ਾ ਹੁੰਦਾ। ਜਿਵੇਂ ਕਿ ਆਮ ਤੌਰ ਤੇ ਸੈਂਕੜੇ ਵਰ੍ਹਿਆਂ ਤੋਂ ਪ੍ਰਚਾਰਿਆ ਜਾ ਰਿਹਾ ਹੈ। ਫਿਰ ਗੁਰੂ ਨਾਨਕ ਸਾਹਿਬ ਨੂੰ ਭਾਈ ਲਹਿਣੇ ਨੂੰ ਗੁਰਆਈ ਦੇਣ ਦੀ ਜਰੂਰਤ ਨਹੀਂ ਸੀ। ਗੁਰੂ ਸਾਹਿਬ ਨੇ ਸਿੱਖ ਲਹਿਰ ਨੂੰ ਸੰਗਿਠਤ ਤੌਰ ਤੇ ਚਲਾਉਣ ਲਈ ਅੰਗਦ ਦੇ ਰੂਪ ਵਿਚ ਆਗੂ ਦਿੱਤਾ l ਉਨ੍ਹਾਂ ਦਾ ਸਮਾਜਿਕ ਗਿਆਨ ਅਤੇ ਅਨੁਭਵ ਸਮਾਜ ਵਿੱਚ ਹੋ ਰਹੇ ਅਨਿਆਂ, ਜ਼ਬਰ ਅਤੇ ਲੁੱਟ ਖਸੁੱਟ ਨੂੰ ਠੱਲ ਪਾਉਣਾ ਸੀ। ਸਿੱਖ ਲਹਿਰ ਦੇ ਰੂਪ ਵਿਚ ਸੰਗਿਠਤ ਹੋਣ ਤੋਂ ਬਗੈਰ ਅਸੰਭਵ ਸੀ। ਕਿਸੇ ਵੀ ਮਨੁੱਖ ਵਿਚਲੇ ਗੁਣ ਅਗੁਣ ਉਸ ਨੂੰ ਜਨਮ ਤੋਂ ਪ੍ਰਾਪਤ ਨਹੀਂ ਹੁੰਦੇ। ਸਗੋਂ ਇਹ ਸਮਾਜਿਕ ਪ੍ਰਭਾਵ ਦਾ ਹੀ ਨਤੀਜਾ ਹੁੰਦੇ ਹਨ। ਇਸ ਲਈ ਗੁਰੂ ਸਾਹਿਬ ਜਾਣਦੇ ਸਨ ਜਦੋਂ ਤੱਕ ਸਮਾਜਿਕ ਬੁਰਾਈਆਂ ਨੂੰ ਸਮਾਜ ਵਿਚੋਂ ਗੁਰ ਦੇ ਗਿਆਨ ਨਾਲ ਠੀਕ ਨਹੀਂ ਕੀਤਾ ਜਾਵੇਗਾ, ਉਤਨਾ ਚਿਰ ਮਨੁੱਖ ਮਾਨਸਿਕ ਤੌਰ ਮਜ੍ਹਬਾਂ ਅਤੇ ਜਾਤਾਂ ਦੇ ਅਲੱਗ ਅਲੱਗ ਪਿੰਜਰਿਆਂ ਵਿੱਚ ਕੈਦ ਰਹੇਗਾ ਜਿਹੜੇ ਮਨੁੱਖੀ ਮਨ ਦੀ ਘਾੜਤ ਹਨ। ਮਨੁੱਖੀ ਚੇਤਨਾ ਅਥਵਾ ਆਤਮਿਕ ਗਿਆਨ ਹੀ ਅਸਲ ਧਰਮ ਹੈ । ਅਰਥਾਤ ਮਨੁੱਖ ਦੀ ਆਪਣੀ ਖੋਜ ਨਾਲ ਉਪਜਿਆ ਗਿਆਨ ਸਭ ਤੋਂ ਉੱਤਮ ਅਤੇ ਉਹੀ ਉਸ ਦੇ ਚੇਤਨ ਹੋਣ ਦਾ ਪ੍ਰਤੀਕ ਧਰਮ ਰੂਪ ਹੈ। ਇਸ ਲਈ ਗੁਰਬਾਣੀ ਮਨੁੱਖੀ ਮਨ ਦੀ ਘਾੜਤ ਅਲੱਗ ਅਲੱਗ ਅੰਡਬਰ ਅਤੇ ਭੇਖਾਂ ਦਾ ਖੰਡਨ ਕਰਦੀ ਹੈ।
ਗੁਰ ਗਿਆਨ ਨਾਲ ਚੇਤਨ ਚਿੱਤ ਦੇ ਧਰਮ ਬਾਹਰ ਸਾਰੇ ਮਤ, ਮਜ਼ਬ ਅਤੇ ਸੰਪਰਦਾਏ ਹਨ। ਜਿਹੜੇ ਸਮਾਜ ਵਿੱਚ ਲੋਕਾਂ ਵਿਚਕਾਰ ਅਦਿੱਖ ਦੀਵਾਰਾਂ ਖੜੀਆਂ ਕਰਦੇ ਹਨ ਜਿਨ੍ਹਾਂ ਨੂੰ ਢਾਹੁਣਾ ਅਸੰਭਵ ਪਰਤੀਤ ਹੁੰਦਾ ਹੈ। ਇਕਾਗਰ ਚਿੱਤ ਦੀ ਪ੍ਰਕਿਰਿਆ ਵਿਚੋਂ ਉਪਜਿਆ ਸਬੁਦ ਮਨੁੱਖੀ ਚੇਤਨਾ ਦਾ ਪ੍ਰਤੀਕ ਹੈ ਅਤੇ ਜਗਿਆਸਾ ਉਸ ਦੀ ਟਕਸਾਲ ਹੈ। ਧਰਮ ਕੀ ਹੈ ਇਸ ਨੂੰ ਸਮਝਾਉਣ ਵਾਸਤੇ ਗੁਰੂ ਨਾਨਕ ਸਾਹਿਬ ਨੇ ‘ਧਾਉਲ ਧਰਮ ਦਇਆ ਕੇ ਪੂਤ’ ਦੀਆਂ ਪੰਗਤੀਆਂ ਗੁਰਬਾਣੀ ਵਿਚਾਰ ਵਿੱਚ ਪੇਸ਼ ਕੀਤੀਆਂ ਹਨ। ਸਮਾਜ ਵਿੱਚ ਪ੍ਰਚਲਤ ਅਤੇ ਪ੍ਰਬਲ ਬਿਰਤੀ ਹੇਠ ਮਨੁੱਖੀ ਸਰੀਰ ਦੇ ਬਾਹਰੀ ਭੇਖ ਨੂੰ ਧਰਮ ਪ੍ਰਚਾਰ ਕੇ ਮਨੁੱਖ ਨੂੰ ਇੱਕ ਦੂਸਰੇ ਦਾ ਦੁਸ਼ਮਣ ਬਣਾਇਆ ਗਿਆ ਹੈ।



