ਮਿੰਨੀ ਕਹਾਣੀ – ਬਦਮਾਸ਼
ਸੁਖਮਿੰਦਰ ਸੇਖੋਂ , ਪਟਿਆਲਾ – 98145-07693
ਅੰਤਾਂ ਦੀ ਧੁੰਦ ਪੈ ਰਹੀ ਸੀ। ਉਸ ਨੇ ਟੁਰਦੇ ਜਾਂਦੇ ਵੇਖਿਆ ਕਿ ਇੱਕ ਔਰਤ ਦਾ ਅਕਸ ਉਸ ਵੰਨੀਂ ਤੇਜ਼ੀ ਨਾਲ ਵੱਧਦਾ ਆ ਰਿਹਾ ਹੈ। ਰਤਾ ਨਜ਼ਦੀਕ ਆਉਣ ‘ਤੇ ਉਸ ਪਛਾਣ ਲਿਆ ਕਿ ਉਹ ਤਾਂ ਉਸ ਦੇ ਮੁਹੱਲੇ ਵਿੱਚ ਹੀ ਰਹਿੰਦੀ ਇੱਕ ਕੁੜੀ ਹੈ।
ਉਹ ਉਸ ਕੋਲ ਆ ਕੇ ਖਲੋ ਗਈ ਤੇ ਘਬਰਾਈ ਜਿਹੀ ਬੋਲੀ, ਅੰਕਲ! ਮੇਰੇ ਪਿੱਛੇ ਪਿੱਛੇ ਜੋ ਮੁੰਡਾ ਆ ਰਿਹੈ ਇਸ ਨੇ ਪਹਿਲਾਂ ਮੈਨੂੰ ਛੇੜਿਆ ਤੇ ਫੇਰ ਪਕੜਣ ਦੀ ਵੀ ਕੋਸ਼ਿਸ਼ ਕੀਤੀ।
–ਹੁਣ ਲੋਫ਼ਰਨੁਮਾ ਮੁੰਡਾ ਵੀ ਨੇੜੇ ਢੁਕ ਚੁੱਕਾ ਸੀ। ਉਸ ਮੁਟਿਆਰ ਵੱਲ ਤਿੱਖੀ ਤੇ ਵਹਿਸ਼ੀ ਨਜ਼ਰ ਸੁੱਟੀ ਪਰ ਫਿਰ ਉਹ ਉਸ ਨਾਲ ਇੱਕ ਅਧੇੜ ਉਮਰ ਦਾ ਮਰਦ ਵੇਖ ਕੇ ਕੋਈ ਭੈੜੀ ਹਰਕਤ ਕਰਨ ਦੀ ਜੁਅੱਰਤ ਨਾ ਕਰ ਸਕਿਆ ਤੇ ਤੇਜ਼ ਕਦਮੀਂ ਉਨ੍ਹਾਂ ਕੋਲੋਂ ਲੰਘ ਗਿਆ।
-ਤੁਹਾਡਾ ਬਹੁਤ ਸ਼ੁਕਰੀਆ ਸਰ, ਜੋ ਤੁਸੀਂ ਮੈਨੂੰ ਉਸ ਬਦਮਾਸ਼ ਕੋਲੋਂ ਬਚਾਇਆ! ਕੁੜੀ ਹੱਥ ਜੋੜ ਕੇ ਜਾਣ ਲੱਗਦੀ ਹੈ।
-ਹੁਣ—? ਹੁਣ ਆਸੇ ਪਾਸੇ ਕੋਈ ਬਦਮਾਸ਼ ਨਹੀਂ—ਆਖਦਿਆਂ ਹੀ ਉਹ ਕੁੜੀ ਨੂੰ ਧੱਕੇ ਨਾਲ ਖਿੱਚਦਿਆਂ ਆਪਣੇ ਕਲਾਵੇ ਵਿੱਚ ਲੈਣ ਦੀ ਕੋਸ਼ਿਸ਼ ਕਰਨ ਲੱਗਾ।