ਹਲਾਤ

ਸੁਕਰ ਦੀਨ ਕਾਮੀਂ ਖੁਰਦ

(ਸਮਾਜ ਵੀਕਲੀ)

ਹਰ ਕੋਈ ਪਾਸਾ ਵੱਟ ਲੈਂਦਾ ਏ,ਅੱਖੀਂ ਦੇਖ ਹਲਾਤਾਂ ਨੂੰ।
ਦੁਨੀਆਂ ਨਾ ਸਵੀਕਾਰ ਕਰੇਂਦੀ, ਇਹੋ ਜਿਹੀ ਜਮਾਤਾਂ ਨੂੰ।

ਚਾਹਤ ਦਿਲ ਵਿੱਚ ਇੱਕੋ ਹੀ,ਬੱਸ ਵਾਰ ਵਾਰ ਤੜਫਾਉਂਦੀ ਹੈ,
ਜੋਬਨ ਰੁੱਤੇ ਰੰਗਾਂ ਦੇ ਵਿੱਚ, ਭੁੱਲ ਜਾਂਦਾ ਕਾਇਨਾਤਾਂ ਨੂੰ।

ਫੁੱਲਾਂ ਦੀ ਖੁਸ਼ਬੂ ਵਰਗਾ, ਅਹਿਸਾਸ ਬਹੁਤ ਹੀ ਡੂੰਘਾ ਏ,
ਹਰ ਪਲ ਚੇਤੇ ਰੱਖਦਾ ਹੈ,ਮਹਿਬੂਬ ਦੀਆਂ ਮੁਲਾਕਾਤਾਂ ਨੂੰ।

ਰੁਤਬਾ ਇਹ ਦਾ ਸੱਚੇ ਰੱਬ ਦੀ,ਬੰਦਗੀ ਵਰਗਾ ਹੁੰਦਾ ਏ,
ਝੋਲੀ ਵਿੱਚ ਪਵਾਉਂਦਾ ਹੱਸਕੇ ,ਮਿਲ਼ੀਆਂ ਸਭਿ ਖੈਰਾਤਾਂ ਨੂੰ।

ਦੁਨੀਆਂ ਦੇ ਲਾਲਚ ਤੋਂ, ਕੋਹਾਂ ਦੂਰ ਹਮੇਸ਼ਾ ਰਹਿੰਦਾ ਏ,
ਸੀਨੇ ਵਿੱਚ ਸਮੋ ਕੇ ਰੱਖੇ,ਪਿਆਰ ਦੀਆਂ ਸੌਗਾਤਾਂ ਨੂੰ।

ਫਰਜ ਨਮਾਜ਼ਾਂ ਪੜੇ ਨਵਾਫਿਲ, ਗੱਲਾਂ ਬੱਸ ਇਬਾਦਤ ਦੀ,
ਕੀ ਜਾਣੇ ਮਸਜਿਦ ਦਾ ਮੁੱਲਾ,ਆਸ਼ਿਕ ਦੇ ਜਜ਼ਬਾਤਾਂ ਨੂੰ।

“ਕਾਮੀਂ ਵਾਲੇ” ਤੋੜ ਦੀਵਾਰਾਂ,ਊਚ ਨੀਚ ਦੀਆਂ ਬਣੀਆਂ ਜੋ,
ਦਿਲ ਵਿੱਚ ਡੇਰੇ ਲਾ ਲੈਂਦਾ, ਫੇਰ ਨਹੀਂ ਵੇਖਦਾ ਜਾਤਾਂ ਨੂੰ।

ਸੁਕਰ ਦੀਨ ਕਾਮੀਂ ਖੁਰਦ
9592384393

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਤੁਹਾਡਾ ਬੱਚਾ ਧਾਰਮਿਕ ਹੋ ਰਿਹਾ ਹੈ ?
Next articleਸੇਵਾ